ਰਾਸ਼ਟਰਪਤੀ ਸਕੱਤਰੇਤ
ਆਂਧਰਾ ਪ੍ਰਦੇਸ਼ ’ਚ ਭਾਰਤ ਦੇ ਰਾਸ਼ਟਰਪਤੀ ਆਂਧਰਾ ਪ੍ਰਦੇਸ਼ ਸਰਕਾਰ ਦੇ ਸ਼ਹਿਰੀ ਸੁਆਗਤੀ ਸਮਾਰੋਹ ਵਿੱਚ ਸ਼ਾਮਲ ਹੋਏ
Posted On:
04 DEC 2022 3:58PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਦਸੰਬਰ, 2022) ਵਿਜੇਵਾੜਾ ਵਿਖੇ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਆਪਣੇ ਸਨਮਾਨ ਵਿੱਚ ਆਯੋਜਿਤ ਸ਼ਹਿਰੀ ਸੁਆਗਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ 'ਤੇ ਬੋਲਦਿਆਂ, ਰਾਸ਼ਟਰਪਤੀ ਨੇ ਭਾਰਤ ਦੇ ਰਾਸ਼ਟਰਪਤੀ ਵਜੋਂ ਰਾਜ ਦੀ ਆਪਣੀ ਪਹਿਲੀ ਫੇਰੀ ਦੌਰਾਨ ਆਂਧਰਾ ਪ੍ਰਦੇਸ਼ ਦੀ ਸਰਕਾਰ ਅਤੇ ਲੋਕਾਂ ਦੀ ਨਿੱਘੀ ਮਹਿਮਾਨ–ਨਿਵਾਜ਼ੀ ਲਈ ਧੰਨਵਾਦ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਆਂਧਰਾ ਦੀ ਧਰਤੀ ਨੂੰ ਗੋਦਾਵਰੀ, ਕ੍ਰਿਸ਼ਨਾ, ਪੇੱਨਾਰ, ਵਾਮਸਾਧਾਰਾ ਅਤੇ ਨਾਗਵਲੀ ਵਰਗੀਆਂ ਨਦੀਆਂ ਨੇ ਵਰਦਾਨ ਦਿੱਤਾ ਹੈ। ਇਨ੍ਹਾਂ ਨਦੀਆਂ ਨੇ ਆਂਧਰਾ ਪ੍ਰਦੇਸ਼ ਦੀਆਂ ਅਮੀਰ ਪਰੰਪਰਾਵਾਂ ਨੂੰ ਵੀ ਜੀਵਨ ਸ਼ਕਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਾਡੀਆਂ ਨਦੀਆਂ-ਮਾਵਾਂ ਦੀ ਸਫਾਈ ਅਤੇ ਸੁਰੱਖਿਆ ਲਈ ਹਮੇਸ਼ਾ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਮਹਾਨ ਬੋਧੀ ਦਾਰਸ਼ਨਿਕ ਨਾਗਾਰਜੁਨ ਦੇ ਨਾਂ 'ਤੇ 'ਨਾਗਾਰਜੁਨ ਸਾਗਰ ਪ੍ਰੋਜੈਕਟ' ਦਾ ਵਿਕਾਸ, ਪ੍ਰਗਤੀ ਨੂੰ ਵਿਰਾਸਤ ਨਾਲ ਜੋੜਨ ਦੀ ਵਧੀਆ ਮਿਸਾਲ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਦੇ ਮਾਮਲੇ ਵਿੱਚ ਆਂਧਰਾ ਪ੍ਰਦੇਸ਼ ਮਿਸਾਲੀ ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਕਵਿਤਰੀ ਮੋਲਾ ਨੂੰ ਯਾਦ ਕੀਤਾ ਜਿਨ੍ਹਾਂ ਨੇ ਇੱਕ ਸ਼ਾਨਦਾਰ ਮਹਾਂਕਾਵਿ 'ਮੋਲਾ-ਰਮਾਇਣ' ਦੀ ਰਚਨਾ ਕੀਤੀ ਸੀ। ਉਨ੍ਹਾਂ ਨੇ ਦੁਰਗਾਬਾਈ ਦੇਸ਼ਮੁਖ ਨੂੰ ਯਾਦ ਕੀਤਾ, ਜਿਨ੍ਹਾਂ ਨੇ ਔਰਤਾਂ ਦੀ ਤਰੱਕੀ ਅਤੇ ਸੁਤੰਤਰਤਾ ਸੰਗਰਾਮ ਵਿੱਚ ਉਨ੍ਹਾਂ ਦੀ ਭਾਗੀਦਾਰੀ ਲਈ ਬਹੁਤ ਸਾਰੇ ਯਤਨ ਕੀਤੇ। ਉਨ੍ਹਾਂ ਆਂਧਰਾ ਪ੍ਰਦੇਸ਼ ਦੀ ਨੂੰਹ ਸਰੋਜਨੀ ਨਾਇਡੂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸਰੋਜਨੀ ਨਾਇਡੂ ਨੇ ਮਹਾਤਮਾ ਗਾਂਧੀ ਦੇ ‘ਲੂਣ ਸੱਤਿਆਗ੍ਰਹਿ’ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ ਅਤੇ ਉਹ ਆਜ਼ਾਦ ਭਾਰਤ ਵਿੱਚ ਕਿਸੇ ਵੀ ਰਾਜ ਦੀ ਪਹਿਲੇ ਮਹਿਲਾ ਰਾਜਪਾਲ ਸਨ। ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਝਾਰਖੰਡ ਦੇ ਰਾਜਪਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਤਾਂ ਉਨ੍ਹਾਂ ਨੇ ਹਮੇਸ਼ਾ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਕਿ ਸਰੋਜਨੀ ਨਾਇਡੂ ਵਰਗੀਆਂ ਮਹਾਨ ਔਰਤਾਂ ਦੁਆਰਾ ਪੇਸ਼ ਕੀਤੇ ਗਏ ਆਦਰਸ਼ਾਂ ਦੇ ਅਨੁਸਾਰ, ਲੋਕਾਂ ਦੀ ਸੇਵਾ ਵਿਚ ਲੱਗੇ ਰਹਿਣਾ ਹੀ ਦੇਸ਼ ਸੇਵਾ ਦਾ ਸਹੀ ਤਰੀਕਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਲੋਕ ਸਾਡੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਆਂਧਰਾ ਪ੍ਰਦੇਸ਼ ਦੇ ਲੋਕਾਂ ਦੀ ਸਰਗਰਮ ਭਾਗੀਦਾਰੀ ਨੂੰ ਯਾਦ ਕਰਦੇ ਹਨ। ਇਸ ਸਾਲ ਅਸੀਂ ਅਲੂਰੀ ਸੀਤਾਰਾਮ ਰਾਜੂ ਦੀ 125ਵੀਂ ਜਯੰਤੀ ਮਨਾ ਰਹੇ ਹਾਂ। ਸਾਡੀ ਨੌਜਵਾਨ ਪੀੜ੍ਹੀ ਨੂੰ ਅਲੂਰੀ ਸੀਤਾਰਾਮ ਰਾਜੂ ਅਤੇ ਭਗਵਾਨ ਬਿਰਸਾ ਮੁੰਡਾ ਵਰਗੀਆਂ ਸ਼ਖਸੀਅਤਾਂ ਦੇ ਯੋਗਦਾਨ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਭਾਰਤ ਮਾਤਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਨੂੰ ਇਹ ਵੇਖ ਕੇ ਖੁਸ਼ੀ ਹੋਈ ਕਿ 'ਅਲੂਰੀ ਸੀਤਾਰਾਮ ਰਾਜੂ ਮੈਮੋਰੀਅਲ ਕਬਾਇਲੀ ਫ਼੍ਰੀਡਮ ਫਾਈਟਰਜ਼ ਮਿਊਜ਼ੀਅਮ' ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਨੇ ਭਾਰਤ ਵਿੱਚ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਫਾਰਮੇਸੀ ਅਤੇ ਬਾਇਓ-ਕੈਮਿਸਟਰੀ ਦੇ ਖੇਤਰ ਵਿੱਚ ਡਾ. ਯੇਲਾਪ੍ਰਗਦਾ ਸੁਬਾਰਾਓ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਡਾ: ਸੁਬਾਰਾਓ ਦੀ ਖੋਜ ਨੇ ਕਈ ਦਵਾਈਆਂ ਬਣਾਉਣਾ ਸੰਭਵ ਕੀਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇਸਰੋ ਦੀ ਸ਼੍ਰੀਹਰਿਕੋਟਾ ਰੇਂਜ ਪੁਲਾੜ ਵਿਗਿਆਨ ਵਿੱਚ ਨਵੀਂਆਂ ਆਦਰਸ਼ ਮਿਸਾਲਾਂ ਸਥਾਪਤ ਕਰ ਰਹੀ ਹੈ। ਵਿਗਿਆਨ ਅਤੇ ਟੈਕਨੋਲੋਜੀ, ਖਾਸ ਕਰਕੇ ਸੂਚਨਾ ਟੈਕਨਾਲੋਜੀ ਦੇ ਖੇਤਰ ਵਿੱਚ, ਆਂਧਰਾ ਪ੍ਰਦੇਸ਼ ਦੇ ਲੋਕਾਂ ਨੇ ਵਿਸ਼ਵ ਭਰ ਵਿੱਚ ਭਾਰਤ ਦਾ ਨਾਮ ਉੱਚਾ ਕੀਤਾ ਹੈ।
ਰਾਸ਼ਟਰਪਤੀ ਨੇ ਕਾਮਨਾ ਕੀਤੀ ਕਿ ਆਂਧਰਾ ਪ੍ਰਦੇਸ਼ ਦੇ ਪ੍ਰਤਿਭਾਸ਼ਾਲੀ ਅਤੇ ਸਮਰਪਿਤ ਲੋਕਾਂ ਦੇ ਸਹਿਯੋਗ ਨਾਲ ਇਸ ਰਾਜ ਦੀ ਵਿਕਾਸ ਯਾਤਰਾ ਅੱਗੇ ਵਧੇਗੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਂਧਰਾ ਪ੍ਰਦੇਸ਼ ਦੇ ਲੋਕ ਭਾਰਤ ਦੇ ਵਿਕਾਸ ਵਿੱਚ ਅਸਾਧਾਰਨ ਯੋਗਦਾਨ ਦਿੰਦੇ ਰਹਿਣਗੇ।
ਕ੍ਰਿਪਾ ਕਰ ਕੇ ਰਾਸ਼ਟਰਪਤੀ ਦਾ ਭਾਸ਼ਣ ਵੇਖਣ ਲਈ ਇੱਥੇ ਕਲਿੱਕ ਕਰੋ -
***
ਡੀਐੱਸ/ਏਕੇ
(Release ID: 1880943)
Visitor Counter : 175