ਉਪ ਰਾਸ਼ਟਰਪਤੀ ਸਕੱਤਰੇਤ

ਸਾਡੇ ਹੈਂਡੀਕਰਾਫਟਸ ਸਾਡੀ ਜਿਉਂਦੀ ਜਾਗਦੀ ਵਿਰਾਸਤ ਹਨ; ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ - ਉਪ ਰਾਸ਼ਟਰਪਤੀ


ਸਾਡੇ ਮਾਸਟਰ ਸ਼ਿਲਪਕਾਰ ਭਾਰਤ ਦੀ ਸੱਭਿਆਚਾਰਕ ਵਿਵਿਧਤਾ ਨੂੰ ਦਰਸਾਉਂਦੇ ਹਨ; ਉਹ ਸਾਡੇ ਸੱਭਿਆਚਾਰ ਅਤੇ ਰਚਨਾਤਮਕਤਾ ਦੇ ਰਾਜਦੂਤ ਹਨ - ਉਪ ਰਾਸ਼ਟਰਪਤੀ

ਸ਼੍ਰੀ ਧਨਖੜ ਨੇ ਹਸਤਕਲਾ (ਹੈਂਡੀਕਰਾਫਟਸ) ਦੇ ਸਾਰੇ ਖਪਤਕਾਰਾਂ ਨੂੰ ਵੋਕਲ ਫਾਰ ਲੋਕਲ ਬਣਨ ਦੀ ਤਾਕੀਦ ਕੀਤੀ

ਉਪ ਰਾਸ਼ਟਰਪਤੀ ਨੇ ਅੱਜ ਵਿਗਿਆਨ ਭਵਨ ਵਿਖੇ ਸ਼ਿਲਪ ਗੁਰੂ ਅਤੇ ਨੈਸ਼ਨਲ ਅਵਾਰਡਜ਼ ਪ੍ਰਦਾਨ ਕੀਤੇ

Posted On: 28 NOV 2022 4:44PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸਾਡੇ ਹਸਤਸ਼ਿਲਪ ਸਾਡੀ ਜਿੰਦਾ ਵਿਰਾਸਤ ਹਨ ਅਤੇ ਹੈਂਡੀਕਰਾਫਟਸ ਦੇ ਸਾਰੇ ਖਪਤਕਾਰਾਂ ਨੂੰ ਤਾਕੀਦ ਕੀਤੀ ਕਿ ਉਹ ਲੋਕਲ ਦੀ ਕਦਰ ਕਰਨ ਅਤੇ ਇਸ ਬਾਰੇ ਵੋਕਲ ਬਣਨ। ਭਾਰਤੀ ਹੈਂਡੀਕਰਾਫਟਸ ਉਤਪਾਦਾਂ ਦੀ ਸੰਗਠਿਤ ਮਾਰਕੀਟਿੰਗ ਅਤੇ ਬ੍ਰਾਂਡਿੰਗ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਅੰਦਰੂਨੀ ਡਿਜ਼ਾਈਨਰਾਂ ਨੂੰ ਇਸ ਸਮ੍ਰਿਧ ਖਾਣ 'ਤੇ ਧਿਆਨ ਦੇਣਾ ਚਾਹੀਦਾ ਹੈ।

 

ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਸ਼ਿਲਪ ਗੁਰੂ ਅਤੇ ਰਾਸ਼ਟਰੀ ਪੁਰਸਕਾਰ (2017, 2018, 2019) ਪ੍ਰਦਾਨ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਉੱਘੇ ਕਾਰੀਗਰਾਂ ਦੀ ਵਿਲੱਖਣ ਪ੍ਰਤਿਭਾ ਭਾਰਤ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਹਾਜ਼ਰ ਸ਼ਿਲਪ ਗੁਰੂਆਂ ਨੂੰ ਕਿਹਾ "ਤੁਹਾਡੀ ਸੂਖਮ ਕਾਰੀਗਰੀ ਨਾਲ, ਤੁਸੀਂ ਭਾਰਤ ਦੀ ਸੱਭਿਆਚਾਰਕ ਵਿਵਿਧਤਾ ਨੂੰ ਸ਼ਿੰਗਾਰਦੇ ਅਤੇ ਸਮ੍ਰਿਧ ਕਰਦੇ ਹੋ। ਤੁਸੀਂ ਹੁਨਰ ਅਤੇ ਸ਼ਿਲਪਕਾਰੀ ਦੀ ਭਾਰਤ ਦੀ ਸਮ੍ਰਿਧ ਪਰੰਪਰਾ ਦੀ ਨੁਮਾਇੰਦਗੀ ਕਰਦੇ ਹੋ।”

 

ਸ਼੍ਰੀ ਧਨਖੜ ਨੇ ਭਾਰਤੀ ਸ਼ਿਲਪਕਾਰਾਂ ਨੂੰ ਸਾਡੀ ਸੰਸਕ੍ਰਿਤੀ ਅਤੇ ਸਿਰਜਣਾਤਮਕਤਾ ਦੇ ਪ੍ਰਭਾਵਸ਼ਾਲੀ ਰਾਜਦੂਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਸਨਮਾਨਿਤ ਕਰਕੇ ਦੇਸ਼ ਗੁਮਨਾਮ ਹੁਨਰਮੰਦ ਸ਼ਿਲਪਕਾਰਾਂ ਦੀਆਂ ਉਨ੍ਹਾਂ ਪੀੜ੍ਹੀਆਂ ਦਾ ਸਨਮਾਨ ਕਰ ਰਿਹਾ ਹੈ, ਜਿਨ੍ਹਾਂ ਨੇ ਅਜਿਹੀ ਸਮ੍ਰਿਧ ਵਿਰਾਸਤ ਛੱਡੀ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਹੁਨਰਾਂ ਵਿੱਚ ਮੁਹਾਰਤ ਹਾਸਲ ਕਰਨ ਲਈ ਪੀੜ੍ਹੀ ਦਰ ਪੀੜ੍ਹੀ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਸਿਰਜਣਾਤਮਕਤਾ, ਕੌਸ਼ਲ ਅਤੇ ਸਖ਼ਤ ਮਿਹਨਤ ਦੇ ਕਾਰਨ, ਭਾਰਤੀ ਹੈਂਡੀਕਰਾਫਟਸ ਦੀ ਦੁਨੀਆ ਵਿੱਚ ਸਭ ਤੋਂ ਵੱਧ ਮੰਗ ਹੈ। ਉਨ੍ਹਾਂ ਅੱਗੇ ਕਿਹਾ “ਤੁਸੀਂ ਭਾਰਤ ਦੀ ਸਿਰਜਣਾਤਮਕ ਪਰੰਪਰਾ ਦੀ ਨੁਮਾਇੰਦਗੀ ਕਰਦੇ ਹੋ, ਤੁਸੀਂ ਭਾਰਤ ਦੀ ਕਾਰੀਗਰੀ ਦੀ ਅਮੁੱਕ ਵਿਰਾਸਤ ਨੂੰ ਅੱਗੇ ਲੈ ਜਾ ਰਹੇ ਹੋ।”

 

ਭਾਰਤੀ ਅਰਥਵਿਵਸਥਾ ਵਿੱਚ ਹੈਂਡੀਕਰਾਫਟਸ ਸੈਕਟਰ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਧਨਖੜ ਨੇ ਕਿਹਾ ਕਿ ਇਹ 70 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਵੱਡਾ ਹਿੱਸਾ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਦੇ ਸ਼ਿਲਪਕਾਰ ਹਨ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਭਾਰਤ ਵਿੱਚ ਹੈਂਡੀਕਰਾਫਟਸ ਉਦਯੋਗ ਵਿੱਚ ਮਹਿਲਾ ਕਾਰੀਗਰਾਂ ਦਾ ਦਬਦਬਾ ਹੈ ਜੋ ਕੁੱਲ ਕਾਰੀਗਰਾਂ ਦਾ 56% ਤੋਂ ਵੱਧ ਹਨ।

 

ਉਪ ਰਾਸ਼ਟਰਪਤੀ ਨੇ ਭਾਰਤੀ ਸ਼ਿਲਪਕਾਰਾਂ ਦੀ ਭਲਾਈ ਅਤੇ ਉਨ੍ਹਾਂ ਦੇ ਚੰਗੇ ਹਾਲਾਤ ਨੂੰ ਯਕੀਨੀ ਬਣਾਉਣ ਲਈ ਹੈਂਡੀਕ੍ਰਾਫਟਸ ਲਈ ਐਕਸਪੋਰਟ ਪ੍ਰਮੋਸ਼ਨ ਕੌਂਸਲ ਅਤੇ ਕੇਂਦਰੀ ਕੱਪੜਾ ਮੰਤਰਾਲੇ ਦੀਆਂ ਪਹਿਲਾਂ ਦੀ ਸ਼ਲਾਘਾ ਕੀਤੀ।

 

ਇਸ ਮੌਕੇ, ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਕੱਪੜਾ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ, ਵਿਕਾਸ ਕਮਿਸ਼ਨਰ (ਹਸਤਕਲਾ) ਕੱਪੜਾ ਮੰਤਰਾਲਾ ਸ਼੍ਰੀ ਸ਼ਾਂਤਮਨੂੰ, ਭਾਰਤ ਭਰ ਦੇ ਪੁਰਸਕਾਰ ਜੇਤੂ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

 **********

 

ਐੱਮਐੱਸ/ਆਰਕੇ/ਡੀਪੀ



(Release ID: 1879692) Visitor Counter : 85