ਰਾਸ਼ਟਰਪਤੀ ਸਕੱਤਰੇਤ
ਜਨਜਾਤੀ ਗੌਰਵ ਦਿਵਸ 'ਤੇ ਭਾਰਤ ਦੇ ਰਾਸ਼ਟਰਪਤੀ ਨੇ ਉਲੀਹਾਟੂ ਵਿਖੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਭੇਟ ਕੀਤੀ, ਸ਼ਹਿਡੋਲ ਵਿਖੇ ਜਨਜਾਤੀ ਸਮਾਗਮ ਨੂੰ ਸੰਬੋਧਨ ਕੀਤਾ
Posted On:
15 NOV 2022 5:24PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਸਵੇਰੇ (15 ਨਵੰਬਰ, 2022) ਜਨਜਾਤੀ ਗੌਰਵ ਦਿਵਸ 'ਤੇ ਝਾਰਖੰਡ ਦੇ ਉਲੀਹਾਟੂ ਪਿੰਡ ਦਾ ਦੌਰਾ ਕੀਤਾ ਅਤੇ ਭਗਵਾਨ ਬਿਰਸਾ ਮੁੰਡਾ ਦੀ ਪ੍ਰਤਿਮਾ ਅੱਗੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਰਾਸ਼ਟਰਪਤੀ ਮੱਧ ਪ੍ਰਦੇਸ਼ ਦੇ ਸ਼ਹਿਡੋਲ ਗਏ, ਜਿੱਥੇ ਉਨ੍ਹਾਂ ਨੇ ਇੱਕ ਜਨਜਾਤੀ ਸਮਾਗਮ ਨੂੰ ਸੰਬੋਧਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਸਮੂਹ ਦੇਸ਼ ਵਾਸੀਆਂ ਨੂੰ ਜਨਜਾਤੀ ਗੌਰਵ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਆਦਿਵਾਸੀ ਆਬਾਦੀ ਹੈ। ਇਸ ਲਈ ਸੂਬੇ ਵਿੱਚ ਇਸ ਸਮਾਗਮ ਦਾ ਆਯੋਜਨ ਕਰਨਾ ਉਚਿਤ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਨਿਆਂ ਦੇ ਹਿੱਤ ਵਿੱਚ ਸਭ ਕੁਝ ਕੁਰਬਾਨ ਕਰਨ ਦੀ ਭਾਵਨਾ ਆਦਿਵਾਸੀ ਸਮਾਜ ਦੀ ਵਿਸ਼ੇਸ਼ਤਾ ਰਹੀ ਹੈ। ਸਾਡੇ ਆਜ਼ਾਦੀ ਸੰਗਰਾਮ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਅਤੇ ਗਤੀਵਿਧੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਆਦਿਵਾਸੀ ਭਾਈਚਾਰਿਆਂ ਵਲੋਂ ਸੰਘਰਸ਼ ਦੀਆਂ ਕਈ ਧਾਰਾਵਾਂ ਵੀ ਸ਼ਾਮਲ ਹਨ। ਭਗਵਾਨ ਬਿਰਸਾ ਮੁੰਡਾ ਅਤੇ ਝਾਰਖੰਡ ਦੇ ਸਿੱਧੂ-ਕਾਨਹੂ, ਮੱਧ ਪ੍ਰਦੇਸ਼ ਦੇ ਟਾਂਟੀਆ ਭੀਲ ਅਤੇ ਭੀਮਾ ਨਾਇਕ, ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ, ਮਨੀਪੁਰ ਦੀ ਰਾਣੀ ਗੈਦਿਨਲਿਯੂ ਅਤੇ ਓਡੀਸ਼ਾ ਦੇ ਸ਼ਹੀਦ ਲਕਸ਼ਮਣ ਨਾਇਕ ਵਰਗੀਆਂ ਕਈ ਮਹਾਨ ਹਸਤੀਆਂ ਨੇ ਆਦਿਵਾਸੀਆਂ ਦੇ ਮਾਣ ਨੂੰ ਵਧਾਇਆ ਹੈ ਅਤੇ ਦੇਸ਼ ਦੇ ਗੌਰਵ ਨੂੰ ਵੀ ਵਧਾਇਆ ਹੈ। ਮੱਧ ਪ੍ਰਦੇਸ਼ ਦੇ ਕਈ ਕ੍ਰਾਂਤੀਕਾਰੀ ਯੋਧਿਆਂ ਵਿੱਚ ਕਿਸ਼ੋਰ ਸਿੰਘ, ਖਾਜਿਆ ਨਾਇਕ, ਰਾਣੀ ਫੂਲ ਕੁੰਵਰ, ਸੀਤਾਰਾਮ ਕੰਵਰ, ਮਹੂਆ ਕੋਲ, ਸ਼ੰਕਰ ਸ਼ਾਹ ਅਤੇ ਰਘੂਨਾਥ ਸ਼ਾਹ ਸ਼ਾਮਲ ਹਨ। 'ਛਿੰਦਵਾੜੇ ਦੇ ਗਾਂਧੀ' ਵਜੋਂ ਸਤਿਕਾਰੇ ਜਾਂਦੇ ਸ੍ਰੀ ਬਾਦਲ ਭੋਈ ਨੇ ਆਜ਼ਾਦੀ ਸੰਗਰਾਮ ਲਈ ਅਹਿੰਸਾ ਦਾ ਰਾਹ ਚੁਣਿਆ ਸੀ। ਰਾਸ਼ਟਰਪਤੀ ਨੇ ਅਜਿਹੇ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਨੇ ਮੱਧ ਪ੍ਰਦੇਸ਼ ਦੇ ਚੰਬਲ, ਮਾਲਵਾ, ਬੁੰਦੇਲਖੰਡ, ਬਘੇਲਖੰਡ ਅਤੇ ਮਹਾਕੋਸ਼ਾਲ ਖੇਤਰਾਂ ਦੀ ਸੱਭਿਆਚਾਰਕ ਵਿਰਾਸਤ ਨੂੰ ਸਮ੍ਰਿੱਧ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਕਬਾਇਲੀ ਰਾਜਿਆਂ ਦੇ ਰਾਜ ਦੌਰਾਨ ਖੁਸ਼ਹਾਲੀ ਨਾਲ ਭਰਪੂਰ ਇਹ ਖੇਤਰ ਇੱਕ ਵਾਰ ਫਿਰ ਆਧੁਨਿਕ ਵਿਕਾਸ ਦੀਆਂ ਪ੍ਰਭਾਵਸ਼ਾਲੀ ਗਾਥਾਵਾਂ ਲਿਖੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਜ਼ਿਆਦਾਤਰ ਆਦਿਵਾਸੀ ਖੇਤਰ ਜੰਗਲ ਅਤੇ ਖਣਿਜ ਸੰਪਤੀ ਨਾਲ ਭਰਪੂਰ ਰਹੇ ਹਨ। ਸਾਡੇ ਆਦਿਵਾਸੀ ਭੈਣ-ਭਰਾ ਕੁਦਰਤੀ ਜੀਵਨ ਬਤੀਤ ਕਰਦੇ ਹਨ ਅਤੇ ਆਦਰ ਨਾਲ ਕੁਦਰਤ ਦੀ ਰਾਖੀ ਕਰਦੇ ਹਨ। ਇਸ ਕੁਦਰਤੀ ਧਨ-ਦੌਲਤ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਅੰਗਰੇਜ਼ਾਂ ਦੇ ਰਾਜ ਦੌਰਾਨ ਉਨ੍ਹਾਂ ਨੇ ਡਟ ਕੇ ਲੜਾਈ ਲੜੀ ਸੀ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਜੰਗਲ ਦੀ ਇਸ ਧਨ-ਦੌਲਤ ਦੀ ਸੰਭਾਲ ਕਾਫ਼ੀ ਹੱਦ ਤੱਕ ਸੰਭਵ ਸੀ। ਅੱਜ ਦੇ ਜਲਵਾਯੂ ਪਰਿਵਰਤਨ ਅਤੇ ਆਲਮੀ ਤਪਸ਼ ਸਮੇਂ ਵਿੱਚ ਹਰ ਕਿਸੇ ਨੂੰ ਆਦਿਵਾਸੀ ਸਮਾਜ ਦੀ ਜੀਵਨ ਸ਼ੈਲੀ ਅਤੇ ਜੰਗਲਾਂ ਦੀ ਸਾਂਭ-ਸੰਭਾਲ ਪ੍ਰਤੀ ਉਨ੍ਹਾਂ ਦੇ ਦ੍ਰਿੜ ਇਰਾਦੇ ਤੋਂ ਸਿੱਖਣ ਦੀ ਲੋੜ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਆਦਿਵਾਸੀ ਭਾਈਚਾਰਾ ਮਨੁੱਖਤਾ ਅਤੇ ਕੁਦਰਤ ਨੂੰ ਬਰਾਬਰ ਮਹੱਤਵ ਦਿੰਦਾ ਹੈ। ਉਹ ਵਿਅਕਤੀਗਤ ਤੌਰ ਨਾਲੋਂ ਭਾਈਚਾਰੇ, ਮੁਕਾਬਲੇ ਨਾਲੋਂ ਸਹਿਯੋਗ ਅਤੇ ਵਿਲੱਖਣਤਾ ਨਾਲੋਂ ਸਮਾਨਤਾ ਨੂੰ ਪਹਿਲ ਦਿੰਦੇ ਹਨ। ਮਰਦਾਂ ਅਤੇ ਔਰਤਾਂ ਦਰਮਿਆਨ ਸਮਾਨਤਾ ਆਦਿਵਾਸੀ ਸਮਾਜ ਦੀ ਵਿਸ਼ੇਸ਼ਤਾ ਹੈ। ਆਦਿਵਾਸੀ ਸਮਾਜ ਵਿੱਚ ਲਿੰਗ-ਅਨੁਪਾਤ ਆਮ ਆਬਾਦੀ ਨਾਲੋਂ ਬਿਹਤਰ ਹੈ। ਆਦਿਵਾਸੀ ਸਮਾਜ ਦੀਆਂ ਇਹ ਵਿਸ਼ੇਸ਼ਤਾਵਾਂ ਸਾਰਿਆਂ ਲਈ ਮਿਸਾਲੀ ਹਨ।
ਰਾਸ਼ਟਰਪਤੀ ਨੇ ਇਹ ਜ਼ਿਕਰ ਕਰਦਿਆਂ ਪ੍ਰਸੰਨਤਾ ਪ੍ਰਗਟਾਈ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਆਦਿਵਾਸੀ ਭਾਈਚਾਰਿਆਂ ਦੇ ਵਿਕਾਸ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੰਪੂਰਨ ਰਾਸ਼ਟਰੀ ਵਿਕਾਸ ਅਤੇ ਆਦਿਵਾਸੀ ਭਾਈਚਾਰੇ ਦਾ ਵਿਕਾਸ ਆਪਸ ਵਿੱਚ ਜੁੜੇ ਹੋਏ ਹਨ। ਇਸ ਲਈ ਆਦਿਵਾਸੀ ਭਾਈਚਾਰਿਆਂ ਦੀ ਪਛਾਣ ਨੂੰ ਕਾਇਮ ਰੱਖਣ, ਉਨ੍ਹਾਂ ਵਿੱਚ ਸਵੈ-ਮਾਣ ਦੀ ਭਾਵਨਾ ਵਧਾਉਣ ਅਤੇ ਨਾਲ ਹੀ ਵਿਕਾਸ ਦੇ ਲਾਭ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਆਦਿਵਾਸੀ ਖੇਤਰਾਂ ਦਾ ਭਾਈਚਾਰਕ ਭਾਵਨਾ ਨਾਲ ਵਿਕਾਸ ਸਾਰਿਆਂ ਲਈ ਫਾਇਦੇਮੰਦ ਹੈ।
ਹਿੰਦੀ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
*****
ਡੀਐੱਸ/ਬੀਐੱਮ
(Release ID: 1876459)
Visitor Counter : 138