ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਅਤੇ ਜਰਮਨ ਫੈਡਰਲ ਸੰਸਦ ਦੀ ਵਾਤਾਵਰਣ ਕਮੇਟੀ ਵਿਚਕਾਰ ਮੀਟਿੰਗ ਸੰਪੰਨ ਹੋਈ
ਭਾਰਤ ਅਤੇ ਜਰਮਨੀ ਗਲੋਬਲ ਜਲਵਾਯੂ ਚੁਣੌਤੀਆਂ ਦੇ ਟਿਕਾਊ ਹੱਲ ਲੱਭਣ ਲਈ ਮਿਲ ਕੇ ਕੰਮ ਕਰਨਗੇ
ਜਰਮਨ ਵਫ਼ਦ ਨੇ ਭਾਰਤ ਵੱਲੋਂ ਕੀਤੇ ਠੋਸ ਜਲਵਾਯੂ ਕਦਮ ਦੀ ਸ਼ਲਾਘਾ ਕੀਤੀ
ਆਈਐੱਸਏ, ਸੀਡੀਆਰਆਈ ਅਤੇ ਲੀਡਆਈਈਟੀ ਵਰਗੀਆਂ ਗਲੋਬਲ ਜਲਵਾਯੂ ਪਹਿਲਾਂ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ: ਸ਼੍ਰੀ ਭੂਪੇਂਦਰ ਯਾਦਵ
ਭਾਰਤ ਨੇ ਸਮੇਂ ਤੋਂ ਪਹਿਲਾਂ ਹੀ ਅਖੁੱਟ ਊਰਜਾ ਅਤੇ ਊਰਜਾ ਤੀਬਰਤਾ (ਐੱਨਡੀਸੀ) 'ਤੇ ਦੇਸ਼ ਦਾ ਪਹਿਲਾ ਰਾਸ਼ਟਰੀ ਟੀਚਾ ਹਾਸਲ ਕਰ ਲਿਆ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਮਿਸ਼ਨ ਲਾਈਫ, ਗਰੀਨ ਅਰਥ ਦਾ ਇੱਕੋ ਇੱਕ ਰਸਤਾ: ਕੇਂਦਰੀ ਵਾਤਾਵਰਣ ਮੰਤਰੀ
Posted On:
27 OCT 2022 5:31PM by PIB Chandigarh
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਇੰਦਰਾ ਪਰਿਵਰਤਨ ਭਵਨ, ਨਵੀਂ ਦਿੱਲੀ ਵਿਖੇ ਮਾਨਯੋਗ ਮੈਂਬਰ ਸੰਸਦ (ਐੱਮਡੀਬੀ) ਸ਼੍ਰੀ ਹਰਲਡ ਐਬਨਰ ਦੀ ਪ੍ਰਧਾਨਗੀ ਹੇਠ ਜਰਮਨ ਸੰਘੀ ਸੰਸਦ ਦੀ ਵਾਤਾਵਰਣ ਕਮੇਟੀ ਨਾਲ ਇੱਕ ਫਲਦਾਇਕ ਮੀਟਿੰਗ ਕੀਤੀ। ਮੀਟਿੰਗ ਵਿੱਚ, ਉਨ੍ਹਾਂ ਨੇ ਗਲੋਬਲ ਵਾਤਾਵਰਣ, ਜਲਵਾਯੂ ਪਰਿਵਰਤਨ ਅਤੇ ਹੋਰ ਸਬੰਧਤ ਚੁਣੌਤੀਆਂ ਦੇ ਨਾਲ-ਨਾਲ ਇਨ੍ਹਾਂ ਚੁਣੌਤੀਆਂ ਦੇ ਟਿਕਾਊ ਹੱਲ ਲੱਭਣ ਲਈ ਜਰਮਨੀ ਅਤੇ ਭਾਰਤ ਵੱਲੋਂ ਮਿਲ ਕੇ ਕੰਮ ਕਰਨ ਦੇ ਉਪਾਵਾਂ ਬਾਰੇ ਚਰਚਾ ਕੀਤੀ।
ਕੇਂਦਰੀ ਮੰਤਰੀ ਸ੍ਰੀ ਭੂਪੇਂਦਰ ਯਾਦਵ ਨਾਲ ਜਰਮਨ ਫੈਡਰਲ ਸੰਸਦ ਦੀ ਵਾਤਾਵਰਨ ਕਮੇਟੀ
ਮੀਟਿੰਗ ਵਿੱਚ ਟਿਕਾਊ ਜੀਵਨ ਸ਼ੈਲੀ, ਸਰਕੂਲਰ ਆਰਥਿਕਤਾ, ਈ-ਵੇਸਟ, ਜਲ ਸਰੋਤਾਂ ਦੀ ਸੰਭਾਲ, ਪੀਣ ਵਾਲੇ ਪਾਣੀ, ਖਾਦਾਂ ਦੀ ਸਮੱਸਿਆ, ਸ਼ਹਿਰੀ ਪਰਵਾਸ, ਖੇਤਰੀ ਜਲਵਾਯੂ ਕਾਰਜ ਯੋਜਨਾਵਾਂ ਅਤੇ ਪ੍ਰਾਪਤੀਆਂ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕੀਤੀ ਗਈ। ਜਰਮਨ ਵਫ਼ਦ ਨੇ ਭਾਰਤ ਵੱਲੋਂ ਆਪਣੇ ਵਿਸ਼ਾਲ ਆਕਾਰ ਅਤੇ ਵੱਡੀ ਆਬਾਦੀ ਦੇ ਬਾਵਜੂਦ ਵਾਤਾਵਰਨ ਅਤੇ ਜਲਵਾਯੂ 'ਤੇ ਕੀਤੇ ਗਏ ਠੋਸ ਕੰਮ ਦੀ ਸ਼ਲਾਘਾ ਕੀਤੀ। ਜਰਮਨ ਵਫ਼ਦ ਨੇ ਦੱਸਿਆ ਕਿ ਜਰਮਨੀ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦਾ ਪੂਰਾ ਸਮਰਥਨ ਕਰਦਾ ਹੈ।
ਕੇਂਦਰੀ ਵਾਤਾਵਰਣ ਮੰਤਰੀ ਨੇ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਨਾਲ ਸਬੰਧਤ ਚੁਣੌਤੀਆਂ ਨਾਲ ਨਜਿੱਠਣ ਲਈ ਜਰਮਨੀ ਵੱਲੋਂ ਭਾਰਤ ਨੂੰ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਗੰਗਾ ਸੰਭਾਲ ਲਈ ਜਰਮਨੀ ਦੇ ਸਮਰਥਨ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਤੇ ਜਰਮਨੀ ਨੂੰ ਆਲਮੀ ਵਾਤਾਵਰਨ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ।
ਕੇਂਦਰੀ ਵਾਤਾਵਰਣ ਮੰਤਰੀ ਨੇ ਉਜਾਗਰ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਘਰੇਲੂ ਅਤੇ ਗਲੋਬਲ ਪੱਧਰ ‘ਤੇ ਜਲਵਾਯੂ ਬਾਰੇ ਕਈ ਠੋਸ ਕਾਰਵਾਈਆਂ ਕਰ ਰਿਹਾ ਹੈ। ਇਨ੍ਹਾਂ ਵਿੱਚ ਐੱਨਸੀਏਪੀ, ਬਾਇਓਫਿਊਲ, ਕਲਿਆਣ ਯੋਜਨਾ, ਅੰਮ੍ਰਿਤ ਸਰੋਵਰ, ਆਰਈ ਦਾ 500 ਜੀਡਬਲਿਯੂ ਦਾ ਟੀਚਾ, ਬੀਐੱਸ-VI, ਆਦਿ ਸ਼ਾਮਲ ਹਨ। ਸ੍ਰੀ ਯਾਦਵ ਨੇ ਕਿਹਾ ਕਿ ਭਾਰਤ ਹਮੇਸ਼ਾ ਹੱਲ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰਦਾ ਹੈ ਨਾ ਕਿ ਸਮੱਸਿਆ ਦਾ ਹਿੱਸਾ।
ਸ਼੍ਰੀ ਯਾਦਵ ਨੇ ਆਈਐੱਸਏ, ਸੀਡੀਆਰਆਈ ਅਤੇ ਲੀਡਆਈਈਟੀ ਵਰਗੀਆਂ ਪ੍ਰਮੁੱਖ ਗਲੋਬਲ ਪਹਿਲਕਦਮੀਆਂ ਦੁਆਰਾ ਜਲਵਾਯੂ ਪਰਿਵਰਤਨ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਭਾਰਤ ਦੀ ਵਿਸ਼ਵਵਿਆਪੀ ਵਚਨਬੱਧਤਾ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਉਸਨੇ ਆਈਐੱਸਏ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ 'ਤੇ ਜਰਮਨੀ ਦਾ ਧੰਨਵਾਦ ਕੀਤਾ। ਸੁਚੇਤ ਖਪਤ ਅਤੇ ਸਰਕੂਲਰ ਅਰਥਵਿਵਸਥਾ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਤਿੰਨ ਪਹਿਲੂਆਂ-ਕਾਨੂੰਨੀ, ਸਮਰੱਥਾ ਅਤੇ ਬਾਜ਼ਾਰ ਅਰਥਵਿਵਸਥਾ ਤੋਂ ਸਰਕੂਲਰ ਅਰਥਵਿਵਸਥਾ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਜਰਮਨ ਵਫ਼ਦ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਲਵਾਯੂ ਨਾਲ ਸਬੰਧਤ ਸਮੱਸਿਆਵਾਂ ਬਾਰੇ ਭਾਰਤ ਦੀ ਕਾਰਵਾਈ ਸੀਬੀਡੀਆਰ-ਆਰਸੀ ਦੇ ਸਿਧਾਂਤ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਨਵਿਆਉਣਯੋਗ ਊਰਜਾ ਅਤੇ ਊਰਜਾ ਤੀਬਰਤਾ (ਐਨਡੀਸੀ) 'ਤੇ ਦੇਸ਼ਾਂ ਲਈ ਨਿਰਧਾਰਤ ਟੀਚਿਆਂ ਦੇ ਪਹਿਲੇ ਪੜਾਅ ਨੂੰ ਸਮੇਂ ਤੋਂ ਪਹਿਲਾਂ ਹੀ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ, ਭਾਰਤ ਨੇ ਮਿਸ਼ਨ ਲਾਈਫ ਦੀ ਸ਼ੁਰੂਆਤ ਨਾਲ ਇਨ੍ਹਾਂ ਟੀਚਿਆਂ ਨੂੰ ਅੱਗੇ ਵਧਾਇਆ ਹੈ।
ਮੀਟਿੰਗ ਦੀ ਸਮਾਪਤੀ ਕਰਦਿਆਂ, ਦੋਵਾਂ ਧਿਰਾਂ ਨੇ ਵਾਤਾਵਰਨ ਅਤੇ ਜਲਵਾਯੂ 'ਤੇ ਭਾਰਤ-ਜਰਮਨ ਦੁਵੱਲੇ ਸਹਿਯੋਗ ਦੇ ਯੋਗਦਾਨ ਨੂੰ ਮਹੱਤਵਪੂਰਨ ਦੱਸਿਆ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤੀ ਪ੍ਰਗਟਾਈ। ਨਾਲ ਹੀ, ਦੋਵਾਂ ਦੇਸ਼ਾਂ - ਭਾਰਤ ਅਤੇ ਜਰਮਨੀ ਦੁਆਰਾ ਜਲ ਸਰੋਤਾਂ ਦੀ ਸੰਭਾਲ, ਸਰਕੂਲਰ ਆਰਥਿਕਤਾ ਅਤੇ ਇਲੈਕਟ੍ਰਾਨਿਕ ਕਚਰੇ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਦੀ ਦਿਸ਼ਾ ਵਿੱਚ ਕੰਮ ਕਰਨ ਬਾਰੇ ਚਰਚਾ ਕੀਤੀ ਗਈ ।
****
ਐੱਮਜੇਪੀਐੱਸ/ਐੱਸਐੱਸਵੀ
(Release ID: 1871587)
Visitor Counter : 116