ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਅਸਾਮ ਸਰਕਾਰ ਅਤੇ ਰੋਡ ਟਰਾਂਸਪੋਰਟ ਅਤੇ ਰਾਜਮਾਰਗ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਰੇਲਵੇ ਦੇ ਕੇਂਦਰੀ ਮੰਤਰਾਲਿਆਂ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ/ਨੀਂਹ ਪੱਥਰ ਰੱਖਿਆ

Posted On: 14 OCT 2022 1:24PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ, ਨੇ ਅੱਜ (14 ਅਕਤੂਬਰ, 2022) ਸ਼੍ਰੀਮੰਤ ਸੰਕਰਦੇਵ ਕਲਾਕਸ਼ੇਤਰ, ਗੁਵਾਹਾਟੀ ਤੋਂ ਅਸਾਮ ਸਰਕਾਰ ਅਤੇ ਰੋਡ ਟਰਾਂਸਪੋਰਟ ਅਤੇ ਰਾਜਮਾਰਗ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਰੇਲਵੇ ਮੰਤਰਾਲਿਆਂ ਦੇ ਵਿਭਿੰਨ ਪ੍ਰੋਜੈਕਟਾਂ ਦਾ ਵਰਚੁਅਲੀ ਉਦਘਾਟਨ ਕੀਤਾ/ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਮੋਇਨਰਬੋਂਡ, ਸਿਲਚਰ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੇ ਰੇਲਹੈੱਡ ਡਿਪੂ ਅਤੇ ਦੋ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ;  ਅਸਾਮ ਦੇ ਚਾਹ ਬਾਗਾਂ ਦੇ ਖੇਤਰਾਂ ਵਿੱਚ 100 ਮਾਡਲ ਸੈਕੰਡਰੀ ਸਕੂਲਾਂ ਲਈ ਨੀਂਹ ਪੱਥਰ;  3000 ਮਾਡਲ ਆਂਗਣਵਾੜੀ ਕੇਂਦਰ;  ਦੋ ਹਾਈਵੇ ਪ੍ਰੋਜੈਕਟ;  ਅਤੇ ਅਘਟੋਰੀ, ਗੁਵਾਹਾਟੀ ਵਿਖੇ ਆਧੁਨਿਕ ਕਾਰਗੋ-ਕਮ-ਕੋਚਿੰਗ ਟਰਮੀਨਲ ਸ਼ਾਮਲ ਹਨ। ਰਾਸ਼ਟਰਪਤੀ ਨੇ ਗੁਵਾਹਾਟੀ ਤੋਂ ਲੁਮਡਿੰਗ ਪਾਸ ਤੋਂ ਸ਼ੋਖੁਵੀ (ਨਾਗਾਲੈਂਡ) ਅਤੇ ਮੰਡੀਪਥਰ (ਮੇਘਾਲਿਆ) ਤੱਕ ਚੱਲਣ ਵਾਲੀ ਟ੍ਰੇਨ ਨੂੰ ਹਰੀ ਝੰਡੀ ਦਿਖਾਈ।

 

ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਅੱਜ ਸ਼ੁਰੂ ਕੀਤੇ ਗਏ ਸਿਹਤ, ਸਿੱਖਿਆ, ਰੇਲਵੇ, ਸੜਕ ਨਿਰਮਾਣ, ਪੈਟਰੋਲੀਅਮ ਅਤੇ ਮਹਿਲਾ ਸਸ਼ਕਤੀਕਰਨ ਨਾਲ ਸਬੰਧਿਤ ਪ੍ਰੋਜੈਕਟਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਨ੍ਹਾਂ ਯੋਜਨਾਵਾਂ ਦੇ ਸਫ਼ਲਤਾਪੂਰਵਕ ਲਾਗੂ ਹੋਣ ਨਾਲ ਅਸਾਮ ਸਮੇਤ ਪੂਰੇ ਉੱਤਰ -ਪੂਰਬੀ ਖੇਤਰ ਵਿੱਚ ਵਪਾਰ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ, ਆਵਾਜਾਈ ਦੀਆਂ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ ਅਤੇ ਆਰਥਿਕਤਾ ਮਜ਼ਬੂਤ ​​ਹੋਵੇਗੀ।

 

ਰਾਸ਼ਟਰਪਤੀ ਨੇ ਕਿਹਾ ਕਿ ਬਿਹਤਰ ਬੁਨਿਆਦੀ ਢਾਂਚਾ ਕਿਸੇ ਵੀ ਸੂਬੇ ਦੇ ਵਿਕਾਸ ਦਾ ਅਧਾਰ ਹੁੰਦਾ ਹੈ। ਉੱਤਰ-ਪੂਰਬੀ ਖੇਤਰ ਭਾਰਤ ਦੀ 'ਐਕਟ ਈਸਟ ਨੀਤੀ' ਦਾ ਕੇਂਦਰ ਬਿੰਦੂ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਕੇਂਦਰ ਸਰਕਾਰ ਇਸ ਖੇਤਰ ਵਿੱਚ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅਸਾਮ ਦਾ ਵਿਕਾਸ ਪੂਰੇ ਉੱਤਰ ਪੂਰਬੀ ਖੇਤਰ ਲਈ ਵਿਕਾਸ ਦਾ ਇੰਜਣ ਹੋ ਸਕਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਕੁਦਰਤੀ ਸੰਸਾਧਨਾਂ ਨਾਲ ਭਰਪੂਰ ਹੈ। ਉਨ੍ਹਾਂ ਨੋਟ ਕੀਤਾ ਕਿ ਅਸਾਮ ਭਾਰਤ ਦੇ ਕੁੱਲ ਕੱਚੇ ਤੇਲ ਉਤਪਾਦਨ ਵਿੱਚ 13 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਨਾਲ ਹੀ ਭਾਰਤ ਦੇ ਕੁੱਲ ਕੁਦਰਤੀ ਗੈਸ ਉਤਪਾਦਨ ਦਾ 15 ਪ੍ਰਤੀਸ਼ਤ ਉੱਤਰ ਪੂਰਬੀ ਖੇਤਰ ਤੋਂ ਆਉਂਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਮੋਇਨਾਰਬੋਂਡ ਵਿਖੇ ਅੱਜ ਉਦਘਾਟਨ ਕੀਤਾ ਗਿਆ ਅਤਿ-ਆਧੁਨਿਕ ਡਿਪੂ ਪੂਰੀ ਬਰਾਕ ਘਾਟੀ ਦੇ ਨਾਲ-ਨਾਲ ਤ੍ਰਿਪੁਰਾ, ਮਨੀਪੁਰ ਅਤੇ ਮਿਜ਼ੋਰਮ ਦੀਆਂ ਪੈਟਰੋਲੀਅਮ ਉਤਪਾਦਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।

 

ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਸਰਕਾਰ ਅਸਾਮ ਸਮੇਤ ਸਾਰੇ ਉੱਤਰ ਪੂਰਬੀ ਰਾਜਾਂ ਵਿੱਚ ਸੜਕ ਅਤੇ ਰੇਲ ਸੰਪਰਕ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸੜਕ ਅਤੇ ਰੇਲਵੇ ਨਾਲ ਸਬੰਧਤ ਵਿਭਿੰਨ ਪ੍ਰੋਜੈਕਟ ਜਿਨ੍ਹਾਂ ਦੇ ਨੀਂਹ ਪੱਥਰ ਰੱਖੇ ਗਏ/ਉਦਘਾਟਨ ਕੀਤੇ ਗਏ ਹਨ, ਖੇਤਰ ਵਿੱਚ ਵਪਾਰ ਅਤੇ ਆਵਾਜਾਈ ਨੂੰ ਵਧਾਉਣ ਦੇ ਨਾਲ-ਨਾਲ ਟੂਰਿਜ਼ਮ ਦੇ ਮੌਕਿਆਂ ਵਿੱਚ ਵਾਧਾ ਕਰਨਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਸਰਵਪੱਖੀ ਵਿਕਾਸ ਹੀ ਸਭਿਅਕ ਸਮਾਜ ਦੀ ਨਿਸ਼ਾਨੀ ਹੈ। ਅਸਾਮ ਵਿੱਚ ਮਹਿਲਾਵਾਂ ਅਤੇ ਬੱਚਿਆਂ ਲਈ ਵਿਭਿੰਨ ਸੇਵਾਵਾਂ ਨੂੰ ਹੋਰ ਮਜ਼ਬੂਤ ​​ਕਰਨ ਲਈ, ਅੱਜ ਸ਼ੁਰੂ ਕੀਤੇ ਗਏ 3000 ਮਾਡਲ ਆਂਗਣਵਾੜੀ ਕੇਂਦਰ ਇੱਕ ਸ਼ਲਾਘਾਯੋਗ ਪਹਿਲ ਹੈ। ਉਨ੍ਹਾਂ ਚਾਹ ਬਾਗਾਂ ਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ 100 ਮਾਡਲ ਸੈਕੰਡਰੀ ਸਕੂਲਾਂ ਦਾ ਨੀਂਹ ਪੱਥਰ ਰੱਖਣ 'ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

Please click here to see the President's Speech - 

 

 ******* 

 

ਡੀਐੱਸ/ਏਕੇ



(Release ID: 1867802) Visitor Counter : 92