ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਤ੍ਰਿਪੁਰਾ ਪਹੁੰਚੇ; ਸੰਪਰਕ, ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ/ਨੀਂਹ ਪੱਥਰ ਰੱਖਿਆ
ਇਨ੍ਹਾਂ ਪ੍ਰੋਜੈਕਟਾਂ ਵਿੱਚ ਜੁਡੀਸ਼ੀਅਲ ਅਕੈਡਮੀ ਅਤੇ ਲਾਅ (Law) ਯੂਨੀਵਰਸਿਟੀ ਵੀ ਸ਼ਾਮਲ ਹਨ
ਰਾਜਮਾਰਗ, ਰੇਲਵੇ, ਹਵਾਈ ਮਾਰਗ ਅਤੇ ਜਲ ਮਾਰਗ ਦੇ ਵੱਖ-ਵੱਖ ਨਵੇਂ ਪ੍ਰੋਜੈਕਟਾਂ ਨਾਲ ਉੱਤਰ-ਪੂਰਬੀ ਖੇਤਰ ਦੇ ਵਿਕਾਸ ਨੂੰ ਨਵੀਂ ਗਤੀ ਮਿਲ ਰਹੀ ਹੈ: ਰਾਸ਼ਟਰਪਤੀ ਮੁਰਮੂ
Posted On:
12 OCT 2022 6:17PM by PIB Chandigarh
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (12 ਅਕਤੂਬਰ, 2022) ਤ੍ਰਿਪੁਰਾ ਰਾਜ ਨਿਆਂਇਕ ਅਕੈਡਮੀ ਦਾ ਉਦਘਾਟਨ ਕੀਤਾ ਅਤੇ ਨਰਸਿੰਘਗੜ੍ਹ, ਅਗਰਤਲਾ ਵਿਖੇ ਤ੍ਰਿਪੁਰਾ ਨੈਸ਼ਨਲ ਲਾਅ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ।
ਇੱਕ ਹੋਰ ਸਮਾਗਮ ਦੌਰਾਨ ਰਾਸ਼ਟਰਪਤੀ ਨੇ ਰਬਿੰਦਰ ਸਤਬਾਰਿਸ਼ੀਕੀ ਭਵਨ ਅਗਰਤਲਾ ਤੋਂ ਵਰਚੁਅਲ ਮਾਧਿਅਮ ਰਾਹੀਂ ਕੈਪੀਟਲ ਕੰਪਲੈਕਸ, ਅਗਰਤਲਾ ਵਿਖੇ ਐੱਮਐੱਲਏ ਹੋਸਟਲ ਦਾ ਉਦਘਾਟਨ ਕੀਤਾ ਅਤੇ ਮਹਾਰਾਜਾ ਬੀਰੇਂਦਰ ਕਿਸ਼ੋਰ ਮਾਨਿਕਿਯ ਮਿਊਜ਼ੀਅਮ ਐਂਡ ਕਲਚਰਲ ਸੈਂਟਰ, ਆਈਆਈਆਈਟੀ-ਅਗਰਤਲਾ ਅਤੇ ਸੜਕ, ਸਕੂਲ ਅਤੇ ਵਿਦਿਆਰਥੀਆਂ ਲਈ ਹੋਸਟਲ ਨਾਲ ਸਬੰਧਤ ਤ੍ਰਿਪੁਰਾ ਸਰਕਾਰ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਰਬਿੰਦਰ ਸਤਬਾਰਿਸ਼ੀਕੀ ਭਵਨ ਵਿਖੇ ਸਭਾ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟ ਨਾ ਸਿਰਫ਼ ਤ੍ਰਿਪੁਰਾ ਵਿੱਚ ਸੰਪਰਕ, ਸਿੱਖਿਆ, ਨਿਆਂ ਪ੍ਰਣਾਲੀ ਅਤੇ ਵਿਧਾਨ ਸਭਾ ਨੂੰ ਮਜ਼ਬੂਤ ਕਰਨਗੇ, ਸਗੋਂ ਰਾਜ ਦੇ ਅਮੀਰ ਸੱਭਿਆਚਾਰ ਨੂੰ ਵੀ ਪ੍ਰਫੁੱਲਤ ਕਰਨਗੇ।
ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਨੈਸ਼ਨਲ ਲਾਅ ਯੂਨੀਵਰਸਿਟੀ, ਤ੍ਰਿਪੁਰਾ ਦਾ ਨੀਂਹ ਪੱਥਰ ਰੱਖ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਐੱਨਐੱਲਯੂ ਨੇ ਕਾਨੂੰਨੀ ਸਿੱਖਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅੱਜ, ਆਰਥਿਕਤਾ ਦੇ ਵਿਕਾਸ ਦੇ ਨਾਲ, ਕਾਨੂੰਨੀ ਪੇਸ਼ੇ ਦਾ ਵੀ ਕਈ ਪਹਿਲੂਆਂ ਵਿੱਚ ਵਿਸਤਾਰ ਹੋਇਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਐੱਨਐੱਲਯੂ ਤ੍ਰਿਪੁਰਾ ਨਾ ਸਿਰਫ਼ ਉੱਤਰ-ਪੂਰਬ ਵਿੱਚ ਸਗੋਂ ਪੂਰੇ ਦੇਸ਼ ਵਿੱਚ ਕਾਨੂੰਨੀ ਸਿੱਖਿਆ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੇ ਵਿਸ਼ਵ ਭਰ ਵਿੱਚ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇੰਡੀਅਨ ਇੰਸਟੀਟਿਊਟ ਆਵ੍ ਇਨਫੋਰਮੇਸ਼ਨ ਟੈਕਨੋਲੋਜੀ, ਅਗਰਤਲਾ ਦਾ ਸਥਾਈ ਕੈਂਪਸ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਅਤੇ ਸਾਡੇ ਨੌਜਵਾਨਾਂ ਦੀ ਤਰੱਕੀ ਲਈ ਇੱਕ ਸੰਪੂਰਨ ਸਿੱਖਿਆ ਪ੍ਰਣਾਲੀ ਜ਼ਰੂਰੀ ਹੈ। ਉੱਚ ਸਿੱਖਿਆ ਦੇ ਨਾਲ-ਨਾਲ ਸਾਨੂੰ ਮੁੱਢਲੀ ਸਿੱਖਿਆ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਦੇਖ ਕੇ ਖੁਸ਼ੀ ਜ਼ਾਹਰ ਕੀਤੀ ਕਿ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਨੇ ਤ੍ਰਿਪੁਰਾ ਰਾਜ ਸਰਕਾਰ ਦੇ ਸਹਿਯੋਗ ਨਾਲ 'ਵਿੱਦਿਆ-ਜਯੋਤੀ ਮਿਸ਼ਨ 100' ਸ਼ੁਰੂ ਕੀਤਾ ਹੈ। ਇਸ ਤਹਿਤ ਮੌਜੂਦਾ 100 ਉੱਚ ਮਾਧਮਿਕ ਸਕੂਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਵਾਲੇ ਮਿਆਰੀ ਵਿੱਦਿਅਕ ਅਦਾਰਿਆਂ ਵਿੱਚ ਤਬਦੀਲ ਕੀਤਾ ਜਾਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਵਿੱਚ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ। ਅੱਜ, ਰਾਜਮਾਰਗ, ਰੇਲਵੇ, ਹਵਾਈ ਮਾਰਗ ਅਤੇ ਜਲ ਮਾਰਗਾਂ ਦੇ ਵੱਖ-ਵੱਖ ਨਵੇਂ ਪ੍ਰੋਜੈਕਟਾਂ ਨਾਲ ਖੇਤਰ ਦੇ ਵਿਕਾਸ ਨੂੰ ਇੱਕ ਨਵੀਂ ਹੁਲਾਰਾ ਮਿਲ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਤ੍ਰਿਪੁਰਾ ਸਮੇਤ ਉੱਤਰ-ਪੂਰਬੀ ਖੇਤਰ ਭਾਰਤ ਨੂੰ 2025 ਤੱਕ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਤ੍ਰਿਪੁਰਾ ਦੇ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਲੋਕਾਂ, ਖਾਸ ਤੌਰ 'ਤੇ ਨੌਜਵਾਨਾਂ ਦੀਆਂ ਇੱਛਾਵਾਂ ਇਨੋਵੇਸ਼ਨ ਅਤੇ ਉੱਦਮਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਰਾਸ਼ਟਰਪਤੀ ਦਾ ਹਿੰਦੀ ਵਿੱਚ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ
******
ਡੀਐੱਸ/ਬੀਐੱਮ
(Release ID: 1867424)
Visitor Counter : 136