ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਦੀ 52ਵੀਂ ਕਨਵੋਕੇਸ਼ਨ ਅਤੇ ਉਸ ਦੇ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ਦੇ ਸਮਾਪਤੀ ਸਮਾਰੋਹ ਦੀ ਸ਼ੋਭਾ ਵਧਾਈ
Posted On:
09 OCT 2022 12:28PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (9 ਅਕਤੂਬਰ, 2022) ਚੰਡੀਗੜ੍ਹ ’ਚ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਦੀ 52ਵੀਂ ਕਨਵੋਕੇਸ਼ਨ ਅਤੇ ਉਸ ਦੇ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ਦੇ ਸਮਾਪਤੀ ਸਮਾਰੋਹ ’ਚ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਸਾਲ 1921 ’ਚ ਲਾਹੌਰ ਵਿੱਚ ਸਥਾਪਿਤ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਖੋਜ ਲਈ ਇੱਕ ਪ੍ਰਮੁੱਖ ਸੰਸਥਾ ਵਜੋਂ ਉੱਭਰਿਆ ਸੀ ਅਤੇ ਉਸ ਨੇ ਵਿਸ਼ਵਵਿਆਪੀ ਤਕਨੀਕੀ ਤਬਦੀਲੀ ਵਿੱਚ ਯੋਗਦਾਨ ਪਾਇਆ ਹੈ। ਇਹ ਦੇਸ਼ ਦਾ ਇੱਕ ਪ੍ਰਮੁੱਖ ਸੰਸਥਾਨ ਹੈ ਅਤੇ ਨਾਲ ਹੀ ਇਸ ਖੇਤਰ ਵਿੱਚ ਤਕਨੀਕੀ ਸਿੱਖਿਆ ਦਾ ਇੱਕ ਮੋਹਰੀ ਦੂਤ ਹੈ। ਰਾਸ਼ਟਰੀ ਸਿੱਖਿਆ ਨੀਤੀ - 2020 ਦੱਸਦੀ ਹੈ ਕਿ ਇੱਕ ਚੰਗੀ ਵਿੱਦਿਅਕ ਸੰਸਥਾ ਉਹ ਹੈ ਜਿਸ ਵਿੱਚ ਹਰ ਵਿਦਿਆਰਥੀ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਉਸ ਦਾ ਖ਼ਿਆਲ ਰੱਖਿਆ ਜਾਂਦਾ ਹੈ ਅਤੇ ਜਿੱਥੇ ਚੰਗੇ ਬੁਨਿਆਦੀ ਢਾਂਚੇ ਅਤੇ ਢੁਕਵੇਂ ਸਰੋਤਾਂ ਵਾਲਾ ਇੱਕ ਪ੍ਰੇਰਣਾਦਾਇਕ ਮਾਹੌਲ ਮੌਜੂਦ ਹੁੰਦਾ ਹੈ। ਉਨ੍ਹਾਂ ਨੂੰ ਇਹ ਨੋਟ ਕਰਕੇ ਖੁਸ਼ੀ ਹੋਈ ਕਿ PEC ਵਿੱਚ ਇਹ ਸਾਰੇ ਗੁਣ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਕਾਲਜ ਉੱਤਮਤਾ ਲਈ ਯਤਨਸ਼ੀਲ ਰਹੇਗਾ।
ਰਾਸ਼ਟਰਪਤੀ ਨੂੰ ਇਹ ਨੋਟ ਕਰਕੇ ਖੁਸ਼ੀ ਹੋਈ ਕਿ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਨੇ ਟੈਕਨੋਲੋਜੀ, ਉਦਯੋਗ, ਸਿਵਲ ਸੇਵਾਵਾਂ, ਸਿੱਖਿਆ ਅਤੇ ਖੋਜ ਦੇ ਖੇਤਰਾਂ ਵਿੱਚ ਦੇਸ਼ ਨੂੰ ਬਹੁਤ ਸਾਰੀਆਂ ਪ੍ਰੇਰਨਾਦਾਇਕ ਸ਼ਖ਼ਸੀਅਤਾਂ ਪ੍ਰਦਾਨ ਕੀਤੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ: ਇਸਰੋ ਦੇ ਸਾਬਕਾ ਚੇਅਰਮੈਨ ਅਤੇ ਭਾਰਤ ਵਿੱਚ ਪ੍ਰਯੋਗਾਤਮਕ ਤਰਲ ਗਤੀਸ਼ੀਲਤਾ ਖੋਜ ਦੇ ਪਿਤਾਮਾ ਪ੍ਰੋ: ਸਤੀਸ਼ ਧਵਨ; ਉੱਘੇ ਸਿੱਖਿਆ ਸ਼ਾਸਤਰੀ ਅਤੇ ਆਈਆਈਟੀ ਦਿੱਲੀ ਦੇ ਬਾਨੀ-ਡਾਇਰੈਕਟਰ ਪ੍ਰੋ. ਆਰ.ਐਨ. ਡੋਗਰਾ; ਮਿਜ਼ਾਈਲ ਟੈਕਨੋਲੋਜੀ ਅਤੇ ਰਣਨੀਤਕ ਪ੍ਰਣਾਲੀਆਂ ਦੇ ਮਾਹਿਰ ਡਾ. ਸਤੀਸ਼ ਕੁਮਾਰ। ਉਨ੍ਹਾਂ ਕਿਹਾ ਕਿ ਕਲਪਨਾ ਚਾਵਲਾ, ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਦੇ ਐਰੋਨਾਟਿਕਲ ਇੰਜੀਨੀਅਰਿੰਗ ਵਿਭਾਗ ਦੀ ਹੀ ਸਾਬਕਾ ਵਿਦਿਆਰਥਣ ਸੀ, ਜੋ ਭਾਰਤੀ ਮੂਲ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਬਣ ਗਈ; ਜਿਸ ਨੇ ਵਿਗਿਆਨ ਲਈ ਆਤਮ-ਬਲੀਦਾਨ ਦਾ ਇੱਕ ਪ੍ਰੇਰਣਾਦਾਇਕ ਇਤਿਹਾਸ ਰਚਿਆ। ਉਨ੍ਹਾਂ ਨੂੰ ਇਹ ਨੋਟ ਕਰਕੇ ਖੁਸ਼ੀ ਹੋਈ ਕਿ ਪੀਈਸੀ ਵਿੱਚ ਜਿਓਸਪੇਸ਼ੀਅਲ ਟੈਕਨਾਲੋਜੀ ਦੀ ਕਲਪਨਾ ਚਾਵਲਾ ਚੇਅਰ ਸਥਾਪਿਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਨੂੰ ਹੋਰ ਹੁਲਾਰਾ ਦੇਣ ਲਈ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥਣਾਂ ਦੀ ਗਿਣਤੀ ਵਧਾਈ ਜਾਵੇ।
ਨਵੇਂ ਗ੍ਰੈਜੂਏਟ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ ਕਿ ਉਹ ਬੇਅੰਤ ਮੌਕਿਆਂ ਅਤੇ ਸੰਭਾਵਨਾਵਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਰਹੇ ਹਨ, ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਹ ਮੌਕਿਆਂ ਨੂੰ ਸਫਲਤਾ ਅਤੇ ਸੰਭਾਵਨਾਵਾਂ ਨੂੰ ਨਿਸ਼ਚਿਤਤਾ ਵਿੱਚ ਬਦਲਣ ਦੇ ਸਮਰੱਥ ਹਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਮਾਤ ਭੂਮੀ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਕਦੇ ਨਾ ਭੁੱਲਣ, ਭਾਵੇਂ ਉਹ ਆਪਣੀ ਜ਼ਿੰਦਗੀ ਵਿੱਚ ਜੋ ਵੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਦੇ ਭਾਰਤ ਦੇ ਨਿਰਮਾਤਾ ਹਨ। ਉਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਵੱਕਾਰੀ ਸੰਸਥਾ ਵਿੱਚ ਪ੍ਰਾਪਤ ਗਿਆਨ ਨੂੰ ਮਨੁੱਖਤਾ ਦੀ ਸੇਵਾ ਵਿੱਚ ਵੀ ਵਰਤਣਗੇ। ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ‘ਸਰਵੋਦਯ’ ਦੇ ਸੰਦੇਸ਼ ਨੂੰ ਆਪਣੀ ਵਿਅਕਤੀਗਤ ਤਰਜੀਹਾਂ ਵਿੱਚ ਰੱਖਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ‘ਰਾਸ਼ਟਰਪਿਤਾ’ ਦੀਆਂ ਕਦਰਾਂ-ਕੀਮਤਾਂ ਨੂੰ ਅਮਲੀ ਜਾਮਾ ਪਹਿਨਾਉਣਾ ਹਰ ਨਾਗਰਿਕ ਖਾਸ ਕਰਕੇ ਨੌਜਵਾਨਾਂ ਦਾ ਨੈਤਿਕ ਫਰਜ਼ ਹੈ।
ਪੰਜਾਬ ਇੰਜੀਨੀਅਰਿੰਗ ਕਾਲਜ ਦੇ ਕਨਵੋਕੇਸ਼ਨ ਸਮਾਰੋਹ ਤੋਂ ਠੀਕ ਪਹਿਲਾਂ, ਰਾਸ਼ਟਰਪਤੀ ਨੇ ਯੂਟੀ ਚੰਡੀਗੜ੍ਹ ਸਕੱਤਰੇਤ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ।
ਕ੍ਰਿਪਾ ਕਰਕੇ ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ’ਚ ਦੇਖਣ ਲਈ ਇੱਥੇ ਕਲਿੱਕ ਕਰੋ
*****
ਡੀਐੱਸ/ਬੀਐੱਮ
(Release ID: 1866231)
Visitor Counter : 210