ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਆਪਣੇ ਗੁਜਰਾਤ ਦੌਰੇ 'ਤੇ; ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ; ਸਿਹਤ, ਸਿੰਚਾਈ, ਜਲ ਸਪਲਾਈ ਅਤੇ ਬੰਦਰਗਾਹ ਵਿਕਾਸ ਨਾਲ ਸਬੰਧਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ/ਨੀਂਹ ਪੱਥਰ ਰੱਖਿਆ
Posted On:
03 OCT 2022 5:30PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸਿਹਤ, ਸਿੰਚਾਈ, ਜਲ ਸਪਲਾਈ ਨਾਲ ਸਬੰਧਿਤ ਗੁਜਰਾਤ ਸਰਕਾਰ ਦੇ ਵੱਖ-ਵੱਖ ਪ੍ਰੋਜੈਕਟਾਂ ਅਤੇ ਦੀਨਦਿਆਲ ਬੰਦਰਗਾਹ, ਕਾਂਡਲਾ ਦੇ ਅੱਪਗ੍ਰੇਡੇਸ਼ਨ ਨਾਲ ਸਬੰਧਿਤ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਪ੍ਰੋਜੈਕਟਾਂ ਦਾ ਅੱਜ (3 ਅਕਤੂਬਰ, 2022) ਜੀਐੱਮਈਆਰਐੱਸ, ਗਾਂਧੀਨਗਰ ਤੋਂ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਵਿੱਚ ਉੱਦਮ ਅਤੇ ਨਵਾਚਾਰ ਦੀ ਸੰਸਕ੍ਰਿਤੀ ਹੈ। ਗੁਜਰਾਤ ਦੇ ਉੱਦਮੀਆਂ ਨੇ ਗੁਜਰਾਤ ਅਤੇ ਭਾਰਤ ਨੂੰ ਇੱਕ ਵਿਸ਼ੇਸ਼ ਪਹਿਚਾਣ ਦਿੱਤੀ ਹੈ। ਗੁਜਰਾਤ ਵਿਕਾਸ ਦੇ ਮਾਮਲੇ ਵਿੱਚ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਨੇ ਉਦਯੋਗਿਕ ਤਰੱਕੀ ਦੇ ਨਾਲ-ਨਾਲ ਕੁਦਰਤੀ ਖੇਤੀ ਅਤੇ ਵਾਤਾਵਰਨ ਸੁਰੱਖਿਆ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਦੀ ਲਗਭਗ 5 ਫੀਸਦ ਆਬਾਦੀ ਗੁਜਰਾਤ ਵਿੱਚ ਰਹਿੰਦੀ ਹੈ, ਉਹ ਕੁੱਲ ਰਾਸ਼ਟਰੀ ਖੇਤੀ ਉਤਪਾਦਨ ਵਿੱਚ ਲਗਭਗ 20 ਫੀਸਦੀ ਯੋਗਦਾਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਖੇਤੀ ਵਿਕਾਸ ਦੇ ਸਫਲ ਅਨੁਭਵ ਪੂਰੇ ਦੇਸ਼ ਵਿੱਚ ਅਪਣਾਏ ਜਾ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਗੁਜਰਾਤ ਦੀ ਭੂਗੋਲਿਕ ਸਥਿਤੀ ਖਾਸ ਕਰਕੇ ਉੱਤਰੀ ਗੁਜਰਾਤ, ਸੌਰਾਸ਼ਟਰ ਅਤੇ ਕੱਛ ਦੇ ਕੁਝ ਹਿੱਸਿਆਂ ਵਿੱਚ ਪਾਣੀ ਦੀ ਕਮੀ ਨੇ ਲੋਕਾਂ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਹਨ। ਪਰ ਅੱਜ ਉਹ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। 'ਸਰਦਾਰ ਸਰੋਵਰ ਪ੍ਰੋਜੈਕਟ' ਤਹਿਤ ਇੱਕ ਵਿਸ਼ਾਲ ਨਹਿਰੀ ਨੈੱਟਵਰਕ ਰਾਹੀਂ ਲੋਕਾਂ ਨੂੰ ਸਿੰਚਾਈ ਦਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਨੀਤੀ ਆਯੋਗ ਦੇ 'ਸਮੁੱਚੇ ਜਲ ਪ੍ਰਬੰਧਨ ਸੂਚਕਾਂਕ' ਦੇ ਅਨੁਸਾਰ, ਗੁਜਰਾਤ ਪਿਛਲੇ ਤਿੰਨ ਸਾਲਾਂ ਤੋਂ ਜਲ ਪ੍ਰਬੰਧਨ ਵਿੱਚ ਦੇਸ਼ ਭਰ ਵਿੱਚ ਪਹਿਲੇ ਸਥਾਨ 'ਤੇ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਨੇ ਸਿਹਤ ਸੰਭਾਲ਼ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਨੂੰ ਸਿਹਤ ਕਾਰਡ ਜਾਰੀ ਕਰਨ ਵਾਲਾ ਗੁਜਰਾਤ ਭਾਰਤ ਦਾ ਪਹਿਲਾ ਰਾਜ ਹੈ। ਉਨ੍ਹਾਂ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਨੀਤੀ ਆਯੋਗ ਦੀ 2020-21 ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਟਿਕਾਊ ਵਿਕਾਸ ਟੀਚਾ "ਚੰਗੀ ਸਿਹਤ ਅਤੇ ਕਲਿਆਣ" ਨੂੰ ਪ੍ਰਾਪਤ ਕਰਨ ਵਿੱਚ ਗੁਜਰਾਤ ਦੇਸ਼ ਵਿੱਚ ਪਹਿਲੇ ਸਥਾਨ 'ਤੇ ਹੈ।
ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਕਿਸਾਨਾਂ ਅਤੇ ਉੱਦਮੀਆਂ ਲਈ ਰੋਜ਼ਗਾਰ ਅਤੇ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਕਰਨਗੇ। ਉਨ੍ਹਾਂ ਨੂੰ ਇਹ ਵੀ ਭਰੋਸਾ ਸੀ ਕਿ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਮੈਡੀਕਲ ਕਾਲਜ, ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਨਰਮਦਾ ਜ਼ਿਲ੍ਹੇ ਦੀ ਆਦਿਵਾਸੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰੇਗਾ।
ਇਸ ਤੋਂ ਪਹਿਲਾਂ ਅਹਿਮਦਾਬਾਦ ਪਹੁੰਚਣ ਤੋਂ ਬਾਅਦ ਰਾਸ਼ਟਰਪਤੀ ਸਾਬਰਮਤੀ ਆਸ਼ਰਮ ਗਏ, ਜਿੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਚਰਖਾ ਕੱਤਿਆ।
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਪੂਰਾ ਸੰਬੋਧਨ ਪੜ੍ਹਨ ਲਈ ਕਲਿੱਕ ਕਰੋ।
************
ਡੀਐੱਸ/ਏਕੇ
(Release ID: 1864931)
Visitor Counter : 130