ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤੀ ਰੱਖਿਆ ਇਸਟੇਟ ਸੇਵਾ, ਭਾਰਤੀ ਕੌਸ਼ਲ ਵਿਕਾਸ ਸੇਵਾ, ਭਾਰਤੀ ਵਪਾਰ ਸੇਵਾ ਅਤੇ ਭਾਰਤੀ ਦੂਰਸੰਚਾਰ ਸੇਵਾ ਦੇ ਅਫ਼ਸਰਾਂ / ਅਫ਼ਸਰ ਟ੍ਰੇਨੀਜ਼ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 30 SEP 2022 2:57PM by PIB Chandigarh

ਭਾਰਤੀ ਰੱਖਿਆ ਇਸਟੇਟ ਸੇਵਾ, ਭਾਰਤੀ ਕੌਸ਼ਲ ਵਿਕਾਸ ਸੇਵਾ, ਭਾਰਤੀ ਵਪਾਰ ਸੇਵਾ ਅਤੇ ਭਾਰਤੀ ਦੂਰਸੰਚਾਰ ਸੇਵਾ ਦੇ ਅਫ਼ਸਰਾਂ / ਅਫ਼ਸਰ ਟ੍ਰੇਨੀਜ਼ ਨੇ ਅੱਜ 30 ਸਤੰਬਰ 2022 ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਬੰਧਿਤ ਸੇਵਾਵਾਂ ਦਾ ਹਿੱਸਾ ਬਣ ਕੇ ਉਨ੍ਹਾਂ ਦਾ ਮੁੱਢਲਾ ਉਦੇਸ਼ ਦੇਸ਼ ਅਤੇ ਇਸ ਦੇ ਲੋਕਾਂ ਦੀ ਪੂਰੀ ਇਮਾਨਦਾਰੀ ਨਾਲ ਸੇਵਾ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਜਨਤਕ ਸੇਵਕਾਂ ਦੇ ਤੌਰ 'ਤੇ ਆਪਣੀ ਯਾਤਰਾ ਵਿਚ ਬਦਲਾਅ ਲਿਆਉਣ ਦੇ ਮੌਕੇ ਮਿਲਣਗੇ। ਅਜਿਹੇ ਬਦਲਾਅ ਲੋਕਾਂ ਦੀ ਜ਼ਿੰਦਗੀ ਬਦਲ ਸਕਦੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜੇ ਨੌਜਵਾਨ ਅਧਿਕਾਰੀ ਲੋਕਾਂ ਦੀ ਸੇਵਾ ਦਾ ਰਾਹ ਅਖ਼ਤਿਆਰ ਕਰਨ, ਤਾਂ ਉਹ ਆਪਣੀ ਨੌਕਰੀ ਤੋਂ ਬਹੁਤ ਸੰਤੁਸ਼ਟੀ ਹਾਸਲ ਕਰਨਗੇ।

ਰਾਸ਼ਟਰਪਤੀ ਨੂੰ ਇਹ ਨੋਟ ਕਰਕੇ ਖੁਸ਼ੀ ਹੋਈ ਕਿ ਡਿਫੈਂਸ ਇਸਟੇਟ ਦੇ ਡਾਇਰੈਕਟੋਰੇਟ ਜਨਰਲ ਨੇ ਰੱਖਿਆ ਸੰਪਤੀਆਂ ਦੇ ਪ੍ਰਬੰਧਨ ਲਈ ਸੈਟੇਲਾਈਟ ਇਮੇਜਰੀ, ਭੂ-ਸਥਾਨਕ ਟੈਕਨੋਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੀਆਂ ਤਕਨੀਕਾਂ ਨੂੰ ਅਪਣਾਇਆ ਹੈ। ਉਨ੍ਹਾਂ ਨੇ ਇੰਡੀਅਨ ਡਿਫੈਂਸ ਇਸਟੇਟ ਸਰਵਿਸ ਦੇ ਅਧਿਕਾਰੀਆਂ ਨੂੰ ਛਾਉਣੀਆਂ ਦੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਲਈ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਦੂਰਸੰਚਾਰ ਸੇਵਾ ਅਧਿਕਾਰੀਆਂ ਦੇ ਕਰੀਅਰ ਵਿੱਚ ਟੈਕਨੋਲੋਜੀ ਦੀ ਹੋਰ ਵੀ ਕੇਂਦਰੀ ਭੂਮਿਕਾ ਹੈ। ਭਾਰਤ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਦੂਰਸੰਚਾਰ ਕ੍ਰਾਂਤੀ ਆਈ ਹੈ। ਭਾਰਤ ਵਿੱਚ ਮੋਬਾਈਲ ਟੈਲੀਫੋਨ ਅਤੇ ਤੇਜ਼ ਇੰਟਰਨੈਟ ਨੈਟਵਰਕ ਦੀ ਸ਼ੁਰੂਆਤ ਨੇ ਦੇਸ਼ ਨੂੰ ਆਪਣੀ ਵਿਸ਼ਾਲ ਡਿਜੀਟਲ ਸੰਭਾਵਨਾ ਨੂੰ ਵਰਤਣ ਦੇ ਯੋਗ ਬਣਾਇਆ ਹੈ। ਇੱਕ ਵਿਕਸਤ ਦੇਸ਼ ਦਾ ਦਰਜਾ ਹਾਸਲ ਕਰਨ ਲਈ ਸਾਡੇ ਵਾਸਤੇ ਬਿਹਤਰੀਨ ਗੁਣਵੱਤਾ ਵਾਲੀਆਂ ਟੈਲੀਕਾਮ ਅਤੇ ਇੰਟਰਨੈੱਟ ਸੇਵਾਵਾਂ ਦਾ ਹੋਣਾ ਜ਼ਰੂਰੀ ਹੈ। ਜਿਵੇਂ ਕਿ ਅਸੀਂ 5G ਮੋਬਾਈਲ ਵੱਲ ਵਧਦੇ ਹਾਂ, ਤਕਨੀਕੀ ਤਰੱਕੀ ਅਤੇ ਇਸ ਦੇ ਲਾਗੂਕਰਨ ਵਿੱਚ ਤੇਜ਼ੀ ਆ ਰਹੀ ਹੈ। ਇਹ ਭਾਰਤੀ ਦੂਰਸੰਚਾਰ ਸੇਵਾ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਘਟਨਾਵਾਂ ਤੋਂ ਜਾਣੂ ਰਹਿਣ।

ਭਾਰਤੀ ਕੌਸ਼ਲ ਵਿਕਾਸ ਸੇਵਾ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਵੱਡੀ ਆਬਾਦੀ ਦਾ ਲਾਹਾ ਲੈਣ ਲਈ, ਸਾਡੇ ਵਿਸ਼ਾਲ ਮਾਨਵ ਸੰਸਾਧਨਾਂ ਨੂੰ ਲੋੜੀਂਦੇ ਹੁਨਰਮੰਦ ਹੋਣ ਦੀ ਜ਼ਰੂਰਤ ਹੈ। ਸਾਡੇ ਲੋਕਾਂ ਨੂੰ ਹੁਨਰਮੰਦ ਬਣਾਉਣਾ ਅਹਿਮ ਹੈ ਕਿਉਂਕਿ ਇਹ ਸਾਡੀ ਕੰਮਕਾਜੀ ਉਮਰ ਦੀ ਆਬਾਦੀ ਨੂੰ ਉਤਪਾਦਕ ਬਣਾਏਗਾ ਅਤੇ ਸਾਡੇ ਦੇਸ਼ ਦੇ ਵਿਕਾਸ ਵਿੱਚ ਮਦਦ ਕਰੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਰਤੀ ਕੌਸ਼ਲ ਵਿਕਾਸ ਸੇਵਾ ਦੇ ਅਧਿਕਾਰੀ ਆਪਣੀ ਇਨੋਵੇਟਿਵ ਪਹੁੰਚ ਅਤੇ ਸੋਚ ਨਾਲ ਕੌਸ਼ਲ - ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਭਾਰਤੀ ਵਪਾਰ ਸੇਵਾ ਦੇ ਪ੍ਰੋਬੇਸ਼ਨਰਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਦੀ ਵਿਕਾਸ ਕਹਾਣੀ ਬਹੁਤ ਹੀ ਆਸ਼ਾਜਨਕ ਹੈ। ਜਿਵੇਂ ਕਿ ਅਸੀਂ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦਾ ਲਕਸ਼ ਰੱਖਦੇ ਹਾਂ, ਅਸੀਂ ਉਮੀਦ ਕਰਦੇ ਹਾਂ ਕਿ ਉਸ ਜਿਹੇ ਨੌਜਵਾਨ ਅਧਿਕਾਰੀ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕੋਵਿਡ-19 ਅਤੇ ਹੋਰ ਭੂ-ਰਾਜਨੀਤਕ ਘਟਨਾਵਾਂ ਕਾਰਨ ਗਲੋਬਲ ਸਪਲਾਈ ਚੇਨ ਵਿੱਚ ਵਿਘਨ ਨੇ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਦੇ ਨਵੇਂ ਮੌਕੇ ਖੋਲ੍ਹੇ ਹਨ।

 

ਕਿਰਪਾ ਕਰਕੇ ਰਾਸ਼ਟਰਪਤੀ ਦਾ ਭਾਸ਼ਣ ਵੇਖਣ ਲਈ ਇੱਥੇ ਕਲਿੱਕ ਕਰੋ - 

 

************

ਡੀਐੱਸ/ਏਕੇ


(Release ID: 1864114) Visitor Counter : 111