ਪ੍ਰਧਾਨ ਮੰਤਰੀ ਦਫਤਰ

ਮਨ ਕੀ ਬਾਤ ਦੀ 93ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 25 SEP 2022 11:32AM by PIB Chandigarh

 

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਪਿਛਲੇ ਦਿਨੀਂ ਜਿਸ ਗੱਲ ਨੇ ਸਾਡੇ ਸਾਰਿਆਂ ਦਾ ਧਿਆਨ ਖਿੱਚਿਆ ਹੈ - ਉਹ ਹੈ ਚੀਤਾ। ਚੀਤਿਆਂ ਬਾਰੇ ਗੱਲ ਕਰਨ ਦੇ ਲਈ ਢੇਰ ਸਾਰੇ ਸੁਨੇਹੇ ਆਏ ਹਨ, ਉਹ ਭਾਵੇਂ ਉੱਤਰ ਪ੍ਰਦੇਸ਼ ਦੇ ਅਰੁਣ ਕੁਮਾਰ ਗੁਪਤਾ ਜੀ ਹੋਣ ਜਾਂ ਫਿਰ ਤੇਲੰਗਾਨਾ ਦੇ ਐੱਨ. ਰਾਮ ਚੰਦਰਨ ਰਘੂਰਾਮ ਜੀ, ਗੁਜਰਾਤ ਦੇ ਰਾਜਨ ਜੀ ਹੋਣ ਜਾਂ ਦਿੱਲੀ ਦੇ ਸੁਬ੍ਰਤ ਜੀ। ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨੇ ਭਾਰਤ ਵਿੱਚ ਚੀਤਿਆਂ ਦੇ ਵਾਪਸ ਪਰਤਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ। 130 ਕਰੋੜ ਭਾਰਤ ਵਾਸੀ ਖੁਸ਼ ਹਨ, ਫ਼ਖਰ ਨਾਲ ਭਰੇ ਹਨ - ਇਹ ਹੈ ਭਾਰਤ ਦਾ ਕੁਦਰਤ ਨਾਲ ਪਿਆਰ। ਇਸ ਬਾਰੇ ਲੋਕਾਂ ਦਾ ਇੱਕ ਆਮ ਸਵਾਲ ਇਹੀ ਹੈ ਕਿ ਮੋਦੀ ਜੀ ਸਾਨੂੰ ਚੀਤਿਆਂ ਨੂੰ ਦੇਖਣ ਦਾ ਮੌਕਾ ਕਦੋਂ ਮਿਲੇਗਾ?

ਸਾਥੀਓ, ਇੱਕ ਟਾਸਕ ਫੋਰਸ ਬਣੀ ਹੈ, ਇਹ ਟਾਸਕ ਫੋਰਸ ਚੀਤਿਆਂ ਦੀ ਮੌਨਿਟਰਿੰਗ ਕਰੇਗੀ ਅਤੇ ਇਹ ਦੇਖੇਗੀ ਕਿ ਇੱਥੋਂ ਦੇ ਮਾਹੌਲ ਵਿੱਚ ਉਹ ਕਿੰਨੇ ਘੁਲ-ਮਿਲ ਸਕੇ ਹਨ। ਇਸੇ ਅਧਾਰ ’ਤੇ ਕੁਝ ਮਹੀਨਿਆਂ ਬਾਅਦ ਕੋਈ ਫ਼ੈਸਲਾ ਲਿਆ ਜਾਵੇਗਾ ਅਤੇ ਉਦੋਂ ਤੁਸੀਂ ਚੀਤਿਆਂ ਨੂੰ ਮਿਲ ਸਕੋਗੇ, ਲੇਕਿਨ ਉਦੋਂ ਤੱਕ ਮੈਂ ਤੁਹਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਕੰਮ ਸੌਂਪ ਰਿਹਾ ਹਾਂ, ਇਸ ਦੇ ਲਈ ਮਾਈਗੌਵ ਦੇ ਪਲੈਟਫਾਰਮ ’ਤੇ ਇੱਕ ਕੰਪੀਟੀਸ਼ਨ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚੋਂ ਲੋਕਾਂ ਨੂੰ ਮੈਂ ਕੁਝ ਚੀਜ਼ਾਂ ਸ਼ੇਅਰ ਕਰਨ ਦੀ ਬੇਨਤੀ ਕਰਦਾ ਹਾਂ। ਚੀਤਿਆਂ ਨੂੰ ਲੈ ਕੇ ਜੋ ਅਸੀਂ ਮੁਹਿੰਮ ਚਲਾ ਰਹੇ ਹਾਂ, ਆਖਿਰ ਉਸ ਮੁਹਿੰਮ ਦਾ ਨਾਮ ਕੀ ਹੋਣਾ ਚਾਹੀਦਾ ਹੈ। ਕੀ ਅਸੀਂ ਇਨ੍ਹਾਂ ਸਾਰੇ ਚੀਤਿਆਂ ਦੇ ਨਾਮਕਰਣ ਦੇ ਬਾਰੇ ਵੀ ਸੋਚ ਸਕਦੇ ਹਾਂ? ਕਿ ਇਨ੍ਹਾਂ ਵਿੱਚੋਂ ਹਰ ਇੱਕ ਨੂੰ ਕਿਸ ਨਾਂ ਨਾਲ ਬੁਲਾਇਆ ਜਾਵੇ। ਉਂਝ ਇਹ ਨਾਮਕਰਣ ਜੇਕਰ ਰਵਾਇਤੀ ਹੋਵੇ ਤਾਂ ਕਾਫੀ ਚੰਗਾ ਰਹੇਗਾ, ਕਿਉਂਕਿ ਆਪਣੇ ਸਮਾਜ ਅਤੇ ਸੰਸਕ੍ਰਿਤੀ, ਪਰੰਪਰਾ ਅਤੇ ਵਿਰਾਸਤ ਨਾਲ ਜੁੜੀ ਕੋਈ ਵੀ ਚੀਜ਼ ਸਾਨੂੰ ਸਹਿਜ ਹੀ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇਹੀ ਨਹੀਂ ਤੁਸੀਂ ਇਹ ਵੀ ਦੱਸੋ ਆਖਿਰ ਇਨਸਾਨਾਂ ਨੂੰ ਜਾਨਵਰਾਂ ਦੇ ਨਾਲ ਕਿਵੇਂ ਵਰਤਾਓ ਕਰਨਾ ਚਾਹੀਦਾ ਹੈ। ਸਾਡੇ ਰਵਾਇਤੀ ਫ਼ਰਜ਼ਾਂ ਵਿੱਚ ਤਾਂ ਜਾਨਵਰਾਂ ਪ੍ਰਤੀ ਆਦਰ ’ਤੇ ਜ਼ੋਰ ਦਿੱਤਾ ਗਿਆ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਇਸ ਕੰਪੀਟੀਸ਼ਨ ਵਿੱਚ ਜ਼ਰੂਰ ਭਾਗ ਲਓ - ਕੀ ਪਤਾ ਇਨਾਮ ਵਜੋਂ ਚੀਤੇ ਦੇਖਣ ਦਾ ਪਹਿਲਾ ਮੌਕਾ ਤੁਹਾਨੂੰ ਹੀ ਮਿਲ ਜਾਵੇ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ 25 ਸਤੰਬਰ ਨੂੰ ਦੇਸ਼ ਦੇ ਪ੍ਰਸਿੱਧ ਮਾਨਵਤਾਵਾਦੀ, ਚਿੰਤਕ ਅਤੇ ਮਹਾਨ ਸਪੂਤ ਦੀਨਦਿਆਲ ਉਪਾਧਿਆਇ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਕਿਸੇ ਵੀ ਦੇਸ਼ ਦੇ ਨੌਜਵਾਨ ਜਿਉਂ-ਜਿਉਂ ਆਪਣੀ ਪਹਿਚਾਣ ਉੱਪਰ ਗੌਰਵ ’ਤੇ ਫ਼ਖ਼ਰ ਕਰਦੇ ਹਨ, ਉਨ੍ਹਾਂ ਨੂੰ ਆਪਣੇ ਮੌਲਿਕ ਵਿਚਾਰ ਅਤੇ ਦਰਸ਼ਨ ਓਨੇ ਹੀ ਆਕਰਸ਼ਿਤ ਕਰਦੇ ਹਨ। ਦੀਨਦਿਆਲ ਜੀ ਦੇ ਵਿਚਾਰਾਂ ਦੀ ਸਭ ਤੋਂ ਵੱਡੀ ਖੂਬੀ ਇਹੀ ਰਹੀ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਵਿਸ਼ਵ ਦੀ ਵੱਡੀ ਤੋਂ ਵੱਡੀ ਉਥਲ-ਪੁਥਲ ਨੂੰ ਦੇਖਿਆ ਸੀ। ਉਹ ਵਿਚਾਰਧਾਰਾਵਾਂ ਦੇ ਸੰਘਰਸ਼ਾਂ ਦੇ ਗਵਾਹ ਬਣੇ ਸਨ। ਇਸ ਲਈ ਉਨ੍ਹਾਂ ਨੇ ‘ਏਕਾਤਮ ਮਾਨਵ ਦਰਸ਼ਨ’ ਅਤੇ ‘ਅੰਤਯੋਦਯ’ ਦਾ ਇੱਕ ਵਿਚਾਰ ਦੇਸ਼ ਦੇ ਸਾਹਮਣੇ ਰੱਖਿਆ ਜੋ ਪੂਰੀ ਤਰ੍ਹਾਂ ਭਾਰਤੀ ਸੀ। ਦੀਨਦਿਆਲ ਜੀ ਦਾ ‘ਏਕਾਤਮ ਮਾਨਵ ਦਰਸ਼ਨ’ ਇੱਕ ਅਜਿਹਾ ਵਿਚਾਰ ਹੈ ਜੋ ਵਿਚਾਰਧਾਰਾ ਦੇ ਨਾਂ ’ਤੇ ਦਵੰਦ ਅਤੇ ਬੁਰੀ ਪ੍ਰਵਿਰਤੀ ਤੋਂ ਮੁਕਤੀ ਦਿਵਾਉਂਦਾ ਹੈ। ਉਨ੍ਹਾਂ ਨੇ ਮਨੁੱਖਾਂ ਨੂੰ ਇੱਕ ਸਮਾਨ ਮੰਨਣ ਵਾਲੇ ਭਾਰਤੀ ਦਰਸ਼ਨ ਨੂੰ ਫਿਰ ਤੋਂ ਦੁਨੀਆਂ ਦੇ ਸਾਹਮਣੇ ਰੱਖਿਆ। ਸਾਡੇ ਸ਼ਾਸਤਰਾਂ ’ਚ ਕਿਹਾ ਗਿਆ ਹੈ - ‘ਆਤਮਵਤ੍ ਸਰਵਭੂਤੇਸ਼ੁ’ (आत्मवत् सर्वभूतेषु) ਅਰਥਾਤ ਅਸੀਂ ਜੀਵ ਮਾਤਰ ਨੂੰ ਆਪਣੇ ਬਰਾਬਰ ਮੰਨੀਏ, ਆਪਣੇ ਜਿਹਾ ਵਿਵਹਾਰ ਕਰੀਏ। ਆਧੁਨਿਕ, ਸਮਾਜਿਕ ਅਤੇ ਰਾਜਨੀਤਿਕ ਸੰਦਰਭ ਵਿੱਚ ਵੀ ਭਾਰਤੀ ਦਰਸ਼ਨ ਕਿਵੇਂ ਦੁਨੀਆਂ ਦਾ ਮਾਰਗ ਦਰਸ਼ਨ ਕਰ ਸਕਦਾ ਹੈ, ਇਹ ਦੀਨਦਿਆਲ ਜੀ ਨੇ ਸਾਨੂੰ ਸਿਖਾਇਆ। ਇੱਕ ਤਰ੍ਹਾਂ ਨਾਲ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਜੋ ਭੇਦਭਾਵਨਾ ਸੀ, ਉਸ ਤੋਂ ਆਜ਼ਾਦੀ ਦਿਵਾ ਕੇ ਉਨ੍ਹਾਂ ਨੇ ਸਾਡੀ ਆਪਣੀ ਬੌਧਿਕ ਚੇਤਨਾ ਨੂੰ ਜਾਗ੍ਰਿਤ ਕੀਤਾ। ਉਹ ਕਹਿੰਦੇ ਵੀ ਸਨ - ‘ਸਾਡੀ ਆਜ਼ਾਦੀ ਤਾਂ ਹੀ ਸਾਰਥਿਕ ਹੋ ਸਕਦੀ ਹੈ, ਜਦੋਂ ਉਹ ਸਾਡੀ ਸੰਸਕ੍ਰਿਤੀ ਅਤੇ ਪਹਿਚਾਣ ਨੂੰ ਪ੍ਰਗਟ ਕਰੇ।’ ਇਸੇ ਵਿਚਾਰ ਦੇ ਅਧਾਰ ’ਤੇ ਉਨ੍ਹਾਂ ਨੇ ਦੇਸ਼ ਦੇ ਵਿਕਾਸ ਦਾ ਵਿਜ਼ਨ ਕੀਤਾ ਸੀ। ਦੀਨਦਿਆਲ ਉਪਾਧਿਆਇ ਜੀ ਕਹਿੰਦੇ ਸਨ ਕਿ ਦੇਸ਼ ਦੀ ਤਰੱਕੀ ਦਾ ਪੈਮਾਨਾ ਅਖੀਰਲੇ ਪਾਏਦਾਨ ’ਤੇ ਮੌਜੂਦ ਵਿਅਕਤੀ ਹੁੰਦਾ ਹੈ। ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਅਸੀਂ ਦੀਨਦਿਆਲ ਜੀ ਨੂੰ ਜਿੰਨਾ ਮੰਨਾਂਗੇ, ਉਨ੍ਹਾਂ ਤੋਂ ਜਿੰਨਾ ਸਿੱਖਾਂਗੇ, ਦੇਸ਼ ਨੂੰ ਓਨਾ ਹੀ ਅੱਗੇ ਲੈ ਕੇ ਜਾਣ ਦੀ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਮਿਲੇਗੀ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਤੋਂ ਤਿੰਨ ਦਿਨ ਬਾਅਦ ਯਾਨੀ 28 ਸਤੰਬਰ ਨੂੰ ਅੰਮ੍ਰਿਤ ਮਹੋਤਸਵ ਦਾ ਇੱਕ ਵਿਸ਼ੇਸ਼ ਦਿਨ ਆ ਰਿਹਾ ਹੈ, ਇਸ ਦਿਨ ਅਸੀਂ ਭਾਰਤ ਮਾਂ ਦੇ ਮਹਾਨ ਸਪੂਤ ਭਗਤ ਸਿੰਘ ਜੀ ਦੀ ਜਯੰਤੀ ਮਨਾਵਾਂਗੇ। ਭਗਤ ਸਿੰਘ ਜੀ ਦੀ ਜਯੰਤੀ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਇੱਕ ਮਹੱਤਵਪੂਰਨ ਫ਼ੈਸਲਾ ਕੀਤਾ ਗਿਆ ਹੈ, ਇਹ ਤੈਅ ਕੀਤਾ ਹੈ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਮ ਹੁਣ ਸ਼ਹੀਦ ਭਗਤ ਸਿੰਘ ਜੀ ਦੇ ਨਾਮ ’ਤੇ ਰੱਖਿਆ ਜਾਵੇਗਾ, ਇਸ ਦੀ ਲੰਬੇ ਸਮੇਂ ਤੋਂ ਉਡੀਕ ਵੀ ਕੀਤੀ ਜਾ ਰਹੀ ਸੀ। ਮੈਂ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਇਸ ਫ਼ੈਸਲੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ, ਅਸੀਂ ਆਪਣੇ ਸੁਤੰਤਰਤਾ ਸੈਨਾਨੀਆਂ ਤੋਂ ਪ੍ਰੇਰਣਾ ਲਈਏ, ਉਨ੍ਹਾਂ ਦੇ ਆਦਰਸ਼ਾਂ ’ਤੇ ਚਲਦੇ ਹੋਏ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਈਏ, ਇਹੀ ਉਨ੍ਹਾਂ ਦੇ ਪ੍ਰਤੀ ਸਾਡੀ ਸ਼ਰਧਾਂਜਲੀ ਹੁੰਦੀ ਹੈ। ਸ਼ਹੀਦਾਂ ਦੇ ਸਮਾਰਕ ਉਨ੍ਹਾਂ ਦੇ ਨਾਮ ’ਤੇ ਸਥਾਨਾਂ ਅਤੇ ਸੰਸਥਾਨਾਂ ਦੇ ਨਾਮ ਸਾਨੂੰ ਫ਼ਰਜ਼ ਦੇ ਲਈ ਪ੍ਰੇਰਣਾ ਦਿੰਦੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਦੇਸ਼ ਨੇ ਕਰਤਵਯ ਪੱਥ ’ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦੀ ਸਥਾਪਨਾ ਦੇ ਜ਼ਰੀਏ ਵੀ ਇੱਕ ਅਜਿਹਾ ਹੀ ਯਤਨ ਕੀਤਾ ਹੈ ਅਤੇ ਹੁਣ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਚੰਡੀਗੜ੍ਹ ਏਅਰਪੋਰਟ ਦਾ ਨਾਮ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਮੈਂ ਚਾਹਾਂਗਾ ਕਿ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਜਿਸ ਤਰ੍ਹਾਂ ਸੁਤੰਤਰਤਾ ਸੈਨਾਨੀਆਂ ਨਾਲ ਜੁੜੇ ਵਿਸ਼ੇਸ਼ ਮੌਕਿਆਂ ’ਤੇ ਸੈਲਿਬ੍ਰੇਟ ਕਰ ਰਹੇ ਹਾਂ, ਉਸੇ ਤਰ੍ਹਾਂ 28 ਸਤੰਬਰ ਨੂੰ ਵੀ ਹਰ ਨੌਜਵਾਨ ਕੁਝ ਨਵਾਂ ਯਤਨ ਜ਼ਰੂਰ ਕਰੇ।

ਵੈਸੇ ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਡੇ ਸਾਰਿਆਂ ਦੇ ਕੋਲ 28 ਸਤੰਬਰ ਨੂੰ ਸੈਲਿਬ੍ਰੇਟ ਕਰਨ ਦੀ ਇੱਕ ਹੋਰ ਵਜ੍ਹਾ ਵੀ ਹੈ। ਜਾਣਦੇ ਹੋ ਕੀ? ਮੈਂ ਸਿਰਫ ਦੋ ਸ਼ਬਦ ਕਹਾਂਗਾ, ਲੇਕਿਨ ਮੈਨੂੰ ਪਤਾ ਹੈ ਤੁਹਾਡਾ ਜੋਸ਼ ਚਾਰ ਗੁਣਾਂ ਜ਼ਿਆਦਾ ਵਧ ਜਾਵੇਗਾ, ਇਹ ਦੋ ਸ਼ਬਦ ਹਨ - ਸਰਜੀਕਲ ਸਟ੍ਰਾਈਕ। ਵਧ ਗਿਆ ਨਾ ਜੋਸ਼! ਸਾਡੇ ਦੇਸ਼ ਵਿੱਚ ਅੰਮ੍ਰਿਤ ਮਹੋਤਸਵ ਦੀ ਜੋ ਮੁਹਿੰਮ ਚਲ ਰਹੀ ਹੈ, ਓਹਨੂੰ ਅਸੀਂ ਪੂਰੇ ਮਨ ਨਾਲ ਸੈਲਿਬ੍ਰੇਟ ਕਰੀਏ, ਆਪਣੀਆਂ ਖੁਸ਼ੀਆਂ ਨੂੰ ਸਾਰਿਆਂ ਨਾਲ ਸਾਂਝਾ ਕਰੀਏ।

ਮੇਰੇ ਪਿਆਰੇ ਦੇਸ਼ਵਾਸੀਓ, ਕਹਿੰਦੇ ਹਨ - ਜੀਵਨ ਦੇ ਸੰਘਰਸ਼ਾਂ ਨਾਲ ਤਪੇ ਹੋਏ ਵਿਅਕਤੀ ਦੇ ਸਾਹਮਣੇ ਕੋਈ ਵੀ ਰੁਕਾਵਟ ਟਿਕ ਨਹੀਂ ਸਕਦੀ। ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਸੀਂ ਕੁਝ ਅਜਿਹੇ ਸਾਥੀਆਂ ਨੂੰ ਦੇਖਦੇ ਹਾਂ ਜੋ ਕਿਸੇ ਨਾ ਕਿਸੇ ਸਰੀਰਿਕ ਚੁਣੌਤੀ ਦਾ ਮੁਕਾਬਲਾ ਕਰ ਰਹੇ ਹਨ। ਬਹੁਤ ਸਾਰੇ ਅਜਿਹੇ ਵੀ ਲੋਕ ਹਨ ਜੋ ਜਾਂ ਤਾਂ ਸੁਣ ਨਹੀਂ ਸਕਦੇ ਜਾਂ ਬੋਲ ਕੇ ਆਪਣੀ ਗੱਲ ਨਹੀਂ ਰੱਖ ਸਕਦੇ। ਅਜਿਹੇ ਸਾਥੀਆਂ ਦੇ ਲਈ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ, ਸਾਈਨ ਲੈਂਗਵੇਜ਼। ਲੇਕਿਨ ਭਾਰਤ ਵਿੱਚ ਵਰਿ੍ਹਆਂ ਤੋਂ ਇੱਕ ਵੱਡੀ ਦਿੱਕਤ ਇਹ ਸੀ ਕਿ ਸਾਈਨ ਲੈਂਗਵੇਜ਼ ਦੇ ਲਈ ਕੋਈ ਸਪਸ਼ਟ ਹਾਵ-ਭਾਵ ਤੈਅ ਨਹੀਂ ਸਨ, ਸਟੈਂਡਰਡਸ ਨਹੀਂ ਸਨ, ਇਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਲਈ ਹੀ ਸਾਲ 2015 ਵਿੱਚ ‘ਇੰਡੀਅਨ ਸਾਈਨ ਲੈਂਗਵੇਜ਼ ਰਿਸਰਚ ਐਂਡ ਟ੍ਰੇਨਿੰਗ ਸੈਂਟਰ’ ਦੀ ਸਥਾਪਨਾ ਹੋਈ ਸੀ। ਮੈਨੂੰ ਖੁਸ਼ੀ ਹੈ ਕਿ ਇਹ ਸੰਸਥਾ ਹੁਣ ਤੱਕ 10 ਹਜ਼ਾਰ ਸ਼ਬਦਾਂ ਅਤੇ ਭਾਵਾਂ ਦੀ ਡਿਕਸ਼ਨਰੀ ਤਿਆਰ ਕਰ ਚੁੱਕਾ ਹੈ। ਦੋ ਦਿਨ ਪਹਿਲਾਂ ਯਾਨੀ 23 ਸਤੰਬਰ ਨੂੰ ਸਾਈਨ ਲੈਂਗਵੇਜ਼ ਡੇ ’ਤੇ ਕਈ ਸਕੂਲੀ ਪਾਠਕ੍ਰਮਾਂ ਨੂੰ ਵੀ ਸਾਈਨ ਲੈਂਗਵੇਜ਼ ਵਿੱਚ ਲਾਂਚ ਕੀਤਾ ਗਿਆ ਹੈ। ਸਾਈਨ ਲੈਂਗਵੇਜ਼ ਦੇ ਤੈਅ ਸਟੈਂਡਰਡ ਨੂੰ ਬਣਾਈ ਰੱਖਣ ਦੇ ਲਈ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਕਾਫੀ ਜ਼ੋਰ ਦਿੱਤਾ ਗਿਆ ਹੈ। ਸਾਈਨ ਲੈਂਗਵੇਜ਼ ਦੀ ਜੋ ਡਿਕਸ਼ਨਰੀ ਬਣੀ ਹੈ, ਉਸ ਦੇ ਵੀਡੀਓ ਬਣਾ ਕੇ ਵੀ ਉਸ ਦਾ ਨਿਰੰਤਰ ਪ੍ਰਸਾਰ ਕੀਤਾ ਜਾ ਰਿਹਾ ਹੈ। ਯੂਟਿਊਬ ’ਤੇ ਕਈ ਲੋਕਾਂ ਨੇ, ਕਈ ਸੰਸਥਾਵਾ ਨੇ ਇੰਡੀਅਨ ਸਾਈਨ ਲੈਂਗਵੇਜ਼ ਵਿੱਚ ਆਪਣੇ ਚੈਨਲ ਸ਼ੁਰੂ ਕਰ ਦਿੱਤੇ ਹਨ, ਯਾਨੀ 7-8 ਸਾਲ ਪਹਿਲਾਂ ਸਾਈਨ ਲੈਂਗਵੇਜ਼ ਨੂੰ ਲੈ ਕੇ ਜੋ ਮੁਹਿੰਮ ਦੇਸ਼ ਵਿੱਚ ਸ਼ੁਰੂ ਹੋਈ ਸੀ, ਹੁਣ ਉਸ ਦਾ ਲਾਭ ਲੱਖਾਂ ਮੇਰੇ ਦਿੱਵਯਾਂਗ ਭੈਣ-ਭਰਾਵਾਂ ਨੂੰ ਹੋਣ ਲੱਗਾ ਹੈ। ਹਰਿਆਣਾ ਦੀ ਰਹਿਣ ਵਾਲੀ ਪੂਜਾ ਜੀ ਤਾਂ ਇੰਡੀਅਨ ਸਾਈਨ ਲੈਂਗਵੇਜ਼ ਤੋਂ ਬਹੁਤ ਖੁਸ਼ ਹਨ। ਪਹਿਲਾਂ ਉਹ ਆਪਣੇ ਬੇਟੇ ਨਾਲ ਹੀ ਸੰਵਾਦ ਨਹੀਂ ਕਰ ਪਾਉਂਦੀ ਸੀ, ਲੇਕਿਨ 2018 ਵਿੱਚ ਸਾਈਨ ਲੈਂਗਵੇਜ਼ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਮਾਂ-ਬੇਟੇ ਦੋਵਾਂ ਦਾ ਜੀਵਨ ਅਸਾਨ ਹੋ ਗਿਆ ਹੈ। ਪੂਜਾ ਜੀ ਦੇ ਬੇਟੇ ਨੇ ਵੀ ਸਾਈਨ ਲੈਂਗਵੇਜ਼ ਸਿੱਖੀ ਅਤੇ ਆਪਣੇ ਸਕੂਲ ਵਿੱਚ ਉਸ ਨੇ ਸਟੋਰੀ ਟੈਲਿੰਗ ਵਿੱਚ ਇਨਾਮ ਜਿੱਤ ਕੇ ਵੀ ਦਿਖਾ ਦਿੱਤਾ। ਇਸੇ ਤਰ੍ਹਾਂ ਟਿੰਕਾ ਜੀ ਦੀ 6 ਸਾਲ ਦੀ ਇੱਕ ਬੇਟੀ ਹੈ ਜੋ ਸੁਣ ਨਹੀਂ ਪਾਉਂਦੀ ਹੈ, ਟਿੰਕਾ ਜੀ ਨੇ ਆਪਣੀ ਬੇਟੀ ਨੂੰ ਸਾਈਨ ਲੈਂਗਵੇਜ਼ ਦਾ ਕੋਰਸ ਕਰਵਾਇਆ ਸੀ, ਲੇਕਿਨ ਉਨ੍ਹਾਂ ਨੂੰ ਖ਼ੁਦ ਸਾਈਨ ਲੈਂਗਵੇਜ਼ ਨਹੀਂ ਆਉਂਦੀ ਸੀ। ਇਸੇ ਵਜ੍ਹਾ ਨਾਲ ਉਹ ਆਪਣੀ ਬੱਚੀ ਨਾਲ ਸੰਵਾਦ ਨਹੀਂ ਕਰ ਸਕਦੀ ਸੀ। ਹੁਣ ਟਿੰਕਾ ਜੀ ਨੇ ਵੀ ਸਾਈਨ ਲੈਂਗਵੇਜ਼ ਦੀ ਟ੍ਰੇਨਿੰਗ ਲਈ ਹੈ ਅਤੇ ਦੋਵੇਂ ਮਾਂ-ਬੇਟੀ ਹੁਣ ਆਪਸ ਵਿੱਚ ਖੂਬ ਗੱਲਾਂ ਕਰਿਆ ਕਰਦੀਆਂ ਹਨ। ਇਨ੍ਹਾਂ ਯਤਨਾਂ ਦਾ ਬਹੁਤ ਵੱਡਾ ਲਾਭ ਕੇਰਲਾ ਦੀ ਮੰਜੂ ਜੀ ਨੂੰ ਵੀ ਹੋਇਆ ਹੈ। ਮੰਜੂ ਜੀ ਜਨਮ ਤੋਂ ਹੀ ਸੁਣ ਨਹੀਂ ਪਾਉਂਦੀ ਹੈ। ਏਨਾ ਹੀ ਨਹੀਂ ਉਨ੍ਹਾਂ ਦੇ ਮਾਪਿਆਂ ਦੇ ਜੀਵਨ ਦੀ ਵੀ ਇਹੀ ਸਥਿਤੀ ਰਹੀ ਹੈ, ਅਜਿਹੇ ਵੇਲੇ ਸਾਈਨ ਲੈਂਗਵੇਜ਼ ਹੀ ਪੂਰੇ ਪਰਿਵਾਰ ਦੇ ਲਈ ਸੰਵਾਦ ਦਾ ਜ਼ਰੀਆ ਬਣੀ ਹੈ। ਹੁਣ ਤਾਂ ਮੰਜੂ ਜੀ ਨੇ ਖ਼ੁਦ ਹੀ ਸਾਈਨ ਲੈਂਗਵੇਜ਼ ਦੀ ਅਧਿਆਪਕਾ ਬਣ ਦਾ ਵੀ ਫ਼ੈਸਲਾ ਲੈ ਲਿਆ ਹੈ।

ਸਾਥੀਓ, ਮੈਂ ਇਸ ਦੇ ਬਾਰੇ ‘ਮਨ ਕੀ ਬਾਤ’ ਵਿੱਚ ਇਸ ਲਈ ਵੀ ਚਰਚਾ ਕਰ ਰਿਹਾ ਹਾਂ ਤਾਂ ਕਿ ਇੰਡੀਅਨ ਸਾਈਨ ਲੈਂਗਵੇਜ਼ ਨੂੰ ਲੈ ਕੇ ਜਾਗਰੂਕਤਾ ਵਧੇ। ਇਸ ਨਾਲ ਅਸੀਂ ਆਪਣੇ ਦਿੱਵਯਾਂਗ ਸਾਥੀਆਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰ ਸਕਾਂਗੇ। ਭਰਾਵੋ ਅਤੇ ਭੈਣੋ ਕੁਝ ਦਿਨ ਪਹਿਲਾਂ ਮੈਨੂੰ ਬ੍ਰੇਲ ਵਿੱਚ ਲਿਖੀ ਹੇਮਕੋਸ਼ ਦੀ ਇੱਕ ਕਾਪੀ ਵੀ ਮਿਲੀ ਹੈ, ਹੇਮਕੋਸ਼ ਅਸਮੀਆ ਭਾਸ਼ਾ ਦੀਆਂ ਸਭ ਤੋਂ ਪੁਰਾਣੀ ਡਿਕਸ਼ਨਰੀਆਂ ਵਿੱਚੋਂ ਇੱਕ ਹੈ। ਇਹ 19ਵੀਂ ਸ਼ਤਾਬਦੀ ਵਿੱਚ ਤਿਆਰ ਕੀਤੀ ਗਈ ਸੀ। ਇਸ ਦਾ ਸੰਪਾਦਨ ਪ੍ਰਸਿੱਧ ਭਾਸ਼ਾ ਵਿੱਦ ਹੇਮ ਚੰਦਰ ਬਰੂਆ ਜੀ ਨੇ ਕੀਤਾ ਸੀ। ਹੇਮਕੋਸ਼ ਦਾ ਬ੍ਰੇਲ ਐਡੀਸ਼ਨ ਲਗਭਗ 10 ਹਜ਼ਾਰ ਸਫਿਆਂ ਦਾ ਹੈ ਅਤੇ ਇਹ 15 ਵੋਲੀਅਮ ਤੋਂ ਜ਼ਿਆਦਾ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਹੈ। ਇਸ ਵਿੱਚ ਇੱਕ ਲੱਖ ਤੋਂ ਵੀ ਜ਼ਿਆਦਾ ਸ਼ਬਦਾਂ ਦਾ ਅਨੁਵਾਦ ਹੋਣਾ ਹੈ। ਮੈਂ ਇਸ ਸੰਵੇਦਨਸ਼ੀਲ ਯਤਨ ਦੀ ਬਹੁਤ ਸ਼ਲਾਘਾ ਕਰਦਾ ਹਾਂ। ਇਸ ਤਰ੍ਹਾਂ ਦਾ ਹਰ ਇੱਕ ਯਤਨ ਦਿੱਵਯਾਂਗ ਸਾਥੀਆਂ ਦਾ ਕੌਸ਼ਲ ਅਤੇ ਸਮਰੱਥਾ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ। ਅੱਜ ਭਾਰਤ ਪੈਰਾ-ਸਪੋਰਟਸ ਵਿੱਚ ਵੀ ਸਫਲਤਾ ਦੇ ਝੰਡੇ ਲਹਿਰਾ ਰਿਹਾ ਹੈ। ਅਸੀਂ ਸਾਰੇ ਕਈ ਟੂਰਨਾਮੈਂਟਾਂ ਵਿੱਚ ਇਸ ਦੇ ਗਵਾਹ ਰਹੇ ਹਾਂ। ਅੱਜ ਕਈ ਲੋਕ ਅਜਿਹੇ ਹਨ, ਜੋ ਦਿੱਵਯਾਂਗਾਂ ਦੇ ਵਿਚਕਾਰ ਫਿਟਨਸ ਕਲਚਰ ਨੂੰ ਜ਼ਮੀਨੀ ਪੱਧਰ ’ਤੇ ਹੁਲਾਰਾ ਦੇਣ ਵਿੱਚ ਜੁਟੇ ਹੋਏ ਹਨ। ਇਸ ਨਾਲ ਦਿੱਵਯਾਂਗਾਂ ਦੇ ਆਤਮ-ਵਿਸ਼ਵਾਸ ਨੂੰ ਬਹੁਤ ਬਲ ਮਿਲਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਕੁਝ ਦਿਨ ਪਹਿਲਾਂ ਸੂਰਤ ਦੀ ਇੱਕ ਬੇਟੀ ਅਨਵੀ ਨੂੰ ਮਿਲਿਆ ਅਤੇ ਅਨਵੀ ਦੇ ਯੋਗ ਨਾਲ ਮੇਰੀ ਉਹ ਮੁਲਾਕਾਤ ਇੰਨੀ ਯਾਦਗਾਰ ਰਹੀ ਹੈ ਕਿ ਉਸ ਦੇ ਬਾਰੇ ਮੈਂ ‘ਮਨ ਕੀ ਬਾਤ’ ਦੇ ਸਾਰੇ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ। ਸਾਥੀਓ, ਅਨਵੀ ਜਨਮ ਤੋਂ ਹੀ ਡਾਊਨ ਸਿੰਡਰੋਮ ਨਾਲ ਪੀੜਿਤ ਹੈ ਅਤੇ ਉਹ ਬਚਪਨ ਤੋਂ ਹੀ ਦਿਲ ਦੀ ਗੰਭੀਰ ਬਿਮਾਰੀ ਨਾਲ ਵੀ ਜੂਝਦੀ ਰਹੀ ਹੈ, ਜਦੋਂ ਉਹ ਸਿਰਫ 3 ਮਹੀਨਿਆਂ ਦੀ ਸੀ ਤਾਂ ਉਸ ਨੂੰ ਓਪਨ ਹਾਰਟ ਸਰਜਰੀ ਵਿੱਚੋਂ ਵੀ ਗੁਜ਼ਰਨਾ ਪਿਆ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਨਾ ਤਾਂ ਅਨਵੀ ਨੇ ਅਤੇ ਨਾ ਹੀ ਉਸ ਦੇ ਮਾਤਾ-ਪਿਤਾ ਨੇ ਕਦੀ ਹਾਰ ਮੰਨੀ। ਅਨਵੀ ਦੇ ਮਾਤਾ-ਪਿਤਾ ਨੇ ਡਾਊਨ ਸਿੰਡਰੋਮ ਦੇ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਅਤੇ ਫਿਰ ਤੈਅ ਕੀਤਾ ਕਿ ਅਨਵੀ ਦੀ ਦੂਸਰਿਆਂ ’ਤੇ ਨਿਰਭਰਤਾ ਨੂੰ ਘੱਟ ਕਿਵੇਂ ਕਰਾਂਗੇ। ਉਨ੍ਹਾਂ ਨੇ ਅਨਵੀ ਨੂੰ ਪਾਣੀ ਦਾ ਗਿਲਾਸ ਕਿਵੇਂ ਚੁੱਕਣਾ, ਜੁੱਤਿਆਂ ਦੇ ਤਸਮੇ ਬੰਨ੍ਹਣੇ, ਕੱਪੜਿਆਂ ਦੇ ਬਟਨ ਕਿਵੇਂ ਲਗਾਉਣਾ, ਅਜਿਹੀਆਂ ਛੋਟੀਆਂ-ਛੋਟੀਆਂ ਚੀਜ਼ਾਂ ਸਿਖਾਉਣੀਆਂ ਸ਼ੁਰੂ ਕੀਤੀਆਂ। ਕਿਹੜੀ ਚੀਜ਼ ਦੀ ਜਗ੍ਹਾ ਕਿੱਥੇ ਹੈ, ਕਿਹੜੀਆਂ ਚੰਗੀਆਂ ਆਦਤਾਂ ਹੁੰਦੀਆਂ ਹਨ, ਇਹ ਸਭ ਕੁਝ ਬਹੁਤ ਧੀਰਜ ਦੇ ਨਾਲ ਉਨ੍ਹਾਂ ਨੇ ਅਨਵੀ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ। ਬੇਟੀ ਅਨਵੀ ਨੇ ਜਿਸ ਤਰ੍ਹਾਂ ਸਿੱਖਣ ਦੀ ਇੱਛਾ ਸ਼ਕਤੀ ਵਿਖਾਈ, ਆਪਣੀ ਯੋਗਤਾ ਵਿਖਾਈ, ਉਸ ਨਾਲ ਉਸ ਦੇ ਮਾਤਾ-ਪਿਤਾ ਨੂੰ ਵੀ ਬਹੁਤ ਹੌਸਲਾ ਮਿਲਿਆ। ਉਨ੍ਹਾਂ ਨੇ ਅਨਵੀ ਨੂੰ ਯੋਗ ਸਿੱਖਣ ਦੇ ਲਈ ਪ੍ਰੇਰਿਤ ਕੀਤਾ। ਮੁਸੀਬਤ ਇੰਨੀ ਗੰਭੀਰ ਸੀ ਕਿ ਅਨਵੀ ਆਪਣੇ ਦੋ ਪੈਰਾਂ ’ਤੇ ਵੀ ਖੜ੍ਹੀ ਨਹੀਂ ਹੋ ਸਕਦੀ ਸੀ। ਅਜਿਹੀ ਹਾਲਤ ਵਿੱਚ ਉਸ ਦੇ ਮਾਤਾ-ਪਿਤਾ ਨੇ ਅਨਵੀ ਨੂੰ ਯੋਗ ਸਿੱਖਣ ਦੇ ਲਈ ਪ੍ਰੇਰਿਤ ਕੀਤਾ, ਪਹਿਲੀ ਵਾਰ ਜਦੋਂ ਉਹ ਯੋਗ ਸਿਖਾਉਣ ਵਾਲੀ ਕੋਚ ਦੇ ਕੋਲ ਗਈ ਤਾਂ ਉਹ ਵੀ ਬੜੀ ਦੁਬਿਧਾ ਵਿੱਚ ਸੀ ਕਿ ਕੀ ਇਹ ਮਾਸੂਮ ਬੱਚੀ ਯੋਗ ਕਰ ਸਕੇਗੀ? ਲੇਕਿਨ ਕੋਚ ਨੂੰ ਵੀ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਅਨਵੀ ਕਿਸ ਮਿੱਟੀ ਦੀ ਬਣੀ ਹੈ। ਉਹ ਆਪਣੀ ਮਾਂ ਦੇ ਨਾਲ ਯੋਗ ਦਾ ਅਭਿਆਸ ਕਰਨ ਲਗੀ ਅਤੇ ਹੁਣ ਤਾਂ ਉਹ ਯੋਗ ਵਿੱਚ ਐਕਸਪਰਟ ਹੋ ਚੁੱਕੀ ਹੈ। ਅਨਵੀ ਅੱਜ ਦੇਸ਼ ਭਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ ਅਤੇ ਮੈਡਲ ਜਿੱਤਦੀ ਹੈ। ਯੋਗ ਨੇ ਅਨਵੀ ਨੂੰ ਨਵਾਂ ਜੀਵਨ ਦੇ ਦਿੱਤਾ। ਅਨਵੀ ਨੇ ਯੋਗ ਨੂੰ ਆਤਮਸਾਥ ਕਰਕੇ ਜੀਵਨ ਨੂੰ ਆਤਮਸਾਥ ਕੀਤਾ। ਅਨਵੀ ਦੇ ਮਾਤਾ-ਪਿਤਾ ਨੇ ਮੈਨੂੰ ਦੱਸਿਆ ਕਿ ਯੋਗ ਨਾਲ ਅਨਵੀ ਦੇ ਜੀਵਨ ਵਿੱਚ ਅਨੋਖਾ ਬਦਲਾਅ ਦੇਖਣ ਨੂੰ ਮਿਲਿਆ ਹੈ। ਹੁਣ ਉਸ ਦਾ ਆਤਮ-ਵਿਸ਼ਵਾਸ ਗਜ਼ਬ ਦਾ ਹੋ ਗਿਆ ਹੈ। ਯੋਗ ਨਾਲ ਅਨਵੀ ਦੀ ਸਰੀਰਿਕ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ ਅਤੇ ਦਵਾਈਆਂ ਦੀ ਜ਼ਰੂਰਤ ਵੀ ਘੱਟ ਹੁੰਦੀ ਜਾ ਰਹੀ ਹੈ। ਮੈਂ ਚਾਹਾਂਗਾ ਕਿ ਦੇਸ਼-ਵਿਦੇਸ਼ ਵਿੱਚ ਮੌਜੂਦ ‘ਮਨ ਕੀ ਬਾਤ’ ਦੇ ਸਰੋਤੇ ਅਨਵੀ ਨੂੰ ਯੋਗ ਨਾਲ ਹੋਏ ਲਾਭ ਦਾ ਵਿਗਿਆਨਕ ਅਧਿਐਨ ਕਰ ਸਕਣ। ਮੈਨੂੰ ਲਗਦਾ ਹੈ ਕਿ ਅਨਵੀ ਇੱਕ ਵਧੀਆ ਕੇਸ ਸਟਡੀ ਹੈ ਜੋ ਯੋਗ ਦੀ ਸਮਰੱਥਾ ਨੂੰ ਜਾਂਚਣਾ-ਪਰਖਣਾ ਚਾਹੁੰਦੇ ਹਨ, ਅਜਿਹੇ ਵਿਗਿਆਨੀਆਂ ਨੂੰ ਅੱਗੇ ਆ ਕੇ ਅਨਵੀ ਦੀ ਇਸ ਸਫਲਤਾ ’ਤੇ ਅਧਿਐਨ ਕਰਕੇ, ਯੋਗ ਦੀ ਸਮਰੱਥਾ ਤੋਂ ਦੁਨੀਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਅਜਿਹੀ ਕੋਈ ਵੀ ਖੋਜ ਦੁਨੀਆਂ ਭਰ ਵਿੱਚ ਡਾਊਨ ਸਿੰਡਰੋਮ ਨਾਲ ਪੀੜਿਤ ਬੱਚਿਆਂ ਦੀ ਬਹੁਤ ਸਹਾਇਤਾ ਕਰ ਸਕਦੀ ਹੈ। ਦੁਨੀਆਂ ਹੁਣ ਇਸ ਗੱਲ ਨੂੰ ਸਵੀਕਾਰ ਕਰ ਚੁੱਕੀ ਹੈ ਕਿ ਸਰੀਰਿਕ ਅਤੇ ਮਾਨਸਿਕ ਸਿਹਤ ਦੇ ਲਈ ਯੋਗ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ। ਵਿਸ਼ੇਸ਼ ਕਰਕੇ ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਮੁਸ਼ਕਿਲਾਂ ਵਿੱਚ ਯੋਗ ਨਾਲ ਬਹੁਤ ਮਦਦ ਮਿਲਦੀ ਹੈ। ਯੋਗ ਦੀ ਅਜਿਹੀ ਤਾਕਤ ਨੂੰ ਦੇਖਦੇ ਹੋਏ 21 ਜੂਨ ਨੂੰ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਾ ਤੈਅ ਕੀਤਾ ਹੋਇਆ ਹੈ। ਹੁਣ ਯੂਨਾਇਟਿਡ ਨੇਸ਼ਨ - ਸੰਯੁਕਤ ਰਾਸ਼ਟਰ ਨੇ ਭਾਰਤ ਦੇ ਇੱਕ ਹੋਰ ਯਤਨ ਦੀ ਪਹਿਚਾਣ ਕੀਤੀ ਹੈ, ਉਸ ਨੂੰ ਸਨਮਾਨਿਤ ਕੀਤਾ ਹੈ। ਇਹ ਯਤਨ ਹੈ ਸਾਲ 2017 ਤੋਂ ਸ਼ੁਰੂ ਕੀਤਾ ਗਿਆ - ‘ਇੰਡੀਆ ਹਾਈਪਰਟੈਂਸ਼ਨ ਕੰਟਰੋਲ ਇਨੀਸ਼ਿਏਟਿਵ’। ਇਸ ਦੇ ਤਹਿਤ ਬਲੱਡ ਪ੍ਰੈਸ਼ਰ ਦੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਲੱਖਾਂ ਲੋਕਾਂ ਦਾ ਇਲਾਜ ਸਰਕਾਰੀ ਸੇਵਾ ਕੇਂਦਰਾਂ ਵਿੱਚ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਇਸ ਇਨੀਸ਼ਿਏਟਿਵ ਨੇ ਅੰਤਰਰਾਸ਼ਟਰੀ ਸੰਸਥਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਅਨੋਖਾ ਹੈ। ਇਹ ਸਾਡੇ ਸਾਰਿਆਂ ਲਈ ਉਤਸ਼ਾਹ ਵਧਾਉਣ ਵਾਲੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਦਾ ਇਲਾਜ ਹੋਇਆ ਹੈ, ਉਨ੍ਹਾਂ ਵਿੱਚੋਂ ਲਗਭਗ ਅੱਧਿਆਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਹੈ, ਮੈਂ ਇਸ ਇਨੀਸ਼ਿਏਟਿਵ ਦੇ ਲਈ ਕੰਮ ਕਰਨ ਵਾਲੇ ਉਨ੍ਹਾਂ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਨਾਲ ਇਸ ਨੂੰ ਸਫਲ ਬਣਾਇਆ ਹੈ।

ਸਾਥੀਓ, ਮਾਨਵ ਜੀਵਨ ਦੀ ਵਿਕਾਸ ਯਾਤਰਾ ਨਿਰੰਤਰ ‘ਪਾਣੀ’ ਨਾਲ ਜੁੜੀ ਹੋਈ ਹੈ - ਭਾਵੇਂ ਉਹ ਸਮੁੰਦਰ ਹੋਵੇ, ਨਦੀ ਹੋਵੇ ਜਾਂ ਤਲਾਬ ਹੋਵੇ। ਭਾਰਤ ਦਾ ਵੀ ਸੁਭਾਗ ਹੈ ਕਿ ਲਗਭਗ ਸਾਢੇ ਸੱਤ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਲੰਬੀ ਤਟ ਰੇਖਾ ਦੇ ਕਾਰਨ ਸਾਡਾ ਸਮੁੰਦਰ ਨਾਲ ਰਿਸ਼ਤਾ ਅਟੁੱਟ ਰਿਹਾ ਹੈ। ਇਹ ਤਟੀ ਸੀਮਾ ਕਈ ਰਾਜਾਂ ਅਤੇ ਦੀਪਾਂ ਤੋਂ ਹੋ ਕੇ ਗੁਜਰਦੀ ਹੈ। ਭਾਰਤ ਦੇ ਵੱਖ-ਵੱਖ ਸਮੁਦਾਇਆਂ ਅਤੇ ਵਿਭਿੰਨਤਾਵਾਂ ਨਾਲ ਭਰੀ ਸੰਸਕ੍ਰਿਤੀ ਨੂੰ ਇੱਥੇ ਵਧਦੇ-ਫੁਲਦੇ ਦੇਖਿਆ ਜਾ ਸਕਦਾ ਹੈ। ਇੰਨਾ ਹੀ ਨਹੀਂ ਇਨ੍ਹਾਂ ਤਟੀ ਇਲਾਕਿਆਂ ਦਾ ਖਾਣ-ਪੀਣ ਲੋਕਾਂ ਨੂੰ ਖੂਬ ਆਕਰਸ਼ਿਤ ਕਰਦਾ ਹੈ। ਲੇਕਿਨ ਇਨ੍ਹਾਂ ਮਜ਼ੇਦਾਰ ਗੱਲਾਂ ਦੇ ਨਾਲ ਹੀ ਇੱਕ ਦੁਖਦ ਪੱਖ ਵੀ ਹੈ, ਸਾਡੇ ਇਹ ਤਟੀ ਖੇਤਰ ਵਾਤਾਵਰਣ ਨਾਲ ਜੁੜੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਜਲਵਾਯੂ ਪਰਿਵਰਤਨ ਸਮੁੰਦਰੀ ਈਕੋ ਸਿਸਟਮਾਂ ਦੇ ਲਈ ਵੱਡਾ ਖਤਰਾ ਬਣਿਆ ਹੋਇਆ ਹੈ ਤਾਂ ਦੂਸਰੇ ਪਾਸੇ ਸਾਡੇ ਬੀਚਾਂ ’ਤੇ ਫੈਲੀ ਗੰਦਗੀ ਪ੍ਰੇਸ਼ਾਨ ਕਰਨ ਵਾਲੀ ਹੈ। ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨ੍ਹਾਂ ਚੁਣੌਤੀਆਂ ਦੇ ਲਈ ਗੰਭੀਰ ਅਤੇ ਨਿਰੰਤਰ ਯਤਨ ਕਰੀਏ। ਇੱਥੇ ਮੈਂ ਦੇਸ਼ ਦੇ ਤਟੀ ਖੇਤਰਾਂ ਵਿੱਚ ਤੱਟਾਂ ਨੂੰ ਸਾਫ ਕਰਨ ਦੀ ਇੱਕ ਕੋਸ਼ਿਸ਼ ‘ਸਵੱਛ ਸਾਗਰ - ਸੁਰਕਸ਼ਿਤ ਸਾਗਰ’ ਇਸ ਦੇ ਬਾਰੇ ਗੱਲ ਕਰਨਾ ਚਾਹਾਂਗਾ। 5 ਜੁਲਾਈ ਨੂੰ ਸ਼ੁਰੂ ਹੋਈ ਇਹ ਮੁਹਿੰਮ ਬੀਤੀ 17 ਸਤੰਬਰ ਨੂੰ ਵਿਸ਼ਵਕਰਮਾ ਜਯੰਤੀ ਦੇ ਦਿਨ ਖ਼ਤਮ ਹੋਈ। ਇਸੇ ਦਿਨ ਕੋਸਟਲ ਕਲੀਨ ਅੱਪ ਡੇ ਵੀ ਸੀ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਸ਼ੁਰੂ ਹੋਈ ਇਹ ਮੁਹਿੰਮ 75 ਦਿਨਾਂ ਤੱਕ ਚਲੀ। ਇਸ ਵਿੱਚ ਜਨਭਾਗੀਦਾਰੀ ਦੇਖਣ ਵਾਲੀ ਸੀ। ਇਸ ਕੋਸ਼ਿਸ਼ ਦੇ ਦੌਰਾਨ ਪੂਰੇ ਢਾਈ ਮਹੀਨਿਆਂ ਤੱਕ ਸਫਾਈ ਦੇ ਅਨੇਕਾਂ ਪ੍ਰੋਗਰਾਮ ਦੇਖਣ ਨੂੰ ਮਿਲੇ। ਗੋਆ ਵਿੱਚ ਇੱਕ ਲੰਬੀ ਹਿਊਮਨ ਚੇਨ ਬਣਾਈ ਗਈ। ਕਾਕੀਨਾੜਾ ਵਿੱਚ ਗਣਪਤੀ ਵਿਸਰਜਨ ਦੇ ਦੌਰਾਨ ਲੋਕਾਂ ਨੂੰ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨ ਦੇ ਬਾਰੇ ਦੱਸਿਆ ਗਿਆ। ਐੱਨਐੱਸਐੱਸ ਦੇ ਲਗਭਗ 5 ਹਜ਼ਾਰ ਨੌਜਵਾਨ ਸਾਥੀਆਂ ਨੇ ਤਾਂ 30 ਟਨ ਤੋਂ ਜ਼ਿਆਦਾ ਪਲਾਸਟਿਕ ਇਕੱਠਾ ਕੀਤਾ। ਓਡੀਸ਼ਾ ਵਿੱਚ 3 ਦਿਨਾਂ ਦੇ ਅੰਦਰ 20 ਹਜ਼ਾਰ ਤੋਂ ਜ਼ਿਆਦਾ ਸਕੂਲੀ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਆਪਣੇ ਸਮੇਤ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਸਵੱਛ ਸਾਗਰ ਅਤੇ ਸੁਰਕਸ਼ਿਤ ਸਾਗਰ ਦੇ ਲਈ ਪ੍ਰੇਰਿਤ ਕਰਨਗੇ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹਾਂਗਾ, ਜਿਨ੍ਹਾਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ।

ਨਿਯੁਕਤ ਕੀਤੇ ਅਫਸਰ, ਖਾਸ ਕਰਕੇ ਸ਼ਹਿਰਾਂ ਦੇ ਮੇਅਰ ਅਤੇ ਪਿੰਡਾਂ ਦੇ ਸਰਪੰਚਾਂ ਨਾਲ ਜਦੋਂ ਮੈਂ ਸੰਵਾਦ ਕਰਦਾ ਹਾਂ ਤਾਂ ਇਹ ਬੇਨਤੀ ਜ਼ਰੂਰ ਕਰਦਾ ਹਾਂ ਕਿ ਸਵੱਛਤਾ ਵਰਗੇ ਯਤਨਾਂ ਵਿੱਚ ਸਥਾਨਕ ਸਮੁਦਾਇਆਂ ਅਤੇ ਸਥਾਨਕ ਸੰਸਥਾਵਾਂ ਨੂੰ ਸ਼ਾਮਲ ਕਰੋ, ਇਨੋਵੇਟਿਵ ਤਰੀਕੇ ਅਪਣਾਓ।

ਬੈਂਗਲੁਰੂ ਵਿੱਚ ਇੱਕ ਟੀਮ ਹੈ - ਯੂਥ ਫੌਰ ਪਰਿਵਰਤਨ। ਪਿਛਲੇ 8 ਸਾਲਾਂ ਤੋਂ ਇਹ ਟੀਮ ਸਵੱਛਤਾ ਅਤੇ ਦੂਸਰੀਆਂ ਸਮੁਦਾਇਕ ਗਤੀਵਿਧੀਆਂ ਨੂੰ ਲੈ ਕੇ ਕੰਮ ਕਰ ਰਹੀ ਹੈ। ਉਨ੍ਹਾਂ ਦਾ ਆਦਰਸ਼ ਬਿਲਕੁਲ ਸਾਫ ਹੈ ‘ਸਟੋਪ ਕੰਪਲੇਨਿੰਗ, ਸਟਾਰਟ ਐਕਟਿੰਗ’ ਇਸ ਟੀਮ ਨੇ ਹੁਣ ਤੱਕ ਸ਼ਹਿਰ ਦੇ 370 ਤੋਂ ਜ਼ਿਆਦਾ ਸਥਾਨਾਂ ਦਾ ਸੁੰਦਰੀਕਰਣ ਕੀਤਾ ਹੈ। ਹਰ ਥਾਂ ’ਤੇ ਯੂਥ ਫੌਰ ਪਰਿਵਰਤਨ ਦੀ ਮੁਹਿੰਮ ਨੇ 100 ਤੋਂ 150 ਨਾਗਰਿਕਾਂ ਨੂੰ ਜੋੜਿਆ ਹੈ। ਹਰ ਇੱਕ ਐਤਵਾਰ ਨੂੰ ਇਹ ਪ੍ਰੋਗਰਾਮ ਸਵੇਰੇ ਸ਼ੁਰੂ ਹੁੰਦਾ ਹੈ ਅਤੇ ਦੁਪਹਿਰ ਤੱਕ ਚਲਦਾ ਹੈ। ਇਸ ਕੰਮ ਵਿੱਚ ਕਚਰਾ ਤਾਂ ਹਟਾਇਆ ਹੀ ਜਾਂਦਾ ਹੈ, ਦੀਵਾਰਾਂ ’ਤੇ ਪੇਂਟਿੰਗ ਅਤੇ ਆਰਟਿਸਟਿਕ ਸਕੈਚ ਬਣਾਉਣ ਦਾ ਕੰਮ ਵੀ ਹੁੰਦਾ ਹੈ। ਕਈ ਥਾਵਾਂ ’ਤੇ ਤਾਂ ਤੁਸੀਂ ਪ੍ਰਸਿੱਧ ਵਿਅਕਤੀਆਂ ਦੇ ਸਕੈਚ ਅਤੇ ਉਨ੍ਹਾਂ ਦੇ ਪ੍ਰੇਰਣਾਦਾਇਕ ਕੋਟਸ ਵੀ ਦੇਖ ਸਕਦੇ ਹੋ। ਬੈਂਗਲੁਰੂ ਦੇ ਯੂਥ ਫੌਰ ਪਰਿਵਰਤਨ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਮੈਂ ਤੁਹਾਨੂੰ ਮੇਰਠ ਦੇ ‘ਕਬਾੜ ਸੇ ਜੁਗਾੜ’ ਮੁਹਿੰਮ ਦੇ ਬਾਰੇ ਵੀ ਦੱਸਣਾ ਚਾਹਾਂਗਾ। ਇਹ ਮੁਹਿੰਮ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਸ਼ਹਿਰ ਦੇ ਸੁੰਦਰੀਕਰਣ ਨਾਲ ਵੀ ਜੁੜੀ ਹੈ। ਇਸ ਮੁਹਿੰਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਵਿੱਚ ਲੋਹੇ ਦਾ ਸਕਰੈਪ, ਪਲਾਸਟਿਕ ਵੇਸਟ, ਪੁਰਾਣੇ ਟਾਇਰ ਅਤੇ ਡਰੱਮ ਜਿਹੀਆਂ ਬੇਕਾਰ ਹੋ ਚੁੱਕੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਘੱਟ ਖਰਚੇ ਵਿੱਚ ਜਨਤਕ ਥਾਵਾਂ ਦਾ ਸੁੰਦਰੀਕਰਣ ਕਿਵੇਂ ਹੋਵੇ - ਇਹ ਮੁਹਿੰਮ ਇਸ ਦੀ ਵੀ ਇੱਕ ਮਿਸਾਲ ਹੈ। ਇਸ ਮੁਹਿੰਮ ਨਾਲ ਜੁੜੇ ਸਾਰੇ ਲੋਕਾਂ ਦੀ ਮੈਂ ਦਿਲੋਂ ਸ਼ਲਾਘਾ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਵੇਲੇ ਦੇਸ਼ ਵਿੱਚ ਚਾਰ-ਚੁਫੇਰੇ ਤਿਉਹਾਰਾਂ ਦੀ ਰੌਣਕ ਹੈ। ਕੱਲ੍ਹ ਨਵਰਾਤਰੀ ਦਾ ਪਹਿਲਾ ਦਿਨ ਹੈ। ਇਸ ਵਿੱਚ ਅਸੀਂ ਦੇਵੀ ਦੇ ਪਹਿਲੇ ਸਵਰੂਪ ‘ਮਾਂ ਸ਼ੈਲ ਪੁੱਤਰੀ’ ਦੀ ਪੂਜਾ ਕਰਾਂਗੇ। ਇੱਥੋਂ ਤੋਂ 9 ਦਿਨਾਂ ਦਾ ਨਿਯਮ, ਸੰਜਮ ਅਤੇ ਵਰਤ, ਦੁਸ਼ਹਿਰੇ ਦਾ ਪੁਰਬ ਵੀ ਹੋਵੇਗਾ, ਯਾਨੀ ਇੱਕ ਤਰ੍ਹਾਂ ਨਾਲ ਦੇਖੀਏ ਤਾਂ ਪਤਾ ਲੱਗੇਗਾ ਕਿ ਸਾਡੇ ਪੁਰਬਾਂ ਵਿੱਚ ਆਸਥਾ ਅਤੇ ਅਧਿਆਤਮਿਕਤਾ ਦੇ ਨਾਲ-ਨਾਲ ਕਿੰਨਾ ਗਹਿਰਾ ਸੰਦੇਸ਼ ਵੀ ਛੁਪਿਆ ਹੋਇਆ ਹੈ। ਅਨੁਸ਼ਾਸਨ ਅਤੇ ਸੰਜਮ ਨਾਲ ਸਿੱਧੀ ਦੀ ਪ੍ਰਾਪਤੀ ਅਤੇ ਇਸ ਤੋਂ ਬਾਅਦ ਵਿਜੇ ਦਾ ਪੁਰਬ ਇਹੀ ਤਾਂ ਜੀਵਨ ਵਿੱਚ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰਨ ਦਾ ਮਾਰਗ ਹੁੰਦਾ ਹੈ। ਦੁਸ਼ਹਿਰੇ ਤੋਂ ਬਾਅਦ ਧਨ ਤੇਰਸ ਅਤੇ ਦੀਵਾਲੀ ਦਾ ਵੀ ਤਿਉਹਾਰ ਆਉਣ ਵਾਲਾ ਹੈ।

ਸਾਥੀਓ, ਬੀਤੇ ਸਾਲਾਂ ਤੋਂ ਸਾਡੇ ਤਿਉਹਾਰਾਂ ਦੇ ਨਾਲ ਦੇਸ਼ ਦਾ ਇੱਕ ਨਵਾਂ ਸੰਕਲਪ ਵੀ ਜੁੜ ਗਿਆ ਹੈ, ਤੁਸੀਂ ਸਾਰੇ ਜਾਣਦੇ ਹੋ ਇਹ ਸੰਕਲਪ ਹੈ ‘ਵੋਕਲ ਫੌਰ ਲੋਕਲ’ ਦਾ। ਹੁਣ ਅਸੀਂ ਤਿਉਹਾਰਾਂ ਦੀ ਖੁਸ਼ੀ ਵਿੱਚ ਆਪਣੇ ਲੋਕਲ ਕਾਰੀਗਰਾਂ ਨੂੰ, ਸ਼ਿਲਪਕਾਰਾਂ ਨੂੰ ਅਤੇ ਵਪਾਰੀਆਂ ਨੂੰ ਵੀ ਸ਼ਾਮਲ ਕਰਦੇ ਹਾਂ। ਆਉਣ ਵਾਲੀ 2 ਅਕਤੂਬਰ ਨੂੰ ਬਾਪੂ ਦੀ ਜਯੰਤੀ ਦੇ ਮੌਕੇ ’ਤੇ ਅਸੀਂ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲੈਣਾ ਹੈ। ਖਾਦੀ, ਹੈਂਡਲੂਮ, ਹੈਂਡੀਕ੍ਰਾਫਟ ਇਨ੍ਹਾਂ ਸਾਰੇ ਉਤਪਾਦਾਂ ਦੇ ਨਾਲ-ਨਾਲ ਲੋਕਲ ਸਮਾਨ ਜ਼ਰੂਰ ਖਰੀਦੋ। ਆਖਿਰ ਇਸ ਤਿਉਹਾਰ ਦਾ ਸਹੀ ਅਨੰਦ ਵੀ ਤਦ ਹੈ ਜਦੋਂ ਹਰ ਕੋਈ ਇਸ ਤਿਉਹਾਰ ਦਾ ਹਿੱਸਾ ਬਣੇ। ਇਸ ਲਈ ਸਥਾਨਕ ਉਤਪਾਦ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਅਸੀਂ ਸਮਰਥਨ ਵੀ ਦੇਣਾ ਹੈ। ਇੱਕ ਚੰਗਾ ਤਰੀਕਾ ਇਹ ਹੈ ਕਿ ਤਿਉਹਾਰ ਦੇ ਸਮੇਂ ਅਸੀਂ ਜੋ ਵੀ ਗਿਫਟ ਕਰੀਏ, ਉਸ ਵਿੱਚ ਇਸ ਤਰ੍ਹਾਂ ਦੇ ਉਤਪਾਦ ਨੂੰ ਸ਼ਾਮਲ ਕਰੀਏ।

ਇਸ ਸਮੇਂ ਇਹ ਮੁਹਿੰਮ ਇਸ ਲਈ ਵੀ ਖਾਸ ਹੈ, ਕਿਉਂਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਅਸੀਂ ਆਤਮ-ਨਿਰਭਰ ਭਾਰਤ ਦਾ ਵੀ ਲਕਸ਼ ਲੈ ਕੇ ਚਲ ਰਹੇ ਹਾਂ ਜੋ ਸਹੀ ਅਰਥਾਂ ਵਿੱਚ ਆਜ਼ਾਦੀ ਦੇ ਦੀਵਾਨਿਆਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਲਈ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਵਾਰੀ ਖਾਦੀ ਹੈਂਡਲੂਮ ਜਾਂ ਹੈਂਡੀਕ੍ਰਾਫਟ ਇਸ ਉਤਪਾਦ ਨੂੰ ਖਰੀਦਣ ਦੇ ਤੁਸੀਂ ਸਾਰੇ ਰਿਕਾਰਡ ਤੋੜ ਦਿਓ। ਅਸੀਂ ਦੇਖਿਆ ਹੈ ਕਿ ਤਿਉਹਾਰਾਂ ’ਤੇ ਪੈਕਿੰਗ ਅਤੇ ਪੈਕੇਜਿੰਗ ਲਈ ਵੀ ਪੌਲੀਥੀਨ ਬੈਗ ਦਾ ਵੀ ਬਹੁਤ ਇਸਤੇਮਾਲ ਹੁੰਦਾ ਰਿਹਾ ਹੈ। ਸਵੱਛਤਾ ਦੇ ਪੁਰਬਾਂ ’ਤੇ ਪੌਲੀਥੀਨ ਦਾ ਨੁਕਸਾਨਦਾਇਕ ਕਚਰਾ, ਇਹ ਵੀ ਸਾਡੇ ਪੁਰਬਾਂ ਦੀ ਭਾਵਨਾ ਦੇ ਖ਼ਿਲਾਫ਼ ਹੈ। ਇਸ ਲਈ ਅਸੀਂ ਸਥਾਨਕ ਪੱਧਰ ਦੇ ਬਣੇ ਹੋਏ ਨਾਨ-ਪਲਾਸਟਿਕ ਬੈਗਾਂ ਦੀ ਹੀ ਵਰਤੋਂ ਕਰੀਏ। ਸਾਡੇ ਇੱਥੇ ਜੂਟ ਦੇ, ਸੂਟ ਦੇ, ਕੇਲੇ ਦੇ ਅਜਿਹੇ ਕਿੰਨੇ ਹੀ ਰਵਾਇਤੀ ਬੈਗਾਂ ਦੀ ਵਰਤੋਂ ਇੱਕ ਵਾਰ ਫਿਰ ਤੋਂ ਵਧ ਰਹੀ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਤਿਉਹਾਰਾਂ ਦੇ ਮੌਕੇ ’ਤੇ ਇਨ੍ਹਾਂ ਨੂੰ ਹੁਲਾਰਾ ਦਈਏ ਅਤੇ ਸਵੱਛਤਾ ਦੇ ਨਾਲ ਆਪਣੀ ਅਤੇ ਵਾਤਾਵਰਣ ਦੀ ਸਿਹਤ ਦਾ ਵੀ ਖਿਆਲ ਰੱਖੀਏ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ -

ਪਰਹਿਤ ਸਰਿਸ ਧਰਮ ਨਹੀਂ ਭਾਈ’

(परहित सरिस धरम नहीं भाई)

ਯਾਨੀ ਦੂਸਰਿਆਂ ਦਾ ਹਿਤ ਕਰਨ ਜਿਹਾ ਦੂਸਰਿਆਂ ਦੀ ਸੇਵਾ ਕਰਨ, ਉਪਕਾਰ ਕਰਨ ਦੇ ਬਰਾਬਰ ਹੋਰ ਕੋਈ ਧਰਮ ਨਹੀਂ ਹੈ। ਪਿਛਲੇ ਦਿਨੀਂ ਦੇਸ਼ ਵਿੱਚ ਸਮਾਜ ਸੇਵਾ ਦੀ ਇਸੇ ਭਾਵਨਾ ਦੀ ਇੱਕ ਹੋਰ ਝਲਕ ਦੇਖਣ ਨੂੰ ਮਿਲੀ। ਤੁਸੀਂ ਵੀ ਦੇਖਿਆ ਹੋਵੇਗਾ ਕਿ ਲੋਕ ਅੱਗੇ ਆ ਕੇ ਕਿਸੇ ਨਾ ਕਿਸੇ ਟੀ. ਬੀ. ਨਾਲ ਪੀੜਿਤ ਮਰੀਜ਼ ਨੂੰ ਗੋਦ ਲੈ ਰਹੇ ਹਨ। ਉਸੇ ਦੇ ਪੌਸ਼ਟਿਕ ਆਹਾਰ ਦਾ ਜ਼ਿੰਮਾ ਲੈ ਰਹੇ ਹਨ। ਦਰਅਸਲ ਇਹ ਟੀ. ਬੀ. ਮੁਕਤ ਭਾਰਤ ਅਭਿਆਨ ਦਾ ਇੱਕ ਹਿੱਸਾ ਹੈ, ਜਿਸ ਦਾ ਅਧਾਰ ਜਨ-ਭਾਗੀਦਾਰੀ ਹੈ, ਫ਼ਰਜ਼ ਦੀ ਭਾਵਨਾ ਹੈ। ਸਹੀ ਪੋਸ਼ਣ ਨਾਲ ਹੀ, ਸਹੀ ਸਮੇਂ ’ਤੇ ਮਿਲੀਆਂ ਦਵਾਈਆਂ ਨਾਲ ਟੀ. ਬੀ. ਦਾ ਇਲਾਜ ਸੰਭਵ ਹੈ। ਮੈਨੂੰ ਵਿਸ਼ਵਾਸ ਹੈ ਕਿ ਜਨ-ਭਾਗੀਦਾਰੀ ਇਸ ਸ਼ਕਤੀ ਨਾਲ ਸਾਲ 2025 ਤੱਕ ਭਾਰਤ ਜ਼ਰੂਰ ਟੀ. ਬੀ. ਤੋਂ ਮੁਕਤ ਹੋ ਜਾਵੇਗਾ।

ਸਾਥੀਓ, ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਨਗਰ ਹਵੇਲੀ ਅਤੇ ਦਮਨਦੀਵ ਤੋਂ ਵੀ ਮੈਨੂੰ ਅਜਿਹਾ ਉਦਾਹਰਣ ਜਾਨਣ ਨੂੰ ਮਿਲਿਆ ਹੈ ਜੋ ਮਨ ਨੂੰ ਛੂਹ ਲੈਂਦਾ ਹੈ। ਇੱਥੋਂ ਦੇ ਆਦਿਵਾਸੀ ਖੇਤਰ ਵਿੱਚ ਰਹਿਣ ਵਾਲੀ ਜੀਨੂੰ ਰਾਵਤੀਆ ਜੀ ਨੇ ਲਿਖਿਆ ਹੈ ਕਿ ਉੱਥੇ ਚਲ ਰਹੇ ਗ੍ਰਾਮ ਦੱਤਕ ਪ੍ਰੋਗਰਾਮ ਦੇ ਤਹਿਤ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ 50 ਪਿੰਡਾਂ ਨੂੰ ਗੋਦ ਲਿਆ ਹੈ। ਇਸ ਵਿੱਚ ਜੀਨੂੰ ਜੀ ਦਾ ਵੀ ਪਿੰਡ ਸ਼ਾਮਲ ਹੈ। ਮੈਡੀਕਲ ਦੇ ਇਹ ਵਿਦਿਆਰਥੀ ਬਿਮਾਰੀ ਤੋਂ ਬਚਣ ਦੇ ਲਈ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਦੇ ਹਨ, ਬਿਮਾਰੀ ਵਿੱਚ ਮਦਦ ਵੀ ਕਰਦੇ ਹਨ ਅਤੇ ਸਰਕਾਰੀ ਯੋਜਨਾਵਾਂ ਦੇ ਬਾਰੇ ਜਾਣਕਾਰੀ ਵੀ ਦਿੰਦੇ ਹਨ। ਪਰਉਪਕਾਰ ਦੀ ਇਹ ਭਾਵਨਾ ਪਿੰਡਾਂ ਵਿੱਚ ਰਹਿਣ ਵਾਲਿਆਂ ਦੇ ਜੀਵਨ ’ਚ ਨਵੀਆਂ ਖੁਸ਼ੀਆਂ ਲੈ ਕੇ ਆਈ ਹੈ। ਮੈਂ ਇਸ ਦੇ ਲਈ ਮੈਡੀਕਲ ਕਾਲਜ ਦੇ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਾ ਹਾਂ।

ਸਾਥੀਓ, ‘ਮਨ ਕੀ ਬਾਤ’ ਵਿੱਚ ਨਵੇਂ-ਨਵੇਂ ਵਿਸ਼ਿਆਂ ਦੀ ਚਰਚਾ ਹੁੰਦੀ ਰਹਿੰਦੀ ਹੈ। ਕਈ ਵਾਰ ਇਸ ਪ੍ਰੋਗਰਾਮ ਦੇ ਜ਼ਰੀਏ ਸਾਨੂੰ ਕੁਝ ਪੁਰਾਣੇ ਵਿਸ਼ਿਆਂ ਦੀ ਗਹਿਰਾਈ ਵਿੱਚ ਉਤਰਨ ਦਾ ਮੌਕਾ ਮਿਲਦਾ ਹੈ। ਪਿਛਲੇ ਮਹੀਨੇ ‘ਮਨ ਕੀ ਬਾਤ’ ਵਿੱਚ ਮੈਂ ਮੋਟੇ ਅਨਾਜ ਅਤੇ ਸਾਲ 2023 ਨੂੰ ‘ਇੰਟਰਨੈਸ਼ਨਲ ਮਿਲਟ ਯੀਅਰ’ ਦੇ ਤੌਰ ’ਤੇ ਮਨਾਉਣ ਨਾਲ ਜੁੜੀ ਚਰਚਾ ਕੀਤੀ ਸੀ। ਇਸ ਵਿਸ਼ੇ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸੁਕਤਾ ਹੈ। ਮੈਨੂੰ ਅਜਿਹੇ ਢੇਰਾਂ ਪੱਤਰ ਮਿਲੇ ਹਨ, ਜਿਸ ਵਿੱਚ ਲੋਕ ਦੱਸ ਰਹੇ ਹਨ ਕਿ ਉਨ੍ਹਾਂ ਨੇ ਕਿਵੇਂ ਮੋਟੇ ਅਨਾਜ ਨੂੰ ਆਪਣੇ ਦੈਨਿਕ ਭੋਜਨ ਦਾ ਹਿੱਸਾ ਬਣਾਇਆ ਹੋਇਆ ਹੈ। ਕੁਝ ਲੋਕਾਂ ਨੇ ਮੋਟੇ ਅਨਾਜ ਤੋਂ ਬਣਨ ਵਾਲੇ ਰਵਾਇਤੀ ਪਕਵਾਨਾਂ ਦੇ ਬਾਰੇ ਵੀ ਦੱਸਿਆ ਹੈ। ਇਹ ਇੱਕ ਵੱਡੇ ਬਦਲਾਅ ਦੇ ਸੰਕੇਤ ਹਨ। ਲੋਕਾਂ ਦੇ ਇਸ ਉਤਸ਼ਾਹ ਨੂੰ ਦੇਖ ਕੇ ਮੈਨੂੰ ਲਗਦਾ ਹੈ ਕਿ ਸਾਨੂੰ ਮਿਲ ਕੇ ਇੱਕ ਈ-ਬੁੱਕ ਤਿਆਰ ਕਰਨੀ ਚਾਹੀਦੀ ਹੈ, ਜਿਸ ਵਿੱਚ ਲੋਕ ਮੋਟੇ ਅਨਾਜ ਤੋਂ ਬਣਨ ਵਾਲੇ ਪਕਵਾਨਾਂ ਅਤੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰ ਸਕਣ, ਇਸ ਨਾਲ ਇੰਟਰਨੈਸ਼ਨਲ ਮਿਲਟ ਯੀਅਰ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ ਕੋਲ ਮੋਟੇ ਅਨਾਜ ਨੂੰ ਲੈ ਕੇ ਇੱਕ ਪਬਲਿਕ ਐਨਸਾਈਕਲੋਪੀਡੀਆ ਵੀ ਤਿਆਰ ਹੋਵੇਗਾ ਅਤੇ ਫਿਰ ਇਸ ਨੂੰ ਮਾਈਗੌਵ ਪੋਰਟਲ ’ਤੇ ਪਬਲਿਸ਼ ਕਰ ਸਕਦੇ ਹਨ।

ਸਾਥੀਓ, ‘ਮਨ ਕੀ ਬਾਤ’ ਵਿੱਚ ਇਸ ਵਾਰੀ ਏਨਾ ਹੀ। ਲੇਕਿਨ ਚਲਦੇ-ਚਲਦੇ ਮੈਂ ਤੁਹਾਨੂੰ ਰਾਸ਼ਟਰੀ ਖੇਡਾਂ ਦੇ ਬਾਰੇ ਵਿੱਚ ਵੀ ਦੱਸਣਾ ਚਾਹੁੰਦਾ ਹਾਂ। 29 ਸਤੰਬਰ ਨੂੰ ਗੁਜਰਾਤ ਵਿੱਚ ਰਾਸ਼ਟਰੀ ਖੇਡਾਂ ਦਾ ਆਯੋਜਨ ਹੋ ਰਿਹਾ ਹੈ। ਇਹ ਬੜਾ ਹੀ ਖਾਸ ਮੌਕਾ ਹੈ, ਕਿਉਂਕਿ ਰਾਸ਼ਟਰੀ ਖੇਡਾਂ ਦਾ ਆਯੋਜਨ ਕਈ ਸਾਲਾਂ ਬਾਅਦ ਹੋ ਰਿਹਾ ਹੈ। ਕੋਵਿਡ ਮਹਾਮਾਰੀ ਦੀ ਵਜ੍ਹਾ ਨਾਲ ਪਿਛਲੀ ਵਾਰ ਦੇ ਆਯੋਜਨਾਂ ਨੂੰ ਰੱਦ ਕਰਨਾ ਪਿਆ ਸੀ। ਇਸ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰ ਖਿਡਾਰੀ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਸ ਦਿਨ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਮੈਂ ਉਨ੍ਹਾਂ ਦੇ ਵਿਚਕਾਰ ਹੀ ਰਹਾਂਗਾ। ਤੁਸੀਂ ਸਾਰੇ ਵੀ ਰਾਸ਼ਟਰੀ ਖੇਡਾਂ ਨੂੰ ਜ਼ਰੂਰ ਫਾਲੋ ਕਰੋ ਅਤੇ ਆਪਣੇ ਖਿਡਾਰੀਆਂ ਦਾ ਹੌਸਲਾ ਵਧਾਓ। ਹੁਣ ਮੈਂ ਅੱਜ ਦੇ ਲਈ ਵਿਦਾ ਲੈਂਦਾ ਹਾਂ। ਅਗਲੇ ਮਹੀਨੇ ‘ਮਨ ਕੀ ਬਾਤ’ ਵਿੱਚ ਨਵੇਂ ਵਿਸ਼ਿਆਂ ਦੇ ਨਾਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਧੰਨਵਾਦ। ਨਮਸਕਾਰ।

 

***

 

ਡੀਐੱਸ/ਐੱਸਐੱਚ/ਵੀਕੇ



(Release ID: 1862055) Visitor Counter : 171