ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੇ ਟੀਬੀ ਮੁਕਤ ਭਾਰਤ ਅਭਿਯਾਨ ਦੀ ਸ਼ੁਰੂਆਤ ਕੀਤੀ

Posted On: 09 SEP 2022 3:17PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਪ੍ਰਧਾਨ ਮੰਤਰੀ ਦੇ ਟੀਬੀ ਮੁਕਤ ਭਾਰਤ ਅਭਿਯਾਨ ਨੂੰ ਵਰਚੁਅਲੀ ਲਾਂਚ ਕੀਤਾ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਟੀ.ਬੀ.ਮੁਕਤ ਭਾਰਤ ਅਭਿਯਾਨ ਨੂੰ ਉਚੇਚੇ ਤੌਰ 'ਤੇ ਪਹਿਲ ਦੇਣਾ ਅਤੇ ਇਸ ਅਭਿਯਾਨ ਨੂੰ ਲੋਕ ਲਹਿਰ ਬਣਾਉਣਾ ਸਾਰੇ ਨਾਗਰਿਕਾਂ ਦਾ ਫ਼ਰਜ਼ ਹੈ ਕਿਉਂਕਿ ਟੀ.ਬੀ. ਬਾਕੀ ਸਾਰੀਆਂ ਛੂਤ ਦੀਆਂ ਸਾਰੀਆਂ ਬਿਮਾਰੀਆਂ ’ਚੋਂ ਸਭ ਤੋਂ ਵੱਧ ਤੋਂ ਮੌਤਾਂ ਦਾ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਬਾਦੀ ਵਿਸ਼ਵ ਦੀ ਆਬਾਦੀ ਦਾ 20 ਫੀਸਦੀ ਤੋਂ ਥੋੜ੍ਹੀ ਘੱਟ ਹੈ ਪਰ ਵਿਸ਼ਵ ’ਚ ਟੀ.ਬੀ ਦੇ ਕੁੱਲ ਮਰੀਜ਼ਾਂ ਦਾ 25 ਫੀਸਦੀ ਤੋਂ ਵੱਧ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਟੀਬੀ ਦੀ ਬਿਮਾਰੀ ਤੋਂ ਪੀੜਤ ਜ਼ਿਆਦਾਤਰ ਲੋਕ ਸਮਾਜ ਦੇ ਗਰੀਬ ਵਰਗ ਨਾਲ ਸਬੰਧਤ ਹਨ।

ਰਾਸ਼ਟਰਪਤੀ ਨੇ ਕਿਹਾ ਕਿ 'ਨਿਊ ਇੰਡੀਆ' ਦਾ ਦ੍ਰਿਸ਼ਟੀਕੋਣ ਅਤੇ ਕਾਰਜ–ਪ੍ਰਣਾਲੀ ਭਾਰਤ ਨੂੰ ਵਿਸ਼ਵ ਵਿੱਚ ਇੱਕ ਮੋਹਰੀ ਰਾਸ਼ਟਰ ਬਣਾਉਣਾ ਹੈ। ਭਾਰਤ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਦੁਨੀਆ ਸਾਹਮਣੇ ਮਿਸਾਲ ਕਾਇਮ ਕੀਤੀ ਹੈ। ਟੀਬੀ ਦੇ ਖਾਤਮੇ ਦੇ ਖੇਤਰ ਵਿੱਚ ਵੀ ‘ਨਿਊ ਇੰਡੀਆ’ ਦੀ ਆਤਮਵਿਸ਼ਵਾਸ ਨਾਲ ਅੱਗੇ ਵਧਣ ਦੀ ਨੀਤੀ ਦਿਖਾਈ ਦੇ ਰਹੀ ਹੈ। ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਲਕਸ਼ਾਂ ਦੇ ਅਨੁਸਾਰ ਸਾਰੇ ਦੇਸ਼ਾਂ ਨੇ 2030 ਤੱਕ ਟੀਬੀ ਦੇ ਖ਼ਾਤਮੇ ਦਾ ਲਕਸ਼ ਮਿੱਥਿਆ ਹੈ ਪਰ ਭਾਰਤ ਸਰਕਾਰ ਨੇ ਸਾਲ 2025 ਤੱਕ ਟੀਬੀ ਨੂੰ ਖ਼ਤਮ ਕਰਨ ਦਾ ਲਕਸ਼ ਰੱਖਿਆ ਹੈ ਅਤੇ ਇਸ ਸੰਕਲਪ ਨੂੰ ਪੂਰਾ ਕਰਨ ਲਈ ਹਰ ਪੱਧਰ 'ਤੇ ਪ੍ਰਯਤਨ ਕੀਤੇ ਜਾ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਇਸ ਅਭਿਯਾਨ ਨੂੰ ਲੋਕ ਲਹਿਰ ਬਣਾਉਣ ਲਈ ਲੋਕਾਂ ਵਿੱਚ ਟੀਬੀ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਹੋਵੇਗੀ। ਉਨ੍ਹਾਂ ਨੂੰ ਦੱਸਣਾ ਬਣਦਾ ਹੈ ਕਿ ਇਸ ਬਿਮਾਰੀ ਦੀ ਰੋਕਥਾਮ ਸੰਭਵ ਹੈ। ਇਸ ਦਾ ਇਲਾਜ ਪ੍ਰਭਾਵਸ਼ਾਲੀ ਅਤੇ ਪਹੁੰਚਯੋਗ ਹੈ ਅਤੇ ਸਰਕਾਰ ਇਸ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਲਈ ਮੁਫ਼ਤ ਸੁਵਿਧਾਵਾਂ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਮਰੀਜ਼ਾਂ ਅਤੇ ਭਾਈਚਾਰਿਆਂ ਵਿੱਚ ਇਸ ਬਿਮਾਰੀ ਬਾਰੇ ਹੀਣ ਭਾਵਨਾ ਹੈ ਅਤੇ ਲੋਕ ਇਸ ਬਿਮਾਰੀ ਨੂੰ ਇੱਕ ਕਲੰਕ ਵਜੋਂ ਦੇਖਦੇ ਹਨ। ਇਸ ਭੰਬਲਭੂਸੇ ਨੂੰ ਦੂਰ ਕਰਨਾ ਹੋਵੇਗਾ। ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਟੀਬੀ ਦੇ ਕੀਟਾਣੂ ਹਰ ਵਿਅਕਤੀ ਦੇ ਸਰੀਰ ਵਿੱਚ ਮੌਜੂਦ ਹੁੰਦੇ ਹਨ। ਜਦੋਂ ਕਿਸੇ ਵਿਅਕਤੀ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਿਸੇ ਕਾਰਨ ਘੱਟ ਜਾਂਦੀ ਹੈ, ਤਾਂ ਇਹ ਬਿਮਾਰੀ ਵਿਅਕਤੀ ਵਿੱਚ ਦਿਖਾਈ ਦਿੰਦੀ ਹੈ। ਇਸ ਬਿਮਾਰੀ ਨੂੰ ਇਲਾਜ ਨਾਲ ਨਿਸ਼ਚਿਤ ਤੌਰ 'ਤੇ ਠੀਕ ਕੀਤਾ ਜਾ ਸਕਦਾ ਹੈ। ਇਹ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ, ਤਾਂ ਹੀ ਟੀਬੀ ਤੋਂ ਪ੍ਰਭਾਵਿਤ ਲੋਕ ਇਲਾਜ ਦੀਆਂ ਸੁਵਿਧਾਵਾਂ ਦਾ ਲਾਭ ਉਠਾ ਸਕਣਗੇ।

ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ ਦੀ ਕਲਪਨਾ ਟੀਬੀ ਦੇ ਇਲਾਜ ਵਿੱਚ ਸਾਰੇ ਭਾਈਚਾਰਕ ਹਿੱਸੇਦਾਰਾਂ ਦਾ ਸਮਰਥਨ ਕਰਨ ਅਤੇ ਟੀਬੀ ਦੇ ਇਲਾਜ ਪ੍ਰਤੀ ਦੇਸ਼ ਦੀ ਤਰੱਕੀ ਨੂੰ ਤੇਜ਼ ਕਰਨ ਲਈ ਕੀਤੀ ਗਈ ਹੈ।

ਇਸ ਵਰਚੁਅਲ ਸਮਾਰੋਹ ਵਿੱਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ, ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ ਅਤੇ ਉਪ ਰਾਜਪਾਲਾਂ, ਰਾਜਾਂ ਅਤੇ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਨੁਮਾਇੰਦੇ ਅਤੇ ਹੋਰ ਸਬੰਧਿਤ ਪਤਵੰਤੇ ਸੱਜਣ ਮੌਜੂਦ ਸਨ।

 

ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ’ਚ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

*****

ਡੀਐੱਸ/ਬੀਐੱਮ


(Release ID: 1858375) Visitor Counter : 158