ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਵਿਗਿਆਪਨ ਏਜੰਸੀਆਂ ਨੂੰ ਸਰੋਗੇਟ ਇਸ਼ਤਿਹਾਰਾਂ 'ਤੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ
ਖਪਤਕਾਰ ਮਾਮਲੇ ਵਿਭਾਗ ਨੇ ਇਸ਼ਤਿਹਾਰ ਦੇਣ ਵਾਲਿਆਂ ਦੀਆਂ ਐਸੋਸੀਏਸ਼ਨਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ 'ਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ
Posted On:
31 AUG 2022 4:20PM by PIB Chandigarh
ਖਪਤਕਾਰ ਮਾਮਲਿਆਂ ਦੇ ਵਿਭਾਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਐਡਵਰਟਾਈਜ਼ਿੰਗ ਐਸੋਸੀਏਸ਼ਨ ਆਵੑ ਇੰਡੀਆ, ਇੰਡੀਅਨ ਬ੍ਰੌਡਕਾਸਟਿੰਗ ਫਾਊਂਡੇਸ਼ਨ, ਬ੍ਰੌਡਕਾਸਟਿੰਗ ਕੰਟੈਂਟ ਸ਼ਿਕਾਇਤ ਕੌਂਸਲ, ਨਿਊਜ਼ ਬ੍ਰੌਡਕਾਸਟਰਸ ਅਤੇ ਡਿਜੀਟਲ ਐਸੋਸੀਏਸ਼ਨ, ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਵੑ ਇੰਡੀਆ, ਪੀਐੱਚਡੀ ਚੈਂਬਰ ਆਵੑ ਕਾਮਰਸ ਐਂਡ ਇੰਡਸਟਰੀ, ਫੈਡਰੇਸ਼ਨ ਆਵੑ ਇੰਡੀਅਨ ਚੈਂਬਰਜ਼ ਆਵੑ ਕਾਮਰਸ ਐਂਡ ਇੰਡਸਟਰੀ, ਕਨਫੈਡਰੇਸ਼ਨ ਆਵੑ ਇੰਡੀਅਨ ਇੰਡਸਟਰੀ, ਐਸੋਚੈਮ, ਇੰਟਰਨੈਸ਼ਨਲ ਸਪਿਰਿਟ ਐਂਡ ਵਾਈਨ ਐਸੋਸੀਏਸ਼ਨ ਆਵੑ ਇੰਡੀਆ, ਅਤੇ ਇੰਡੀਅਨ ਸੋਸਾਇਟੀ ਆਵੑ ਐਡਵਰਟਾਈਜ਼ਰਜ਼ ਨੂੰ ਗੁਮਰਾਹਕੁੰਨ ਇਸ਼ਤਿਹਾਰਾਂ ਦੀ ਰੋਕਥਾਮ ਅਤੇ ਗੁਮਰਾਹਕੁੰਨ ਇਸ਼ਤਿਹਾਰਬਾਜ਼ੀ, ਖਾਸ ਕਰਕੇ ਸਰੋਗੇਟ ਇਸ਼ਤਿਹਾਰਾਂ ਦੇ ਸਮਰਥਨ ਨਾਲ ਸਬੰਧਿਤ ਵਿਵਸਥਾਵਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ।
ਵਿਭਾਗ ਨੇ ਕਿਹਾ ਹੈ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਸਬੰਧਿਤ ਇਕਾਈਆਂ ਦੁਆਰਾ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਅਤੇ ਪਾਬੰਦੀਸ਼ੁਦਾ ਵਸਤਾਂ ਦੀ ਅਜੇ ਵੀ ਸਰੋਗੇਟ ਵਸਤਾਂ ਅਤੇ ਸੇਵਾਵਾਂ ਰਾਹੀਂ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਵਿਸ਼ਵ ਪੱਧਰ 'ਤੇ ਪ੍ਰਸਾਰਿਤ ਕੀਤੇ ਗਏ ਹਾਲ ਹੀ ਦੇ ਖੇਡ ਸਮਾਗਮਾਂ ਦੌਰਾਨ, ਅਜਿਹੇ ਸਰੋਗੇਟ ਇਸ਼ਤਿਹਾਰਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦੇਖਣ ਨੂੰ ਮਿਲੀਆਂ ਹਨ।
ਦੇਖਣ ਵਿੱਚ ਆਇਆ ਹੈ ਕਿ ਮਿਊਜ਼ਿਕ ਸੀਡੀਜ਼, ਕਲੱਬ ਸੋਡਾ ਅਤੇ ਪੈਕਡ ਪੀਣ ਵਾਲੇ ਪਾਣੀ ਦੀ ਆੜ ਵਿੱਚ ਕਈ ਅਲਕੋਹਲਿਕ ਸਪਿਰਿਟਸ ਅਤੇ ਪੀਣ ਵਾਲੇ ਪਦਾਰਥਾਂ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਜਦੋਂਕਿ ਤੰਬਾਕੂ ਅਤੇ ਗੁਟਖਾ ਚਬਾਉਣ ਵਾਲਿਆਂ ਨੇ ਸੌਂਫ ਅਤੇ ਇਲਾਇਚੀ ਦਾ ਪਰਦਾ ਲਿਆ ਹੋਇਆ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਅਜਿਹੇ ਬ੍ਰਾਂਡ ਪ੍ਰਮੁੱਖ ਮਕਬੂਲ ਹਸਤੀਆਂ ਨੂੰ ਰੋਜ਼ਗਾਰ ਦੇ ਰਹੇ ਹਨ ਜੋ ਹੋਰਨਾਂ ਗੱਲਾਂ ਤੋਂ ਇਲਾਵਾ ਛੇਤੀ ਪ੍ਰਭਾਵਿਤ ਹੋਣ ਵਾਲੇ ਨੌਜਵਾਨਾਂ 'ਤੇ ਨਕਾਰਾਤਮਕ ਪ੍ਰਭਾਵ ਨੂੰ ਪਾਉਂਦੇ ਹਨ। ਵਿਭਾਗ ਦੁਆਰਾ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੇ ਪ੍ਰਤੱਖ ਇਸ਼ਤਿਹਾਰਾਂ ਦੇ ਕਈ ਉਦਾਹਰਣ ਵੀ ਦੇਖੇ ਗਏ ਹਨ।
ਢੁਕਵੇਂ ਤੌਰ 'ਤੇ, ਦਿਸ਼ਾ-ਨਿਰਦੇਸ਼ ਇੱਕ ਨਿਰਮਾਤਾ, ਸੇਵਾ ਪ੍ਰਦਾਤਾ ਜਾਂ ਵਪਾਰੀ 'ਤੇ ਲਾਗੂ ਹੁੰਦੇ ਹਨ ਜਿਸਦਾ ਮਾਲ, ਉਤਪਾਦ ਜਾਂ ਸੇਵਾ ਕਿਸੇ ਇਸ਼ਤਿਹਾਰ ਦਾ ਵਿਸ਼ਾ ਹੈ, ਜਾਂ ਕਿਸੇ ਵਿਗਿਆਪਨ ਏਜੰਸੀ ਜਾਂ ਸਮਰਥਨਕਰਤਾ 'ਤੇ ਲਾਗੂ ਹੁੰਦੀ ਹੈ ਜਿਸਦੀ ਸੇਵਾ ਅਜਿਹੇ ਸਮਾਨ, ਉਤਪਾਦ ਜਾਂ ਸੇਵਾ ਦੇ ਇਸ਼ਤਿਹਾਰ ਲਈ ਵਰਤੀ ਜਾਂਦੀ ਹੈ, ਭਾਵੇਂ ਇਸ਼ਤਿਹਾਰ ਦਾ ਫਾਰਮ, ਫੌਰਮੈਟ ਜਾਂ ਮਾਧਿਅਮ ਕੁਝ ਵੀ ਹੋਵੇ।
ਦਿਸ਼ਾ-ਨਿਰਦੇਸ਼ਾਂ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਅਜਿਹੀਆਂ ਵਸਤੂਆਂ ਜਾਂ ਸੇਵਾਵਾਂ ਲਈ ਕੋਈ ਸਰੌਗੇਟ ਇਸ਼ਤਿਹਾਰ ਜਾਂ ਅਪ੍ਰਤੱਖ ਇਸ਼ਤਿਹਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਇਸ਼ਤਿਹਾਰਬਾਜ਼ੀ ਕਾਨੂੰਨ ਦੁਆਰਾ ਪਾਬੰਦੀਸ਼ੁਦਾ ਜਾਂ ਪ੍ਰਤਿਬੰਧਿਤ ਹੈ, ਅਜਿਹੀ ਮਨਾਹੀ ਜਾਂ ਪਾਬੰਦੀ ਨੂੰ ਬਾਈਪਾਸ ਕਰਕੇ ਅਤੇ ਇਸ ਨੂੰ ਹੋਰ ਵਸਤੂਆਂ ਜਾਂ ਸੇਵਾਵਾਂ ਦੀ ਇਸ਼ਤਿਹਾਰਬਾਜ਼ੀ ਦੇ ਰੂਪ ਵਿੱਚ ਪੇਸ਼ ਕਰਕੇ, ਜਿਸਦੀ ਇਸ਼ਤਿਹਾਰਬਾਜ਼ੀ ਕਾਨੂੰਨ ਦੁਆਰਾ ਮਨਾਹੀ ਜਾਂ ਪ੍ਰਤਿਬੰਧਿਤ ਨਹੀਂ ਹੈ।
ਇੱਥੇ ਇਹ ਨੋਟ ਕਰਨਾ ਵੀ ਪ੍ਰਾਸੰਗਿਕ ਹੈ ਕਿ 15.2.2021 ਨੂੰ ਟੀਵੀ ਟੂਡੇ ਨੈੱਟਵਰਕ ਲਿਮਿਟਿਡ ਬਨਾਮ ਯੂਨੀਅਨ ਆਵੑ ਇੰਡੀਆ ਸਿਰਲੇਖ ਵਾਲੇ ਦਿੱਲੀ ਹਾਈ ਕੋਰਟ ਦੇ ਇੱਕ ਇਤਿਹਾਸਕ ਫੈਸਲੇ ਵਿੱਚ, ਪਟੀਸ਼ਨਕਰਤਾ ਨੂੰ ਇੱਕ ਸਰੋਗੇਟ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਅਤੇ ਵਿਗਿਆਪਨ ਕੋਡ ਦੀ ਉਲੰਘਣਾ ਕਰਨ ਲਈ ਦੋ ਦਿਨਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਦੇ ਦਰਮਿਆਨ ਹਰ ਘੰਟੇ 10 ਸੈਕਿੰਡ ਦਾ ਮਾਫੀਨਾਮਾ ਚਲਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ।
ਵਿਭਾਗ ਨੇ ਇਸ਼ਤਿਹਾਰ ਦੇਣ ਵਾਲਿਆਂ ਦੀਆਂ ਐਸੋਸੀਏਸ਼ਨਾਂ ਨੂੰ ਵੀ ਸਾਵਧਾਨ ਕੀਤਾ ਹੈ ਕਿ ਸਬੰਧਿਤ ਧਿਰਾਂ ਦੁਆਰਾ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ‘ਤੇ ਸੀਸੀਪੀਏ ਵਾਗਡੋਰ ਸੰਭਾਲੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਢੁਕਵੀਂ ਸਖ਼ਤ ਕਾਰਵਾਈ ਕੀਤੀ ਜਾਵੇਗੀ
*********
ਏਡੀ/ਟੀਐੱਫਕੇ
(Release ID: 1856061)