ਉਪ ਰਾਸ਼ਟਰਪਤੀ ਸਕੱਤਰੇਤ

ਢਾਂਚਾਗਤ ਤੌਰ 'ਤੇ ਮਜ਼ਬੂਤ, ਨਿਰਪੱਖ ਅਤੇ ਸੁਤੰਤਰ ਨਿਆਂਪਾਲਿਕਾ ਹੀ ਜਮਹੂਰੀ ਕਦਰਾਂ-ਕੀਮਤਾਂ ਦੇ ਵਧਣ-ਫੁੱਲਣ ਦੀ ਯਕੀਨੀ ਗਾਰੰਟੀ ਹੈ- ਉਪ ਰਾਸ਼ਟਰਪਤੀ


ਸੱਤਾ ਅਤੇ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਵੱਡੇ ਲੋਕ ਹਿੱਤ ਵਿੱਚ ਕਾਨੂੰਨ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ - ਉਪ ਰਾਸ਼ਟਰਪਤੀ

ਜੱਜਾਂ ਦਾ ਮਾਣ ਅਤੇ ਨਿਆਂਪਾਲਿਕਾ ਦਾ ਸਨਮਾਨ ਲਾਜ਼ਮੀ ਹੈ ਕਿਉਂਕਿ ਇਹ ਕਾਨੂੰਨ ਦੇ ਸ਼ਾਸਨ ਦੀਆਂ ਬੁਨਿਆਦੀ ਗੱਲਾਂ ਹਨ, ਸ਼੍ਰੀ ਧਨਖੜ ਨੇ ਕਿਹਾ

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਉਪ ਰਾਸ਼ਟਰਪਤੀ ਬਣਨ 'ਤੇ ਸ਼੍ਰੀ ਧਨਖੜ ਨੂੰ ਸਨਮਾਨਿਤ ਕੀਤਾ

Posted On: 22 AUG 2022 6:58PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਇਸ ਗੱਲ ਨੂੰ ਉਜਾਗਰ ਕੀਤਾ ਕਿ ਇੱਕ ਢਾਂਚਾਗਤ ਤੌਰ 'ਤੇ ਮਜ਼ਬੂਤ, ਨਿਰਪੱਖ ਅਤੇ ਸੁਤੰਤਰ ਨਿਆਂ ਪ੍ਰਣਾਲੀ ਹੀ ਜਮਹੂਰੀ ਕਦਰਾਂ-ਕੀਮਤਾਂ ਦੇ ਪ੍ਰਫੁੱਲਤ ਹੋਣ ਅਤੇ ਉਸ ਵਿੱਚ ਨਿਖਾਰ ਲਿਆਉਣ ਦੀ ਸਭ ਤੋਂ ਸੁਰੱਖਿਅਤ ਗਰੰਟੀ ਹੈ। 

 

 ਅੱਜ ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਪ੍ਰਸਿੱਧ ਸੰਸਕ੍ਰਿਤ ਕਵਿਤਾ ‘धर्मो रक्षति रक्षित:' (ਕਾਨੂੰਨ ਸਾਡੀ ਰੱਖਿਆ ਕਰਦਾ ਹੈ ਜੇਕਰ ਅਸੀਂ ਇਸ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹਾਂ) ਦਾ ਹਵਾਲਾ ਦਿੱਤਾ ਅਤੇ ਕਿਹਾ ਇਹ ਲੋਕਤੰਤਰ ਅਤੇ ਕਾਨੂੰਨ ਦੇ ਰਾਜ ਦਾ 'ਅੰਮ੍ਰਿਤ' ਹੈ। ਇਹ ਨੋਟ ਕਰਦੇ ਹੋਏ ਕਿ ਅਜੋਕੇ ਸਮੇਂ ਵਿੱਚ ਇਹ ਧਾਰਨਾ ਬਣ ਗਈ ਹੈ ਕਿ ਇਹ ਮਹੱਤਵਪੂਰਨ ਸਿਧਾਂਤ ਦਬਾਅ ਹੇਠ ਹੈ, ਉਨ੍ਹਾਂ ਨੇ ਸੱਤਾ ਅਤੇ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਵਿਆਪਕ ਜਨਤਕ ਹਿੱਤਾਂ ਵਿੱਚ ਕਾਨੂੰਨ ਨੂੰ ਸਭ ਤੋਂ ਉੱਪਰ ਰੱਖਣ ਅਤੇ ਲੋਕਤੰਤਰੀ ਈਕੋ ਸਿਸਟਮ ਨੂੰ ਬਿਹਤਰ ਬਣਾਉਣ ਲਈ ਕਿਹਾ। ਥੌਮਸ ਫੁਲਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, 'ਤੁਸੀਂ ਜਿੰਨੀ ਮਰਜ਼ੀ ਉੱਚਾਈ ਪ੍ਰਾਪਤ ਕਰੋ, ਕਾਨੂੰਨ ਹਮੇਸ਼ਾ ਤੁਹਾਡੇ ਤੋਂ ਉੱਪਰ ਹੁੰਦਾ ਹੈ।'

 

 ਇਸ ਮੌਕੇ 'ਤੇ ਸ਼੍ਰੀ ਧਨਖੜ ਨੇ ਜ਼ੋਰ ਦੇ ਕੇ ਕਿਹਾ ਕਿ ਜੱਜਾਂ ਦੀ ਮਾਣ-ਮਰਿਆਦਾ ਅਤੇ ਨਿਆਂਪਾਲਿਕਾ ਦਾ ਸਨਮਾਨ ਅਟੁੱਟ ਹੈ ਕਿਉਂਕਿ ਇਹ ਕਾਨੂੰਨ ਦੇ ਸ਼ਾਸਨ ਅਤੇ ਸੰਵਿਧਾਨਵਾਦ ਦੇ ਮੂਲ ਹਨ। ਉਨ੍ਹਾਂ ਨੇ ਦੇਸ਼ ਵਿੱਚ ਸੰਵਿਧਾਨਕ ਸੰਸਥਾਵਾਂ ਦੇ ਕੰਮਕਾਜ ਵਿੱਚ ਸਦਭਾਵਨਾ ਅਤੇ ਏਕਤਾ ਦੀ ਭਾਵਨਾ ਦਾ ਸੱਦਾ ਦਿੱਤਾ।

 

 ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹੋਏ ਸ੍ਰੀ ਧਨਖੜ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਨੂੰ ਉਸ ਘਬਰਾਹਟ ਦੀ ਯਾਦ ਆਉਂਦੀ ਹੈ ਜੋ ਉਨ੍ਹਾਂ ਨੇ ਅਦਾਲਤ ਵਿੱਚ ਆਪਣੀ ਪਹਿਲੀ ਪੇਸ਼ੀ ਦੌਰਾਨ ਅਨੁਭਵ ਕੀਤੀ ਸੀ। ਉਨ੍ਹਾਂ ਨੇ ਜੱਜਾਂ ਅਤੇ ਸੀਨੀਅਰ ਵਕੀਲਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।

 

ਇਸ ਦੌਰਾਨ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਭਾਰਤ ਦੇ ਚੀਫ ਜਸਟਿਸ ਜਸਟਿਸ ਐੱਨਵੀ ਰਮਨਾ, ਸੁਪਰੀਮ ਕੋਰਟ ਦੇ ਜੱਜ, ਸੌਲਿਸਿਟਰ ਜਨਰਲ ਆਵੑ ਇੰਡੀਆ ਸ਼੍ਰੀ ਤੁਸ਼ਾਰ ਮਹਿਤਾ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਸ਼੍ਰੀ ਵਿਕਾਸ ਸਿੰਘ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਬਾਰ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।

 

ਸਮਾਗਮ ਦੀਆਂ ਤਸਵੀਰਾਂ-

 

 

ਭਾਸ਼ਣ ਦਾ ਪੂਰਾ ਪਾਠ ਨਿਮਨਲਿਖਿਤ ਹੈ-

 

“ਮੈਨੂੰ ਅਦਾਲਤ ਵਿੱਚ ਆਪਣੀ ਪਹਿਲੀ ਹਾਜ਼ਰੀ ਦੌਰਾਨ ਹੋਈ ਘਬਰਾਹਟ ਦੀ ਯਾਦ ਆਉਂਦੀ ਹੈ।

 

ਪਿਛਲੇ ਬੁਲਾਰਿਆਂ ਦੇ ਸੰਬੋਧਨ ਵਿੱਚ ਝਲਕਦਾ ਨਿੱਘ ਅਤੇ ਸਤਿਕਾਰ ਦੁਆਰਾ ਬਹੁਤ ਜ਼ਿਆਦਾ ਨਿਮਰ ਮਹਿਸੂਸ ਕਰ ਰਿਹਾ ਹਾਂ। ਉਹ ਇਸ ਤੋਂ ਵੱਧ ਦਿਆਲੂ ਨਹੀਂ ਹੋ ਸਕਦੇ ਸਨ।

 

ਮੈਂ ਹਮੇਸ਼ਾ ਉਨ੍ਹਾਂ ਲੋਕਾਂ ਦੁਆਰਾ ਦਿੱਤੇ ਸਨਮਾਨ ਦੇ ਇਸ ਪਲ ਦੀ ਕਦਰ ਕਰਾਂਗਾ ਜੋ ਮੈਨੂੰ ਜਾਣਦੇ ਹਨ ਅਤੇ ਜੋ ਮੈਨੂੰ ਦੂਜਿਆਂ ਨਾਲੋਂ ਵੱਧ ਜਾਣਦੇ ਹਨ।

 

 ਅਜਿਹੇ ਪਲ ਕਿਸੇ ਦੇ ਜੀਵਨ ਸਫ਼ਰ ਵਿੱਚ ਬਹੁਤ ਘੱਟ ਹੁੰਦੇ ਹਨ। ਇਸ ਤੋਂ ਵੱਧ ਸੰਤੋਖਜਨਕ, ਊਰਜਾਵਾਨ ਅਤੇ ਪ੍ਰੇਰਣਾਦਾਇਕ ਹੋਰ ਕੁਝ ਨਹੀਂ ਹੋ ਸਕਦਾ।

 

 ਤਿੰਨ ਦਹਾਕਿਆਂ ਤੋਂ ਵੱਧ ਸਮਾਂ ਇਸੇ ਅਦਾਲਤ ਦੇ ਪਵਿੱਤਰ ਵਿਹੜੇ ਵਿੱਚ ਬਤੌਰ ਸੀਨੀਅਰ ਵਕੀਲ ਬਤੀਤ ਕੀਤਾ ਗਿਆ, ਜੋ ਬਹੁਤ ਹੀ ਆਨੰਦਮਈ ਰਿਹਾ। ਅੱਜ ਮੈਂ ਜੋ ਕੁਝ ਵੀ ਹਾਂ ਇਸ ਕਰਕੇ ਹਾਂ।

 

 ਇਸ ਦੇ ਰਾਹੀਂ ਜੱਜਾਂ, ਸੀਨੀਅਰ ਵਕੀਲਾਂ, ਵਕੀਲਾਂ ਅਤੇ ਹੋਰਾਂ ਸਮੇਤ ਸ਼ਿਸ਼ਟਾਚਾਰੀ ਅਦਾਲਤ ਅਤੇ ਐਸੋਸੀਏਸ਼ਨ ਸਟਾਫ਼ ਤੋਂ ਸਿੱਖਣ ਦਾ ਮੌਕਾ ਮਿਲਿਆ।

 

 ਮੈਂ ਰਾਜਸਥਾਨ ਹਾਈ ਕੋਰਟ ਵਿੱਚ ਆਪਣੀ ਪ੍ਰੈਕਟਿਸ ਦੌਰਾਨ ਬਾਰ ਦੇ ਮੈਂਬਰਾਂ ਦੁਆਰਾ ਸਿਖਾਏ ਗਏ ਪ੍ਰਭਾਵੀ ਨੈਤਿਕਤਾ ਅਤੇ ਪੇਸ਼ੇਵਰ ਹੁਨਰ ਨੂੰ ਧੰਨਵਾਦ ਸਹਿਤ ਯਾਦ ਕਰਨਾ ਚਾਹਾਂਗਾ। ਸਾਬਕਾ ਚੀਫ਼ ਜਸਟਿਸ ਆਰਐੱਮ ਲੋਢਾ, ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਜੀਐੱਸ ਸਿੰਘਵੀ, ਜਸਟਿਸ ਟਿਬਰੇਵਾਲ ਅਤੇ ਜਸਟਿਸ ਵਿਨੋਦ ਸ਼ੰਕਰ ਦਵੇ ਨੇ ਮੇਰੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੈਂ ਉਨ੍ਹਾਂ ਦਾ ਸਦਾ ਰਿਣੀ ਰਹਾਂਗਾ। ਇੱਥੋਂ ਤੱਕ ਕਿ ਉਸ ਸਮੇਂ ਬਾਰ ਦੇ ਨੌਜਵਾਨ ਮੈਂਬਰਾਂ, ਜਿਨ੍ਹਾਂ ਵਿੱਚੋਂ ਦੋ ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਇੱਥੇ ਮੌਜੂਦ ਹਨ, ਨੇ ਇੱਕ ਸਿਹਤਮੰਦ ਅਦਾਲਤੀ ਮਾਹੌਲ ਅਤੇ ਪੇਸ਼ੇਵਰ ਸ਼ਿਸ਼ਟਾਚਾਰ ਦੀ ਮਿਸਾਲ ਦਿੱਤੀ ਹੈ। ਜਿੰਨਾ ਕੁਝ ਮੈਂ ਕੀਤਾ ਸੀ, ਮੈਨੂੰ ਉਨ੍ਹਾਂ ਤੋਂ ਬਹੁਤ ਜ਼ਿਆਦਾ ਹਾਸਲ ਹੋਇਆ।

 

 ਸਾਨੂੰ ਸਾਰਿਆਂ ਨੂੰ ਸੰਯੁਕਤ ਰਾਜ ਦੀ ਸੁਪਰੀਮ ਕੋਰਟ ਦੇ ਜਸਟਿਸ ਜੋਸੇਫ ਸਟੋਰੀ ਦੀਆਂ ਗੱਲਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਹੈ, ਜਿਸ ਨੇ 1829 ਵਿੱਚ ਕਿਹਾ ਸੀ:

  “ਕਾਨੂੰਨ ਇੱਕ ਈਰਖਾਲੂ ਮਾਲਕਣ ਹੈ ਅਤੇ ਇੱਕ ਲੰਬੇ ਅਤੇ ਨਿਰੰਤਰ ਪ੍ਰੇਮ ਸਬੰਧ ਦੀ ਲੋੜ ਹੈ। ਇਸ ਨੂੰ ਸਿਰਫ਼ ਮਿਹਰਬਾਨੀ ਨਾਲ ਨਹੀਂ ਬਲਕਿ ਖੁੱਲ੍ਹੇ ਦਿਲ ਨਾਲ ਵਫ਼ਾਦਾਰੀ ਨਾਲ ਜਿੱਤਣਾ ਪੈਂਦਾ ਹੈ।”

 

 ਮੈਂ ਗੰਭੀਰਤਾ ਨਾਲ ਇਸ ਈਰਖਾਲੂ ਮਾਲਕਣ ਨੂੰ ਸ਼ਾਂਤ ਕਰਨ ਵਿੱਚ ਰੁੱਝਿਆ ਹੋਇਆ ਸੀ। ਦੂਜੇ ਸ਼ਬਦਾਂ ਵਿਚ- ਮੈਂ 30 ਜੁਲਾਈ 2019 ਨੂੰ ਰਾਜਪਾਲ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਉਸ 'ਈਰਖਾਲੂ ਮਾਲਕਣ' ਦੀ ਅਣਹੋਂਦ ਮਹਿਸੂਸ ਕੀਤੀ।

 

ਪੱਛਮੀ ਬੰਗਾਲ ਦੇ ਗਵਰਨਰ ਦੇ ਤੌਰ 'ਤੇ ਤਿੰਨ ਸਾਲਾਂ ਦੌਰਾਨ, ਮੈਨੂੰ ਸਮਝਦਾਰੀ, ਹਾਸੇ-ਮਜ਼ਾਕ, ਕਦੇ-ਕਦਾਈਂ ਅਦਾਲਤੀ ਸੂਖਮ ਝਿੜਕਾਂ ਅਤੇ ਦੋਸਤਾਂ ਦੇ ਵਿਅੰਗ ਯਾਦ ਆਏ। ਮੈਂ ਬੈਂਚ ਅਤੇ ਬਾਰ ਦੀ ਸਮਝ ਅਤੇ ਗਿਆਨ ਦੇ ਅਸਾਧਾਰਣ ਐਕਸਪੋਜਰ ਲਈ ਸਦਾ ਰਿਣੀ ਰਹਾਂਗਾ ਜਿਸਦਾ ਮੈਨੂੰ ਇਨ੍ਹਾਂ ਸਾਰੇ ਸਾਲਾਂ ਵਿੱਚ ਲਾਭ ਹੋਇਆ ਅਤੇ ਜੋ ਪਿਛਲੇ ਤਿੰਨ ਸਾਲਾਂ ਵਿੱਚ ਖੁੰਝ ਗਿਆ ਹੈ।

 

 ਸਾਡੇ ਸ਼ਾਸਤਰ ਕਹਿੰਦੇ ਹਨ 'धर्मो रक्षति रक्षित:' - 'ਕਾਨੂੰਨ ਸਾਡੀ ਰੱਖਿਆ ਕਰਦਾ ਹੈ ਜੇਕਰ ਅਸੀਂ ਇਸ ਦੀ ਪਵਿੱਤਰਤਾ ਨੂੰ ਸੁਰੱਖਿਅਤ ਰੱਖਦੇ ਹਾਂ'।  ਇਹ ਲੋਕਤੰਤਰ ਅਤੇ ਕਾਨੂੰਨ ਦੇ ਰਾਜ ਦਾ 'ਅੰਮ੍ਰਿਤ' ਹੈ। ਮੌਜੂਦਾ ਦੌਰ ਵਿੱਚ ਇੱਕ ਵਿਆਪਕ ਅਤੇ ਪ੍ਰਚਲਿਤ ਵਿਸ਼ਵਾਸ ਹੈ ਕਿ ਇਹ ਮਹੱਤਵਪੂਰਨ ਸਿਧਾਂਤ ਦਬਾਅ ਹੇਠ ਹੈ।

 

ਦੇਸ਼ ਦੇ ਸਾਰੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਥੌਮਸ ਫੁਲਰ ਨੇ ਤਿੰਨ ਸਦੀਆਂ ਪਹਿਲਾਂ ਕੀ ਇਸ਼ਾਰਾ ਕੀਤਾ ਸੀ ਅਤੇ ਕਈ ਮੌਕਿਆਂ 'ਤੇ ਇਸ ਅਦਾਲਤ ਨੇ ਵੀ ਜ਼ੋਰ ਦਿੱਤਾ ਹੈ:

 'ਤੁਸੀਂ ਜਿੰਨੀ ਮਰਜ਼ੀ ਉੱਚੇ ਹੋ ਜਾਓ, ਕਾਨੂੰਨ ਹਮੇਸ਼ਾ ਤੁਹਾਡੇ ਤੋਂ ਉੱਪਰ ਹੁੰਦਾ ਹੈ।'

 

ਸੱਤਾ ਅਤੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਲੋਕਾਂ ਨੂੰ ਵਿਆਪਕ ਜਨਤਕ ਹਿੱਤ ਵਿੱਚ ਇਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਲੋਕਤੰਤਰੀ ਮਾਹੌਲ ਵਿੱਚ ਸੁਧਾਰ ਕਰਨਾ ਚਾਹੀਦਾ ਹੈ।

 

 ਢਾਂਚਾਗਤ ਤੌਰ 'ਤੇ ਮਜ਼ਬੂਤ, ਨਿਰਪੱਖ ਅਤੇ ਸੁਤੰਤਰ ਨਿਆਂ ਪ੍ਰਣਾਲੀ ਹੀ ਜਮਹੂਰੀ ਕਦਰਾਂ-ਕੀਮਤਾਂ ਦੇ ਵਧਣ-ਫੁੱਲਣ ਅਤੇ ਇਸ ਨੂੰ ਵਿਕਸਿਤ ਕਰਨ ਦੀ ਯਕੀਨੀ ਗਾਰੰਟੀ ਹੈ।

 

ਜੱਜਾਂ ਦਾ ਮਾਣ-ਸਨਮਾਨ ਅਤੇ ਨਿਆਂਪਾਲਿਕਾ ਦਾ ਸਤਿਕਾਰ ਲਾਜ਼ਮੀ ਹੈ ਕਿਉਂਕਿ ਇਹ ਕਾਨੂੰਨ ਦੇ ਰਾਜ ਅਤੇ ਸੰਵਿਧਾਨਵਾਦ ਦੀ ਨੀਂਹ ਹਨ।

 

 ਜਨਤਕ ਡੋਮੇਨ ਵਿੱਚ ਵਿਅਕਤੀਗਤ ਜੱਜਾਂ ਨੂੰ ਨਿਸ਼ਾਨਾ ਬਣਾਉਣ ਲਈ ਨੁਕਸਾਨਦੇਹ ਰੁਝਾਨ ਦੇ ਹਾਲੀਆ ਮੰਦਭਾਗੇ ਉਭਾਰ ਦੀ ਮਿਸਾਲੀ ਰੋਕਥਾਮ ਦੀ ਲੋੜ ਹੈ।

 

 ਬਾਰ ਅਤੇ ਬੈਂਚ ਦੇ ਇੱਕ ਸੈਨਿਕ ਹੋਣ ਦੇ ਨਾਤੇ, ਮੈਂ ਸੰਵਿਧਾਨਕ ਸੰਸਥਾਵਾਂ ਵਿੱਚ ਇਕਸੁਰਤਾ ਅਤੇ ਕੰਮਕਾਜ ਵਿੱਚ ਏਕਤਾ ਦੀ ਭਾਵਨਾ ਲਿਆਉਣ ਦੀ ਕੋਸ਼ਿਸ਼ ਕਰਾਂਗਾ।

 

 ਭਾਰਤ ਵਿੱਚ ਸੰਵਿਧਾਨਕ ਮਰਿਆਦਾ ਦੀ ਮੂਲ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੀਆਂ ਸੰਸਥਾਵਾਂ ਨੂੰ ਆਪਣੇ ਨੁਮਾਇੰਦਿਆਂ ਰਾਹੀਂ ਲੋਕਾਂ ਦੀਆਂ ਇੱਛਾਵਾਂ ਨੂੰ ਪ੍ਰਮੁੱਖਤਾ ਨਾਲ ਸਮਝਣ ਅਤੇ ਮਹਿਸੂਸ ਕਰਨ ਦੀ ਲੋੜ ਹੈ।

 

ਮੈਂ ਆਉਣ ਵਾਲੇ ਸਮੇਂ ਵਿੱਚ ਵੀ ਬਾਰ ਅਤੇ ਬੈਂਚ ਦੇ ਨਾਲ ਲਗਾਤਾਰ ਵਧਦੇ ਰੁਝੇਵਿਆਂ ਦੀ ਉਮੀਦ ਕਰਦਾ ਹਾਂ।

 

ਮੇਰੇ ਕੋਲ ਇਸ ਦਿਆਲਤਾ ਅਤੇ ਵਿਚਾਰਸ਼ੀਲਤਾ ਲਈ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਮਾਣਯੋਗ ਚੀਫ਼ ਜਸਟਿਸ ਅਤੇ ਅਦਾਲਤ ਦੇ ਮਾਣਯੋਗ ਜੱਜਾਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਹਨ।

 

 ਧੰਨਵਾਦ।”

 

 *********** 


ਐੱਮਐੱਸ/ਆਰਕੇ/ਡੀਪੀ



(Release ID: 1853856) Visitor Counter : 142