ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਲੋਕਾਂ ਅਤੇ ਸਰਕਾਰਾਂ ਦਰਮਿਆਨ ਲਗਾਤਾਰ ਸੰਵਾਦ ਦੀ ਲੋੜ 'ਤੇ ਜ਼ੋਰ ਦਿੱਤਾ


ਨੀਤੀ ਬਣਾਉਣ ਅਤੇ ਲਾਗੂ ਕਰਨਾ ਲੋਕਾਂ ਦੀ ਭਾਗੀਦਾਰੀ ਨਾਲ ਦੋ-ਤਰਫਾ ਪ੍ਰਕਿਰਿਆ ਹੋਣੀ ਚਾਹੀਦੀ ਹੈ - ਉਪ ਰਾਸ਼ਟਰਪਤੀ

ਸ਼੍ਰੀ ਨਾਇਡੂ ਨੇ ਕਿਹਾ ਕਿ ਕਿਸੇ ਵੀ ਸੁਧਾਰ ਦੀ ਸਫਲਤਾ ਲੋਕਾਂ ਦੇ ਸਹਿਯੋਗ 'ਤੇ ਨਿਰਭਰ ਕਰਦੀ ਹੈ

ਉਪ ਰਾਸ਼ਟਰਪਤੀ ਨੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਵਿਰੁੱਧ ਸੁਚੇਤ ਕੀਤਾ

ਮੁਫ਼ਤ ਵੰਡਣ (ਫ੍ਰੀਬੀ) ਦੀ ਸੰਸਕ੍ਰਿਤੀ ਕਈ ਰਾਜਾਂ ਦੀ ਵਿੱਤੀ ਸਿਹਤ ਨੂੰ ਵਿਗਾੜ ਰਹੀ ਹੈ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਭਾਰਤੀ ਸੂਚਨਾ ਸੇਵਾ (ਆਈਆਈਐੱਸ) ਬੈਚਾਂ 2018 ਅਤੇ 2019 ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ

ਉਪ ਰਾਸ਼ਟਰਪਤੀ ਨੇ ਆਈਆਈਐੱਸ ਅਧਿਕਾਰੀਆਂ ਨੂੰ ਮੀਡੀਆ ਵਿੱਚ ਦੇਸ਼ ਭਰ ਤੋਂ ਵਿਕਾਸ ਦੀਆਂ ਕਹਾਣੀਆਂ ਸਾਹਮਣੇ ਲਿਆਉਣ ਲਈ ਕਿਹਾ

ਭਾਰਤ ਦੇ ਉਪ ਰਾਸ਼ਟਰਪਤੀ ਵਜੋਂ ਆਪਣੇ ਆਖਰੀ ਭਾਸ਼ਣ ਵਿੱਚ ਸ਼੍ਰੀ ਨਾਇਡੂ ਨੇ ਕਿਹਾ ਕਿ ਮੇਰੀ ਸਫਲਤਾ ਦੀ ਕੁੰਜੀ ਲੋਕਾਂ ਨੂੰ ਮਿਲਣਾ ਅਤੇ ਉਨ੍ਹਾਂ ਤੋਂ ਸਿੱਖਣਾ ਹੈ

Posted On: 09 AUG 2022 4:44PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨਾਗਰਿਕ ਕੇਂਦਰਿਤ ਅਤੇ ਜਵਾਬਦੇਹ ਸ਼ਾਸਨ ਲਈ ਲੋਕਾਂ ਅਤੇ ਸਰਕਾਰਾਂ ਦਰਮਿਆਨ ਲਗਾਤਾਰ ਸੰਵਾਦ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੀਤੀ ਬਣਾਉਣਾ ਅਤੇ ਲਾਗੂ ਕਰਨਾ ਹਰ ਪੜਾਅ 'ਤੇ ਲੋਕਾਂ ਦੀ ਭਾਗੀਦਾਰੀ ਨਾਲ ਦੋ ਤਰਫਾ ਪ੍ਰਕਿਰਿਆ ਹੋਣੀ ਚਾਹੀਦੀ ਹੈ।

ਉਪ ਰਾਸ਼ਟਰਪਤੀ ਨਿਵਾਸ ਵਿਖੇ ਅੱਜ ਭਾਰਤੀ ਸੂਚਨਾ ਸੇਵਾ ਦੇ 2018 ਅਤੇ 2019 ਬੈਚਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨਾਇਡੂ ਨੇ ਸਰਕਾਰਾਂ ਅਤੇ ਨਾਗਰਿਕਾਂ ਵਿਚਕਾਰ ਪਾੜਾ ਦੂਰ ਕਰਨ ਵਿੱਚ ਸੰਚਾਰ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, “ਲੋਕਤੰਤਰ ਵਿੱਚ ਲੋਕਾਂ ਨੂੰ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਵਿੱਚ ਸਰਕਾਰ ਦੀਆਂ ਨੀਤੀਆਂ ਅਤੇ ਪਹਿਲਕਦਮੀਆਂ ਬਾਰੇ ਸਮੇਂ ਸਿਰ ਜਾਣਕਾਰੀ ਦੇ ਕੇ ਸਸ਼ਕਤ ਕਰਨ ਦੀ ਲੋੜ ਹੁੰਦੀ ਹੈ। ਦੂਜੇ ਪਾਸੇ, ਸਰਕਾਰਾਂ ਨੂੰ ਵੀ ਉਦੇਸ਼ ਅਤੇ ਸਮੇਂ ਸਿਰ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਤੋਂ ਜਾਣੂ ਕਰਵਾਉਣ ਦੀ ਲੋੜ ਹੈ।”

ਸਵੱਛ ਭਾਰਤ ਮਿਸ਼ਨ ਦੇ ਹਿੱਸੇ ਵਜੋਂ ਵਿੱਢੀ ਗਈ ਜਨ-ਵਿਹਾਰਕ ਤਬਦੀਲੀ ਮੁਹਿੰਮ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਕਿਸੇ ਵੀ ਸੁਧਾਰ ਦੀ ਸਫਲਤਾ ਲੋਕਾਂ ਦੇ ਸਹਿਯੋਗ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕ ਜਦੋਂ ਸ਼ੁਰੂ ਤੋਂ ਹੀ ਇਸ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਦੀ ਰਣਨੀਤੀ ਵਿੱਚ ਸ਼ਾਮਲ ਹੋਣਗੇ, ਤਾਂ ਕਿਸੇ ਪਹਿਲਕਦਮੀ ਨੂੰ ਬਿਹਤਰ ਢੰਗ ਨਾਲ ਸਮਝਣਗੇ ਅਤੇ ਸਮਰਥਨ ਕਰਨਗੇ ।

ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੰਸਦੀ ਲੋਕਤੰਤਰ ਦੱਸਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਸੁਧਾਰ ਪ੍ਰਕਿਰਿਆ ਦਾ ਉਦੇਸ਼ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਅਤੇ ਸਮ੍ਰਿੱਧ ਬਣਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ, “ਇਸ ਲਈ, ਸਾਰੇ ਸਰਕਾਰੀ ਨੀਤੀਗਤ ਉਪਾਵਾਂ ਦਾ ਫੋਕਸ ਲੋਕਾਂ ਦੇ ਜੀਵਨ ਵਿੱਚ ਸਥਾਈ ਖੁਸ਼ਹਾਲੀ ਲਿਆਉਣ 'ਤੇ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਲੰਬੇ ਸਮੇਂ ਦੇ ਲਾਭ ਲਈ ਅਸਥਾਈ ਪੀੜ ਸਹਿਣ ਦੀ ਲੋੜ 'ਤੇ ਚਾਨਣਾ ਪਾਇਆ।

2018 ਅਤੇ 2019 ਬੈਚ ਦੇ ਆਈਆਈਐੱਸ ਅਧਿਕਾਰੀ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨਾਲ ਗਰੁੱਪ ਤਸਵੀਰਾਂ ਵਿੱਚ।

2019 ਬੈਚ ਦੀ ਆਈਆਈਐੱਸ ਅਧਿਕਾਰੀ ਸ੍ਰੀਮਤੀ ਰਿਨੀ ਚੌਧਰੀ ਆਪਣਾ ਸਿਖਲਾਈ ਅਨੁਭਵ ਸਾਂਝਾ ਕਰਦੇ ਹੋਏ 

ਪ੍ਰੋ.(ਡਾ.) ਸੰਜੇ ਦਿਵੇਦੀ, ਡਾਇਰੈਕਟਰ ਜਨਰਲ, ਆਈਆਈਐੱਮਸੀ ਉਪ ਰਾਸ਼ਟਰਪਤੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ।

ਸ਼੍ਰੀ ਆਸ਼ੀਸ਼ ਗੋਇਲ, ਏਡੀਜੀ, ਆਈਆਈਐੱਮਸੀ, ਉਪ ਰਾਸ਼ਟਰਪਤੀ ਨੂੰ ਫੁੱਲਾਂ ਦਾ ਪੌਦਾ ਭੇਟ ਕਰਦੇ ਹੋਏ। 

ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਆਈਸੀਟੀ ਕ੍ਰਾਂਤੀ ਅਤੇ ਇੰਟਰਨੈੱਟ ਦੇ ਫੈਲਾਅ ਨੇ ਸਾਡੇ ਵਲੋਂ ਖਬਰਾਂ ਦੀ ਵਰਤੋਂ ਦੇ ਤਰੀਕੇ ਨੂੰ ਬੁਨਿਆਦੀ ਤੌਰ 'ਤੇ ਬਦਲ ਦਿੱਤਾ ਹੈ, ਉਨ੍ਹਾਂ ਸਾਵਧਾਨ ਕੀਤਾ ਕਿ ਇਹ 'ਸੂਚਨਾ ਦੀ ਸੌਖ' ਇਸ ਦੇ ਸੰਬੰਧਿਤ ਜੋਖਮਾਂ ਦੇ ਨਾਲ ਆਉਂਦੀ ਹੈ। ਉਨ੍ਹਾਂ ਅੱਗੇ ਕਿਹਾ, “ਗਲਤ ਸੂਚਨਾ, ਗਲਤ ਜਾਣਕਾਰੀ ਅਤੇ ਜਾਅਲੀ ਖ਼ਬਰਾਂ ਨਵੀਆਂ ਚੁਣੌਤੀਆਂ ਵਜੋਂ ਉਭਰੀਆਂ ਹਨ, ਜਿਨ੍ਹਾਂ ਨੂੰ ਸਰਕਾਰੀ ਸੰਚਾਰਕਾਰਾਂ ਦੁਆਰਾ 24 ਘੰਟੇ ਤੁਰੰਤ ਨਜਿੱਠਣ ਦੀ ਲੋੜ ਹੈ।” ਉਪ ਰਾਸ਼ਟਰਪਤੀ ਨੇ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਵਿਰੁੱਧ ਵੀ ਸੁਚੇਤ ਕੀਤਾ। ਉਪ ਰਾਸ਼ਟਰਪਤੀ ਨੇ ਅਜਿਹੀਆਂ ਪ੍ਰਵਿਰਤੀਆਂ ਨੂੰ ਜਲਦੀ ਤੋਂ ਜਲਦੀ ਰੋਕਣ ਦਾ ਸੱਦਾ ਦਿੱਤਾ।

ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਵਿਸਤਾਰ ਦੇ ਉਭਾਰ ਨਾਲ ਸ਼ੁਰੂ ਹੋਏ 'ਤਤਕਾਲ ਪੱਤਰਕਾਰੀ' (instant journalism) ਦੇ ਵਧ ਰਹੇ ਰੁਝਾਨ ਵੱਲ ਧਿਆਨ ਖਿੱਚਦੇ ਹੋਏ, ਸ਼੍ਰੀ ਨਾਇਡੂ ਨੇ ਇਸ ਕਾਰਨ ਪੱਤਰਕਾਰੀ ਦੇ ਨਿਯਮਾਂ ਅਤੇ ਲੋਕਾਚਾਰ ਦੇ ਵਿਗਾੜ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਮੀਡੀਆ ਰਿਪੋਰਟਿੰਗ ਵਿੱਚ ਨਿਰਪੱਖਤਾ ਅਤੇ ਉਦੇਸ਼ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਖ਼ਬਰਾਂ ਨੂੰ ਵਿਚਾਰਾਂ ਨਾਲ ਨਹੀਂ ਮਿਲਾਉਣਾ ਚਾਹੀਦਾ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਸਦੀ ਨਿਰਪੱਖਤਾ, ਸਮਾਨਤਾ ਅਤੇ ਸਪੱਸ਼ਟਤਾ ਭਾਰਤ ਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਦੇ ਬਚਾਅ ਲਈ ਮਹੱਤਵਪੂਰਨ ਹੈ।"

ਉਪ ਰਾਸ਼ਟਰਪਤੀ ਨੇ ਨੌਜਵਾਨ ਅਧਿਕਾਰੀਆਂ ਨੂੰ ਦੇਸ਼ ਭਰ ਤੋਂ ਵਿਕਾਸ ਦੀਆਂ ਕਈ ਕਹਾਣੀਆਂ ਸਾਹਮਣੇ ਲਿਆਉਣ ਲਈ ਕਿਹਾ। ਉਨ੍ਹਾਂ ਕਿਹਾ, “ਸਰਕਾਰੀ ਸੰਚਾਰਕਰਤਾਵਾਂ ਦੇ ਤੌਰ ‘ਤੇ ਤੁਹਾਨੂੰ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਕੀਤੇ ਜਾ ਰਹੇ ਚੰਗੇ ਕੰਮ ਨੂੰ ਮੀਡੀਆ ਦੁਆਰਾ ਢੁਕਵੇਂ ਰੂਪ ਵਿੱਚ ਕਵਰ ਕੀਤਾ ਜਾਵੇ।” ਜਾਣਕਾਰੀ ਅਤੇ ਮਨੋਵਿਗਿਆਨਕ ਯੁੱਧ ਨੂੰ ਆਧੁਨਿਕ ਸਮੇਂ ਦੀਆਂ ਜੰਗਾਂ ਦਾ ਇੱਕ ਮਹੱਤਵਪੂਰਨ ਪਹਿਲੂ ਕਰਾਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਆਈਆਈਐੱਸ ਅਧਿਕਾਰੀਆਂ ਨੂੰ ਇਨ੍ਹਾਂ ਉੱਭਰ ਰਹੇ ਅਤੇ ਰਣਨੀਤਕ ਖੇਤਰਾਂ ਵਿੱਚ ਮੁਹਾਰਤ ਵਿਕਸਿਤ ਕਰਨ ਦੀ ਸਲਾਹ ਦਿੱਤੀ।

ਵਿਸ਼ਵ ਭਰ ਵਿੱਚ ਅਤਿਅੰਤ ਜਲਵਾਯੂ ਘਟਨਾਵਾਂ ਦੀ ਵੱਧ ਰਹੀ ਬਾਰੰਬਾਰਤਾ ਅਤੇ ਅਸਥਿਰ ਮੌਸਮੀ ਸਰੂਪਾਂ ਦਾ ਹਵਾਲਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਨੌਜਵਾਨ ਅਧਿਕਾਰੀਆਂ ਨੂੰ ਕੁਦਰਤ ਦੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਲਈ ਇੱਕ ਮਾਸ ਮੀਡੀਆ ਮੁਹਿੰਮ ਚਲਾਉਣ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ, “ਜੇਕਰ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ, ਤਾਂ ਕੁਦਰਤ ਤੁਹਾਡੀ ਰੱਖਿਆ ਕਰੇਗੀ।” 

ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਵੋਟਾਂ ਹਾਸਲ ਕਰਨ ਲਈ ਲੋਕਪ੍ਰਿਯ ਉਪਾਵਾਂ ਦੇ ਖਿਲਾਫ ਸਾਵਧਾਨ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਮੁਫ਼ਤ ਵੰਡਣ ਦੀ ਸੰਸਕ੍ਰਿਤੀ ਨਾਲ ਕਈ ਰਾਜਾਂ ਦੀ ਵਿੱਤੀ ਸਿਹਤ ਵਿਗੜ ਰਹੀ ਹੈ। ਉਨ੍ਹਾਂ ਕਿਹਾ, ''ਸਰਕਾਰ ਨੂੰ ਯਕੀਨੀ ਤੌਰ 'ਤੇ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਪਰ ਇਸ ਦੇ ਨਾਲ ਹੀ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਭਾਰਤ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਆਪਣੇ ਆਖਰੀ ਸੰਬੋਧਨ ਵਿੱਚ ਸ਼੍ਰੀ ਨਾਇਡੂ ਨੇ ਕਿਹਾ ਕਿ "ਇੱਕ ਆਮ ਕਿਸਾਨ ਦੇ ਪੁੱਤਰ ਤੋਂ ਦੇਸ਼ ਵਿੱਚ ਦੂਜੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਤੱਕ ਮੇਰੇ ਉਭਾਰ ਦੀ ਕੁੰਜੀ ਸਖਤ ਮਿਹਨਤ, ਮਨ ਦੀ ਲਗਨ ਅਤੇ ਨਿਰੰਤਰ ਚਲਦੇ ਰਹਿਣ ਅਤੇ ਦੇਸ਼ ਦੇ ਹਰ ਹਿੱਸੇ ਵਿੱਚ ਲੋਕਾਂ ਨਾਲ ਸੰਵਾਦ ਕਰਨਾ ਹੈ।” ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਮਿਲ ਕੇ ਅਤੇ ਗੱਲਬਾਤ ਕਰਕੇ ਬਹੁਤ ਕੁਝ ਸਿੱਖਿਆ ਹੈ।

ਅਧਿਕਾਰੀ ਸਿਖਿਆਰਥੀਆਂ ਨੂੰ ਵੱਕਾਰੀ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਭਾਰਤੀ ਸੂਚਨਾ ਸੇਵਾ ਇੱਕ ਕੇਂਦਰੀ ਗਰੁੱਪ 'ਏ' ਸੇਵਾ ਹੈ, ਜਿਸ ਦੇ ਮੈਂਬਰ ਭਾਰਤ ਸਰਕਾਰ ਦੇ ਮੀਡੀਆ ਪ੍ਰਬੰਧਕਾਂ ਵਜੋਂ ਕੰਮ ਕਰਦੇ ਹਨ। ਆਈਆਈਐੱਸ ਅਧਿਕਾਰੀ ਆਪਣੀਆਂ ਵੱਖ-ਵੱਖ ਸਮਰੱਥਾਵਾਂ ਵਿੱਚ ਜਾਣਕਾਰੀ ਦਾ ਪ੍ਰਸਾਰ ਕਰਨ ਅਤੇ ਵੱਖ-ਵੱਖ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਨੂੰ ਆਮ ਜਨਤਾ ਤੱਕ ਪਹੁੰਚਾ ਕੇ ਸਰਕਾਰ ਅਤੇ ਲੋਕਾਂ ਵਿਚਕਾਰ ਇੱਕ ਮਹੱਤਵਪੂਰਨ ਸੰਚਾਰ ਲਿੰਕ ਵਜੋਂ ਕੰਮ ਕਰਦੇ ਹਨ।

ਇਸ ਦੌਰਾਨ ਪ੍ਰੋ. (ਡਾ.) ਸੰਜੇ ਦਿਵੇਦੀ, ਡਾਇਰੈਕਟਰ ਜਨਰਲ, ਆਈਆਈਐੱਮਸੀ; ਸ਼੍ਰੀ ਆਸ਼ੀਸ਼ ਗੋਇਲ,ਏਡੀਜੀ, ਆਈਆਈਐੱਮਸੀ; ਡਾ. ਰਿੰਕੂ ਪੇਗੂ, ਐਸੋਸੀਏਟ ਪ੍ਰੋਫੈਸਰ ਆਈਆਈਐੱਮਸੀ ਅਤੇ ਆਈਆਈਐੱਸ ਅਧਿਕਾਰੀਆਂ ਲਈ ਸਿਖਲਾਈ ਕੋਆਰਡੀਨੇਟਰ, 2018 ਅਤੇ 2019 ਦੇ ਭਾਰਤੀ ਸੂਚਨਾ ਸੇਵਾ ਬੈਚਾਂ ਦੇ ਅਧਿਕਾਰੀ ਮੌਜੂਦ ਸਨ। ਪ੍ਰੋ: ਸੰਜੇ ਦਿਵੇਦੀ ਨੇ ਇਸ ਮੌਕੇ 'ਤੇ ਉਪ ਰਾਸ਼ਟਰਪਤੀ ਨੂੰ ਆਪਣੀ ਪੁਸਤਕ 'ਭਾਰਤ ਬੋਧ ਕਾ ਨਯਾ ਸਮਯ' ਵੀ ਭੇਂਟ ਕੀਤੀ।

******

ਐੱਮਐੱਸ/ਆਰਕੇ/ਡੀਪੀ 



(Release ID: 1850375) Visitor Counter : 123