ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਹਰੇਕ ਵਿਦਿਆਰਥੀ ਲਈ ਮਿਆਰੀ ਸਿੱਖਿਆ ਦੇ ਬਰਾਬਰ ਮੌਕੇ ਦੇਣ ਦਾ ਸੱਦਾ ਦਿੱਤਾ
ਕੋਈ ਵੀ ਵਿਦਿਆਰਥੀ ਪਿੱਛੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਉਹ ਆਪਣੀ ਕੋਰਸ ਦੀਆਂ ਕਿਤਾਬਾਂ ਜਾਂ ਟਿਊਸ਼ਨ ਫੀਸਾਂ ਨੂੰ ਬਰਦਾਸ਼ਤ ਕਰਨ ਤੋਂ ਅਸਮਰੱਥ ਹੈ: ਉੱਪ ਰਾਸ਼ਟਰਪਤੀ
ਹਰ ਭਾਰਤੀ ਦਾ ਕਰਤੱਵ ਹੈ ਕਿ ਜਿਸ ਨੇ ਸਫ਼ਲਤਾ ਹਾਸਲ ਕੀਤੀ ਹੈ, ਉਹ ਸਮਾਜ ਤੇ ਦੇਸ਼ ਨੂੰ ਵਾਪਸੀ ਯੋਗਦਾਨ ਪਾਵੇ: ਉੱਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਰਾਜਸਥਾਨ ਯੂਥ ਐਸੋਸੀਏਸ਼ਨ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ
Posted On:
31 JUL 2022 8:18PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਹਰੇਕ ਵਿਦਿਆਰਥੀ ਲਈ ਮਿਆਰੀ ਸਿੱਖਿਆ ਦੇ ਬਰਾਬਰ ਮੌਕੇ ਦੇਣ ਦਾ ਸੱਦਾ ਦਿੱਤਾ। ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਵਿਦਿਆਰਥੀ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਉਹ ਆਪਣੀ ਕੋਰਸ ਦੀਆਂ ਕਿਤਾਬਾਂ ਜਾਂ ਟਿਊਸ਼ਨ ਫੀਸਾਂ ਨੂੰ ਬਰਦਾਸ਼ਤ ਕਰਨ ਤੋਂ ਅਸਮਰੱਥ ਹੈ। ਉਨ੍ਹਾਂ ਅੱਗੇ ਕਿਹਾ, "ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿੱਖਿਆ ਤੱਕ ਬਰਾਬਰ ਪਹੁੰਚ ਦੀਆਂ ਸਾਰੀਆਂ ਰੁਕਾਵਟਾਂ ਨੂੰ ਖਤਮ ਕੀਤਾ ਜਾਵੇ।"
ਰਾਜਸਥਾਨ ਯੂਥ ਐਸੋਸੀਏਸ਼ਨ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਉਦਘਾਟਨ ਮੌਕੇ ਬੋਲਦਿਆਂ ਸ਼੍ਰੀ ਨਾਇਡੂ ਨੇ ਸਿੱਖਿਆ ਨੂੰ ਬਦਲਾਅ ਦਾ ਸਭ ਤੋਂ ਸ਼ਕਤੀਸ਼ਾਲੀ ਏਜੰਟ ਦੱਸਿਆ ਜੋ ਰਾਸ਼ਟਰ ਦੇ ਵਿਕਾਸ ਦੀ ਗਤੀ ਨੂੰ ਹੁਲਾਰਾ ਦੇ ਸਕਦਾ ਹੈ।
ਸ਼੍ਰੀ ਨਾਇਡੂ ਨੇ ਦੇਖਿਆ ਕਿ ਆਬਾਦੀ ਦੇ ਫਾਇਦੇ ਅਤੇ ਉੱਚ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਮੌਜੂਦਗੀ ਦੇ ਮੱਦੇਨਜ਼ਰ ਭਾਰਤ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵਿਸ਼ਵ ਨੇਤਾ ਬਣਨ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਵੇ ਅਤੇ ਪੜ੍ਹੇ-ਲਿਖੇ ਮਨੁੱਖੀ ਸ਼ਕਤੀ ਦੇ ਵਿਸ਼ਾਲ ਪੂਲ ਨੂੰ ਡਿਜੀਟਲ ਤਰੀਕੇ ਨਾਲ ਸੰਚਾਲਿਤ, ਗਿਆਨ-ਅਧਾਰਤ 21ਵੀਂ ਸਦੀ ਦੀਆਂ ਲੋੜਾਂ ਅਨੁਸਾਰ ਉੱਚ ਹੁਨਰਮੰਦ ਕਾਰਜਬਲ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ, "ਉਨ੍ਹਾਂ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਕੇ, ਸਾਡੇ ਨੌਜਵਾਨ ਦਿਮਾਗਾਂ ਦੀ ਪ੍ਰਤਿਭਾ ਅਤੇ ਰਚਨਾਤਮਕ ਊਰਜਾ ਭਾਰਤ ਨੂੰ ਸਭ ਤੋਂ ਮਜ਼ਬੂਤ ਦੇਸ਼ਾਂ ਦੀ ਲੀਗ ਵਿੱਚ ਸ਼ਾਮਲ ਕਰੇਗੀ।"
ਭਾਰਤੀ ਸੰਸਕ੍ਰਿਤੀ ਦੀਆਂ ਮਹਾਨ ਕਦਰਾਂ-ਕੀਮਤਾਂ ਨੂੰ ਚੇਤੇ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ, "ਇਹ ਹਰ ਭਾਰਤੀ ਦਾ ਕਰਤੱਵ ਹੈ, ਜਿਸ ਨੇ ਜੀਵਨ ਵਿੱਚ ਸਫ਼ਲਤਾ, ਪ੍ਰਸਿੱਧੀ ਅਤੇ ਦੌਲਤ ਹਾਸਲ ਕੀਤੀ ਹੈ, ਉਸ ਨੇ ਸਮਾਜ ਅਤੇ ਦੇਸ਼ ਨੂੰ ਵਾਪਸੀ ਯੋਗਦਾਨ ਪਾਉਣਾ ਹੈ।" ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਲਈ ਕੰਮ ਕਰਨਾ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ; ਸਾਰੇ ਨਾਗਰਿਕਾਂ ਨੂੰ ਸਰਗਰਮੀ ਨਾਲ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਥੀ ਨਾਗਰਿਕਾਂ ਦੀ ਭਲਾਈ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਲੋਕਾਂ ਨੂੰ ਸਾਰਿਆਂ ਨਾਲ ਦਿਆਲੂ ਹੋਣ ਬਾਰੇ ਚੇਤੇ ਕਰਵਾਉਂਦਿਆਂ ਸ਼੍ਰੀ ਨਾਇਡੂ ਨੇ ਸਾਰਿਆਂ ਨੂੰ ਹਰ ਕਿਸੇ ਨਾਲ ਤਰਸ ਨਾਲ ਪੇਸ਼ ਆਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ,"ਜਦੋਂ ਅਸੀਂ ਸਫ਼ਲਤਾ ਵੱਲ ਤੇਜ਼ੀ ਨਾਲ ਕਦਮ ਚੁੱਕਦੇ ਹਾਂ, ਆਓ ਅਸੀਂ ਆਪਣੇ ਕਿਸੇ ਵੀ ਭੈਣ-ਭਰਾ ਨੂੰ ਪਿੱਛੇ ਨਾ ਛੱਡੀਏ, ਬਲਕਿ ਉਨ੍ਹਾਂ ਨੂੰ ਹਰ ਸੰਭਵ ਤਰੀਕੇ ਨਾਲ ਤਾਕਤਵਰ ਬਣਾਉਣ ਦੀ ਕੋਸ਼ਿਸ਼ ਕਰੀਏ।" ਭਾਰਤ ਦੀ ਪਿਛਲੀ ਸ਼ਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਸਾਰਿਆਂ ਨੂੰ ਦੇਸ਼ ਨੂੰ ਦੁਬਾਰਾ ਮਹਾਨ ਬਣਾਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਸਾਰਿਆਂ ਨੂੰ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰਨ ਲਈ ਆਖਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਾਪੇ ਘਰ ਵਿੱਚ ਆਪਣੇ ਬੱਚਿਆਂ ਨਾਲ ਮਾਤ ਭਾਸ਼ਾ ਵਿੱਚ ਗੱਲ ਕਰਨ। ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਮਾਤ-ਭੂਮੀ ਦੀ ਸੇਵਾ ਕਰਨ ਲਈ ‘ਸਿੱਖੋ, ਕਮਾਓ ਅਤੇ ਵਾਪਸ ਜਾਓ’। ਉਨ੍ਹਾਂ ਜ਼ੋਰ ਦੇ ਕੇ ਕਿਹਾ,"ਤੁਹਾਨੂੰ ਸਮਾਜ ਦੀ ਸੇਵਾ ਕਰਨ ਅਤੇ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨਾਲ ਸਮਾਂ ਬਿਤਾਉਣ ਲਈ ਆਪਣੀ ਮਾਤਭੂਮੀ 'ਤੇ ਵਾਪਸ ਜਾਣਾ ਚਾਹੀਦਾ ਹੈ।"
ਸ਼੍ਰੀ ਨਾਇਡੂ ਨੇ ਰਾਜਸਥਾਨ ਯੂਥ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ, ਜੋ ਕਿ ਚੇਨਈ ਵਿੱਚ ਵਸੇ ਰਾਜਸਥਾਨੀ ਭਾਈਚਾਰੇ ਦੀਆਂ ਸਭ ਤੋਂ ਪੁਰਾਣੀਆਂ ਸੰਸਥਾਵਾਂ ਵਿੱਚੋਂ ਇੱਕ ਹੈ, ਜੋ ਆਪਣੇ 'ਆਰ.ਏ.ਏ. ਬੁੱਕ ਬੈਂਕ ਪ੍ਰੋਜੈਕਟ' ਤਹਿਤ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਨੂੰ ਕੋਰਸ ਦੀਆਂ ਕਿਤਾਬਾਂ ਮੁਫ਼ਤ ਉਪਲਬਧ ਕਰਵਾ ਕੇ ਸਿੱਖਿਆ ਦੇ ਉਦੇਸ਼ ਲਈ ਕੀਤੇ ਜਾ ਰਹੇ ਯਤਨਾਂ ਲਈ ਕੀਤੀ ਜਾ ਰਹੀ ਹੈ। . ਸ਼੍ਰੀ ਨਾਇਡੂ ਨੇ ਰਾਜਸਥਾਨ ਯੁਵਾ ਸੰਘ ਵੱਲੋਂ ਸਿਹਤ ਸੰਭਾਲ਼ ਅਤੇ ਭੋਜਨ ਸੁਰੱਖਿਆ ਵਰਗੇ ਖੇਤਰਾਂ ਵਿੱਚ ਕਈ ਹੋਰ ਪਹਿਲਕਦਮੀਆਂ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਅੱਗੇ ਕਿਹਾ,"ਸਾਨੂੰ ਇੱਕ ਭਾਈਚਾਰੇ ਦੇ ਤੌਰ 'ਤੇ 'ਸ਼ੇਅਰ ਐਂਡ ਕੇਅਰ' ਦੇ ਸਾਡੇ ਪ੍ਰਾਚੀਨ ਦਰਸ਼ਨ 'ਤੇ ਚੱਲਣਾ ਚਾਹੀਦਾ ਹੈ ਅਤੇ ਰਾਜਸਥਾਨ ਯੂਥ ਐਸੋਸੀਏਸ਼ਨ ਇੱਕ ਵਧੀਆ ਰੋਲ ਮਾਡਲ ਹੈ।"
ਇਹ ਮੰਨਦਿਆਂ ਕਿ ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ, ਸਭ ਕੁਝ ਇਕੱਲੀਆਂ ਸਰਕਾਰਾਂ 'ਤੇ ਨਹੀਂ ਛੱਡਿਆ ਜਾ ਸਕਦਾ, ਸ਼੍ਰੀ ਨਾਇਡੂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਪਰਉਪਕਾਰੀ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਸਰਕਾਰਾਂ ਦੇ ਯਤਨਾਂ ਨੂੰ ਪੂਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ,“ਸਮਾਜ ਸੇਵਾ ਤੁਹਾਨੂੰ ਅਨੰਦ ਦਿੰਦੀ ਹੈ ਅਤੇ ਗਰੀਬਾਂ ਦੀ ਸੇਵਾ ਕਰਨਾ ਰੱਬ ਦੀ ਸੇਵਾ ਹੈ।”
ਸ਼੍ਰੀ ਪੀ.ਕੇ. ਸੇਕਰ ਬਾਬੂ, ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ ਲਈ ਤਮਿਲ ਨਾਡੂ ਮੰਤਰੀ, ਸ਼੍ਰੀ ਦਿਨੇਸ਼ ਮਹਿਤਾ, ਪ੍ਰਧਾਨ, ਰਾਜਸਥਾਨ ਯੂਥ ਐਸੋਸੀਏਸ਼ਨ, ਸ਼੍ਰੀ ਆਸ਼ੀਸ਼ ਜੈਨ, ਸਕੱਤਰ, ਰਾਜਸਥਾਨ ਯੂਥ ਐਸੋਸੀਏਸ਼ਨ, ਸ਼੍ਰੀ ਵੀ. ਕਾਮਾਕੋਟੀ, ਡਾਇਰੈਕਟਰ, ਆਈਆਈਟੀ ਮਦਰਾਸ ਅਤੇ ਹੋਰ ਪਤਵੰਤੇ ਇਸ ਮੌਕੇ ਹਾਜ਼ਰ ਸਨ।
*****
ਐੱਮਐੱਸ/ਆਰਕੇ/ਐੱਨਐੱਸ/ਡੀਪੀ
(Release ID: 1846857)
Visitor Counter : 153