ਰਸਾਇਣ ਤੇ ਖਾਦ ਮੰਤਰਾਲਾ

ਡਾ. ਮਨਸੁਖ ਮਾਂਡਵੀਯਾ ਨੇ 'ਕਾਰਜਸਥਲ 'ਤੇ ਰਸਾਇਣਾਂ ਦੇ ਸੁਰੱਖਿਅਤ ਉਪਯੋਗ’ ਵਿਸ਼ੇ 'ਤੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ ਅੰਤਰਰਾਸ਼ਟਰੀ ਰਸਾਇਣਕ ਸੁਰੱਖਿਆ ਕਾਰਡ (ਆਈਸੀਐਸਸੀ) 'ਤੇ ਆਈਐੱਲਓ ਨਾਲ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਗਏ


ਉਦਯੋਗ ਅਤੇ ਕਰਮਚਾਰੀਆਂ ਦੀ ਸੁਰੱਖਿਆ ਭਾਰਤ ਦੀ ਸਰਬਉੱਚ ਤਰਜੀਹ ਰਹੀ ਹੈ, ਇਸ ਨੂੰ ਅੰਤਰਰਾਸ਼ਟਰੀ ਮਾਪਦੰਡਾਂ, ਮਜ਼ਬੂਤ ਪ੍ਰਕਿਰਿਆਵਾਂ, ਸਿਖਲਾਈ ਸੈਸ਼ਨਾਂ ਅਤੇ ਤਕਨੀਕਾਂ ਨੂੰ ਅਪਣਾ ਕੇ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ : ਡਾ. ਮਨਸੁਖ ਮਾਂਡਵੀਯਾ

" ਸਰਕਾਰ ਉਦਯੋਗਾਂ ਵਿੱਚ ਸੁਰੱਖਿਆ ਉਪਾਵਾਂ ਨੂੰ ਸੁਨਿਸ਼ਚਿਤ ਕਰਨ ਲਈ ਟ੍ਰੇਨਰਾਂ ਦਾ ਇੱਕ ਕਾਡਰ ਬਣਾਉਣ ਲਈ ਆਈਐੱਲਓ ਨਾਲ ਸਹਿਯੋਗ ਕਰ ਰਹੀ ਹੈ"

ਸਿਖਲਾਈ ਸੈਸ਼ਨ ਅਤੇ ਸੁਰੱਖਿਆ ਮੌਕ ਡਰਿੱਲ ਨਾ ਸਿਰਫ਼ ਕਰਮਚਾਰੀਆਂ ਦੀ ਸੁਰੱਖਿਆ ਲਈ ਮਹੱਤਵਪੂਰਨ ਹਨ, ਬਲਕਿ ਸਾਡੇ ਵਾਤਾਵਰਣ ਲਈ ਵੀ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ : ਸ਼੍ਰੀ ਭਗਵੰਤ ਖੁਬਾ

Posted On: 27 JUL 2022 2:15PM by PIB Chandigarh

ਕੇਂਦਰੀ ਰਸਾਇਣ ਤੇ ਖਾਦ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਅੱਜ ਨਵੀਂ ਦਿੱਲੀ ਵਿੱਚ 'ਕਾਰਜਸਥਲ 'ਤੇ ਰਸਾਇਣਾਂ ਦੇ ਸੁਰੱਖਿਅਤ ਉਪਯੋਗ’ ਵਿਸ਼ੇ 'ਤੇ ਆਯੋਜਿਤ ਇੱਕ ਸੈਮੀਨਾਰ ਦੀ ਪ੍ਰਧਾਨਗੀ ਕੀਤੀ । ਇਸ ਦੇ ਨਾਲ ਹੀ ਰਸਾਇਣ ਤੇ ਖਾਦ ਅਤੇ ਨਵੀਨ ਤੇ ਅਖੁੱਟ ਊਰਜਾ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਇਸ ਪ੍ਰੋਗਰਾਮ ਦਾ ਮਾਣ ਵਧਾਇਆ । ਸੈਮੀਨਾਰ ਦਾ ਆਯੋਜਨ ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ (ਡੀਸੀਪੀਸੀ) ਅਤੇ ਅੰਤਰਰਾਸ਼ਟਰੀ ਲੇਬਰ ਆਰਗੇਨਾਈਜੇਸ਼ਨ (ਆਈਐੱਲਓ) ਦੁਆਰਾ ਕੀਤਾ ਗਿਆ ਸੀ। ਇਸ ਮੌਕੇ ਅੰਤਰਰਾਸ਼ਟਰੀ ਰਸਾਇਣਕ ਸੁਰੱਖਿਆ ਕਾਰਡ (ਆਈਸੀਐਸਸੀ) ਨੂੰ ਅਪਣਾਉਣ ਲਈ ਕੇਂਦਰੀ ਮੰਤਰੀ ਡਾ. ਮਾਂਡਵੀਯਾ ਦੀ ਮੌਜੂਦਗੀ ਵਿੱਚ ਡੀਸੀਪੀਸੀ ਅਤੇ ਆਈਐੱਲਓ ਦਰਮਿਆਨ ਇੱਕ ਸਮਝੌਤਾ ਪੱਤਰ(ਐਮਓਯੂ)  'ਤੇ ਦਸਤਖਤ ਕੀਤੇ ਗਏ ।

 

ਡਾ. ਮਨਸੁਖ ਮਾਂਡਵੀਯਾ ਨੇ ਕਿਹਾ ਕਿ ਕਰਮਚਾਰੀਆਂ ਦੀ ਸੁਰੱਖਿਆ ਅਤੇ ਮਾਨਵੀ ਵਿਵਹਾਰ ਭਾਰਤ ਦੀ ਸਰਬਉੱਚ ਤਰਜੀਹ ਰਹੀ ਹੈ। ਅਸੀਂ ਆਪਣੇ ਨਾਗਰਿਕਾਂ ਦੇ ਵਿਕਾਸ ਅਤੇ ਭਲਾਈ ਨੂੰ ਸੁਨਿਸ਼ਚਿਤ ਕਰਨ ਲਈ ਵਿਸ਼ਵ ਦੇ ਸਰਵਸ਼੍ਰੇਸ਼ਠ ਅਭਿਆਸਾਂ ਨੂੰ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਰਸਾਇਣਕ ਉਦਯੋਗ ਵਧ ਰਹੀ ਭਾਰਤੀ ਆਰਥਿਕਤਾ ਦਾ ਇੱਕ ਮਹੱਤਵਪੂਰਨ ਅਤੇ ਅਨਿੱਖੜਵਾਂ ਅੰਗ ਹੈ। ਇਹ ਸਾਡੀਆਂ ਬੁਨਿਆਦੀ ਅਤੇ ਵਿਕਾਸਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਸਾਡੇ ਰੋਜ਼ਾਨਾ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ।"

 

ਉਨ੍ਹਾਂ ਨੇ ਅੱਗੇ ਰੇਖਾਂਕਿਤ ਕੀਤਾ ਕਿ ਆਮ ਤੌਰ 'ਤੇ ਸਹੀ ਸੁਰੱਖਿਆ ਉਪਾਵਾਂ ਦੀ ਘਾਟ ਕਾਰਨ ਰਸਾਇਣਾਂ ਨਾਲ ਸਬੰਧਤ ਘਾਤਕ ਦੁਰਘਟਨਾਵਾਂ ਹੋ ਸਕਦੀਆਂ ਹਨ । ਡਾ. ਮਾਂਡਵੀਯਾ ਨੇ ਕਿਹਾ ਕਿ ਇਹ ਗਲੋਬਲ ਸੁਰੱਖਿਆ ਮਾਪਦੰਡਾਂ ਅਤੇ ਅਭਿਆਸਾਂ ਦੀ ਪਾਲਣਾ ਦੀ ਮੰਗ ਕਰਦਾ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ, "ਇਹ ਮਹੱਤਵਪੂਰਨ ਹੈ ਕਿ ਆਈਐੱਲਓ ਦੁਆਰਾ ਵਿਕਸਤ ਕੀਤੇ ਗਏ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਭਾਰਤ ਦੁਆਰਾ ਅਪਣਾਇਆ ਜਾਵੇ, ਕਿਉਂਕਿ ਇਸ ਨਾਲ ਨਾ ਸਿਰਫ਼ ਉਦਯੋਗਿਕ ਦੁਰਘਟਨਾਵਾਂ ਵਿੱਚ ਕਮੀ ਆਵੇਗੀ, ਸਗੋਂ ਵਿਸ਼ਵਵਿਆਪੀ ਸਭ ਤੋਂ ਵਧੀਆ ਅਭਿਆਸਾਂ ਨਾਲ ਅੱਗੇ ਵਧਣਾ ਵੀ ਸੁਨਿਸ਼ਚਿਤ ਹੋਵੇਗਾ।" ਉਨ੍ਹਾਂ ਨੇ ਸਾਰੇ ਹਿੱਤਧਾਰਕਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਨਾ ਸਿਰਫ਼ ਇਨ੍ਹਾਂ ਆਈਸੀਐੱਸਸੀ, ਬਲਕਿ ਸੁਰੱਖਿਆ ਨਿਯਮਾਂ ਦੀ ਵੀ ਕਰਮਚਾਰੀਆਂ ਨੂੰ ਲੋੜੀਂਦੀ ਜਾਣਕਾਰੀ ਦਿੱਤੀ ਜਾਵੇ। ਮੰਤਰੀ ਨੇ ਕਿਹਾ, “ਸਟੋਰੇਜ ਅਤੇ ਪ੍ਰੋਸੈੱਸਿੰਗ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕਰਕੇ, ਸਭ ਤੋਂ ਸੁਰੱਖਿਅਤ ਅਤੇ ਕੁਸ਼ਲ ਪ੍ਰਕਿਰਿਆਵਾਂ ਨੂੰ ਲਾਗੂ ਕਰਕੇ, ਮਜ਼ਬੂਤ ਟੈਕਨੋਲੋਜੀਆਂ ਦੀ ਸਥਾਪਨਾ, ਉਦਯੋਗ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ। ਇਸ ਨੂੰ ਸਿਖਲਾਈ ਸੈਸ਼ਨਾਂ ਰਾਹੀਂ ਕਰਮਚਾਰੀਆਂ ਵਿੱਚ ਜਾਗਰੂਕਤਾ ਫੈਲਾ ਕੇ ਅਤੇ ਸਮਰੱਥਾ ਨਿਰਮਾਣ ਕਰਕੇ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ।”

ਡਾ. ਮਾਂਡਵੀਯਾ ਨੇ ਸਰਕਾਰੀ ਅਧਿਕਾਰੀਆਂ, ਮਾਹਿਰਾਂ ਅਤੇ ਉਦਯੋਗਿਕ ਸ਼ਖਸੀਅਤਾਂ ਸਮੇਤ ਵੱਖ-ਵੱਖ ਹਿੱਤਧਾਰਕਾਂ ਨੂੰ ਵਿਚਾਰ-ਮੰਥਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਹਿੱਤਧਾਰਕਾਂ ਸਲਾਹ-ਮਸ਼ਵਰੇ ਨਾਲ ਨਵੀਨਤਾਕਾਰੀ ਵਿਚਾਰ ਸਾਹਮਣੇ ਆਉਣਗੇ, ਜਿਨ੍ਹਾਂ ਦਾ ਉਪਯੋਗ ਭਵਿੱਖ ਦੇ ਕਾਨੂੰਨਾਂ ਅਤੇ ਪਹਿਲਾਂ ਦੇ ਅਧਾਰ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ ।

 

ਇਸ ਦੇ ਨਾਲ ਹੀ ਰਸਾਇਣ ਤੇ ਖਾਦ ਅਤੇ ਨਵੀਨ ਤੇ ਅਖੁੱਟ ਊਰਜਾ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਕਿਹਾ ਕਿ ਰਸਾਇਣਕ ਖੇਤਰ ਵਿਚ ਵਿਸ਼ਵ ਪੱਧਰ 'ਤੇ ਭਾਰਤ ਦਾ ਕੱਦ ਵਧਿਆ ਹੈ ਅਤੇ ਇਸ ਲਈ ਇਹ ਲੋੜ ਬਣ ਗਈ ਹੈ ਕਿ ਅਸੀਂ ਇਸ ਸੈਕਟਰ ਨੂੰ ਉਤਪਾਦਨ ਦੇ ਅਧਾਰ 'ਤੇ ਹੀ ਨਹੀਂ ਸਗੋਂ ਸੁਰੱਖਿਆ ਦੇ ਪਹਿਲੂਆਂ ਤੋਂ ਵੀ ਦੇਖੀਏ । ਉਨ੍ਹਾਂ ਕਿਹਾ ਕਿ ਉਦਯੋਗਿਕ ਕਰਮਚਾਰੀਆਂ ਨੂੰ ਜ਼ਮੀਨੀ ਪੱਧਰ ਤੋਂ ਲੈ ਕੇ ਪ੍ਰਬੰਧਕੀ ਪੱਧਰ ਤੱਕ ਕੰਮ ਵਾਲੀ ਥਾਂ 'ਤੇ ਹੋਣ ਵਾਲੇ ਸੰਭਾਵੀ ਖ਼ਤਰਿਆਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਉਨ੍ਹਾਂ ਨਾਲ ਨਜਿੱਠਣ ਲਈ ਉਹ ਪੂਰੀ ਤਰ੍ਹਾਂ ਤਿਆਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਿਖਲਾਈ ਸੈਸ਼ਨ ਅਤੇ ਸੇਫਟੀ ਮੌਕ ਡਰਿੱਲ ਨਾ ਸਿਰਫ ਵਰਕਰਾਂ ਦੀ ਸੁਰੱਖਿਆ ਲਈ ਮਹੱਤਵਪੂਰਨ ਹਨ, ਸਗੋਂ ਸਾਡੇ ਵਾਤਾਵਰਣ ਲਈ ਵੀ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਇਸ ਲੋੜ 'ਤੇ ਰੇਖਾਂਕਿਤ ਕੀਤਾ ਕਿ ਸਾਰੇ ਹਿੱਤਧਾਰਕਾਂ ਨੂੰ ਸਿੱਖਣਾ ਚਾਹੀਦਾ ਹੈ ਅਤੇ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ ਸਿਰਫ ਇਹ ਸੁਨਿਸ਼ਚਿਤ ਕਰ ਸਕਦਾ ਹੈ ਕਿ ਸਾਡੇ ਉਦਯੋਗ ਬਿਨਾਂ ਕਿਸੇ ਨੁਕਸਾਨ ਅਤੇ ਖ਼ਤਰੇ ਦੇ ਬਿਨਾਂ ਕਿਸੇ ਜਾਨ ਗੁਆਏ ਬਿਨਾਂ ਕੰਮ ਕਰਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਡੀਸੀਪੀਸੀ ਅਤੇ ਆਈਐੱਲਓ ਵਿਚਕਾਰ ਇਹ ਸਮਝੌਤਾ ਦੇਸ਼ ਵਿੱਚ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਲਈ ਸਾਡੇ ਯਤਨਾਂ ਨੂੰ ਹੋਰ ਵਧਾਏਗਾ।

 

ਅੰਤਰਰਾਸ਼ਟਰੀ ਰਸਾਇਣਕ ਸੁਰੱਖਿਆ ਕਾਰਡ (ਆਈਸੀਐਸਸੀ)  ਬਾਰੇ

ਅੰਤਰਰਾਸ਼ਟਰੀ ਰਸਾਇਣਕ ਸੁਰੱਖਿਆ ਕਾਰਡ (ਆਈਸੀਐਸਸੀ) ਡਾਟਾ ਸ਼ੀਟ ਹੈ ਜਿਸ ਦਾ ਉਦੇਸ਼ ਰਸਾਇਣਾਂ ਬਾਰੇ ਜ਼ਰੂਰੀ ਸੁਰੱਖਿਆ ਅਤੇ ਸਿਹਤ ਜਾਣਕਾਰੀ ਦਾ ਸੰਖੇਪ ਪ੍ਰਦਾਨ ਕਰਨਾ ਹੈ । ਇਸ ਕਾਰਡ ਦਾ ਮੁੱਖ ਉਦੇਸ਼ ਕਾਰਜਸਥਲ 'ਤੇ ਰਸਾਇਣਾਂ ਦੀ ਸੁਰੱਖਿਅਤ ਉਪਯੋਗ ਨੂੰ ਉਤਸ਼ਾਹਿਤ ਕਰਨਾ ਹੈ । ਇਸ ਵਿੱਚ ਮੁੱਖ ਉਪਭੋਗਤਾ ਕਾਮੇ ਹਨ ਅਤੇ ਜੋ ਕਿ ਪੇਸ਼ੇਵਰ  ਸੁਰੱਖਿਆ ਅਤੇ ਸਿਹਤ ਲਈ ਜ਼ਿੰਮੇਵਾਰ ਹਨ।

ਵਿਭਾਗ ਦੇ ਵੱਲੋਂ ਅੰਤਰਰਾਸ਼ਟਰੀ ਰਸਾਇਣਕ ਸੁਰੱਖਿਆ ਕਾਰਡ (ਆਈਸੀਐਸਸੀ) ਦੀ ਵਰਤੋਂ ਕਾਰਜਸਥਲ 'ਤੇ ਰਸਾਇਣਾਂ ਬਾਰੇ ਖਤਰੇ ਦੀ ਢੁਕਵੀਂ ਜਾਣਕਾਰੀ ਨੂੰ ਸਮਝਣ ਯੋਗ ਅਤੇ ਆਸਾਨ ਤਰੀਕੇ ਨਾਲ ਪ੍ਰਸਾਰਿਤ ਕਰਨ ਲਈ ਕੀਤਾ ਜਾਵੇਗਾ। ਵਰਤਮਾਨ ਵਿੱਚ 1784 ਰਸਾਇਣਕ ਸੁਰੱਖਿਆ ਕਾਰਡ ਉਪਲਬਧ ਹਨ। ਆਈਸੀਐੱਸਏਸੀ ਨੂੰ  ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਅਤੇ ਅੰਤਰਰਾਸ਼ਟਰੀ ਲੇਬਰ ਆਰਗੇਨਾਈਜ਼ੇਸ਼ਨ (ਆਈਐੱਲਓ) ਦੁਆਰਾ ਯੂਰਪੀਅਨ ਕਮਿਸ਼ਨ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ ਅਤੇ ਨਵੀਨਤਮ ਵਿਗਿਆਨਕ ਵਿਕਾਸ ਨੂੰ ਧਿਆਨ ਵਿੱਚ ਰੱਖਣ ਲਈ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ। ਇਹ ਕਾਰਡ ਕਾਰਜਸਥਲ 'ਤੇ ਰਸਾਇਣਾਂ ਦੀ ਸੁਰੱਖਿਅਤ ਉਪਯੋਗ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਸੰਘਾਂ ਨੂੰ ਰਸਾਇਣਾਂ ਬਾਰੇ ਢੁਕਵੀਂ ਖਤਰੇ ਦੀ ਜਾਣਕਾਰੀ ਦਾ ਪ੍ਰਸਾਰ ਕਰਨ ਵਿੱਚ ਸਹਾਇਕ ਹੈ ।।

ਮੀਟਿੰਗ ਵਿੱਚ ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ ਦੀ ਸਕੱਤਰ  ਸ਼੍ਰੀਮਤੀ ਆਰਤੀ ਆਹੂਜਾ, ਸੰਯੁਕਤ ਸਕੱਤਰ   ਸ਼੍ਰੀ ਸੁਸ਼ਾਂਤ ਕੁਮਾਰ ਪੁਰੋਹਿਤ, ਆਈਐੱਲਓ ਦੀ ਡਾਇਰੈਕਟਰ  ਸ਼੍ਰੀਮਤੀ ਡਾਗਮਾਰ ਵਾਲਟਰ,  ਫਿੱਕੀ ਪੈਟਰੋ ਕੈਮੀਕਲਜ਼ ਕਮੇਟੀ ਦੇ ਚੇਅਰਮੈਨ  ਸ਼੍ਰੀ ਪ੍ਰਭ ਦਾਸ  ਅਤੇ ਉਦਯੋਗ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।

  *****

ਐੱਮਵੀ



(Release ID: 1845879) Visitor Counter : 123