ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸੰਸਦ ਦੇ ਸੈਂਟਰਲ ਹਾਲ ’ਚ ਵਿਦਾਇਗੀ ਸਮਾਰੋਹ ਵਿੱਚ ਸ਼ਿਰਕਤ ਕੀਤੀ
ਪਾਰਟੀਆਂ ਨੂੰ ਪੱਖਪਾਤੀ ਨਜ਼ਰੀਏ ਤੋਂ ਉੱਪਰ ਉੱਠਣਾ ਚਾਹੀਦਾ ਹੈ ਅਤੇ, 'ਰਾਸ਼ਟਰ ਸਭ ਤੋਂ ਪਹਿਲਾਂ' ਦੀ ਭਾਵਨਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਚੰਗਾ ਹੈ, ਆਮ ਆਦਮੀ ਤੇ ਮਹਿਲਾ ਲਈ ਕੀ ਜ਼ਰੂਰੀ ਹੈ: ਰਾਸ਼ਟਰਪਤੀ ਕੋਵਿੰਦ
Posted On:
23 JUL 2022 8:15PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (23 ਜੁਲਾਈ, 2022) ਸੰਸਦ ਦੇ ਸੈਂਟਰਲ ਹਾਲ ਵਿੱਚ ਵਿਦਾਇਗੀ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ 'ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਹ ਭਾਰਤ ਦੇ ਲੋਕਾਂ ਦੇ ਸਦਾ ਲਈ ਧੰਨਵਾਦੀ ਹਨ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਵਜੋਂ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਸਰਬਸ਼ਕਤੀਮਾਨ ਜੋ ਕੁਝ ਉਨ੍ਹਾਂ ਤੋਂ ਪੂਰਾ ਕਰਵਾਉਣੇ ਚਾਹੁੰਦੇ ਸਨ, ਉਹ ਸਾਰੇ ਚੁਣੇ ਹੋਏ ਨੁਮਾਇੰਦਿਆਂ ਦੇ ਸਮਰਥਨ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪਲੈਟਫਾਰਮਾਂ 'ਤੇ ਉਨ੍ਹਾਂ ਨਾਲ ਅਕਸਰ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੇ ਕਈ ਸੰਸਦ ਮੈਂਬਰਾਂ ਅਤੇ ਹੋਰ ਖੇਤਰਾਂ ਦੇ ਲੋਕਾਂ ਦੇ ਵਫ਼ਦਾਂ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ। ਉਨ੍ਹਾਂ ਨੇ ਉਨ੍ਹਾਂ ਨੂੰ ਦਿੱਤੇ ਵਿਸ਼ੇਸ਼ ਸਨਮਾਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਉਪ-ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਅਤੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਦਾ ਵੀ ਧੰਨਵਾਦ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੇ ਸੰਸਦ ਦੀ ਕਾਰਵਾਈ ਚਲਾਈ ਅਤੇ ਇਸ ਦੀਆਂ ਮਹਾਨ ਪਰੰਪਰਾਵਾਂ ਨੂੰ ਜਾਰੀ ਰੱਖਿਆ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੰਵਿਧਾਨ ਦੀ ਧਾਰਾ 79 ਰਾਸ਼ਟਰਪਤੀ ਅਤੇ ਦੋ ਸਦਨਾਂ ਵਾਲੀ ਸੰਸਦ ਦੀ ਵਿਵਸਥਾ ਕਰਦੀ ਹੈ। ਇਸ ਸੰਵਿਧਾਨਕ ਵਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਇਸ ਵਿਚ ਆਪਣੀ ਭਾਵਨਾ ਜੋੜਦਿਆਂ ਉਹ ਰਾਸ਼ਟਰਪਤੀ ਨੂੰ ਸੰਸਦੀ ਪਰਿਵਾਰ ਦੇ ਇਕ ਅਨਿੱਖੜਵੇਂ ਅੰਗ ਵਜੋਂ ਦੇਖਦੇ ਹਨ। ਕਿਸੇ ਵੀ ਪਰਿਵਾਰ ਵਾਂਗ, ਇਸ ਸੰਸਦੀ ਪਰਿਵਾਰ ਵਿੱਚ ਵੀ ਮਤਭੇਦ ਹੋਣੇ ਲਾਜ਼ਮੀ ਹਨ; ਅੱਗੇ ਕਿਵੇਂ ਵਧਣਾ ਹੈ, ਇਸ ਬਾਰੇ ਵੱਖੋ-ਵੱਖਰੇ ਵਿਚਾਰ ਹੋਣਗੇ। ਪਰ ਅਸੀਂ ਇੱਕ ਪਰਿਵਾਰ ਬਣੇ ਹੋਏ ਹਾਂ, ਅਤੇ ਰਾਸ਼ਟਰ ਦੇ ਹਿੱਤ ਸਾਡੀ ਪ੍ਰਮੁੱਖ ਪ੍ਰਾਥਮਿਕਤਾ ਹਨ। ਸਿਆਸੀ ਪ੍ਰਕਿਰਿਆਵਾਂ ਪਾਰਟੀ ਸੰਗਠਨਾਂ ਦੇ ਤੰਤਰ ਦੁਆਰਾ ਚਲਦੀਆਂ ਹਨ, ਪਰ ਪਾਰਟੀਆਂ ਨੂੰ ਪੱਖਪਾਤੀ ਪਹੁੰਚ ਤੋਂ ਉੱਪਰ ਉੱਠ ਕੇ 'ਰਾਸ਼ਟਰ ਪਹਿਲਾਂ' ਦੀ ਭਾਵਨਾ ਨਾਲ, ਆਮ ਆਦਮੀ ਅਤੇ ਮਹਿਲਾ ਲਈ ਕੀ ਚੰਗਾ, ਕੀ ਜ਼ਰੂਰੀ ਹੈ, 'ਤੇ ਵਿਚਾਰ ਕਰਨਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਅਸੀਂ ਪੂਰੇ ਦੇਸ਼ ਨੂੰ ਇੱਕ ਪਰਿਵਾਰ ਸਮਝਦੇ ਹਾਂ, ਤਾਂ ਅਸੀਂ ਇਹ ਵੀ ਸਮਝਦੇ ਹਾਂ ਕਿ ਮਤਭੇਦ ਇੱਕ ਸਮੇਂ ਵਿੱਚ ਪੈਦਾ ਹੋ ਜਾਂਦੇ ਹਨ। ਅਜਿਹੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਸ਼ਾਂਤੀ ਅਤੇ ਸਦਭਾਵਨਾ ਨਾਲ ਹੱਲ ਕੀਤਾ ਜਾ ਸਕਦਾ ਹੈ। ਨਾਗਰਿਕਾਂ ਅਤੇ ਸਿਆਸੀ ਪਾਰਟੀਆਂ ਪਾਸ ਉਨ੍ਹਾਂ ਲਈ ਕਈ ਸੰਵਿਧਾਨਕ ਰਾਹ ਖੁੱਲ੍ਹੇ ਹਨ, ਜਿਨ੍ਹਾਂ ਵਿੱਚ ਵਿਰੋਧ ਪ੍ਰਦਰਸ਼ਨ ਵੀ ਸ਼ਾਮਲ ਹਨ। ਆਖਰ, ਸਾਡੇ ਰਾਸ਼ਟਰ ਪਿਤਾ ਨੇ ਇਸ ਮਕਸਦ ਲਈ ਸੱਤਿਆਗ੍ਰਹਿ ਦਾ ਹਥਿਆਰ ਵਰਤਿਆ। ਪਰ ਉਨ੍ਹਾਂ ਨੂੰ ਦੂਸਰੇ ਪਾਸੇ ਦੀ ਵੀ ਓਨੀ ਹੀ ਚਿੰਤਾ ਸੀ। ਨਾਗਰਿਕਾਂ ਨੂੰ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਵਿਰੋਧ ਕਰਨ ਦਾ ਅਧਿਕਾਰ ਹੈ, ਪਰ ਇਹ ਹਮੇਸ਼ਾ ਸ਼ਾਂਤਮਈ ਗਾਂਧੀਵਾਦੀ ਢਾਂਚੇ ਵਿੱਚ ਹੋਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਲੋਕ ਸੇਵਾ ਵਿੱਚ ਉਨ੍ਹਾਂ ਦੇ ਕਰੀਅਰ ਅਤੇ ਸਰਕਾਰਾਂ ਦੇ ਪ੍ਰਯਤਨਾਂ 'ਤੇ ਨਜ਼ਰ ਮਾਰੀਏ ਤਾਂ ਸਾਨੂੰ ਇਹ ਪ੍ਰਵਾਨ ਕਰਨਾ ਚਾਹੀਦਾ ਹੈ, ਭਾਵੇਂ ਹਾਸ਼ੀਏ 'ਤੇ ਪਏ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਉਠਾਉਣ ਲਈ ਬਹੁਤ ਕੁਝ ਹਾਸਲ ਕੀਤਾ ਗਿਆ ਹੈ ਪਰ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਦੇਸ਼, ਹੌਲ਼ੀ-ਹੌਲ਼ੀ, ਪਰ ਯਕੀਨਨ, ਡਾ. ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਇੱਕ ਕੱਚੇ ਘਰ ਵਿੱਚ ਪਲ਼ੇ ਹਨ ਪਰ ਹੁਣ ਬਹੁਤ ਘੱਟ ਬੱਚਿਆਂ ਨੂੰ ਲੀਕ ਹੋਈ ਛੱਤਾਂ ਵਾਲੇ ਕੱਚੇ ਘਰਾਂ ਵਿੱਚ ਰਹਿਣਾ ਪੈਂਦਾ ਹੈ। ਵੱਧ ਤੋਂ ਵੱਧ ਗ਼ਰੀਬ ਲੋਕ ਪੱਕੇ ਘਰਾਂ ਵਿੱਚ ਤਬਦੀਲ ਹੋ ਰਹੇ ਹਨ, ਕੁਝ ਹੱਦ ਤੱਕ ਸਰਕਾਰ ਦੀ ਸਿੱਧੀ ਸਹਾਇਤਾ ਨਾਲ ਅਜਿਹਾ ਹੋ ਰਿਹਾ ਹੈ। ਸਾਡੀਆਂ ਭੈਣਾਂ ਅਤੇ ਬੇਟੀਆਂ ਦਾ ਪੀਣ ਵਾਲਾ ਪਾਣੀ ਲਿਆਉਣ ਲਈ ਮੀਲਾਂ ਪੈਦਲ ਚਲਣਾ ਹੁਣ ਬੀਤੇ ਦੀ ਗੱਲ ਬਣ ਗਿਆ ਹੈ ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਹਰ ਘਰ ਟੂਟੀ ਜ਼ਰੀਏ ਪਾਣੀ ਮਿਲੇ। ਅਸੀਂ ਹਰ ਘਰ ਵਿੱਚ ਪਖਾਨੇ ਵੀ ਲਗਾਏ ਹਨ, ਜੋ ਇੱਕ ਸਵੱਛ ਅਤੇ ਸਿਹਤਮੰਦ ਭਾਰਤ ਦੇ ਨਿਰਮਾਣ ਦੀ ਨੀਂਹ ਰੱਖ ਰਹੇ ਹਨ। ਸੂਰਜ ਡੁੱਬਣ ਤੋਂ ਬਾਅਦ ਲਾਲਟੈਣਾਂ ਅਤੇ ਦੀਵੇ ਜਗਾਉਣ ਦੀਆਂ ਯਾਦਾਂ ਵੀ ਮੱਧਮ ਪੈ ਰਹੀਆਂ ਹਨ ਕਿਉਂਕਿ ਲਗਭਗ ਸਾਰੇ ਪਿੰਡਾਂ ਨੂੰ ਆਖਰਕਾਰ ਬਿਜਲੀ ਕਨੈਕਸ਼ਨ ਪ੍ਰਦਾਨ ਕਰ ਦਿੱਤੇ ਗਏ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ ਬੁਨਿਆਦੀ ਲੋੜਾਂ ਦਾ ਧਿਆਨ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਇੱਛਾਵਾਂ ਵੀ ਬਦਲ ਰਹੀਆਂ ਹਨ। ਔਸਤ ਭਾਰਤੀਆਂ ਦੇ ਸੁਪਨਿਆਂ ਨੂੰ ਹੁਣ ਖੰਭ ਲਗ ਗਏ ਹਨ। ਇਹ ਚੰਗੇ ਸ਼ਾਸਨ ਦੁਆਰਾ ਸੰਭਵ ਹੋਇਆ ਹੈ, ਜੋ ਕਿ ਪਰਿਭਾਸ਼ਾ ਅਨੁਸਾਰ ਬਿਨਾ ਕਿਸੇ ਭੇਦਭਾਵ ਦੇ ਹੈ। ਇਹ ਸਰਬਪੱਖੀ ਤਰੱਕੀ ਬਾਬਾ ਸਾਹੇਬ ਅੰਬੇਡਕਰ ਦੀ ਕਲਪਨਾ ਨਾਲ ਮੇਲ ਖਾਂਦੀ ਹੈ।
ਰਾਸ਼ਟਰਪਤੀ ਦਾ ਹਿੰਦੀ ਵਿੱਚ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
ਰਾਸ਼ਟਰਪਤੀ ਦਾ ਅੰਗ੍ਰੇਜ਼ੀ ਵਿੱਚ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
******
ਡੀਐੱਸ/ਬੀਐੱਮ
(Release ID: 1844543)