ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਏਕਤਾ, ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਦੀਆਂ ਭਾਰਤੀ ਸੱਭਿਅਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ 'ਅਧਿਆਤਮਕ ਪੁਨਰਜਾਗਰਣ' ਦਾ ਸੱਦਾ ਦਿੱਤਾ
ਅਧਿਆਤਮਿਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ; ਇਹ ਸਾਡੇ ਰਾਸ਼ਟਰ ਦੀ ਆਤਮਾ ਹੈ - ਉਪ ਰਾਸ਼ਟਰਪਤੀ
ਭਗਵਦ ਗੀਤਾ ਮਨੁੱਖੀ ਹੋਂਦ ਦੀਆਂ ਸਾਰੀਆਂ ਸਮੱਸਿਆਵਾਂ ਦੇ ਸਮਝਦਾਰ ਹੱਲ ਪ੍ਰਦਾਨ ਕਰਦੀ ਹੈ - ਸ਼੍ਰੀ ਨਾਇਡੂ
ਉਪ ਰਾਸ਼ਟਰਪਤੀ ਨੇ ਇਸਕੌਨ ਦੇ ਬਾਨੀ ਦੀ ਜੀਵਨੀ - 'ਸਿੰਗ, ਡਾਂਸ ਐਂਡ ਪ੍ਰੇਅ - ਸ੍ਰੀਲਾਪ੍ਰਭੂਪਦ ਦੀ ਪ੍ਰੇਰਨਾਦਾਇਕ ਕਹਾਣੀ' ਰਿਲੀਜ਼ ਕੀਤੀ
ਉਪ ਰਾਸ਼ਟਰਪਤੀ ਨੇ ਸ੍ਰੀਲਾਪ੍ਰਭੂਪਦ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਅਧਿਆਤਮਕਤਾ ਦੇ ਮਹਾਨ ਰਾਜਦੂਤਾਂ ਵਿੱਚੋਂ ਇੱਕ ਦੱਸਿਆ
ਸਕੂਲਾਂ ਵਿੱਚ ਲਾਜ਼ਮੀ ਭਾਈਚਾਰਕ ਸੇਵਾ ਵਿਦਿਆਰਥੀਆਂ ਵਿੱਚ ਸੇਵਾ ਅਤੇ 'ਸ਼ੇਅਰ ਐਂਡ ਕੇਅਰ' ਦੀ ਭਾਵਨਾ ਪੈਦਾ ਕਰਨ ਵਿੱਚ ਮਦਦ ਕਰਦੀ ਹੈ: ਸ਼੍ਰੀ ਨਾਇਡੂ
Posted On:
24 JUL 2022 1:31PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਕਿਹਾ ਕਿ ਭਾਰਤੀ ਸੱਭਿਅਤਾ ਏਕਤਾ, ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਦੀਆਂ ਵਿਸ਼ਵਵਿਆਪੀ ਕਦਰਾਂ-ਕੀਮਤਾਂ ਲਈ ਖੜ੍ਹੀ ਹੈ, ਅਤੇ ਇਨ੍ਹਾਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਅਤੇ ਇਨ੍ਹਾਂ ਦਾ ਪ੍ਰਚਾਰ ਕਰਨ ਲਈ 'ਅਧਿਆਤਮਿਕ ਪੁਨਰਜਾਗਰਣ' ਦਾ ਸੱਦਾ ਦਿੱਤਾ।
ਅੱਜ ਉਪ-ਰਾਸ਼ਟਰਪਤੀ ਨਿਵਾਸ ਵਿਖੇ “ਗਾਓ, ਨੱਚੋ ਅਤੇ ਪ੍ਰਾਰਥਨਾ ਕਰੋ – ਸ੍ਰੀਲਾ ਪ੍ਰਭੂਪਾਦ ਦੀ ਪ੍ਰੇਰਣਾਦਾਇਕ ਕਹਾਣੀ” ਪੁਸਤਕ ਨੂੰ ਰਿਲੀਜ਼ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਸਵਾਮੀ ਪ੍ਰਭੂਪਾਦ ਜਿਹੇ ਮਹਾਨ ਸੰਤਾਂ ਤੇ ਅਧਿਆਤਮਿਕ ਗੁਰੂਆਂ ਤੋਂ ਪ੍ਰੇਰਨਾ ਲੈਣ ਅਤੇ ਬਿਹਤਰ ਇਨਸਾਨ ਬਣਨ ਲਈ ਅਨੁਸ਼ਾਸਨ, ਸਖ਼ਤ ਮਿਹਨਤ, ਧੀਰਜ ਅਤੇ ਹਮਦਰਦੀ ਜਿਹੇ ਉਨ੍ਹਾਂ ਦੇ ਗੁਣਾਂ ਨੂੰ ਗ੍ਰਹਿਣ ਕਰਨ ਲਈ ਕਿਹਾ। ਉਨ੍ਹਾਂ ਕਿਹਾ, “ਤੁਹਾਨੂੰ ਹਮੇਸ਼ਾ ਜਾਤ, ਲਿੰਗ, ਧਰਮ ਅਤੇ ਖੇਤਰ ਦੇ ਤੰਗ ਵਿਚਾਰਾਂ ਤੋਂ ਉੱਪਰ ਉੱਠ ਕੇ ਸਮਾਜ ਵਿੱਚ ਏਕਤਾ, ਸਦਭਾਵਨਾ ਅਤੇ ਸ਼ਾਂਤੀ ਲਿਆਉਣ ਲਈ ਕੰਮ ਕਰਨਾ ਚਾਹੀਦਾ ਹੈ।” ਡਾ. ਹਿੰਡੋਲ ਸੇਨਗੁਪਤਾ ਦੁਆਰਾ ਲਿਖੀ ਗਈ ਕਿਤਾਬ ‘ਇਸਕੌਨ’ ਦੇ ਬਾਨੀ ਸ੍ਰੀਲਾ ਪ੍ਰਭੂਪਦਾ ਦੀ ਜੀਵਨੀ ਹੈ।
ਭਗਵਦ ਗੀਤਾ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਦਾ ਸਿਹਰਾ ਸ੍ਰੀਲਾ ਪ੍ਰਭੂਪਾਦ ਨੂੰ ਦਿੰਦਿਆਂ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਧੁਨਿਕ ਯੁਗ ਵਿੱਚ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਸਭ ਤੋਂ ਮਹਾਨ ਰਾਜਦੂਤਾਂ ਵਿੱਚੋਂ ਇੱਕ ਕਿਹਾ। ਉਨ੍ਹਾਂ ਅਧਿਆਤਮਿਕਤਾ ਨੂੰ ਸਾਡੀ ਸਭ ਤੋਂ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਅਧਿਆਤਮਿਕਤਾ ਸਾਡੇ ਰਾਸ਼ਟਰ ਦੀ ਆਤਮਾ ਅਤੇ ਪ੍ਰਾਚੀਨ ਕਾਲ ਤੋਂ ਹੀ ਸਾਡੀ ਸੱਭਿਅਤਾ ਦੀ ਨੀਂਹ ਰਹੀ ਹੈ। ਸਾਡੇ ਪ੍ਰਾਚੀਨ ਗ੍ਰੰਥਾਂ ਦੀ ਉਨ੍ਹਾਂ ਦੇ ਅਲੌਕਿਕ ਅਧਿਆਤਮਿਕ ਮੁੱਲ ਲਈ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ, ਉਹ ਲੋਕਾਂ ਨੂੰ ਨੈਤਿਕਤਾ ਅਤੇ ਕਦਰਾਂ-ਕੀਮਤਾਂ 'ਤੇ ਅਧਾਰਿਤ ਆਦਰਸ਼ ਜੀਵਨ ਜਿਊਣ ਲਈ ਨਿਰਦੇਸ਼ਿਤ ਕਰਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ, "ਸਾਡਾ ਧਰਮ ਗ੍ਰੰਥ ਭਗਵਦ ਗੀਤਾ ਮਨੁੱਖੀ ਹੋਂਦ ਦੀਆਂ ਸਾਰੀਆਂ ਸਮੱਸਿਆਵਾਂ, ਦੁਖਾਂ ਤੋਂ ਮੁਕਤੀ, ਸਵੈ-ਬੋਧ ਅਤੇ ਮੋਕਸ਼ ਜਾਂ ਮੁਕਤੀ ਦੀ ਪ੍ਰਾਪਤੀ ਤੱਕ, ਧਰਮ ਦੀ ਪ੍ਰਕਿਰਤੀ ਅਤੇ ਮਹੱਤਤਾ ਤੋਂ ਲੈ ਕੇ ਕਿਰਿਆ, ਸ਼ਰਧਾ ਦੇ ਮਹੱਤਵ ਤੱਕ ਅਤੇ ਹੋਰ ਦਾਰਸ਼ਨਿਕ ਸਵਾਲਾਂ ਦੀ ਇੱਕ ਵਿਸ਼ਾਲ ਲੜੀ ਰਾਹੀਂ ਬਹੁਤ ਸੂਝਬੂਝ ਭਰਪੂਰ ਹੱਲ ਪ੍ਰਦਾਨ ਕਰਦਾ ਹੈ।"
ਭਾਰਤ ਨੂੰ ਭਗਤੀ ਦੀ ਧਰਤੀ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਭਗਤੀ ਭਾਰਤੀਆਂ ਦੀਆਂ ਰਗਾਂ ਵਿੱਚ ਵਗਦੀ ਹੈ ਅਤੇ ਭਾਰਤ ਦੀ ਸਮੂਹਿਕ ਸੱਭਿਅਤਾ ਦੀ ਚੇਤਨਾ ਦੀ ਜੀਵਨ–ਰੇਖਾ ਹੈ। ਸ਼੍ਰੀ ਨਾਇਡੂ ਨੇ ਧਿਆਨ ਦਿਵਾਇਆ ਕਿ ਭਾਰਤ ਵਿੱਚ ਬਹੁਤ ਸਾਰੇ ਰਿਸ਼ੀਆਂ, ਮੁਨੀਆਂ ਅਤੇ ਆਚਾਰੀਆਂ ਨੇ ਗ਼ੈਰ-ਫਿਰਕੂ, ਸਰਬਵਿਆਪਕ ਉਪਾਸਨਾ ਵਿਧੀ ਰਾਹੀਂ ਜਨਤਾ ਨੂੰ ਉੱਚਾ ਚੁੱਕਿਆ ਹੈ ਅਤੇ "ਵਸੁਧੈਵ ਕੁਟੁੰਬਕਮ" ਦੇ ਸੰਦੇਸ਼ ਦਾ ਪ੍ਰਚਾਰ ਕਰਨ ਲਈ ਸ੍ਰੀਲਾਪ੍ਰਭੂਪਦ ਦੀ ਸ਼ਲਾਘਾ ਕੀਤੀ।
ਸ੍ਰੀਲਾਪ੍ਰਭੂਪਦ ਨੂੰ ਸਮਾਨਤਾਵਾਦੀ ਵਿਚਾਰਾਂ ਦਾ ਇੱਕ ਮਸ਼ਾਲਧਾਰੀ ਦੱਸਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਸਮਾਜ ਦੁਆਰਾ ਤਿਆਗੇ ਲੋਕਾਂ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਦੇ ਜੀਵਨ ’ਚ ਖੁਸ਼ੀ ਅਤੇ ਸੰਪੂਰਨਤਾ ਲਿਆਂਦੀ। ਵੈਦਿਕ ਗਿਆਨ ਅਤੇ ਸੰਸਕ੍ਰਿਤੀ ਦੇ ਪ੍ਰਸਾਰ ਰਾਹੀਂ ਵਿਸ਼ਵਵਿਆਪੀ ਸ਼ਾਂਤੀ ਅਤੇ ਸਦਭਾਵਨਾ ਲਈ ਸ੍ਰੀਲਾ ਪ੍ਰਭੂਪਦਾ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ, "ਉਨ੍ਹਾਂ ਸਿਰਫ਼ ਇੱਕ ਮਾਪਦੰਡ 'ਤੇ ਜ਼ੋਰ ਦਿੱਤਾ ਸੀ ਭਗਤੀ, ਜਾਂ ਪਰਮਾਤਮਾ ਦਾ ਪਿਆਰ।" ਉਪ ਰਾਸ਼ਟਰਪਤੀ ਨੇ ਆਪਣੇ ਗੁਰੂ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਇਸਕੋਨ, ਬੰਗਲੌਰ ਦੇ ਪ੍ਰਧਾਨ ਸ਼੍ਰੀ ਮਧੂ ਪੰਡਿਤ ਦਾਸ ਦੇ ਪ੍ਰਯਤਨਾਂ ਦੀ ਵੀ ਸ਼ਲਾਘਾ ਕੀਤੀ।
ਸਵਾਮੀ ਪ੍ਰਭੂਪਦ ਦੀ ਇੱਛਾ ਨੂੰ ਚੇਤੇ ਕਰਦੇ ਹੋਏ ਕਿ ਕ੍ਰਿਸ਼ਨਾ ਮੰਦਰ ਦੇ ਦਸ ਮੀਲ ਦੇ ਘੇਰੇ ਵਿੱਚ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ, ਉਪ ਰਾਸ਼ਟਰਪਤੀ ਨੇ ਇਸਕੋਨ ਦੀ ਸੇਵਾ ਦੀ ਸ਼ਾਨਦਾਰ ਭਾਵਨਾ ਲਈ ਸ਼ਲਾਘਾ ਕੀਤੀ। ਸੇਵਾ ਦੀ ਇਸ ਭਾਵਨਾ ਅਤੇ 'ਸ਼ੇਅਰ ਐਂਡ ਕੇਅਰ' ਨੂੰ ਭਾਰਤੀ ਮੁੱਲ ਪ੍ਰਣਾਲੀ ਦੇ ਧੁਰੇ ਵਜੋਂ ਦਰਸਾਦਿਆਂ ਸ਼੍ਰੀ ਨਾਇਡੂ ਚਾਹੁੰਦੇ ਸਨ ਕਿ ਨੌਜਵਾਨ ਇਨ੍ਹਾਂ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਅਤੇ ਇਸ ਉਦੇਸ਼ ਲਈ, ਸਕੂਲਾਂ ਅਤੇ ਕਾਲਜਾਂ ਵਿੱਚ ਸਮਾਜ ਸੇਵਾ ਨੂੰ ਲਾਜ਼ਮੀ ਬਣਾਉਣ ਦਾ ਸੁਝਾਅ ਦਿੱਤਾ। ਉਪ-ਰਾਸ਼ਟਰਪਤੀ ਨੇ ਗਰੀਬ ਬੱਚਿਆਂ ਅਤੇ ਭਾਈਚਾਰਿਆਂ ਲਈ ਅਮੁੱਲ ਸੇਵਾ ਪ੍ਰਦਾਨ ਕਰਨ ਲਈ ਇਸਕੋਨ ਦੀ ਅਗਵਾਈ ਵਾਲੀ ਅਕਸ਼ੈ ਪਾਤਰ ਫਾਊਂਡੇਸ਼ਨ - ਵਿਸ਼ਵ ਦੀ ਸਭ ਤੋਂ ਵੱਡੀ ਐੱਨਜੀਓ ਦੁਆਰਾ ਚਲਾਏ ਜਾਣ ਵਾਲੇ ਸਕੂਲ ਦੁਪਹਿਰ ਦੇ ਖਾਣੇ ਦੇ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ।
‘ਸਿੰਗ, ਡਾਂਸ, ਅਤੇ ਪ੍ਰੇਅ’ ਕਿਤਾਬ ਪ੍ਰਕਾਸ਼ਿਤ ਕਰਨ ਲਈ ਲੇਖਕ ਡਾ. ਹਿੰਡੋਲ ਸੇਨਗੁਪਤਾ ਅਤੇ ਇਸਕੋਨ ਬੰਗਲੁਰੂ ਨੂੰ ਵਧਾਈ ਦਿੰਦਿਆਂ ਉਪ ਰਾਸ਼ਟਰਪਤੀ ਨੇ ਇਸ ਨੂੰ ਸ੍ਰੀਲਾਪ੍ਰਭੂਪਾਦ ਨੂੰ ਉਨ੍ਹਾਂ ਦੀ 125ਵੀਂ ਜਯੰਤੀ 'ਤੇ ਢੁਕਵੀਂ ਸ਼ਰਧਾਂਜਲੀ ਕਰਾਰ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਜੀਵਨੀ ਇਸ ਸਿਧਾਂਤ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਲਾਗੂ ਕਰਨ ਲਈ ਆਪਣੇ ਪਾਠਕਾਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਲੇਖਕ ਅਤੇ ਪ੍ਰਕਾਸ਼ਕਾਂ ਨੂੰ ਪੁਸਤਕ ਦਾ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ।
ਪੁਸਤਕ ਲਾਂਚ ਸਮਾਰੋਹ ਦੌਰਾਨ ਇਸਕੋਨ ਬੰਗਲੌਰ ਦੇ ਪ੍ਰਧਾਨ ਅਤੇ ਅਕਸ਼ੈ ਪਾਤਰ ਦੇ ਚੇਅਰਮੈਨ ਸ਼੍ਰੀ ਮਧੂ ਪੰਡਿਤ ਦਾਸਾ, ਉਪ ਚੇਅਰਮੈਨ ਸ਼੍ਰੀ ਚੰਚਲਪਤੀ ਦਾਸਾ, ਪੁਸਤਕ ਦੇ ਲੇਖਕ ਅਤੇ ਇਤਿਹਾਸਕਾਰ ਡਾ. ਹਿੰਡੋਲ ਸੇਨਗੁਪਤਾ, ਇਸਕੌਨ ਦੇ ਸ਼ਰਧਾਲੂ ਅਤੇ ਹੋਰ ਹਾਜ਼ਰ ਸਨ।
**********
ਐੱਮਐੱਸ/ਆਰਕੇ
(Release ID: 1844541)
Visitor Counter : 165