ਉਪ ਰਾਸ਼ਟਰਪਤੀ ਸਕੱਤਰੇਤ

ਸਕੂਲਾਂ ਨੂੰ ਵਿਦਿਆਰਥੀਆਂ ਵਿੱਚ ਉਤਸੁਕਤਾ ਅਤੇ ਇਨੋਵੇਸ਼ਨ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ: ਉਪ-ਰਾਸ਼ਟਰਪਤੀ



'ਸਰਬਸ੍ਰੇਸ਼ਠ ਕੌਸ਼ਲ ਜੋ ਅੱਜ ਸਕੂਲ ਵਿਦਿਆਰਥੀਆਂ ਨੂੰ ਪ੍ਰਦਾਨ ਕਰ ਸਕਦੇ ਹਨ ਉਹ ਹੈ ਅਨੁਕੂਲਤਾ'



ਉਪ ਰਾਸ਼ਟਰਪਤੀ ਨੇ ਫੀਲਡ ਗਤੀਵਿਧੀਆਂ ਅਤੇ ਕਮਿਊਨਿਟੀ ਸੇਵਾ ਪਹਿਲਾਂ ਦੇ ਨਾਲ ਕਲਾਸਰੂਮ ਅਧਿਆਪਨ ਨੂੰ ਪੂਰਕ ਕਰਨ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਸਕੂਲਾਂ ਵਿੱਚ ਸਿੱਖਿਆ ਦੇ ਮਾਧਿਅਮ ਵਜੋਂ ਮਾਤ ਭਾਸ਼ਾ ਦਾ ਸਮਰਥਨ ਕੀਤਾ



ਸ਼੍ਰੀ ਨਾਇਡੂ ਨੇ ਕਿਹਾ, “ਕਦਰਾਂ-ਕੀਮਤਾਂ ਤੋਂ ਬਿਨਾਂ ਸਿੱਖਿਆ, ਸਿੱਖਿਆ ਹੀ ਨਹੀਂ ਹੈ”



ਰਾਸ਼ਟਰਪਤੀ ਨੇ ਵੇਲੋਰ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ ਕੀਤਾ

Posted On: 29 JUN 2022 2:28PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਦੇਸ਼ ਭਰ ਦੇ ਸਕੂਲਾਂ ਨੂੰ ਤਾਕੀਦ ਕੀਤੀ ਕਿ ਉਹ ਵਿਦਿਆਰਥੀਆਂ ਵਿੱਚ ਉਤਸੁਕਤਾ, ਇਨੋਵੇਸ਼ਨ ਅਤੇ ਉਤਕ੍ਰਿਸ਼ਟਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਤਾਂ ਜੋ ਉਹ 21ਵੀਂ ਸਦੀ ਦੀ ਟੈਕਨੋਲੋਜੀ-ਸੰਚਾਲਿਤ ਦੁਨੀਆ ਦੀਆਂ ਚੁਣੌਤੀਆਂ ਲਈ ਤਿਆਰ ਹੋ ਸਕਣ।

 

ਰੱਟਣ ਵਾਲੀ ਸਿੱਖਿਆ ਤੋਂ ਦੂਰ ਰਹਿ ਕੇ ਸਿੱਖਿਆ ਪ੍ਰਤੀ ਭਵਿੱਖਮੁਖੀ ਪਹੁੰਚ ਅਪਣਾਉਣ ਦਾ ਸੱਦਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ "ਅੱਜ ਵਿਦਿਆਰਥੀਆਂ ਨੂੰ ਸਰਬਸ੍ਰੇਸ਼ਠ ਕੌਸ਼ਲ ਜੋ ਸਕੂਲ ਪ੍ਰਦਾਨ ਕਰ ਸਕਦੇ ਹਨ ਉਹ ਹੈ ਅਨੁਕੂਲਤਾ।” ਉਨ੍ਹਾਂ ਅੱਗੇ ਕਿਹਾ "ਵਿਦਿਆਰਥੀਆਂ ਨੂੰ ਆਪਣੇ ਆਪ ਹੀ ਤੇਜ਼ੀ ਨਾਲ ਸੋਚਣ, ਚੁਸਤ-ਦਰੁਸਤ ਹੋਣ ਅਤੇ ਅਤਿ-ਆਧੁਨਿਕ ਟੈਕਨੋਲੋਜੀਆਂ ਦੀ ਵਰਤੋਂ ਕਰਕੇ ਇਨੋਵੇਟ ਕਰਨ ਲਈ ਟ੍ਰੇਨਿੰਗ ਦਿਓ।”

 

ਉਪ ਰਾਸ਼ਟਰਪਤੀ ਚੇਨਈ ਦੇ ਨੇੜੇ ਵੀਆਈਟੀ ਗਰੁੱਪ ਆਵ੍ ਇੰਸਟੀਟਿਊਸ਼ਨਜ਼ ਦੀ ਪਹਿਲ ਵੇਲੋਰ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ ਕਰ ਰਹੇ ਸਨ। ਬੱਚੇ ਦੇ ਸ਼ੁਰੂਆਤੀ ਰਚਨਾਤਮਕ ਵਰ੍ਹਿਆਂ ਦੌਰਾਨ ਸਕੂਲੀ ਸਿੱਖਿਆ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਚਿੰਤਾ ਪ੍ਰਗਟ ਕੀਤੀ ਕਿ ਵਿਦਿਆਰਥੀ ਰਵਾਇਤੀ ਸਿੱਖਿਆ ਪ੍ਰਣਾਲੀ ਦੇ ਤਹਿਤ ਕਲਾਸਰੂਮ ਦੀ ਚਾਰ ਦੀਵਾਰੀ ਵਿੱਚ ਜ਼ਿਆਦਾਤਰ ਸਮਾਂ ਬਿਤਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ "ਬਾਹਰ ਦੀ ਦੁਨੀਆ ਦਾ ਅਨੁਭਵ ਕਰਨ - ਕੁਦਰਤ ਦੀ ਗੋਦ ਵਿੱਚ ਸਮਾਂ ਬਿਤਾਉਣ, ਸਮਾਜ ਦੇ ਸਾਰੇ ਵਰਗਾਂ ਨਾਲ ਗੱਲਬਾਤ ਕਰਨ, ਅਤੇ ਵਿਭਿੰਨ ਕਲਾਵਾਂ ਅਤੇ ਟਰੇਡਸ ਨੂੰ ਸਮਝਣ" ਲਈ ਉਤਸ਼ਾਹਿਤ ਕਰਨ ਲਈ ਕਿਹਾ।

 

https://twitter.com/VPSecretariat/status/1542048748700078080

 

ਸ਼੍ਰੀ ਨਾਇਡੂ ਨੇ ਕਿਹਾ ਕਿ ਕਲਾਸਰੂਮ ਲਰਨਿੰਗ ਨੂੰ ਖੇਤਰੀ ਗਤੀਵਿਧੀਆਂ, ਸਮਾਜਿਕ ਜਾਗਰੂਕਤਾ ਅਤੇ ਕਮਿਊਨਿਟੀ ਸੇਵਾ ਪਹਿਲਾਂ ਨਾਲ ਪੂਰਕ ਬਣਾਇਆ ਜਾਵੇ ਅਤੇ ਕਿਹਾ ਕਿ ਛੋਟੀ ਉਮਰ ਤੋਂ ਹੀ ਵਿਦਿਆਰਥੀਆਂ ਵਿੱਚ ਸੇਵਾ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਸਖ਼ਤ ਲੋੜ ਹੈ।

 

ਉਪ ਰਾਸ਼ਟਰਪਤੀ ਨੇ ਯਾਦ ਕੀਤਾ ਕਿ ਭਾਰਤ ਦੀ ਪ੍ਰਾਚੀਨ ਗੁਰੂਕੁਲ ਪ੍ਰਣਾਲੀ ਇੱਕ ਵਿਅਕਤੀ ਦੇ ਸਰਬਪੱਖੀ ਵਿਕਾਸ 'ਤੇ ਕੇਂਦ੍ਰਿਤ ਸੀ ਜਿਸ ਵਿੱਚ ਅਧਿਆਪਕ ਬੱਚੇ ਨਾਲ ਸਮਾਂ ਬਿਤਾਉਂਦੇ ਸਨ। ਵਿਦਿਆਰਥੀ ਦੇ ਚਰਿੱਤਰ ਨਿਰਮਾਣ ਅਤੇ ਸਹੀ ਮੁਲਾਂਕਣ 'ਤੇ ਜ਼ੋਰ ਦਿੱਤਾ ਜਾਂਦਾ ਸੀ। ਇਹ ਦੇਖਦੇ ਹੋਏ ਕਿ ਸਕੂਲਾਂ ਨੂੰ 'ਗੁਰੂ ਸ਼ਿਸ਼ਯ ਪਰੰਪਰਾ' ਦੇ ਸਕਾਰਾਤਮਕ ਪਹਿਲੂਆਂ ਦਾ ਅਨੁਸਰਣ ਕਰਨਾ ਚਾਹੀਦਾ ਹੈ, ਸ਼੍ਰੀ ਨਾਇਡੂ ਨੇ ਪਾਠਕ੍ਰਮ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਦਰਮਿਆਨ ਬਣਾਉਟੀ ਵਿੱਥ ਨੂੰ ਦੂਰ ਕਰਨ ਅਤੇ ਸਿੱਖਿਆ ਵਿੱਚ ਬਹੁ-ਅਨੁਸ਼ਾਸਨੀਤਾ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਕੂਲ ਕਦਰਾਂ-ਕੀਮਤਾਂ ‘ਤੇ ਅਧਾਰਿਤ, ਸੰਪੂਰਨ ਸਿੱਖਿਆ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰਨ ਜੋ "ਹਰੇਕ ਵਿਦਿਆਰਥੀ ਵਿੱਚੋਂ ਸਭ ਤੋਂ ਵੱਡੀ ਸਮਰੱਥਾ ਅਤੇ ਉੱਚਤਮ ਗੁਣਾਂ" ਨੂੰ ਸਾਹਮਣੇ ਲਿਆਉਂਦੀ ਹੈ। ਉਨ੍ਹਾਂ ਯਾਦ ਦਿਵਾਇਆ ਕਿ "ਕਦਰਾਂ-ਕੀਮਤਾਂ ਤੋਂ ਬਿਨਾਂ ਸਿੱਖਿਆ ਕੋਈ ਸਿੱਖਿਆ ਨਹੀਂ ਹੈ।”

 

ਸਕੂਲਾਂ ਵਿੱਚ ਸਿੱਖਿਆ ਦੇ ਮਾਧਿਅਮ ਵਜੋਂ ਮਾਤ ਭਾਸ਼ਾ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ “ਸਾਨੂੰ ਆਪਣੇ ਸਮਾਜਿਕ ਮਾਹੌਲ ਵਿੱਚ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਖੁੱਲ੍ਹ ਕੇ ਬੋਲਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜਦੋਂ ਅਸੀਂ ਆਪਣੀ ਮਾਂ-ਬੋਲੀ ਵਿੱਚ ਖੁੱਲ੍ਹ ਕੇ ਅਤੇ ਮਾਣ ਨਾਲ ਗੱਲ ਕਰ ਸਕਦੇ ਹਾਂ ਤਾਂ ਹੀ ਅਸੀਂ ਆਪਣੇ ਸੱਭਿਆਚਾਰਕ ਵਿਰਸੇ ਦੀ ਸੱਚਮੁੱਚ ਕਦਰ ਕਰ ਸਕਦੇ ਹਾਂ।”

 

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸੇ ਦੀ ਮਾਤ ਭਾਸ਼ਾ ਤੋਂ ਇਲਾਵਾ, ਹੋਰ ਭਾਸ਼ਾਵਾਂ ਵਿੱਚ ਮੁਹਾਰਤ ਸੱਭਿਆਚਾਰਕ ਪੁਲ ਬਣਾਉਣ ਵਿੱਚ ਮਦਦ ਕਰਦੀ ਹੈ ਅਤੇ ਅਨੁਭਵ ਦੀ ਨਵੀਂ ਦੁਨੀਆ ਲਈ ਵਿੰਡੋ ਖੋਲ੍ਹਦੀ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ "ਕਿਸੇ ਭਾਸ਼ਾ ਦਾ ਕੋਈ ਥੋਪਣ ਜਾਂ ਵਿਰੋਧ ਨਹੀਂ ਹੋਣਾ ਚਾਹੀਦਾ", ਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਹਰ ਕਿਸੇ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਪਰ ਮਾਤ ਭਾਸ਼ਾ ਨੂੰ ਪ੍ਰਮੁੱਖਤਾ ਦਿੱਤੀ ਜਾਣੀ ਚਾਹੀਦੀ ਹੈ।

 

ਸ਼੍ਰੀ ਨਾਇਡੂ ਨੇ ਸਕੂਲਾਂ ਨੂੰ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿਦਿਆਰਥੀਆਂ ਨੂੰ ਨਿਯਮਿਤ ਸਰੀਰਕ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰਨ ਦੀ ਵੀ ਤਾਕੀਦ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੁਅਸਥ ਜੀਵਨ ਸ਼ੈਲੀ ਬਣਾਉਣ ਲਈ ਉਤਸ਼ਾਹ ਨਾਲ ਖੇਡਾਂ ਜਾਂ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਨ ਦੀ ਸਲਾਹ ਦਿੱਤੀ।

 

ਇਸ ਮੌਕੇ ‘ਤੇ ਸ਼੍ਰੀ ਟੀ ਐੱਮ ਅਨਬਰਸਨ, ਐੱਮਐੱਸਐੱਮਈ ਮੰਤਰੀ, ਤਾਮਿਲਨਾਡੂ ਸਰਕਾਰ, ਡਾ. ਜੀ ਵਿਸ਼ਵਨਾਥਨ, ਸੰਸਥਾਪਕ ਅਤੇ ਚਾਂਸਲਰ, ਵੀਆਈਟੀ ਗਰੁੱਪ ਆਵ੍ ਇੰਸਟੀਟਿਊਸ਼ਨਜ਼, ਸ਼੍ਰੀ ਜੀ ਵੀ ਸੇਲਵਮ, ਚੇਅਰਮੈਨ, ਵੀਆਈਐੱਸ ਅਤੇ ਵਾਈਸ-ਪ੍ਰੈਜ਼ੀਡੈਂਟ, ਵੀਆਈਟੀ, ਸ਼੍ਰੀ ਸੰਕਰ ਵਿਸ਼ਵਨਾਥਨ, ਵਾਈਸ-ਪ੍ਰੈਜ਼ੀਡੈਂਟ, ਵੀਆਈਟੀ, ਡਾ. ਸੇਕਰ ਵਿਸ਼ਵਨਾਥਨ, ਵਾਈਸ-ਪ੍ਰੈਜ਼ੀਡੈਂਟ, ਵੀਆਈਟੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

 

************

 

ਐੱਮਐੱਸ/ਆਰਕੇ/ਐੱਨਐੱਸ/ਡੀਪੀ



(Release ID: 1838107) Visitor Counter : 164