ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਵਿਜ਼ਟਰਜ਼ ਕਾਨਫਰੰਸ 2022 ਦਾ ਉਦਘਾਟਨ ਕੀਤਾ
ਉਨ੍ਹਾਂ ਵਿਜ਼ਿਟਰਜ਼ ਅਵਾਰਡ 2022 ਪ੍ਰਦਾਨ ਕੀਤੇ
ਜਲਦ ਪ੍ਰਭਾਵਿਤ ਹੋਣ ਵਾਲੇ ਨੌਜਵਾਨਾਂ ਦਾ ਪਰਿਵਰਤਨ ਕਰਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉੱਚੇਰੀ ਸਿੱਖਿਆ ਸੰਸਥਾਵਾਂ ਦੀ ਹੈ: ਰਾਸ਼ਟਰਪਤੀ ਕੋਵਿੰਦ
Posted On:
07 JUN 2022 6:31PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (7 ਜੂਨ, 2022) ਰਾਸ਼ਟਰਪਤੀ ਭਵਨ ਵਿਖੇ ਕੇਂਦਰੀ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਅਤੇ ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂ ਦੇ ਡਾਇਰੈਕਟਰਾਂ ਦੀ ਦੋ-ਦਿਨੀ ਕਾਨਫਰੰਸ ਦਾ ਉਦਘਾਟਨ ਕੀਤਾ।
ਰਾਸ਼ਟਰਪਤੀ 161 ਕੇਂਦਰੀ ਉੱਚੇਰੀ ਸਿੱਖਿਆ ਸੰਸਥਾਵਾਂ ਦੇ ਵਿਜ਼ਿਟਰ ਹਨ। 161 ਸੰਸਥਾਵਾਂ ਵਿੱਚੋਂ, 53 ਸੰਸਥਾਵਾਂ ਕਾਨਫਰੰਸ ਵਿੱਚ ਫਿਜ਼ੀਕਲੀ ਸ਼ਾਮਲ ਹੋ ਰਹੀਆਂ ਹਨ ਜਦੋਂ ਕਿ ਬਾਕੀ ਵਰਚੁਅਲੀ ਜੁੜੀਆਂ ਹੋਈਆਂ ਹਨ।
ਵੱਖੋ-ਵੱਖਰੇ ਸੈਸ਼ਨਾਂ ਵਿੱਚ, ਕਾਨਫਰੰਸ ਵਿੱਚ ਵਿਭਿੰਨ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਜਿਵੇਂ ਕਿ - ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਉੱਚੇਰੀ ਸਿੱਖਿਆ ਸੰਸਥਾਵਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ; ਉੱਚੇਰੀ ਸਿੱਖਿਆ ਸੰਸਥਾਵਾਂ ਦੀ ਅੰਤਰਰਾਸ਼ਟਰੀ ਰੈਂਕਿੰਗ; ਅਕਾਦਮਿਕ ਜਗਤ - ਉਦਯੋਗ ਅਤੇ ਨੀਤੀ ਨਿਰਮਾਤਾਵਾਂ ਦਰਮਿਆਨ ਸਹਿਯੋਗ; ਸਕੂਲ, ਉੱਚੇਰੀ ਅਤੇ ਵੋਕੇਸ਼ਨਲ ਸਿੱਖਿਆ ਨੂੰ ਇੰਟੀਗ੍ਰੇਟ ਕਰਨਾ; ਉੱਭਰ ਰਹੀਆਂ ਅਤੇ ਵਿਘਨਕਾਰੀ ਟੈਕਨੋਲੋਜੀਆਂ ਵਿੱਚ ਸਿੱਖਿਆ ਅਤੇ ਖੋਜ।
ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਵੱਡੇ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ, ਉੱਚੇਰੀ ਸਿੱਖਿਆ ਦੀਆਂ ਸੰਸਥਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਬਹੁਤ ਮਹੱਤਵਪੂਰਨ ਹੈ। ਸਾਨੂੰ ਦੁਨੀਆ ਵਿੱਚ ਸਰਵਸ੍ਰੇਸ਼ਠ ਲਈ ਵੀ ਬੈਂਚਮਾਰਕ ਤੈਅ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪਿਛਲੇ ਵਰ੍ਹੇ 29 ਦੇ ਮੁਕਾਬਲੇ ਇਸ ਵਰ੍ਹੇ 35 ਭਾਰਤੀ ਸੰਸਥਾਵਾਂ ਨੂੰ ਕਿਊਐੱਸ (QS) ਰੈਂਕਿੰਗ ਵਿੱਚ ਦਰਜਾ ਦਿੱਤਾ ਗਿਆ ਹੈ। ਚੋਟੀ ਦੀਆਂ 300 ਵਿੱਚ, ਪਿਛਲੇ ਵਰ੍ਹੇ ਚਾਰ ਦੇ ਮੁਕਾਬਲੇ ਇਸ ਵਰ੍ਹੇ ਛੇ ਸੰਸਥਾਵਾਂ ਹਨ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਇੰਡੀਅਨ ਇੰਸਟੀਟਿਊਟ ਆਵੑ ਸਾਇੰਸ ਨੇ 'ਖੋਜ' ਪੈਰਾਮੀਟਰ 'ਤੇ 100 ਦਾ ਪੂਰਨ ਸਕੋਰ ਪ੍ਰਾਪਤ ਕੀਤਾ ਹੈ ਅਤੇ ਇਸ ਪ੍ਰਤਿਸ਼ਠਾ ਨੂੰ ਦੁਨੀਆ ਦੀਆਂ ਅੱਠ ਉੱਚ ਪ੍ਰਸਿੱਧ ਸੰਸਥਾਵਾਂ ਪ੍ਰਿੰਸਟਨ, ਹਾਰਵਰਡ, ਐੱਮਆਈਟੀ ਅਤੇ ਕੈਲਟੇਕ ਨਾਲ ਸਾਂਝਾ ਕਰਦਾ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਆਈਆਈਐੱਸਸੀ ਦੇ ਡਾਇਰੈਕਟਰ ਡਾ. ਗੋਵਿੰਦਨ ਰੰਗਰਾਜਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈਆਂ ਦਿੱਤੀਆਂ।
ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਗੌਰਵਮਈ ਇਤਿਹਾਸ ਦੀ ਯਾਦ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਵੀ ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਉੱਚੇਰੀ ਸਿੱਖਿਆ ਸੰਸਥਾਵਾਂ ਇਸ ਦੇ ਕੇਂਦਰ ਵਿੱਚ ਹਨ, ਕਿਉਂਕਿ ਸਾਡੇ ਨੌਜਵਾਨ ਨਾਗਰਿਕ ਨਾ ਸਿਰਫ਼ ਅਤੀਤ ਦੇ ਵਾਰਸ ਹਨ, ਬਲਕਿ ਉਹ ਵੀ ਹਨ ਜੋ ਭਾਰਤ ਨੂੰ ਇਸ ਦੇ ਅਗਲੇ ਸੁਨਹਿਰੀ ਯੁੱਗ ਵਿੱਚ ਲੈ ਕੇ ਜਾਣਗੇ। ਉੱਚੇਰੀ ਸਿੱਖਿਆ ਸੰਸਥਾਵਾਂ ਦੀ ਜਲਦ ਪ੍ਰਭਾਵਿਤ ਹੋਣ ਵਾਲੀ ਨੌਜਵਾਨ ਪੀੜ੍ਹੀ (impressionable youth) ਨੂੰ ਬਦਲਣ ਦੀ ਵੱਡੀ ਜ਼ਿੰਮੇਵਾਰੀ ਹੈ। ਇਸ ਲਈ, ਸਾਨੂੰ ਉਨ੍ਹਾਂ ਦੀਆਂ ਆਸਾਂ-ਉਮੀਦਾਂ ਨੂੰ ਸੰਬੋਧਿਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਉਹ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਭਵਿੱਖ ਦੇ ਆਗੂ ਹਨ।
ਸਿੱਖਿਆ ਦੀ ਗੁਣਵੱਤਾ ਬਾਰੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇਸ ਨੂੰ ਸੁਧਾਰਨ ਲਈ, ਸਾਨੂੰ ਆਧੁਨਿਕ ਅਤੇ ਇਨੋਵੇਟਿਵ ਲਰਨਿੰਗ ਦੇ ਤਰੀਕਿਆਂ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਉੱਤਕ੍ਰਿਸ਼ਟਤਾ ਪ੍ਰਾਪਤ ਕਰਨ ਦੀ ਕੁੰਜੀ ਅਧਿਆਪਨ ਅਤੇ ਸਿੱਖਣ ਦੇ ਤਜ਼ਰਬੇ ਨੂੰ ਸਮ੍ਰਿਧ ਬਣਾਉਣ ਲਈ ਡਿਜੀਟਲ ਟੈਕਨੋਲੋਜੀਆਂ ਦੇ ਪਰਿਵਰਤਨਸ਼ੀਲ ਲਾਭਾਂ ਨੂੰ ਵਰਤਣਾ ਹੈ। ਡਿਜੀਟਲ ਟੈਕਨੋਲੋਜੀ ਸਿੱਖਿਆ ਦੀਆਂ ਸੀਮਾਵਾਂ ਨੂੰ ਵਧਾ ਰਹੀ ਹੈ। ਜਦੋਂ ਮਹਾਮਾਰੀ ਨੇ ਸਿੱਖਿਆ ਅਤੇ ਸਿੱਖਣ ਨੂੰ ਪਟੜੀ ਤੋਂ ਉਤਾਰਨ ਦਾ ਖਤਰਾ ਪੇਸ਼ ਕੀਤਾ, ਤਾਂ ਟੈਕਨੋਲੋਜੀ ਨੇ ਨਿਰੰਤਰਤਾ ਨੂੰ ਯਕੀਨੀ ਬਣਾਇਆ। ਉਨ੍ਹਾਂ ਕਿਹਾ ਕਿ ਕਠਿਨਾਈਆਂ ਸਨ, ਪਰ ਇਹ ਦੇਖਣਾ ਚੰਗਾ ਹੈ ਕਿ ਵਿਦਿਅਕ ਸੰਸਥਾਵਾਂ ਨੇ ਪੜ੍ਹਾਇਆ ਅਤੇ ਮੁਲਾਂਕਣ, ਪੜਤਾਲ ਅਤੇ ਖੋਜ ਨੂੰ ਨਿਰਵਿਘਨ ਜਾਰੀ ਰੱਖਿਆ। ਅਸੀਂ ਹੁਣ ਉਸ ਤਜ਼ਰਬੇ ਨੂੰ ਅੱਗੇ ਵਧਾ ਸਕਦੇ ਹਾਂ, ਅਤੇ ਵਿਦਿਆਰਥੀਆਂ ਨੂੰ ਵਿਸ਼ੇ ਦੀ ਪੂਰੀ ਸਮਝ ਪ੍ਰਦਾਨ ਕਰਦੇ ਹੋਏ ਕਲਾਸਰੂਮ ਸੈਸ਼ਨਾਂ ਨੂੰ ਵਧੇਰੇ ਪਰਸਪਰ ਪ੍ਰਭਾਵੀ ਬਣਾ ਸਕਦੇ ਹਾਂ। ਸਿੱਖਿਅਕਾਂ ਅਤੇ ਅਕਾਦਮਿਕ ਮਾਹਿਰਾਂ ਨੂੰ ਪਾਠਕ੍ਰਮ ਅਤੇ ਹੋਰ ਨੀਤੀਗਤ ਪਹਿਲਾਂ ਨੂੰ ਤਿਆਰ ਕਰਦੇ ਸਮੇਂ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਕਿ ਕੋਈ ਵੀ ਸ਼ੁੱਧ ਵਿਗਿਆਨ (pure sciences) ਦੇ ਮਹੱਤਵ ਤੋਂ ਇਨਕਾਰ ਨਹੀਂ ਕਰ ਸਕਦਾ, ਭਾਰਤ ਜਿਹੇ ਦੇਸ਼ ਲਈ ਸਮਾਜਿਕ ਅਤੇ ਆਰਥਿਕ ਤੌਰ 'ਤੇ ਸੰਬੰਧਿਤ ਨਤੀਜਿਆਂ ਲਈ ਖੋਜ ਦੀ ਵਰਤੋਂ ਕਰਨ ਦੇ ਮਹੱਤਵ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ, 'ਅਕਾਦਮਿਕ ਜਗਤ, ਉਦਯੋਗ ਅਤੇ ਨੀਤੀ ਨਿਰਮਾਤਾਵਾਂ ਦਰਮਿਆਨ ਸਹਿਯੋਗ' 'ਤੇ ਏਜੰਡਾ ਆਈਟਮ ਬਹੁਤ ਜ਼ਿਆਦਾ ਢੁਕਵੀਂ ਹੈ। ਭਾਰਤ ਵਿੱਚ ਅਜਿਹੀਆਂ ਬਹੁਤ ਸਾਰੀਆਂ ਪਹਿਲਾਂ ਹਨ ਜੋ ਦੋਵਾਂ ਤਰੀਕਿਆਂ ਨਾਲ ਕੰਮ ਕਰ ਰਹੀਆਂ ਹਨ - ਖੋਜ ਦੇ ਲਾਭਾਂ ਨੂੰ ਮਾਰਕੀਟ ਵਿੱਚ ਲੈ ਕੇ ਜਾਣਾ ਅਤੇ ਮਾਰਕੀਟ ਦੀ ਮੁਹਾਰਤ ਨੂੰ ਅਕਾਦਮਿਕ ਜਗਤ ਵਿੱਚ ਲਿਆਉਣਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਕਾਨਫਰੰਸ ਦੌਰਾਨ ਵਿਚਾਰ-ਵਟਾਂਦਰਾ ਸਾਨੂੰ ਇਸ ਖੇਤਰ ਦੀ ਬਿਹਤਰ ਸਮਝ ਪ੍ਰਦਾਨ ਕਰੇਗਾ ਅਤੇ ਇਸ ਦੀ ਸੁਵਿਧਾ ਲਈ ਹੋਰ ਨੀਤੀਗਤ ਵਿਕਾਸ ਵਿੱਚ ਵੀ ਮਦਦ ਕਰੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਪ੍ਰਵਾਨਿਤ ਵਿਸ਼ਵਾਸਾਂ 'ਤੇ ਸੁਆਲ ਉਠਾਉਣਾ ਅਤੇ ਲਹਿਰ ਦੇ ਵਿਰੁੱਧ ਵਹਿਣਾ ਅਕਸਰ ਮਾਨਵ ਪ੍ਰਗਤੀ ਦਾ ਅਧਾਰ ਰਿਹਾ ਹੈ। ਹਾਲਾਂਕਿ, ਬੇਮਿਸਾਲ ਟੈਕਨੋਲੋਜੀਕਲ ਪ੍ਰਗਤੀ ਦੇ ਯੁੱਗ ਵਿੱਚ, ਇਹ ਕੇਵਲ ਵਿਅਕਤੀਗਤ ਪ੍ਰਤਿਭਾ ਹੀ ਨਹੀਂ ਹੈ, ਬਲਕਿ ਸਹਾਇਤਾ ਪ੍ਰਣਾਲੀਆਂ ਵੀ ਹਨ ਜੋ ਅਜਿਹੀ ਤਰੱਕੀ ਦੀ ਸੁਵਿਧਾ ਦਿੰਦੀਆਂ ਹਨ। ਇਹ ਮਾਨਵ ਬੁੱਧੀ ਦੀ ਇੱਕ ਪੂਲਿੰਗ ਹੈ ਜਿਸ ਨੇ ਇਸ ਤਰਲ ਵਾਤਾਵਰਣ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਐਜੂਕੇਸ਼ਨ ਐਂਡ ਰਿਸਰਚ ਇਨ ਐਮਰਜਿੰਗ ਐਂਡ ਡਿਸਰਪ੍ਰਟਿਵ ਟੈਕਨੋਲੋਜੀ’ ਵਿਸ਼ੇ ’ਤੇ ਚਰਚਾ ਨਾਲ ਉੱਚੇਰੀ ਸਿੱਖਿਆ ਦੇ ਇਸ ਬਹੁਤ ਹੀ ਢੁਕਵੇਂ ਪਹਿਲੂ ਬਾਰੇ ਸਾਡੀ ਸਮਝ ਵਿੱਚ ਵਾਧਾ ਹੋਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਸਟਾਰਟ-ਅੱਪਸ ਅਤੇ ਇਨੋਵੇਸ਼ਨ ਦੇ ਇੱਕ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ, 28 ਰਾਜਾਂ ਅਤੇ ਛੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉੱਚੇਰੀ ਸਿੱਖਿਆ ਦੀਆਂ ਸੰਸਥਾਵਾਂ ਵਿੱਚ ਲਗਭਗ 2,775 ਸੰਸਥਾਗਤ ਇਨੋਵੇਸ਼ਨ ਕੌਂਸਲਾਂ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਇਹ ਪ੍ਰਯਤਨ ਉੱਚੇਰੀ ਸਿੱਖਿਆ ਸੰਸਥਾਵਾਂ ਅਤੇ ਉਦਯੋਗਾਂ ਦਰਮਿਆਨ ਸਮਾਜਿਕ ਤੌਰ 'ਤੇ ਢੁਕਵੀਂ ਭਾਈਵਾਲੀ ਦੇ ਉਦੇਸ਼ਾਂ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਅੱਗੇ ਵਧੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ 2014 ਵਿੱਚ 76 ਤੋਂ ਵੱਧ ਕੇ 2021 ਵਿੱਚ 46 ਹੋ ਗਈ ਹੈ। ਉਨ੍ਹਾਂ ਕਿਹਾ, ਹਾਲਾਂਕਿ, ਭਾਰਤ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਦੇ ਸੱਭਿਆਚਾਰ ਨੂੰ ਬਿਹਤਰ ਬਣਾਉਣ ਲਈ, ਸਾਨੂੰ ਪੇਟੈਂਟ ਲਈ ਫਾਈਲਿੰਗ ਨੂੰ ਉਤਸ਼ਾਹਿਤ ਕਰਨ ਅਤੇ ਇਸ ਲਈ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੀ ਲੋੜ ਹੈ।
ਏਜੰਡਾ ਆਈਟਮ 'ਸਕੂਲਿੰਗ ਅਤੇ ਉੱਚੇਰੀ ਅਤੇ ਵੋਕੇਸ਼ਨਲ ਸਿੱਖਿਆ ਨੂੰ ਇੰਟੀਗ੍ਰੇਟ ਕਰਨਾ' ਬਾਰੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਿਸਟਮ ਨੂੰ ਅਜਿਹੇ ਤਰੀਕੇ ਨਾਲ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਜੋ ਨਾ ਸਿਰਫ਼ ਗਿਆਨ ਨੂੰ ਵਧਾਉਂਦੀ ਹੈ, ਬਲਕਿ ਇੱਕ ਸੰਪੂਰਨ ਅਤੇ ਉਪਯੋਗੀ ਜੀਵਨ ਜਿਊਣ ਲਈ ਕੌਸ਼ਲ ਵੀ ਪ੍ਰਦਾਨ ਕਰਦੀ ਹੈ। ਸਕੂਲ ਨੀਂਹ ਰੱਖਦਾ ਹੈ, ਪਰ ਇਸ ਨੂੰ ਲਾਜ਼ਮੀ ਤੌਰ 'ਤੇ ਵਿਦਿਆਰਥੀ ਨੂੰ ਉੱਚੇਰੀ ਜਾਂ ਕਿੱਤਾਮੁਖੀ ਸਿੱਖਿਆ ਵੱਲ ਲੈ ਜਾਣਾ ਹੋਵੇਗਾ ਜੋ ਯੋਗਤਾ ਅਤੇ ਆਸਾਂ-ਉਮੀਦਾਂ ਦੋਵਾਂ ਨੂੰ ਪੂਰਾ ਕਰਦਾ ਹੈ।
ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ, ਰਾਸ਼ਟਰਪਤੀ ਨੇ ਹਾਇਪੌਕਸੀਆ-ਪ੍ਰੇਰਿਤ ਥ੍ਰੋਮੋਬਸਿਸ 'ਤੇ ਖੋਜ ਲਈ ਜਾਮੀਆ ਮਿਲੀਆ ਇਸਲਾਮੀਆ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਪ੍ਰੋਫੈਸਰ ਮੁਹੰਮਦ ਜ਼ਾਹਿਦ ਅਸ਼ਰਫ ਨੂੰ ਖੋਜ (ਜੀਵ ਵਿਗਿਆਨ) ਲਈ 'ਵਿਜ਼ਿਟਰਜ਼ ਅਵਾਰਡ 2020'; ਅਤੇ ਪ੍ਰੋ. ਪ੍ਰੀਤਮ ਦੇਬ, ਭੌਤਿਕ ਵਿਗਿਆਨ ਵਿਭਾਗ, ਤੇਜ਼ਪੁਰ ਯੂਨੀਵਰਸਿਟੀ ਨੂੰ ਫੂਡ ਪੈਕਜਿੰਗ ਲਈ ਦੋ-ਅਯਾਮੀ ਹੇਟਰੋ-ਸਟ੍ਰਕਚਰ ਨਾਲ ਮਜ਼ਬੂਤ ਬਾਇਓਡੀਗ੍ਰੇਡੇਬਲ ਪੋਲੀਮਰ ਫਿਲਮ ਦੇ ਵਿਕਾਸ 'ਤੇ ਉਨ੍ਹਾਂ ਦੇ ਕੰਮ ਲਈ 'ਵਿਜ਼ਿਟਰਜ਼ ਅਵਾਰਡ 2020 ਫੌਰ ਟੈਕਨੋਲੋਜੀ ਡਿਵੈਲਪਮੈਂਟ', ਭੇਟ ਕੀਤਾ। ਤੀਸਰਾ 'ਵਿਜ਼ਿਟਰਸ ਅਵਾਰਡ 2020 ਫੌਰ ਰਿਸਰਚ (ਭੌਤਿਕ ਵਿਗਿਆਨ)' ਪ੍ਰੋਫ਼ੈਸਰ ਅਨੁਨਯ ਸਮੰਤਾ, ਸਕੂਲ ਆਵੑ ਕੈਮਿਸਟਰੀ, ਹੈਦਰਾਬਾਦ ਯੂਨੀਵਰਸਿਟੀ ਨੂੰ ਅਣੂ ਸਿਸਟਮਸ ਅਤੇ ਸਮੱਗਰੀਆਂ ਦੇ ਫੋਟੋ-ਐਕਸੀਟੇਸ਼ਨ 'ਤੇ ਬਣੀਆਂ ਥੋੜ੍ਹੇ ਸਮੇਂ ਲਈ ਰਸਾਇਣਕ ਪ੍ਰਜਾਤੀਆਂ ਦੀ ਸਪੈਕਟ੍ਰੋਸਕੋਪੀ ਅਤੇ ਗਤੀਸ਼ੀਲਤਾ ਵਿੱਚ ਯੋਗਦਾਨ ਲਈ ਬਾਅਦ ਵਿੱਚ ਪ੍ਰਦਾਨ ਕੀਤਾ ਜਾਵੇਗਾ।
***********
ਡੀਐੱਸ/ਬੀਐੱਮ
(Release ID: 1832155)
Visitor Counter : 139