ਉਪ ਰਾਸ਼ਟਰਪਤੀ ਸਕੱਤਰੇਤ

6 ਜੂਨ, 2022 ਨੂੰ ਦੋਹਾ ਕਤਰ ਵਿੱਚ ਕਮਿਊਨਿਟੀ ਰਿਸੈਪਸ਼ਨ ਵਿੱਚ ਉਪ ਰਾਸ਼ਟਰਪਤੀ ਦੁਆਰਾ ਭਾਸ਼ਣ ਦਾ ਮੂਲ ਪਾਠ

Posted On: 07 JUN 2022 11:29AM by PIB Chandigarh

ਕਤਰ ਵਿੱਚ ਮੇਰੇ ਪਿਆਰੇ ਭਾਰਤੀ ਭਾਈਓ ਅਤੇ ਭੈਣੋ,

ਨਮਸਕਾਰਮ, ਵਣਕੱਮ, ਸਲਾਮ ਅਲੈਕੁਮ, ਗੁੱਡ ਈਵਨਿੰਗ

 ਸਭ ਨੂੰ ਸ਼ੁਭਕਾਮਨਾਵਾਂ।

ਮੇਰੇ ਨਾਲ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ (ਮਹਾਰਾਸ਼ਟਰ ਤੋਂ), ਸੰਸਦ ਮੈਂਬਰ ਸ਼੍ਰੀ ਸੁਸ਼ੀਲ ਕੁਮਾਰ ਮੋਦੀ (ਬਿਹਾਰ ਤੋਂ), ਸੰਸਦ ਮੈਂਬਰ ਸ਼੍ਰੀ ਵਿਜੇ ਪਾਲ ਸਿੰਘ ਤੋਮਰ (ਉੱਤਰ ਪ੍ਰਦੇਸ਼ ਤੋਂ), ਸੰਸਦ ਮੈਂਬਰ ਸ਼੍ਰੀ ਪੀ. ਰਵਿੰਦਰਨਾਥ (ਤਾਮਿਲਨਾਡੂ ਤੋਂ) ਸ਼ਾਮਲ ਹਨ।

ਅਸੀਂ ਤੁਹਾਡੇ ਲਈ ਭਾਰਤ ਦੇ 1.35 ਬਿਲੀਅਨ ਭਾਈਆਂ ਅਤੇ ਭੈਣਾਂ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਲੈ ਕੇ ਆਏ ਹਾਂ।

ਮੈਂ ਅੱਜ ਤੁਹਾਨੂੰ ਸਭ ਨੂੰ ਵਿਅਕਤੀਗਤ ਰੂਪ ਵਿੱਚ ਦੇਖ ਕੇ ਬਹੁਤ ਖੁਸ਼ ਹਾਂ। ਸਾਡੇ ਜੀਵਨ ਦੇ ਆਖਰੀ ਦੋ ਵਰ੍ਹਿਆਂ ਵਿੱਚ, ਸਾਡੇ ਵਿੱਚੋਂ ਬਹੁਤਿਆਂ ਨੂੰ ਆਪਣੇ ਆਪ ਨੂੰ ਵਰਚੁਅਲ ਰੁਝੇਵਿਆਂ ਤੱਕ ਸੀਮਿਤ ਰੱਖਣਾ ਪਿਆ।

ਮੈਂ ਇੱਥੇ ਇਸ ਕਮਰੇ ਵਿੱਚ ਇੱਕ ਮਿੰਨੀ-ਇੰਡੀਆ ਦੇਖ ਰਿਹਾ ਹਾਂ। ਸਾਡੇ ਕੋਲ:

 ਸਾਡੀਆਂ ਆਉਣ ਵਾਲੀਆਂ ਪੀੜ੍ਹੀ ਲਈ ਮਸ਼ਾਲ ਦੇ ਧਾਰਨੀ -ਨੌਜਵਾਨ ਵਿਦਿਆਰਥੀ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸੇਧ ਦੇਣ ਵਾਲੇ ਲੋਕ--ਅਧਿਆਪਕ;

ਮਛੇਰੇ ਭਾਈ ਜੋ ਕਤਰ ਦੀ ਖੁਰਾਕ ਸੁਰੱਖਿਆ ਵਿੱਚ ਯੋਗਦਾਨ ਪਾ ਰਹੇ ਹਨ;

ਇਮਾਨਦਾਰੀ ਨਾਲ ਆਪਣੀ ਆਜੀਵਕਾ ਲਈ ਰੋਜ਼ਾਨਾ ਸਖ਼ਤ ਮਿਹਨਤ ਕਰਨ ਵਾਲੇ ਵਰਕਰ;

ਡਾਕਟਰਾਂ, ਇੰਜੀਨੀਅਰਾਂ, ਨਰਸਾਂ, ਚਾਰਟਰਡ ਅਕਾਊਂਟੈਂਟਸ, ਵਿਗਿਆਨਿਕਾਂ ਸਮੇਤ ਪ੍ਰੋਫੈਸ਼ਨਲਸ, ਜੋ ਆਪਣੇ ਜਨੂੰਨ ਅਤੇ ਲਿਆਕਤ ਨਾਲ ਆਪਣੇ ਅਹੁਦਿਆਂ ਦੇ ਮੁੱਲ ਵਿੱਚ ਵਾਧਾ ਕਰ ਰਹੇ ਹਨ;

ਸਾਰੇ ਭਾਰਤ ਤੋਂ ਡਾਇਸਪੋਰਾ ਮੈਂਬਰ ਜੋ ਸਾਡੀ ਸੱਭਿਆਚਾਰਕ ਵਿਰਾਸਤ ਨਾਲ ਮਜ਼ਬੂਤ ਸਬੰਧ ਬਣਾ ਰਹੇ ਹਨ ਅਤੇ ਸਥਾਨਕ ਭਾਰਤੀ ਭਾਈਚਾਰੇ ਦੀ ਜੋਸ਼ ਨਾਲ ਸੇਵਾ ਕਰ ਰਹੇ ਹਨ;

ਭਾਰਤੀ ਕਾਰੋਬਾਰੀ ਲੋਕ ਜੋ ਵਪਾਰ ਅਤੇ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰ ਰਹੇ ਹਨ;

ਅਤੇ

 ਭਾਰਤੀ ਹਥਿਆਰਬੰਦ ਬਲਾਂ ਦੇ ਸਾਬਕਾ ਸੈਨਿਕ ਜੋ ਲਗਨ ਨਾਲ ਭਾਰਤ ਦੀ ਸੇਵਾ ਕਰਨ ਤੋਂ ਬਾਅਦ ਸਾਡੇ ਭਰੋਸੇਮੰਦ ਭਾਈਵਾਲ ਕਤਰ ਲਈ ਆਪਣੇ ਤਜ਼ਰਬਿਆਂ ਰਾਹੀਂ ਮੁੱਲ ਵਧਾ ਰਹੇ ਹਨ।

 

ਦਰਅਸਲ, ਕਤਰ ਵਿੱਚ ਸਾਡੇ ਭਾਈਚਾਰੇ ਦੀ ਵਿਵਿਧਤਾ ਅਸਾਧਾਰਣ ਹੈ।

ਮੈਂ ਤੇਲੰਗਾਨਾ ਅਤੇ ਆਂਧਰਾ ਤੋਂ ਮਜ਼ਬੂਤ ਪ੍ਰਤੀਨਿਧਤਾ ਦੇਖ ਕੇ ਖੁਸ਼ ਹਾਂ। ਮਿਮਾਲਨੀ ਕਤਰ ਲੋ ਇਲਾ ਕਲੁਸ੍ਤੁਨਨ੍ਦੁਕੁ ਚਾਲਾ ਸੰਤੋਸ਼ਮਗਾ ਅਨਦੀ।  ਅੰਦਰਿ ਖੇਮੇ ਆਨਿ ਅਸਿਸਟੁਨਾਨੁ ॥ (Mimmalni Qatar lo ila kalustunnanduku chaala santhoshamga undi. Andari kshemame ani aasistunnanu.)  [ਤੁਹਾਨੂੰ ਕਤਰ ਵਿੱਚ ਦੇਖ ਕੇ ਚੰਗਾ ਲੱਗਾ। ਮੈਨੂੰ ਉਮੀਦ ਹੈ ਕਿ ਹਰ ਕੋਈ ਚੰਗਾ ਕਰ ਰਿਹਾ ਹੈ]

ਮੇਰੇ ਭਾਈਓ ਅਤੇ ਭੈਣੋ,

 ਮੈਨੂੰ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੇ ਦੋ ਦਿਨਾਂ ਵਿੱਚ, ਮੈਂ ਮਹਾਮਹਿਮ, ਦ ਫਾਦਰ ਅਮੀਰ, ਸ਼ੇਖ ਹਮਦ ਬਿਨ ਖ਼ਲੀਫਾ ਅਲ ਥਾਨੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖਾਲਿਦ ਬਿਨ ਖ਼ਲੀਫਾ ਬਿਨ ਅਬਦੁਲ ਅਜ਼ੀਜ਼ ਅਲ ਥਾਨੀ; ਸ਼ੂਰਾ ਕੌਂਸਲ ਦੇ ਚੇਅਰਮੈਨ ਅਤੇ ਕਤਰ ਦੇ ਹੋਰ ਪਤਵੰਤਿਆਂ ਨੂੰ ਮਿਲਿਆ ਹਾਂ।

ਉਨ੍ਹਾਂ ਸਭ ਨੇ ਸਮੁੱਚੇ ਭਾਰਤੀ ਭਾਈਚਾਰੇ ਬਾਰੇ ਬਹੁਤ ਉਚੇਚੇ ਤੌਰ 'ਤੇ ਗੱਲ ਕੀਤੀ ਅਤੇ ਦੇਸ਼ ਦੇ ਵਿਕਾਸ ਵਿੱਚ ਤੁਹਾਡੇ ਸਕਾਰਾਤਮਕ ਯੋਗਦਾਨ ਦੀ ਕਦਰ ਕੀਤੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਕਤਰ ਵਿੱਚ ਭਾਰਤੀ ਭਾਈਚਾਰਾ ਉਨ੍ਹਾਂ ਨੂੰ ਦਿੱਤੇ ਗਏ ਮੌਕੇ ਦੀ ਕਦਰ ਕਰਦਾ ਹੈ ਅਤੇ ਉਨ੍ਹਾਂ ਨੂੰ ਕਤਰ 'ਤੇ ਓਨਾ ਹੀ ਮਾਣ ਹੈ ਜਿੰਨਾ ਉਨ੍ਹਾਂ ਨੂੰ ਆਪਣੀ ਭਾਰਤੀ ਵਿਰਾਸਤ 'ਤੇ ਹੈ।

ਮੈਂ ਕਤਰ ਵਿੱਚ ਭਾਰਤੀ ਭਾਈਚਾਰੇ ਦੀ ਲਗਾਤਾਰ ਸਰਪ੍ਰਸਤੀ ਅਤੇ ਸਮਰਥਨ ਲਈ ਮਹਾਮਹਿਮ, ਦ ਅਮੀਰ, ਮਹਾਮਹਿਮ, ਦ ਫਾਦਰ ਅਮੀਰ, ਮਹਾਮਹਿਮ ਸ਼ੇਖਾ ਮੋਜ਼ਾ, ਮਹਾਮਹਿਮ ਡਿਪਟੀ ਅਮੀਰ, ਅਤੇ ਕਤਰ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ।

ਭੈਣੋ ਅਤੇ ਭਾਈਓ,

ਕਤਰ ਵਿੱਚ 7.80 ਲੱਖ ਮਜ਼ਬੂਤ ਭਾਰਤੀ ਭਾਈਚਾਰਾ ਦੋਹਾਂ ਦੇਸ਼ਾਂ ਦਰਮਿਆਨ ਇੱਕ ਜਿਉਂਦਾ ਜਾਗਦਾ ਪੁਲ ਹੈ। ਤੁਹਾਡੇ ਵਿੱਚੋਂ ਕੁਝ 40 ਵਰ੍ਹਿਆਂ ਤੋਂ ਇੱਥੇ ਰਹੇ ਹਨ। ਤੁਸੀਂ ਨੋਟ ਕੀਤਾ ਹੋਵੇਗਾ ਕਿ ਪ੍ਰਧਾਨ ਮੰਤਰੀ ਨਰੇਂਦਰਭਾਈ ਮੋਦੀ ਦੁਆਰਾ ਲੁੱਕ ਵੈਸਟ ਨੀਤੀ ਨੂੰ ਸਰਗਰਮ ਕਰਨ ਤੋਂ ਬਾਅਦ ਭਾਰਤ-ਕਤਰ ਦੇ ਸਬੰਧਾਂ ਵਿੱਚ ਕਿੰਨੀ ਚੰਗੀ ਪ੍ਰਗਤੀ ਹੋਈ ਹੈ। ਉਨ੍ਹਾਂ ਨੇ ਕਤਰ ਦੀ ਲੀਡਰਸ਼ਿਪ ਨਾਲ ਸਰਗਰਮੀ ਨਾਲ ਜੁੜਨ ਵਿੱਚ ਨਿੱਜੀ ਦਿਲਚਸਪੀ ਲਈ ਹੈ।

ਅਸੀਂ ਭਾਰਤ ਅਤੇ ਕਤਰ ਦੇ ਸਬੰਧਾਂ ਨੂੰ ਹੋਰ ਗਹਿਰੇ ਹੁੰਦੇ ਦੇਖ ਰਹੇ ਹਾਂ। ਮੈਂ ਇੱਕ ਸਕਾਰਾਤਮਕ ਮਾਹੌਲ ਬਣਾਉਣ ਵਿੱਚ ਤੁਹਾਡੇ ਵਿੱਚੋਂ ਹਰੇਕ ਦੇ ਯੋਗਦਾਨ ਨੂੰ ਸਵੀਕਾਰ ਕਰਦਾ ਹਾਂ ਜਿਸ ਵਿੱਚ ਦੁਵੱਲੇ ਸਬੰਧ ਲਗਾਤਾਰ ਵਧਦੇ ਅਤੇ ਸਮ੍ਰਿੱਧ ਹੋ ਰਹੇ ਹਨ।

ਕੋਵਿਡ-19 ਚੁਣੌਤੀ ਦੇ ਬਾਵਜੂਦ, ਅਸੀਂ ਪਿਛਲੇ ਵਰ੍ਹੇ 15 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਹੁਣ ਤੱਕ ਦਾ ਸਭ ਤੋਂ ਵੱਧ ਦੁਵੱਲਾ ਵਪਾਰ ਰਿਕਾਰਡ ਕੀਤਾ ਹੈ। ਭਾਰਤ ਕਤਰ ਦਾ ਤੀਸਰਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਮਾਰਚ 2020 ਤੋਂ, ਕਤਰ ਦਾ ਭਾਰਤ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਪੰਜ ਗੁਣਾ ਵਧ ਗਿਆ ਹੈ। ਬੁਨਿਆਦੀ ਢਾਂਚਾ, ਸੂਚਨਾ ਟੈਕਨੋਲੋਜੀ ਅਤੇ ਊਰਜਾ ਜਿਹੇ ਵਿਵਿਧ ਖੇਤਰਾਂ ਵਿੱਚ ਕਤਰ ਵਿੱਚ ਪੂਰਨ ਤੌਰ ‘ਤੇ ਭਾਰਤੀ ਮਲਕੀਅਤ ਵਾਲੀਆਂ 50 ਤੋਂ ਵੱਧ ਕੰਪਨੀਆਂ ਅਤੇ 15,000 ਸੰਯੁਕਤ ਮਲਕੀਅਤ ਵਾਲੀਆਂ ਕੰਪਨੀਆਂ ਭਾਰਤ-ਕਤਰ ਆਰਥਿਕ ਭਾਈਵਾਲੀ ਨੂੰ ਗਤੀ ਪ੍ਰਦਾਨ ਕਰ ਰਹੀਆਂ ਹਨ।

ਅਸੀਂ ਇੱਕ ਵਿਆਪਕ ਊਰਜਾ ਭਾਈਵਾਲੀ ਬਣਾ ਰਹੇ ਹਾਂ। ਭਾਰਤ ਅਤੇ ਕਤਰ ਦਰਮਿਆਨ ਰੱਖਿਆ, ਸੁਰੱਖਿਆ, ਸਿਹਤ ਸੰਭਾਲ਼ ਅਤੇ ਸਿੱਖਿਆ ਵਿੱਚ ਸਹਿਯੋਗ ਮਜ਼ਬੂਤ ਹੋ ਰਿਹਾ ਹੈ। ਕੱਲ੍ਹ, ਅਸੀਂ ਕਤਰ ਯੂਨੀਵਰਸਿਟੀ ਵਿੱਚ ਇੱਕ ਭਾਰਤੀ ਚੇਅਰ ਸਥਾਪਿਤ ਕਰਨ ਅਤੇ ਖੇਡਾਂ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਏ ਹਾਂ। ਅਸੀਂ ਦੋਵਾਂ ਦੇਸ਼ਾਂ ਦੇ ਇਨੋਵੇਟਿਵ ਈਕੋਸਿਸਟਮ ਨੂੰ ਜੋੜਨ ਲਈ ਭਾਰਤ ਅਤੇ ਕਤਰ ਦਰਮਿਆਨ ਇੱਕ ਸਟਾਰਟ-ਅੱਪ ਬ੍ਰਿਜ ਵੀ ਲਾਂਚ ਕੀਤਾ ਹੈ।

ਭਾਰਤ ਅਤੇ ਕਤਰ ਜਲਦ ਹੀ ਭਾਰਤ ਅਤੇ ਕਤਰ ਦੇ ਮੁਕੰਮਲ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾਉਣਗੇ। ਮੈਨੂੰ ਭਰੋਸਾ ਹੈ ਕਿ ਤੁਸੀਂ ਕਤਰ ਦੇ ਨਾਲ ਸਾਂਝੇ ਤੌਰ 'ਤੇ ਯੋਜਨਾਬੱਧ ਸਮਾਗਮਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਓਗੇ।

ਮਿੱਤਰੋ,

ਭਾਰਤ ਦੂਰ ਨਹੀਂ ਹੈ, ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਅਕਸਰ ਘਰ ਆਉਂਦੇ ਹੋਵੋਗੇ। ਮੈਨੂੰ ਭਰੋਸਾ ਹੈ ਕਿ ਤੁਸੀਂ ਦੇਸ਼ ਦੇ ਅੰਦਰ ਹੋ ਰਹੇ ਸਕਾਰਾਤਮਕ ਬਦਲਾਅ ਨੂੰ ਦੇਖਿਆ ਹੋਵੇਗਾ।

 ਇਹ ਤਬਦੀਲੀ ਕੋਵਿਡ-19 ਮਹਾਮਾਰੀ ਦੌਰਾਨ ਦਿਖਾਈ ਦੇ ਰਹੀ ਸੀ। ਭਾਰਤੀਆਂ ਨੂੰ ਇਸ ਗੱਲ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਕਿਵੇਂ ਭਾਰਤ ਨੇ ਪੂਰੀ ਦੁਨੀਆ ਨੂੰ ਦਰਪੇਸ਼ ਸਭ ਤੋਂ ਕਠਿਨ ਚੁਣੌਤੀਆਂ ਵਿੱਚੋਂ ਇੱਕ ਨੂੰ ਪਾਰ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਸਾਡਾ ਕੋਵਿਡ-19 ਟੀਕਾਕਰਣ ਪ੍ਰੋਗਰਾਮ ਦੁਨੀਆ ਵਿੱਚ ਸਭ ਤੋਂ ਵੱਡਾ ਹੈ, ਅਤੇ ਬਾਲਗ ਆਬਾਦੀ ਦੇ 90 ਪ੍ਰਤੀਸ਼ਤ ਦਾ ਮੁਕੰਮਲ ਤੌਰ ‘ਤੇ ਟੀਕਾਕਰਣ ਕੀਤਾ ਜਾ ਚੁੱਕਾ ਹੈ।

ਦੇਸ਼ ਵਿੱਚ 2 ਬਿਲੀਅਨ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਾਡੀਆਂ ਮੇਡ ਇਨ ਇੰਡੀਆ ਵੈਕਸੀਨਾਂ ਨੇ ਸਾਨੂੰ ਟੀਕਾਕਰਣ ਦੇ ਪ੍ਰਯਤਨਾਂ ਨੂੰ ਤੇਜ਼ੀ ਅਤੇ ਦਕਸ਼ਤਾ ਨਾਲ ਵਧਾਉਣ ਵਿੱਚ ਸੁਵਿਧਾ ਦਿੱਤੀ। ਅਸੀਂ 95 ਦੇਸ਼ਾਂ ਨੂੰ ਇਹ ਟੀਕੇ ਵੀ ਸਪਲਾਈ ਕੀਤੇ ਹਨ।

ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਕਿ ਅਸੀਂ ਮਹਾਮਾਰੀ ਕਾਰਨ ਹੋਏ ਵਿਘਨਾਂ ਦੇ ਨਕਾਰਾਤਮਕ ਪ੍ਰਭਾਵ ਨੂੰ ਘੱਟ ਕਰ ਸਕੇ ਹਾਂ।

ਮਿੱਤਰੋ,

ਸਰਕਾਰ ਭਵਿੱਖ ਲਈ ਇੱਕ ਵਿਜ਼ਨ ਦੇ ਨਾਲ ਕੰਮ ਕਰ ਰਹੀ ਹੈ, ਇੱਕ ਨਵੇਂ ਭਾਰਤ ਦੀ ਸਿਰਜਣਾ ਲਈ ਇੱਕ ਵਿਜ਼ਨ ਜਿਸ 'ਤੇ ਅਸੀਂ ਸਾਰੇ ਮਾਣ ਕਰ ਸਕਦੇ ਹਾਂ।

ਅੱਜ, ਸਰਕਾਰ ਲੋਕਾਂ ਦੀ ਭਲਾਈ ਲਈ ਟੈਕਨੋਲੋਜੀ ਨੂੰ ਆਪਣੇ ਮੂਲ ਵਿੱਚ ਇੰਟੀਗ੍ਰੇਟ ਕਰ ਰਹੀ ਹੈ ਅਤੇ ਪ੍ਰਸ਼ਾਸਨ ਅਤੇ ਸੇਵਾਵਾਂ ਦੀ ਡਿਲੀਵਰੀ ਨੂੰ ਬਦਲਣ ਲਈ ਇਸਨੂੰ ਲੋਕ-ਕੇਂਦ੍ਰਿਤ ਬਣਾ ਰਹੀ ਹੈ। ਸਾਡਾ ਫੋਕਸ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਿਗਿਆਨ ਅਤੇ ਟੈਕਨੋਲੋਜੀ ਦੇ ਉਪਯੋਗ ਦਾ ਲਾਭ ਉਠਾਉਣ ‘ਤੇ ਹੈ।

ਕੁਝ ਵਰ੍ਹੇ ਪਹਿਲਾਂ, ਸਰਕਾਰ ਨੇ ਡਿਜੀਟਲ ਇੰਡੀਆ ਦੇ ਇੱਕ ਉਤਸ਼ਾਹੀ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।

ਇਹ ਕੋਵਿਡ-19 ਮਹਾਮਾਰੀ ਦੌਰਾਨ ਫਲਦਾਇਕ ਸਾਬਤ ਹੋਇਆ, ਜਿਵੇਂ ਕਿ ਹਰੇਕ ਹੱਕਦਾਰ ਲਾਭਾਰਥੀ ਨੂੰ ਬੈਂਕ ਖਾਤਿਆਂ ਵਿੱਚ ਸਹਾਇਤਾ ਦੇ ਪ੍ਰਤੱਖ ਟ੍ਰਾਂਸਫਰ ਦੁਆਰਾ ਸਹਾਇਤਾ ਪ੍ਰਦਾਨ ਕੀਤੀ ਗਈ।

ਪਿਛਲੇ ਕੁਝ ਵਰ੍ਹਿਆਂ ਵਿੱਚ ਬਣਾਏ ਗਏ ਡਿਜੀਟਲ ਬੁਨਿਆਦੀ ਢਾਂਚੇ ਨੇ ਸਿੱਖਿਆ ਨੂੰ ਔਨਲਾਈਨ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਜਦੋਂ ਦੇਸ਼ ਭਰ ਵਿੱਚ ਸਕੂਲ ਅਤੇ ਯੂਨੀਵਰਸਿਟੀਆਂ ਬੰਦ ਸਨ। ਆਰੋਗਯ ਸੇਤੂ ਐਪ ਪ੍ਰਭਾਵੀ ਸੰਪਰਕ ਟਰੇਸਿੰਗ ਦੀ ਸੁਵਿਧਾ ਦਿੰਦੀ ਹੈ। ਕੋਵਿਨ ਪਲੈਟਫਾਰਮ ਕੋਵਿਡ ਟੀਕਾਕਰਣ ਵਿੱਚ ਸਹਾਇਤਾ ਕਰ ਰਿਹਾ ਹੈ।

ਇਸ ਨੇ ਇਨੋਵੇਟਰਾਂ ਅਤੇ ਉੱਦਮੀਆਂ ਨੂੰ ਸਭ ਤੋਂ ਪ੍ਰਮੁੱਖ ਡਿਜੀਟਲ ਮਾਰਕੀਟ ਦਾ ਲਾਭ ਲੈਣ ਦੀ ਸੁਵਿਧਾ ਦਿੱਤੀ ਹੈ।  ਅਤੇ ਤਬਦੀਲੀ ਨੇ ਹਰ ਕਿਸੇ ਨੂੰ ਸਕਾਰਾਤਮਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ।

ਇੱਥੋਂ ਤੱਕ ਕਿ ਭਾਰਤ ਵਿੱਚ ਸਥਾਨਕ ਸਬਜ਼ੀ ਵਿਕਰੇਤਾ ਵੀ ਹੁਣ ਯੂਪੀਆਈ ਜ਼ਰੀਏ ਆਪਣੇ ਪੈਸੇ ਇਕੱਠੇ ਕਰ ਰਹੇ ਹਨ।

ਭਾਰਤ ਹੁਣ ਆਲਮੀ ਪੱਧਰ 'ਤੇ ਰੀਅਲ-ਟਾਈਮ ਡਿਜੀਟਲ ਭੁਗਤਾਨਾਂ ਦਾ ਲਗਭਗ 40% ਹਿੱਸਾ ਬਣ ਚੁੱਕਾ ਹੈ।

ਹੁਣ, ਅਸੀਂ 5ਜੀ ਨੂੰ ਪੇਸ਼ ਕਰਨ ਦੀ ਯਾਤਰਾ ਸ਼ੁਰੂ ਕੀਤੀ ਹੈ, ਜੋ ਅਗਲੇ ਡੇਢ ਦਹਾਕੇ ਵਿੱਚ ਭਾਰਤ ਦੀ ਅਰਥਵਿਵਸਥਾ ਵਿੱਚ 450 ਬਿਲੀਅਨ ਡਾਲਰ ਦਾ ਯੋਗਦਾਨ ਪਾਵੇਗੀ। ਅਸੀਂ 6ਜੀ ਸੇਵਾਵਾਂ 'ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਅਤੇ ਇੱਕ ਟਾਸਕ ਫੋਰਸ ਨੇ ਅਗਲੇ 10 ਵਰ੍ਹਿਆਂ ਵਿੱਚ ਇਸਨੂੰ ਸ਼ੁਰੂ ਕਰਨ ਲਈ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਭਾਰਤ ਦਾ ਟੈਲੀਕੌਮ ਸੈਕਟਰ ਹੁਣ ਰੀਚ, ਰੀਫਾਰਮ, ਰੈਗੂਲੇਟ, ਰਿਸਪੌਂਡ ਅਤੇ ਰੈਵੋਲਿਊਸ਼ਨਾਈਜ਼ ਦੇ 'ਪੰਚਾਮ੍ਰਿਤ' ਦੇ ਮੰਤਰ ਨਾਲ ਕੰਮ ਕਰ ਰਿਹਾ ਹੈ।

ਅੱਜ ਨੌਜਵਾਨ ਆਪਣੇ ਆਪ ਨੂੰ ਸਸ਼ਕਤ ਮਹਿਸੂਸ ਕਰ ਰਿਹਾ ਹੈ। ਸਰਕਾਰ ਨੇ ਉਨ੍ਹਾਂ ਨੂੰ ਉੱਦਮਤਾ ਲਈ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਵਰਤਣ ਅਤੇ ਨਵੇਂ ਸਟਾਰਟ-ਅੱਪ ਬਣਾਉਣ ਲਈ ਇੱਕ ਇਨੋਵੇਟਿਵ ਈਕੋਸਿਸਟਮ ਪ੍ਰਦਾਨ ਕੀਤਾ ਹੈ। ਅੱਜ ਸਾਡੇ ਦੇਸ਼ ਵਿੱਚ ਤਕਰੀਬਨ 70 ਹਜ਼ਾਰ ਮਾਨਤਾ ਪ੍ਰਾਪਤ ਸਟਾਰਟ-ਅੱਪਸ ਹਨ। ਇਹ ਇੱਕ ਕਿਰਿਆਸ਼ੀਲ ਸਟਾਰਟ-ਅੱਪ ਨੀਤੀ ਦਾ ਨਤੀਜਾ ਹੈ। ਅੱਜ, ਭਾਰਤ ਕੋਲ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਹੈ।

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਰਚਨਾਤਮਕਤਾ ਅਤੇ ਉੱਤਕ੍ਰਿਸ਼ਟਤਾ 'ਤੇ ਧਿਆਨ ਕੇਂਦਰਿਤ ਕਰਨ ਵਾਲੀ ਪਹੁੰਚਯੋਗ, ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਣਾਲੀ ਬਣਾਉਣ ਲਈ ਇੱਕ ਬਲੂ ਪ੍ਰਿੰਟ ਪ੍ਰਦਾਨ ਕਰਦੀ ਹੈ।

ਭਾਰਤ ਆਪਣੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਲਈ ਰਾਹ ਪੱਧਰਾ ਕਰਨ ਲਈ ਨਿਵੇਸ਼ ਕਰ ਰਿਹਾ ਹੈ।  1.3 ਟ੍ਰਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਖਾਸ ਕਰਕੇ ਕਨੈਕਟੀਵਿਟੀ ਬੁਨਿਆਦੀ ਢਾਂਚੇ ਵਿੱਚ। ਭਾਰਤ ਨੇ ਬੁਨਿਆਦੀ ਢਾਂਚਾ ਕਨੈਕਟੀਵਿਟੀ ਪ੍ਰੋਜੈਕਟਾਂ ਦੀ ਬਿਹਤਰ ਯੋਜਨਾਬੰਦੀ ਅਤੇ ਤਾਲਮੇਲ ਲਈ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਵੀ ਲਾਂਚ ਕੀਤਾ ਹੈ। ਪਿਛਲੇ ਸੱਤ ਵਰ੍ਹਿਆਂ ਵਿੱਚ, ਕੋਵਿਡ -19 ਪਾਬੰਦੀਆਂ ਦੇ ਬਾਵਜੂਦ, ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 50% ਤੋਂ ਵੱਧ ਵੱਧ ਗਈ ਹੈ।

ਅਸੀਂ ਈਜ਼ ਆਵੑ ਲਿਵਿੰਗ ਅਤੇ ਈਜ਼ ਆਵੑ ਡੂਇੰਗ ਬਿਜ਼ਨਸ 'ਤੇ ਜ਼ੋਰ ਦੇ ਰਹੇ ਹਾਂ।

 ਅੱਜ, ਭਾਰਤ ਜੀਵਨ ਦੀ ਗੁਣਵੱਤਾ, ਰੋਜ਼ਗਾਰ ਦੀ ਅਸਾਨੀ, ਸਿੱਖਿਆ ਦੀ ਗੁਣਵੱਤਾ, ਗਤੀਸ਼ੀਲਤਾ ਦੀ ਅਸਾਨੀ, ਯਾਤਰਾ ਦੀ ਗੁਣਵੱਤਾ ਅਤੇ ਸੇਵਾਵਾਂ ਅਤੇ ਉਤਪਾਦਾਂ ਦੀ ਗੁਣਵੱਤਾ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ।

ਅੱਜ, ਭਾਰਤ ਦੁਨੀਆ ਲਈ ਨਿਰਮਾਣ ਕਰ ਰਿਹਾ ਹੈ, ਅਤੇ ਸਾਡਾ ਵਪਾਰਕ ਮਾਲ ਦਾ ਨਿਰਯਾਤ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ 400 ਬਿਲੀਅਨ ਅਮਰੀਕੀ ਡਾਲਰ ਦੇ ਲਕਸ਼ ਨੂੰ ਪਾਰ ਕਰ ਗਿਆ ਹੈ।

ਮਿੱਤਰੋ,

 ਸਾਡੇ ਸੰਵਿਧਾਨਕ ਢਾਂਚੇ ਦੇ ਅੰਤਰਗਤ 'ਸਮਾਵੇਸ਼' ਦੀ ਮਜ਼ਬੂਤ ਨੀਂਹ ਹੈ, ਕਿਸੇ ਨੂੰ ਵੀ ਪਿੱਛੇ ਨਹੀਂ ਛੱਡਣਾ। ਇਹ ਉਹ ਵਿਜ਼ਨ ਹੈ ਜੋ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੇ ਵਿਆਪਕ ਫਲਸਫੇ ਵਿੱਚ ਗੂੰਜਦਾ ਹੈ ਜੋ "ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ" ਵਿੱਚ ਵਿਸ਼ਵਾਸ ਰੱਖਦੀ ਹੈ।

ਅਸੀਂ ਹਰ ਕਿਸੇ ਦੀ ਦੇਖਭਾਲ਼ ਕਰਦੇ ਹਾਂ, ਖਾਸ ਤੌਰ 'ਤੇ ਹਾਸ਼ੀਏ 'ਤੇ ਪਏ ਲੋਕਾਂ ਅਤੇ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ। ਇਹ 80 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫ਼ਤ ਅਨਾਜ ਦੀ ਵੰਡ ਦੁਆਰਾ ਉਜਾਗਰ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਵਿਡ-19 ਮਹਾਮਾਰੀ ਦੌਰਾਨ ਕੋਈ ਵੀ ਗਰੀਬ ਪਰਿਵਾਰ ਬਿਨਾਂ ਭੋਜਨ ਦੇ ਨਾ ਸੌਂਵੇ, ਨਾਲ ਹੀ ਆਯੁਸ਼ਮਾਨ ਭਾਰਤ ਜੋ 50 ਕਰੋੜ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਪ੍ਰਦਾਨ ਕਰਕੇ ਸਿਹਤ ਸੰਭਾਲ਼ ਨੂੰ ਯਕੀਨੀ ਬਣਾਉਂਦਾ ਹੈ।

ਮਿੱਤਰੋ,

"ਵਸੁਧੈਵ ਕੁਟੁੰਬਕਮ" ਜਾਂ 'ਸੰਸਾਰ ਇੱਕ ਪਰਿਵਾਰ ਹੈ' ਵਿੱਚ ਦੇਸ਼ ਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦੇ ਹੋਏ - ਅੰਤਰਰਾਸ਼ਟਰੀ ਨੀਤੀਆਂ ਵਿੱਚ ਯੋਗਦਾਨ ਦੇਣ ਵਿੱਚ ਭਾਰਤ ਸਭ ਤੋਂ ਅੱਗੇ ਹੈ।

ਭਾਰਤ 'ਇਕ ਧਰਤੀ, ਇਕ ਸਿਹਤ' ਦੇ ਵਿਜ਼ਨ 'ਤੇ ਚੱਲ ਰਿਹਾ ਹੈ।  'ਦੁਨੀਆ ਦੀ ਫਾਰਮੇਸੀ' ਵਜੋਂ ਆਪਣੀ ਸਾਖ ਨੂੰ ਕਾਇਮ ਰੱਖਦੇ ਹੋਏ, ਅਸੀਂ 150 ਤੋਂ ਵੱਧ ਦੇਸ਼ਾਂ ਨੂੰ ਲੋੜੀਂਦੀਆਂ ਦਵਾਈਆਂ ਅਤੇ ਟੀਕੇ ਮੁਹੱਈਆ ਕਰਵਾ ਕੇ ਲੱਖਾਂ ਜਾਨਾਂ ਬਚਾਈਆਂ।

ਇਸ ਵਰ੍ਹੇ ਅਪ੍ਰੈਲ ਵਿੱਚ, ਅਸੀਂ ਰਵਾਇਤੀ ਦਵਾਈ ਦੇ ਖੇਤਰ ਵਿੱਚ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਇਸਨੂੰ ਦੁਨੀਆ ਵਿੱਚ ਹਰ ਕਿਸੇ ਲਈ ਉਪਲਬਧ ਕਰਾਉਣ ਲਈ ਭਾਰਤ ਵਿੱਚ "ਡਬਲਿਊਐੱਚਓ (WHO) ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ" ਦੀ ਨੀਂਹ ਰੱਖੀ।

ਭਾਰਤ ਨੇ ਆਪਣੀਆਂ ਵਿਕਾਸ ਚੁਣੌਤੀਆਂ ਅਤੇ ਇਤਿਹਾਸਕ ਤੌਰ 'ਤੇ ਬਹੁਤ ਘੱਟ ਨਿਕਾਸ ਦੇ ਬਾਵਜੂਦ 2070 ਤੱਕ ਸ਼ੁੱਧ-ਜ਼ੀਰੋ ਨਿਕਾਸੀ ਲਕਸ਼ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਗ੍ਰੀਨ ਗ੍ਰਿੱਡ ਇਨੀਸ਼ੀਏਟਿਵ-ਵਨ ਸਨ ਵਨ ਵਰਲਡ ਵਨ ਗਰਿੱਡ ਦਾ ਸੰਕਲਪ ਦਿੱਤਾ ਹੈ ਜੋ ਪਿਛਲੇ ਵਰ੍ਹੇ ਨਵੰਬਰ ਵਿੱਚ ਯੂਕੇ ਦੇ ਨਾਲ ਸ਼ੁਰੂ ਕੀਤਾ ਗਿਆ ਸੀ।

ਅਸੀਂ ਇੰਟਰਨੈਸ਼ਨਲ ਸੋਲਰ ਅਲਾਇੰਸ ਅਤੇ ਕੋਲੀਸ਼ਨ ਆਵੑ ਡਿਜ਼ਾਸਟਰ ਰਿਸਿਲਿਏਂਟ ਇਨਫ੍ਰਾਸਟ੍ਰਕਚਰ ਨੂੰ ਸ਼ੁਰੂ ਕਰਨ ਵਿੱਚ ਅਗਵਾਈ ਕੀਤੀ ਹੈ।

ਪਹਿਲਾਂ ਦੀ ਸੂਚੀ ਲੰਬੀ ਅਤੇ ਪ੍ਰਭਾਵਸ਼ਾਲੀ ਹੈ ਪਰ ਉਨ੍ਹਾਂ ਦਾ ਅੰਤਰੀਵ ਪ੍ਰਧਾਨ ਮੰਤਰੀ ਨਰੇਂਦਰ ਭਾਈ ਮੋਦੀ ਦਾ ਵਿਆਪਕ ਵਿਜ਼ਨ ਹੈ ਜੋ ‘ਰਿਫਾਰਮ, ਪ੍ਰਫਾਰਮ, ਟਰਾਂਸਫਾਰਮ’ ਦੇ ਮੰਤਰ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਚਾਹੁੰਦੇ ਹਨ ਕਿ ਹਰ ਭਾਰਤੀ ਨਾਗਰਿਕ ਤਬਦੀਲੀ ਦਾ ਏਜੰਟ ਬਣੇ।

ਮੇਰੇ ਸਾਥੀ ਭਾਰਤੀਓ,

ਤੁਹਾਡੀ ਤਾਕਤ ਭਾਰਤ ਦੀ ਤਾਕਤ ਹੈ, ਅਤੇ ਭਾਰਤ ਦੀ ਤਾਕਤ ਤੁਹਾਡੀ ਤਾਕਤ ਹੈ।

ਅੱਜ ਦੇਸ਼ ਤੋਂ ਬਾਹਰ ਕੋਈ ਵੀ ਭਾਰਤੀ ਇਹ ਯਕੀਨ ਕਰ ਸਕਦਾ ਹੈ ਕਿ ਭਾਰਤ ਸਰਕਾਰ ਉਨ੍ਹਾਂ ਦੀ ਦੇਖਭਾਲ਼ ਕਰੇਗੀ। ਕੋਵਿਡ-19 ਮਹਾਮਾਰੀ ਦੇ ਦੌਰਾਨ, ਵੰਦੇ ਭਾਰਤ ਮਿਸ਼ਨ ਕਿਸੇ ਵੀ ਭਾਰਤ ਸਰਕਾਰ ਦੁਆਰਾ ਸਭ ਤੋਂ ਵੱਡਾ ਦੇਸ਼-ਵਾਪਸੀ ਮਿਸ਼ਨ ਸੀ। ਹਾਲ ਹੀ ਵਿੱਚ, ਅਪਰੇਸ਼ਨ ਗੰਗਾ ਨੇ 23,000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਂਦਾ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ, ਜੋ ਕਿ ਯੂਕ੍ਰੇਨ ਵਿੱਚ ਸੰਘਰਸ਼ ਵਾਲੇ ਖੇਤਰ ਵਿੱਚ ਫਸੇ ਹੋਏ ਸਨ। ਅਪਰੇਸ਼ਨ ਦੇਵੀ ਸ਼ਕਤੀ ਅਫਗਾਨਿਸਤਾਨ ਵਿੱਚ ਕਠਿਨ ਹਾਲਾਤਾਂ ਵਿੱਚ ਕੀਤਾ ਗਿਆ ਇੱਕ ਹੋਰ ਨਿਕਾਸੀ ਪ੍ਰਯਤਨ ਸੀ।

ਸਰਕਾਰ ਭਾਰਤੀ ਡਾਇਸਪੋਰਾ ਨਾਲ ਸਬੰਧਾਂ ਨੂੰ ਮਜ਼ਬੂਤ ਕਰ ਰਹੀ ਹੈ। ਤੁਹਾਡੇ ਵਿੱਚੋਂ ਹਰ ਇੱਕ ਦੀ ਅਤੇ ਪ੍ਰਵਾਸੀ ਭਾਰਤੀ ਪਰਿਵਾਰ ਦੇ ਦੂਸਰੇ ਮੈਂਬਰਾਂ ਦੀ ਸਫ਼ਲਤਾ ਨੇ ਭਾਰਤੀਆਂ ਅਤੇ ਭਾਰਤ ਬਾਰੇ ਦੁਨੀਆ ਦੀ ਧਾਰਨਾ ਨੂੰ ਨਾਟਕੀ ਰੂਪ ਵਿੱਚ ਬਦਲ ਦਿੱਤਾ ਹੈ। ਤੁਹਾਡੀ ਭਲਾਈ ਸਾਡੀ ਪ੍ਰਾਥਮਿਕਤਾ ਹੈ।

ਮਿੱਤਰੋ,

ਇਹ ਸਮਾਂ ਭਾਰਤ ਦੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਹੈ। ਜਿਵੇਂ ਕਿ ਭਾਰਤ ਮਹਾਉਤਸਵ ਰਾਹੀਂ ਆਪਣੀ ਆਜ਼ਾਦੀ ਦੇ 75 ਵਰ੍ਹਿਆਂ ਦਾ ਜਸ਼ਨ ਮਨਾ ਰਿਹਾ ਹੈ, ਹਰ ਭਾਰਤੀ ਨੂੰ ਆਜ਼ਾਦੀ ਤੋਂ ਬਾਅਦ ਦੀਆਂ ਆਪਣੀਆਂ ਪ੍ਰਾਪਤੀਆਂ 'ਤੇ ਮਾਣ ਹੋਣਾ ਚਾਹੀਦਾ ਹੈ ਅਤੇ ਨਵੇਂ ਭਾਰਤ ਅਤੇ ਆਤਮਨਿਰਭਰ ਭਾਰਤ ਨੂੰ ਸਾਕਾਰ ਕਰਨ ਲਈ ਵਿਸ਼ਵਾਸ ਅਤੇ ਪ੍ਰਤੀਬੱਧਤਾ ਨਾਲ ਅੱਗੇ ਵਧਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਗਲੇ 25 ਵਰ੍ਹਿਆਂ ਜਾਂ ਅੰਮ੍ਰਿਤ ਕਾਲ ਵਿੱਚ ਸਾਨੂੰ ਕੀ ਕਰਨ ਦੀ ਲੋੜ ਹੈ। ਆਜ਼ਾਦੀ ਕਾ ਅਮ੍ਰਿਤ ਮਹੋਤਸਵ ਇੱਕ ਨਵੇਂ ਅਤੇ ਸ਼ਕਤੀਸ਼ਾਲੀ ਭਾਰਤ ਲਈ ਪ੍ਰਣ ਲੈਣ ਦਾ ਇੱਕ ਅਵਸਰ ਹੈ। ਮੈਨੂੰ ਵਿਸ਼ਵਾਸ ਹੈ ਕਿ ਸਮੂਹਿਕ ਪ੍ਰਯਤਨਾਂ ਨਾਲ, ਤੁਸੀਂ ਸਾਰੇ ਇਸ ਉਮੰਗ ਲਈ ਕੰਮ ਕਰੋਗੇ।

ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਕਤਰ ਵਿੱਚ ਭਾਰਤੀ ਭਾਈਚਾਰਾ ਸਰਗਰਮੀ ਨਾਲ 50ਵਾਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਤੁਹਾਡੀ ਉਤਸ਼ਾਹੀ ਭਾਗੀਦਾਰੀ ਰਾਹੀਂ, ਤੁਸੀਂ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਕਦਰਾਂ-ਕੀਮਤਾਂ ਦਾ ਜਸ਼ਨ ਮਨਾ ਰਹੇ ਹੋ।

ਦੇਸ਼ ਨਾਲ ਮਜ਼ਬੂਤ ਸਬੰਧ ਬਣਾਉਣਾ ਨਾ ਸਿਰਫ਼ ਸਾਡੀ ਸਮ੍ਰਿੱਧ ਵਿਰਾਸਤ ਨੂੰ ਸੰਭਾਲ਼ਣ ਲਈ ਜ਼ਰੂਰੀ ਹੈ, ਬਲਕਿ ਇਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਵੀ ਜ਼ਰੂਰੀ ਹੈ।

ਮੇਰੇ ਸਾਥੀ ਭਾਰਤੀਓ,

ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਜਨਮ ਭੂਮੀ ਨਾਲ ਆਪਣਾ ਸਬੰਧ ਬਣਾਈ ਰੱਖਣਾ ਮਹੱਤਵਪੂਰਨ ਹੈ। ਤੁਹਾਡੀ ਕਰਮ ਭੂਮੀ ਕਤਰ ਹੈ ਅਤੇ ਤੁਹਾਨੂੰ ਕਤਰ ਦੀ ਪ੍ਰਗਤੀ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਆਪਣੀ ਮਾਤਰੁ ਭੂਮੀ, ਭਾਰਤ ਨੂੰ ਨਾ ਭੁੱਲੋ।  ਤੁਹਾਡੇ ਵਿੱਚੋਂ ਹਰ ਕੋਈ ਭਾਰਤ ਵਿੱਚ ਹੋ ਰਹੇ ਤੇਜ਼ ਸਮਾਜਿਕ-ਆਰਥਿਕ ਵਿਕਾਸ ਅਤੇ ਤਬਦੀਲੀ ਵਿੱਚ ਯੋਗਦਾਨ ਪਾ ਸਕਦਾ ਹੈ। ਅਸੀਂ ਡਾਇਸਪੋਰਾ ਦੇ ਕੌਸ਼ਲ ਅਤੇ ਪ੍ਰਤਿਭਾ ਤੋਂ ਬਹੁਤ ਜ਼ਿਆਦਾ ਲਾਭ ਲੈ ਸਕਦੇ ਹਾਂ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜਾਓ, ਸਿੱਖੋ, ਕਮਾਓ ਅਤੇ ਮਾਤ ਭੂਮੀ ਵਾਪਸ ਆਓ। ਇਹ ਪੜਚੋਲ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਸਾਥੀ ਭਾਰਤੀਆਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਰਾਸ਼ਟਰੀ ਪ੍ਰਯਤਨਾਂ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹੋ।

ਆਓ ਅਸੀਂ ਸਾਰੇ ਇੱਕ ਨਵੇਂ ਭਾਰਤ ਲਈ ਕੰਮ ਕਰਨ ਦਾ ਸੰਕਲਪ ਕਰੀਏ ਜੋ ਵਿਕਾਸ ਦੇ ਫਲਾਂ ਨੂੰ ਸਭ ਨਾਲ ਸਾਂਝਾ ਕਰੇ ਅਤੇ ਇੱਕ ਸੰਕਲਪੀ ਭਾਰਤ, ਸਸ਼ਕਤ ਭਾਰਤ, ਆਤਮਨਿਰਭਰ ਭਾਰਤ ਅਤੇ ਇੱਕ ਸ੍ਰੇਸ਼ਠ ਭਾਰਤ ਦੀ ਪ੍ਰਾਪਤੀ ਕਰੇ।

ਤੁਹਾਡਾ ਧੰਨਵਾਦ

 ਜੈ ਹਿੰਦ।

 

***********

 

ਐੱਮਐੱਸ/ਆਰਕੇ/ਡੀਪੀ



(Release ID: 1831826) Visitor Counter : 106


Read this release in: Urdu , English , Hindi , Tamil