ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਗੋਰਖਪੁਰ ਵਿਖੇ ਗੀਤਾ ਪ੍ਰੈੱਸ ਦੇ ਸ਼ਤਾਬਦੀ ਸਮਾਰੋਹ ਦੀ ਸ਼ੋਭਾ ਵਧਾਈ


ਰਾਸ਼ਟਰਪਤੀ ਕੋਵਿੰਦ ਨੇ ਵਿੱਤੀ ਰੁਕਾਵਟਾਂ ਦੇ ਬਾਵਜੂਦ ਜਨਤਾ ਨੂੰ ਸਸਤੇ ਮੁੱਲ 'ਤੇ ਧਾਰਮਿਕ ਪੁਸਤਕਾਂ ਪ੍ਰਦਾਨ ਕਰਨ ਲਈ ਗੀਤਾ ਪ੍ਰੈੱਸ ਦੀ ਸ਼ਲਾਘਾ ਕੀਤੀ

Posted On: 04 JUN 2022 7:56PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (4 ਜੂਨ, 2022) ਗੋਰਖਪੁਰ ਵਿਖੇ ਗੀਤਾ ਪ੍ਰੈੱਸ ਦੇ ਸ਼ਤਾਬਦੀ ਸਮਾਰੋਹ ਨੂੰ ਸ਼ੋਭਾ ਵਧਾਉਂਦਿਆਂ ਉਨ੍ਹਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਗੀਤਾ ਪ੍ਰੈੱਸ ਨੇ ਆਪਣੇ ਪ੍ਰਕਾਸ਼ਨਾਂ ਰਾਹੀਂ ਭਾਰਤ ਦੇ ਅਧਿਆਤਮਿਕ ਤੇ ਸੱਭਿਆਚਾਰਕ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਗੀਤਾ ਪ੍ਰੈੱਸ ਦੀ ਸਥਾਪਨਾ ਦਾ ਮਕਸਦ ਗੀਤਾ ਨੂੰ ਸ਼ੁੱਧ ਰੂਪ ਵਿਚ ਸਹੀ ਅਰਥਾਂ ਤੇ ਘੱਟ ਕੀਮਤ 'ਤੇ ਲੋਕਾਂ ਤੱਕ ਪਹੁੰਚਾਉਣਾ ਸੀ ਜੋ ਉਸ ਸਮੇਂ ਅਸਾਨੀ ਨਾਲ ਉਪਲਬਧ ਨਹੀਂ ਸੀ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਕੋਲਕਾਤਾ ਤੋਂ ਸ਼ੁਰੂ ਕੀਤੀ ਗਈ ਇੱਕ ਛੋਟੀ ਜਿਹੀ ਪਹਿਲ ਹੁਣ ਪੂਰੇ ਭਾਰਤ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ।

ਰਾਸ਼ਟਰਪਤੀ ਨੇ ਨੋਟ ਕੀਤਾ ਕਿ ਭਗਵਦ ਗੀਤਾ ਤੋਂ ਇਲਾਵਾ ਗੀਤਾ ਪ੍ਰੈੱਸ ਰਮਾਇਣ, ਪੁਰਾਣਾਂ, ਉਪਨਿਸ਼ਦ, ਭਗਤ-ਚਰਿਤਰ ਆਦਿ ਪੁਸਤਕਾਂ ਪ੍ਰਕਾਸ਼ਿਤ ਕਰਦੀ ਹੈ ਅਤੇ ਇਸ ਨੇ ਹੁਣ ਤੱਕ 70 ਕਰੋੜ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਕਰਕੇ ਇੱਕ ਰਿਕਾਰਡ ਬਣਾਇਆ ਹੈ ਅਤੇ ਵਿਸ਼ਵ ’ਚ ਹਿੰਦੂ ਧਾਰਮਿਕ ਕਿਤਾਬਾਂ ਦੇ ਸਭ ਤੋਂ ਵੱਡੇ ਪ੍ਰਕਾਸ਼ਕ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਨੇ ਆਰਥਿਕ ਤੰਗੀ ਦੇ ਬਾਵਜੂਦ ਲੋਕਾਂ ਨੂੰ ਧਾਰਮਿਕ ਪੁਸਤਕਾਂ ਸਸਤੇ ਭਾਅ ’ਤੇ ਮੁਹੱਈਆ ਕਰਵਾਉਣ ਲਈ ਗੀਤਾ ਪ੍ਰੈੱਸ ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਗੀਤਾ ਪ੍ਰੈੱਸ ਦਾ ‘ਕਲਿਆਣ’ ਮੈਗਜ਼ੀਨ ਅਧਿਆਤਮਕ ਦ੍ਰਿਸ਼ਟੀਕੋਣ ਤੋਂ ਸੰਗ੍ਰਹਿਤ ਸਾਹਿਤ ਵਜੋਂ ਵੱਕਾਰੀ ਸਥਾਨ ਰੱਖਦਾ ਹੈ। ਇਹ ਸ਼ਾਇਦ ਗੀਤਾ ਪ੍ਰੈੱਸ ਦੇ ਸਭ ਤੋਂ ਮਸ਼ਹੂਰ ਪ੍ਰਕਾਸ਼ਨਾਂ ਵਿੱਚੋਂ ਇੱਕ ਹੈ ਅਤੇ ਭਾਰਤ ਵਿੱਚ ਸਭ ਤੋਂ ਵੱਧ ਪੜ੍ਹੀ ਜਾਂਦੀ ਧਾਰਮਿਕ ਮੈਗਜ਼ੀਨ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਗੀਤਾ ਪ੍ਰੈੱਸ ਦੇ ਮੌਜੂਦਾ 1850 ਪ੍ਰਕਾਸ਼ਨਾਂ ਵਿੱਚੋਂ ਲਗਭਗ 760 ਪ੍ਰਕਾਸ਼ਨ ਸੰਸਕ੍ਰਿਤ ਅਤੇ ਹਿੰਦੀ ਵਿੱਚ ਹਨ ਪਰ ਬਾਕੀ ਹਿੰਦੂ ਧਾਰਮਿਕ ਕਿਤਾਬਾਂ ਦੇ ਪ੍ਰਕਾਸ਼ਨ ਗੁਜਰਾਤੀ, ਮਰਾਠੀ, ਤੇਲੁਗੂ, ਬੰਗਾਲੀ, ਉੜੀਆ, ਤਮਿਲ, ਕੰਨ੍ਹੜ, ਅਸਾਮੀ, ਮਲਿਆਲਮ, ਨੇਪਾਲੀ ਜਿਹੀਆਂ ਹੋਰ ਭਾਸ਼ਾਵਾਂ ਵਿੱਚ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਭਾਰਤੀ ਸੱਭਿਆਚਾਰ ਦੀ ਅਨੇਕਤਾ ’ਚ ਏਕਤਾ ਨੂੰ ਦਰਸਾਉਂਦਾ ਹੈ। ਭਾਰਤੀ ਸੱਭਿਆਚਾਰ ’ਚ ਧਾਰਮਿਕ ਤੇ ਅਧਿਆਤਮਿਕ ਆਧਾਰ ਪੂਰਬ ਤੋਂ ਪੱਛਮ ਤੇ ਉੱਤਰ ਤੋਂ ਦੱਖਣ ਤੱਕ ਇੱਕੋ ਜਿਹਾ ਹੈ।

ਗੀਤਾ ਪ੍ਰੈੱਸ ਦੀ ਵਿਦੇਸ਼ਾਂ ’ਚ ਆਪਣੀਆਂ ਸ਼ਾਖਾਵਾਂ ਸਥਾਪਿਤ ਕਰਨ ਦੀ ਯੋਜਨਾ ਵੱਲ ਇਸ਼ਾਰਾ ਕਰਦਿਆਂ ਰਾਸ਼ਟਰਪਤੀ ਨੇ ਆਸ ਪ੍ਰਗਟਾਈ ਕਿ ਇਸ ਵਿਸਤਾਰ ਨਾਲ ਪੂਰੀ ਦੁਨੀਆ ਭਾਰਤ ਦੇ ਸੱਭਿਆਚਾਰ ਅਤੇ ਦਰਸ਼ਨ ਤੋਂ ਲਾਭ ਉਠਾਏਗੀ। ਉਨ੍ਹਾਂ ਨੇ ਗੀਤਾ ਪ੍ਰੈੱਸ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨਾਲ ਆਪਣੇ ਸਬੰਧਾਂ ਨੂੰ ਵਧਾਉਣ, ਕਿਉਂਕਿ ਉਹ ਭਾਰਤੀ ਸੱਭਿਆਚਾਰ ਦੇ ਦੂਤ ਹਨ, ਜੋ ਵਿਸ਼ਵ ਨੂੰ ਸਾਡੇ ਦੇਸ਼ ਨਾਲ ਜੋੜਦੇ ਹਨ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –

 

*********

 

ਡੀਐੱਸ/ਏਕੇ(Release ID: 1831329) Visitor Counter : 136


Read this release in: English , Urdu , Marathi , Hindi