ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਅਨੁਰਾਗ ਠਾਕੁਰ ਨੇ ਦੂਰਦਰਸ਼ਨ ਨਿਊਜ਼ ਕਾਨਫਰੰਸ ਦਾ ਉਦਘਾਟਨ ਕੀਤਾ


ਇਹ 8 ਸਾਲ ਪਿਛਲੇ 60 ਸਾਲਾਂ ਨਾਲੋਂ ਬਿਹਤਰ ਰਹੇ ਹਨ: ਸ਼੍ਰੀ ਅਨੁਰਾਗ ਠਾਕੁਰ

“JAM (ਜਨ ਧਨ-ਆਧਾਰ-ਮੋਬਾਈਲ) ਦੀ ਤੀਹਰੀ ਪ੍ਰਣਾਲੀ ਨੇ ਭ੍ਰਿਸ਼ਟ ਵਿਚੋਲਿਆਂ ਦੀ ਪ੍ਰਣਾਲੀ ਨੂੰ ਤਬਾਹ ਕਰਕੇ ਦੋ ਲੱਖ ਕਰੋੜ ਰੁਪਏ ਬਚਾਏ ਹਨ ”

ਕੋਵਿਡ ਮੌਤਾਂ ਦੀ ਰਿਪੋਰਟ ਕਰਨ ਦੀ ਇੱਕ ਮਜ਼ਬੂਤ ਪ੍ਰਣਾਲੀ ਉਪਲਬਧ ਹੈ, ਘੱਟ ਰਿਪੋਰਟਿੰਗ ਦੀ ਕੋਈ ਗੁੰਜਾਇਸ਼ ਨਹੀਂ

ਕੋਵਿਡ ਮਹਾਮਾਰੀ ਦੌਰਾਨ ਸਾਹਮਣੇ ਆਏ 50 ਯੂਨੀਕੌਰਨ, ਭਾਰਤ ਅੱਜ ਚੋਟੀ ਦੇ ਤਿੰਨ ਸਟਾਰਟਅੱਪ ਦੇਸ਼ਾਂ ਵਿੱਚ ਸ਼ਾਮਲ

Posted On: 03 JUN 2022 7:00PM by PIB Chandigarh

 

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ ਡੀਡੀ ਨਿਊਜ਼ ਕਨਕਲੇਵ ਦਾ ਉਦਘਾਟਨ ਕੀਤਾ। ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਪਿਛਲੇ 8 ਸਾਲਾਂ ਦੌਰਾਨ ਸਰਕਾਰ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦੇ ਵੱਖ-ਵੱਖ ਪਹਿਲੂਆਂ 'ਤੇ ਕੇਂਦਰੀ ਮੰਤਰੀ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਅਹਿਮ ਚਰਚਾ ’ਚ ਅਰਥਚਾਰੇ ਅਤੇ ਦੇਸ਼ ਦੀ ਮੌਜੂਦਾ ਸਥਿਤੀ ਨਾਲ ਜੁੜੇ ਸਵਾਲ ਵੀ ਸ਼ਾਮਲ ਸਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਦੇ ਦੂਰ-ਦਰਾਜ ਦੇ ਖੇਤਰਾਂ ਵਿੱਚ ਵਿਕਾਸ ਦੇ ਬੀਜ ਬੀਜਣ ਵਿੱਚ ਸਫਲ ਰਹੀ ਹੈ। ਇਹ ਤੱਥ ਇਤਿਹਾਸਿਕ ਤੌਰ 'ਤੇ ਗ਼ਰੀਬੀ ਰੇਖਾ ਤੋਂ ਉਪਰ ਲਿਆਂਦੇ ਗਏ ਲੋਕਾਂ ਦੀ ਵੱਡੀ ਗਿਣਤੀ ਤੋਂ ਸਪੱਸ਼ਟ ਹੁੰਦਾ ਹੈ, ਜੋ ਪਿਛਲੇ 8 ਸਾਲਾਂ ਵਿੱਚ ਆਪਣੇ ਆਪ ’ਚ ਇੱਕ ਵੱਡੀ ਪ੍ਰਾਪਤੀ ਹੈ। ਸ਼੍ਰੀ ਠਾਕੁਰ ਨੇ ਕਿਹਾ, “ਸਰਕਾਰ ਪਿਛਲੇ 8 ਸਾਲਾਂ ਵਿੱਚ ਉਹ ਉਪਲਬਧੀਆਂ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ ਜੋ ਪਿਛਲੇ ਕਈ ਦਹਾਕਿਆਂ ਦੌਰਾਨ ਹਾਸਲ ਨਹੀਂ ਕੀਤੀ ਜਾ ਸਕੀ ਸੀ।”

 

 

ਸ਼੍ਰੀ ਠਾਕੁਰ ਨੇ ਪਿਛਲੇ ਤਿੰਨ ਸਾਲਾਂ ਵਿੱਚ 12 ਕਰੋੜ ਤੋਂ ਵੱਧ ਪਖਾਨਿਆਂ ਅਤੇ 3 ਕਰੋੜ ਤੋਂ ਵੱਧ ਘਰਾਂ ਦਾ ਨਿਰਮਾਣ, 45 ਫੀਸਦੀ ਘਰਾਂ ਵਿੱਚ ਪਾਈਪ ਰਾਹੀਂ ਪਾਣੀ ਦਾ ਕਨੈਕਸ਼ਨ, 9 ਕਰੋੜ ਤੋਂ ਵੱਧ ਰਸੋਈਆਂ ਵਿੱਚ ਗੈਸ ਕਨੈਕਸ਼ਨ, ਸਾਰੇ ਪਿੰਡਾਂ ਤੇ ਘਰਾਂ ਵਿੱਚ ਬਿਜਲੀ ਪਹੁੰਚਾਉਣ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਇਹ ਸਭ ਭਾਰਤ ਦੇ ਗ਼ਰੀਬ ਲੋਕਾਂ ਲਈ 'ਅੱਛੇ ਦਿਨ' ਲੈ ਕੇ ਆਈ ਹੈ ਅਤੇ ਸਰਕਾਰ ਨੇ ਚੰਗੇ ਸ਼ਾਸਨ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ। ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ 'ਤੇ ਟਿੱਪਣੀ ਕਰਦਿਆਂ ਕੇਂਦਰੀ ਮੰਤਰੀ ਨੇ ਇਸ ਨੂੰ "ਸੱਠ ਤੋਂ ਬਿਹਤਰ ਅੱਠ" (60 ਸਾਲਾਂ ਤੋਂ 8 ਸਾਲ ਬਿਹਤਰ) ਵਜੋਂ ਦਰਸਾਇਆ।

ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ ਅਮੀਰ ਅਤੇ ਗ਼ਰੀਬ ਦਾ ਪਾੜਾ ਘਟਿਆ ਹੈ। ਦੋ ਸਾਲਾਂ ਦੇ ਅੰਦਰ 450 ਕਰੋੜ ਬੈਂਕ ਖਾਤੇ ਖੋਲ੍ਹੇ ਗਏ, ਜਿਸ ਦੇ ਨਤੀਜੇ ਵਜੋਂ ਅੱਜ ਭਾਰਤ ਭੀਮ ਯੂਪੀਆਈ 'ਤੇ ਹਰ ਮਹੀਨੇ ਚਾਰ ਅਰਬ ਤੋਂ ਵੱਧ ਲੈਣ-ਦੇਣ ਕਰ ਰਿਹਾ ਹੈ, ਜਿਸ ਨੂੰ ਦੁਨੀਆ ਭਰ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਹੈਰਾਨੀ ਨਾਲ ਦੇਖ ਰਹੀਆਂ ਹਨ। ਇਸ ਪਹਿਲ ਨੇ ਭਾਰਤ ਨੂੰ ਉਹ ਉਪਲਬਧੀ ਹਾਸਲ ਕਰਨ ਦੇ ਯੋਗ ਬਣਾਇਆ ਹੈ ਜੋ ਕੋਈ ਹੋਰ ਦੇਸ਼ ਪ੍ਰਾਪਤ ਨਹੀਂ ਕਰ ਸਕਿਆ - ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਇੱਕ ਬਟਨ ਦਬਾਉਣ 'ਤੇ 12 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 21 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ। ਸ਼੍ਰੀ ਠਾਕੁਰ ਨੇ ਕਿਹਾ, “ਜੇਏਐੱਮ (ਜਨ ਧਨ-ਆਧਾਰ-ਮੋਬਾਈਲ) ਦੀ ਤੀਹਰੀ ਪ੍ਰਣਾਲੀ ਨੇ ਲਾਭ ਟ੍ਰਾਂਸਫਰ ਸਕੀਮਾਂ ਵਿੱਚ ਵਿਚੋਲਿਆਂ ਦੁਆਰਾ ਭ੍ਰਿਸ਼ਟਾਚਾਰ ਦੀ ਪ੍ਰਣਾਲੀ ਨੂੰ ਢਾਹ ਦਿੱਤਾ ਹੈ। ਇਸ ਨਾਲ ਟੈਕਸਦਾਤਿਆਂ ਨੂੰ 2 ਲੱਖ ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਈ ਹੈ।"

 

 

 

ਮਹਿੰਗਾਈ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਦੁਨੀਆ ਨੇ ਪਿਛਲੇ ਦੋ ਸਾਲਾਂ ਦੌਰਾਨ ਕਈ ਦੁਖਾਂਤ ਦੇਖੇ ਹਨ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਾਟਕੀ ਵਾਧਾ ਸੰਕਟ ਨੂੰ ਹੋਰ ਵਧਾ ਰਿਹਾ ਹੈ। ਰੂਸ-ਯੂਕ੍ਰੇਨ ਯੁੱਧ ਕਾਰਨ ਸਪਲਾਈ ਚੇਨ ਵਿਘਨ ਕਾਰਨ ਸਥਿਤੀ ਹੋਰ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ,"ਅਜਿਹੇ ਔਖੇ ਸਮੇਂ ਵਿੱਚ ਅਤੇ ਦੇਸ਼ ਤੋਂ ਬਾਹਰ ਦੇ ਕਾਰਕਾਂ 'ਤੇ ਨਿਰਭਰਤਾ ਨੂੰ ਦੂਰ ਕਰਨ ਲਈ, ਮੋਦੀ ਸਰਕਾਰ ਨੇ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦਾ ਸੰਕਲਪ ਲਿਆ ਹੈ" ਉਨ੍ਹਾਂ ਅੱਗੇ ਕਿਹਾ ਕਿ ਇਸ ਮਤੇ ਨੂੰ ਜਲਦੀ ਹੀ ਅਮਲ ਵਿੱਚ ਲਿਆਂਦਾ ਗਿਆ ਅਤੇ ਭਾਰਤ ਨੇ 10 ਲੱਖ ਪੀਪੀਈ ਕਿੱਟਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ, ਜਦਕਿ ਕੋਵਿਡ ਮਹਾਮਾਰੀ ਦੀ ਸ਼ੁਰੂਆਤ ਵਿੱਚ, ਇੱਥੇ ਇੱਕ ਵੀ ਪੀਪੀਈ ਕਿੱਟ ਨਹੀਂ ਬਣਾਈ ਜਾਂਦੀ ਸੀ। ਇਸ ਤੋਂ ਬਾਅਦ, ਭਾਰਤ ਘਰੇਲੂ ਤੌਰ 'ਤੇ ਨਿਰਮਿਤ ਦਵਾਈਆਂ ਤੇ ਬਾਅਦ ਵਿੱਚ ਟੀਕਿਆਂ ਦੀ ਵੰਡ ਵਿੱਚ ਵਿਸ਼ਵ ਨੇਤਾ ਬਣ ਗਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਝਟਕੇ ਦੇ ਬਾਵਜੂਦ, ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ।

ਕੋਵਿਡ ਮੌਤਾਂ ਦੇ ਅੰਕੜਿਆਂ ਦੀ ਘੱਟ ਰਿਪੋਰਟਿੰਗ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਮੌਤਾਂ ਦੇ ਅੰਕੜੇ ਰਾਜਾਂ ਦੁਆਰਾ ਰਿਪੋਰਟ ਕੀਤੇ ਜਾਂਦੇ ਹਨ ਅਤੇ ਸਾਰੀਆਂ ਮੌਤਾਂ ਲਈ ਸਾਰਣੀ ਤਿਆਰ ਕੀਤੀ ਜਾਂਦੀ ਹੈ ਤੇ ਮੌਤ ਦੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਮੌਤਾਂ ਦੀ ਰਿਪੋਰਟ ਕਰਨ ਦੀ ਮਜ਼ਬੂਤ ​​ਪ੍ਰਣਾਲੀ ਕਿਸੇ ਵੀ ਘੱਟ ਰਿਪੋਰਟਿੰਗ ਦੀ ਇਜਾਜ਼ਤ ਨਹੀਂ ਦੇਵੇਗੀ। ਕੇਂਦਰੀ ਮੰਤਰੀ ਨੇ ਰਾਜ ਦੇ ਸਿਹਤ ਮੰਤਰੀਆਂ ਦੀ ਮੀਟਿੰਗ ਵਿੱਚ ਪਾਸ ਕੀਤੇ ਮਤੇ ਨੂੰ ਯਾਦ ਕੀਤਾ ਜਿਸ ਵਿੱਚ ਇੱਕ ਵਿਦੇਸ਼ੀ ਸੰਸਥਾ ਦੁਆਰਾ ਉੱਚ ਮੌਤਾਂ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਪ੍ਰੇਰਿਤ ਕਰਾਰ ਦਿੱਤਾ ਗਿਆ ਸੀ।

ਸਟਾਰਟਅੱਪ ਨਾਲ ਸਬੰਧਿਤ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਟਾਰਟਅੱਪ ਦੀ ਪੂਰੀ ਧਾਰਨਾ ਨੂੰ ਦਰਕਿਨਾਰ ਕਰ ਦਿੱਤਾ ਸੀ। ਪਰ ਮੌਜੂਦਾ ਸਰਕਾਰ ਨੇ ਸਟਾਰਟਅੱਪਸ 'ਤੇ ਆਪਣੀ ਬਾਜ਼ੀ ਲਗਾ ਦਿੱਤੀ ਹੈ ਅਤੇ ਇਸ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਭਾਰਤ ਸਟਾਰਟਅੱਪ ਦੇ ਨਾਲ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ 50 ਸਟਾਰਟਅੱਪਸ ਨੇ ਇਕੱਲੇ ਭਾਰਤ ਵਿੱਚ ਯੂਨੀਕੌਰਨ ਦਾ ਰੂਪ ਧਾਰ ਲਿਆ ਅਤੇ ਇਹ ਇੱਕ ਨਵੇਂ ਭਾਰਤ ਦਾ ਪ੍ਰਤੀਕ ਹੈ।

ਇਸ ਸਮੇਂ ਵਿਸ਼ਵ ਵਿੱਚ ਭਾਰਤ ਦੇ ਮੌਜੂਦਾ ਅਕਸ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੇ ਲੋਕ ਮਾਣ ਨਾਲ ਕਹਿ ਸਕਦੇ ਹਨ ਕਿ ਸਰਕਾਰ ਪਿਛਲੇ 8 ਸਾਲਾਂ ਦੌਰਾਨ ਦੋਸ਼ ਮੁਕਤ ਰਹੀ ਹੈ, ਭਾਰਤੀ ਪਾਸਪੋਰਟ ਦੀ ਇੱਜ਼ਤ ਸਭ ਤੋਂ ਵੱਧ ਹੈ। ਅਰਥਵਿਵਸਥਾ ਵਿੱਚ ਮਜ਼ਬੂਤ ​​ਵਾਧਾ ਹੋਇਆ ਹੈ, ਕੋਵਿਡ-19 ਜਿਹੇ ਸੰਕਟਾਂ ਨਾਲ ਨਜਿੱਠਣ ਦੀ ਪ੍ਰਕਿਰਿਆ ਤੇਜ਼ ਰਹੀ ਹੈ ਆਦਿ।

ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਇਸ ਵਿੱਚ ਸਰਹੱਦ ਪਾਰ ਤੋਂ ਚਲ ਰਹੇ ਸੋਸ਼ਲ ਮੀਡੀਆ ਦੇ ਪ੍ਰਚਾਰ ਚੈਨਲਾਂ ਖ਼ਿਲਾਫ਼ ਕਾਰਵਾਈ ਕਰਨਾ ਵੀ ਸ਼ਾਮਲ ਹੈ।.

 

 

 

****

 

ਸੌਰਭ ਸਿੰਘ



(Release ID: 1831065) Visitor Counter : 99