ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ ਗੈਬੌਨ ਦੇ ਪਹਿਲੇ ਉੱਚ-ਪੱਧਰੀ ਦੌਰੇ ਦੀ ਸ਼ੁਰੂਆਤ ਕੀਤੀ


ਉਪ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਭਾਰਤ ਅਫ਼ਰੀਕਾ ਨਾਲ ਸਬੰਧ ਮਜ਼ਬੂਤ ਕਰਨ ਨੂੰ ਪ੍ਰਮੁੱਖ ਪ੍ਰਾਥਮਿਕਤਾ ਦਿੰਦਾ ਹੈ

ਉਪ ਰਾਸ਼ਟਰਪਤੀ ਨੇ ਦੋਵੇਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਹੋਰ ਗਹਿਰੇ ਕਰਨ ਲਈ ਗੈਬੌਨ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਵਿਆਪਕ ਗੱਲਬਾਤ ਕੀਤੀ

ਭਾਰਤ ਅਤੇ ਗੈਬੌਨ ਨੇ ਸਾਂਝੇ ਕਮਿਸ਼ਨ ਦੀ ਸਥਾਪਨਾ ਤੇ ਕੂਟਨੀਤਕਾਂ ਦੀ ਸਿਖਲਾਈ ਬਾਰੇ ਸਮਝੌਤਿਆਂ 'ਤੇ ਹਸਤਾਖਰ ਕੀਤੇ

ਉਪ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਸੀਟ ਲਈ ਭਾਰਤ ਦੀ ਦਾਅਵੇਦਾਰੀ ਦੀ ਹਮਾਇਤ ਕਰਨ ਲਈ ਗੈਬੌਨ ਦਾ ਧੰਨਵਾਦ ਕੀਤਾ

Posted On: 31 MAY 2022 7:43PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐਮ. ਵੈਂਕਈਆ ਨਾਇਡੂ ਨੇ ਅੱਜ ਕਿਸੇ ਉੱਚ ਦਰਜੇ ਦੇ ਭਾਰਤੀ ਪਤਵੰਤੇ ਦੀ ਗੈਬੋਨੀਜ਼ ਗਣਰਾਜ ਦੇ ਪਹਿਲੀ ਫੇਰੀ ਦੀ ਸ਼ੁਰੂਆਤ ਰਾਜਧਾਨੀ ਲਿਬਰੇਵਿਲੇ ਵਿੱਚ ਉੱਚ ਪੱਧਰੀ ਮੀਟਿੰਗਾਂ ਦੀ ਇੱਕ ਲੜੀ ਦੇ ਨਾਲ ਕੀਤੀ।

ਉਪ ਰਾਸ਼ਟਰਪਤੀ, ਜੋ ਕੱਲ੍ਹ ਗੈਬੋਨੀਜ਼ ਦੀ ਰਾਜਧਾਨੀ ਵਿੱਚ ਪਹੁੰਚੇ ਸਨ, ਦਾ ਰਸਮੀ ਸੁਆਗਤ ਕੀਤਾ ਗਿਆ ਅਤੇ ਗੈਬੌਨ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਰੋਜ਼ ਕ੍ਰਿਸਟੀਅਨ ਓਸੋਕਾ ਰਾਪੋਂਡਾ ਅਤੇ ਗੈਬੋਨੀਜ਼ ਦੇ ਵਿਦੇਸ਼ ਮੰਤਰੀ ਸ਼੍ਰੀ ਮਾਈਕਲ ਮੂਸਾ-ਅਦਾਮੋ ਨੇ ਨਿੱਘਾ ਸੁਆਗਤ ਕੀਤਾ।

ਅੱਜ ਆਪਣੇ ਪਹਿਲੇ ਰੁਝੇਵੇਂ ਵਿੱਚ, ਸ਼੍ਰੀ ਨਾਇਡੂ ਨੇ ਗੈਬੌਨ ਦੇ ਵਿਦੇਸ਼ ਮੰਤਰੀ, ਸ਼੍ਰੀ ਮਾਈਕਲ ਮੂਸਾ ਅਦਾਮੋ ਨਾਲ ਇੱਕ ਦੁਵੱਲੀ ਮੀਟਿੰਗ ਕੀਤੀ ਅਤੇ ਫਿਰ ਗੈਬੌਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਲੀ ਬੋਂਗੋ ਓਂਡਿੰਬਾ ਨਾਲ ਮੁਲਾਕਾਤ ਕੀਤੀ।

 

ਇਸ ਤੋਂ ਬਾਅਦ ਉਨ੍ਹਾਂ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਮਹਾਮਹਿਮ ਸ਼੍ਰੀ ਫੌਸਟਿਨ ਬੌਕੂਬੀ ਅਤੇ ਸੈਨੇਟ ਦੇ ਪ੍ਰਧਾਨ ਮਹਾਮਹਿਮ ਸ਼੍ਰੀਮਤੀ ਲੂਸੀ ਮਾਈਲਬੂ ਔਬਸਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ਼੍ਰੀ ਨਾਇਡੂ ਨੇ ਭਾਰਤ-ਗੈਬੌਨ ਸਬੰਧਾਂ ਵਿੱਚ ਲੋਕਤੰਤਰ ਤੇ ਬਹੁਲਵਾਦ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਦੋਵਾਂ ਪ੍ਰਧਾਨ ਅਧਿਕਾਰੀਆਂ ਨੂੰ ਮੂਲ ਭਾਰਤੀ ਸੰਵਿਧਾਨ ਦੀਆਂ ਪ੍ਰਤੀਕ੍ਰਿਤੀਆਂ ਤੋਹਫ਼ੇ ਵਜੋਂ ਦਿੱਤੀਆਂ।

ਉਪ ਰਾਸ਼ਟਰਪਤੀ ਨੇ ਦੋਵੇਂ ਦੇਸ਼ਾਂ ਦੇ ਸਾਂਝੇ ਹਿਤਾਂ ਦੇ ਕਈ ਮੁੱਦਿਆਂ 'ਤੇ ਗੈਬੋਨੀਜ਼ ਪ੍ਰਧਾਨ ਮੰਤਰੀ, ਸ਼੍ਰੀਮਤੀ ਰੋਜ਼ ਕ੍ਰਿਸਟੀਅਨ ਓਸੋਕਾ ਰਾਪੋਂਡਾ ਨਾਲ ਵਫ਼ਦ ਪੱਧਰੀ ਗੱਲਬਾਤ ਦੀ ਅਗਵਾਈ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਗਹਿਰੇ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ, ਦੋ ਸਮਝੌਤਿਆਂ ਭਾਵ: ਭਾਰਤ ਤੇ ਗੈਬੌਨ ਸਰਕਾਰਾਂ ਵਿਚਾਲੇ ਇੱਕ ਸਾਂਝੇ ਕਮਿਸ਼ਨ ਦੀ ਸਥਾਪਨਾ ਅਤੇ ਡਿਪਲੋਮੈਟਾਂ ਦੀਆਂ ਸਿਖਲਾਈ ਸੰਸਥਾਵਾਂ, ਸੁਸ਼ਮਾ ਸਵਰਾਜ ਇੰਸਟੀਟਿਊਟ ਆਵ੍ ਫਾਰੇਨ ਸਰਵਿਸਿਜ਼ ਅਤੇ ਗੈਬੌਨ ਦੇ ਵਿਦੇਸ਼ ਮੰਤਰਾਲੇ ਵਿਚਕਾਰ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਸਨ। ਉਪ ਰਾਸ਼ਟਰਪਤੀ, ਸ਼੍ਰੀ ਨਾਇਡੂ ਅਤੇ ਗੈਬੌਨ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਰੋਜ਼ ਕ੍ਰਿਸਟੀਅਨ ਓਸੂਕਾ ਰਾਪੋਂਡਾ ਇਨ੍ਹਾਂ ਸਮਝੌਤਿਆਂ 'ਤੇ ਹਸਤਾਖਰ ਕਰਦੇ ਸਮੇਂ ਮੌਜੂਦ ਸਨ।

ਲਿਬਰੇਵਿਲੇ ਵਿੱਚ ਅੱਜ ਭਾਰਤ ਅਤੇ ਗੈਬੌਨ ਵਿਚਕਾਰ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ

ਗੈਬੌਨ ਦੀ ਲੀਡਰਸ਼ਿਪ ਨਾਲ ਆਪਣੀ ਗੱਲਬਾਤ ਦੌਰਾਨ ਉਪ ਰਾਸ਼ਟਰਪਤੀ ਨੇ ਜ਼ੋਰ ਦਿੱਤਾ ਕਿ ਭਾਰਤ ਗੈਬੌਨ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ ਤੇ ਭਾਰਤ ਸਰਕਾਰ ਦੀ ਵਿਕਾਸ ਯਾਤਰਾ ਵਿੱਚ ਗੈਬੌਨ ਦੇ ਭਰੋਸੇਮੰਦ ਭਾਈਵਾਲ ਬਣਨ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।

ਉਨ੍ਹਾਂ ਕਿਹਾ,"ਅਸੀਂ ਆਪਣੇ ਦੁਵੱਲੇ, ਖੇਤਰੀ ਅਤੇ ਬਹੁਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ​​ਅਤੇ ਵਿਸ਼ਾਲ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੇ ਆਪਣੇ ਘੇਰੇ ਦਾ ਵਿਸਤਾਰ ਕਰਨ ਲਈ ਗੈਬੌਨ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ।"

ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਭਾਰਤ ਤੇ ਗੈਬੌਨ ਦਰਮਿਆਨ ਦੁਵੱਲੇ ਵਪਾਰ ਦੇ ਸਥਿਰ ਵਾਧੇ ਦਾ ਹਵਾਲਾ ਦਿੰਦਿਆਂ, ਜੋ ਕਿ 2021-22 ਵਿੱਚ 1 ਅਰਬ ਅਮਰੀਕੀ ਡਾਲਰ ਨੂੰ ਪਾਰ ਕਰ ਗਿਆ ਸੀ, ਸ਼੍ਰੀ ਨਾਇਡੂ ਨੇ ਸਾਡੀ ਵਪਾਰਕ ਟੋਕਰੀ;, ਖਾਸ ਕਰਕੇ ਸਿਹਤ ਅਤੇ ਫਾਰਮਾਸਿਊਟੀਕਲ, ਊਰਜਾ, ਖੇਤੀਬਾੜੀ, ਚੌਲ, ਰੱਖਿਆ, ਸੁਰੱਖਿਆ, ਆਦਿ ਖੇਤਰਾਂ ’ਚ ਵਿਭਿੰਨਤਾ ਲਿਆਉਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦਾ ਸੱਦਾ ਦਿੱਤਾ। ਉਹ ਤੇਲ ਅਤੇ ਗੈਸ, ਮਾਈਨਿੰਗ, ਲੱਕੜ ਦੀ ਪ੍ਰੋਸੈੱਸਿੰਗ, ਰੱਖਿਆ, ਸੂਰਜੀ ਊਰਜਾ ਆਦਿ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਵਧੀ ਹੋਈ ਭਾਈਵਾਲੀ ਚਾਹੁੰਦੇ ਸਨ।

ਸਮਰੱਥਾ ਨਿਰਮਾਣ ਨੂੰ ਅਫਰੀਕਾ ਦੇ ਨਾਲ ਭਾਰਤ ਦੀ ਭਾਈਵਾਲੀ ਦਾ ਇੱਕ ਅਹਿਮ ਥੰਮ੍ਹ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਗੈਬੌਨ ਦੇ 20 ਕੂਟਨੀਤਕਾਂ ਦੇ ਅਗਲੇ ਬੈਚ ਲਈ ਇੱਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਵਾਸਤੇ ਭਾਰਤ ਸਰਕਾਰ ਦੀ ਮਨਜ਼ੂਰੀ ਦਾ ਐਲਾਨ ਕੀਤਾ।

2022-23 ਦੀ ਮਿਆਦ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਗ਼ੈਰ-ਸਥਾਈ ਮੈਂਬਰ ਵਜੋਂ ਚੁਣੇ ਜਾਣ ਲਈ ਗੈਬੌਨ ਨੂੰ ਵਧਾਈ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਉਮੀਦਵਾਰੀ ਦੀ ਹਮਾਇਤ ਕਰਨ ਲਈ ਉਸ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਸੰਯੁਕਤ ਰਾਸ਼ਟਰ ਖਾਸ ਤੌਰ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਢਾਂਚਾਗਤ ਸੁਧਾਰਾਂ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਆਤੰਕਵਾਦ ਵਿਰੋਧੀ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦਿਆਂ 'ਤੇ ਦੋਵੇਂ ਦੇਸ਼ਾਂ ਵਿਚਾਲੇ ਨਜ਼ਦੀਕੀ ਸਹਿਯੋਗ ਦੀ ਮੰਗ ਕੀਤੀ।

ਆਪਣੀ ਗੱਲਬਾਤ ਵਿੱਚ, ਉਪ ਰਾਸ਼ਟਰਪਤੀ ਨੇ ਇਜ਼ੁਲਵਿਨੀ ਸਹਿਮਤੀ ਅਤੇ ਸਿਰਤੇ ਐਲਾਨਨਾਮੇ ’ਚ ਦਰਜ ਸਾਂਝੀ ਅਫਰੀਕੀ ਸਥਿਤੀ ਲਈ ਭਾਰਤ ਦੇ ਸਮਰਥਨ ਨੂੰ ਵੀ ਦੁਹਰਾਇਆ ਅਤੇ ਅਫਰੀਕੀ ਮਹਾਂਦੀਪ ਨਾਲ ਹੋਈ ਇਤਿਹਾਸਿਕ  ਬੇਇਨਸਾਫੀ ਨੂੰ ਸੁਧਾਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਉਨ੍ਹਾਂ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਕਿ NAM ਦੇ ਬੁਨਿਆਦੀ ਮੁੱਲਾਂ ਅਤੇ ਸਿਧਾਂਤਾਂ ਦੀ ਇੰਨ੍ਹ–ਬਿੰਨ੍ਹ ਦੋਵਾਂ ’ਚ ਪਾਲਣਾ ਕੀਤੀ ਜਾਂਦੀ ਹੈ, ਅਤੇ NAM ਵਿਕਾਸਸ਼ੀਲ ਸੰਸਾਰ ਲਈ ਪ੍ਰਾਸੰਗਿਕਤਾ ਦੇ ਮੁੱਖ ਧਾਰਾ ਦੇ ਸਮਕਾਲੀ ਮੁੱਦਿਆਂ 'ਤੇ ਕੇਂਦ੍ਰਿਤ ਹੈ।

ਇਹ ਮੰਨਦਿਆਂ ਕਿ ਗੈਬੌਨ ਕੌਮਾਂਤਰੀ ਸੋਲਰ ਗਠਜੋੜ ਸਮਝੌਤੇ 'ਤੇ ਹਸਤਾਖਰ ਕਰਨ ਅਤੇ ਇਸ ਦੀ ਪੁਸ਼ਟੀ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ ਅਤੇ ਇਹ ਕਿ 2030 ਤੱਕ 100% ਸਵੱਛ ਊਰਜਾ ਦੀ ਯੋਜਨਾ ਬਣਾ ਰਿਹਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਆਪਣੇ ਅਖੁੱਟ ਊਰਜਾ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਗੈਬੌਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਚਾਹੇਗਾ। .

ਭਾਵੇਂ ਗੈਬੌਨ ਵਿੱਚ ਭਾਰਤੀ ਭਾਈਚਾਰਾ ਗਿਣਤੀ ਵਿੱਚ ਮੁਕਾਬਲਤਨ ਘੱਟ ਹੈ, ਉਪ ਰਾਸ਼ਟਰਪਤੀ ਨੇ ਗੈਬੋਨੀਜ਼ ਦੀ ਅਰਥਵਿਵਸਥਾ ਵਿੱਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਭਾਰਤੀ ਨਾਗਰਿਕਾਂ ਦੀ ਚੰਗੀ ਦੇਖਭਾਲ ਕਰਨ ਲਈ ਗੈਬੋਨੀ ਸਰਕਾਰ ਦੀ ਪ੍ਰਸ਼ੰਸਾ ਕੀਤੀ।

ਗੈਬੌਨ ਦੇ ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ। ਲਿੰਗ ਸਮਾਨਤਾ ਦੇ ਖੇਤਰ ’ਚ ਕੀਤੀ ਗਈ ਤਰੱਕੀ ਲਈ ਗੈਬੌਨ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਗੈਬੌਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਲਈ ਮਹਾਮਹਿਮ ਸ਼੍ਰੀਮਤੀ ਰੋਜ਼ ਕ੍ਰਿਸਟੀਅਨ ਓਸੋਕਾ ਰਾਪੋਂਡਾ ਨੂੰ ਮੁਬਾਰਕਬਾਦ ਦਿੱਤੀ।

ਇਸ ਫੇਰੀ ਮੌਕੇ ਸ਼੍ਰੀ ਨਾਇਡੂ ਦੇ ਨਾਲ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਡਾ. ਭਾਰਤੀ ਪ੍ਰਵੀਨ ਪਵਾਰ ਅਤੇ ਸੰਸਦ ਮੈਂਬਰ ਸ਼੍ਰੀ ਸੁਸ਼ੀਲ ਕੁਮਾਰ ਮੋਦੀ, ਸ਼੍ਰੀ ਵਿਜੈ ਪਾਲ ਸਿੰਘ ਤੋਮਰ, ਸ਼੍ਰੀ ਪੀ. ਰਵਿੰਦਰਨਾਥ, ਉਪ ਰਾਸ਼ਟਰਪਤੀ ਸਕੱਤਰੇਤ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

*****

 

ਐੱਮਐੱਸ/ਆਰਕੇ/ਡੀਪੀ




(Release ID: 1829978) Visitor Counter : 124


Read this release in: English , Urdu , Hindi , Marathi