ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਮਹਿਲਾ ਵਿਧਾਇਕ ਸੰਮੇਲਨ-2022 ਦਾ ਉਦਘਾਟਨ ਕੀਤਾ
Posted On:
26 MAY 2022 2:06PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (26 ਮਈ, 2022) ਤਿਰੂਵਨੰਤਪੁਰਮ ਵਿੱਚ ਰਾਸ਼ਟਰੀ ਮਹਿਲਾ ਵਿਧਾਇਕ ਕਾਨਫਰੰਸ - 2022 ਦਾ ਉਦਘਾਟਨ ਕੀਤਾ। ਇਸ ਕਾਨਫਰੰਸ ਦੀ ਮੇਜ਼ਬਾਨੀ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਹਿੱਸੇ ਵਜੋਂ ਕੇਰਲ ਵਿਧਾਨ ਸਭਾ ਦੁਆਰਾ ਕੀਤੀ ਜਾ ਰਹੀ ਹੈ।
ਸਭਾ ਨੂੰ ਸੰਬੋਧਨ ਕਰਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਜਿਸ ਸਮੇਂ ਦੇਸ਼ ਆਪਣੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਿਹਾ ਹੈ, ਉਸ ਸਮੇਂ, ਰਾਸ਼ਟਰੀ ਮਹਿਲਾ ਵਿਧਾਇਕਾਂ ਦੀ ਇਸ ਕਾਨਫਰੰਸ ਦਾ ਆਯੋਜਨ ਕੀਤਾ ਜਾਣਾ ਬਹੁਤ ਢੁਕਵਾਂ ਹੈ। 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਤਹਿਤ, ਅਸੀਂ ਪਿਛਲੇ ਇੱਕ ਵਰ੍ਹੇ ਤੋਂ ਵੱਧ ਸਮੇਂ ਤੋਂ ਯਾਦਗਾਰੀ ਸਮਾਗਮ ਆਯੋਜਿਤ ਕਰ ਰਹੇ ਹਾਂ। ਵਿਭਿੰਨ ਸਮਾਗਮਾਂ ਵਿੱਚ ਲੋਕਾਂ ਦੀ ਉਤਸ਼ਾਹੀ ਭਾਗੀਦਾਰੀ ਅਤੀਤ ਨਾਲ ਜੁੜਨ ਅਤੇ ਸਾਡੇ ਗਣਰਾਜ ਦੀ ਨੀਂਹ ਨੂੰ ਆਪਣੇ ਲਈ ਮੁੜ ਖੋਜਣ ਦੇ ਉਨ੍ਹਾਂ ਦੇ ਜੋਸ਼ ਨੂੰ ਦਰਸਾਉਂਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਆਜ਼ਾਦੀ ਅੰਦੋਲਨ ਦੀ ਗਾਥਾ ਵਿੱਚ ਮਹਿਲਾਵਾਂ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ। ਭਾਰਤ ਦੇ ਇੱਕ ਸ਼ੋਸ਼ਣਕਾਰੀ ਬਸਤੀਵਾਦੀ ਸ਼ਾਸਨ ਦੀਆਂ ਜੰਜੀਰਾਂ ਤੋਂ ਮੁਕਤ ਹੋਣ ਦੇ ਯਤਨ ਬਹੁਤ ਪਹਿਲਾਂ ਸ਼ੁਰੂ ਹੋਏ ਸਨ, ਅਤੇ 1857 ਇਸਦੇ ਸ਼ੁਰੂਆਤੀ ਪ੍ਰਗਟਾਵੇ ਵਿੱਚੋਂ ਇੱਕ ਸੀ। ਇੱਥੋਂ ਤੱਕ ਕਿ 19ਵੀਂ ਸਦੀ ਦੇ ਮੱਧ ਵਿੱਚ, ਜਦੋਂ ਕਿ ਦੂਸਰੇ ਪਾਸੇ ਸਿਰਫ਼ ਮਰਦ ਸਨ, ਭਾਰਤੀ ਪੱਖ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਸ਼ਾਮਲ ਸਨ। ਰਾਣੀ ਲਕਸ਼ਮੀਬਾਈ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਮਕਬੂਲ ਸੀ, ਪਰ ਉਸ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਸਨ ਜੋ ਬੇਇਨਸਾਫ਼ੀ ਦੇ ਵਿਰੁੱਧ ਬਹਾਦਰੀ ਨਾਲ ਲੜ ਰਹੀਆਂ ਸਨ। ਨਾ-ਮਿਲਵਰਤਣ ਅੰਦੋਲਨ ਤੋਂ ਲੈ ਕੇ ਭਾਰਤ ਛੱਡੋ ਅੰਦੋਲਨ ਤੱਕ ਗਾਂਧੀ ਜੀ ਦੀ ਅਗਵਾਈ ਵਿੱਚ ਕਈ ਸੱਤਿਆਗ੍ਰਹਿ ਅੰਦੋਲਨਾਂ ਵਿੱਚ ਮਹਿਲਾਵਾਂ ਦੀ ਵਿਆਪਕ ਸ਼ਮੂਲੀਅਤ ਸੀ। ਪਹਿਲੀਆਂ ਸੱਤਿਆਗ੍ਰਹਿ ਮਹਿਲਾਵਾਂ ਵਿੱਚ ਕਸਤੂਰਬਾ ਵੀ ਸ਼ਾਮਲ ਸੀ। ਜਦੋਂ ਗਾਂਧੀ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਨ੍ਹਾਂ ਨੇ ਦਾਂਡੀ ਤੱਕ ਨਮਕ ਮਾਰਚ ਦੀ ਅਗਵਾਈ ਸਰੋਜਨੀ ਨਾਇਡੂ ਨੂੰ ਸੌਂਪਣ ਦਾ ਫੈਸਲਾ ਕੀਤਾ। ਕਮਲਾਦੇਵੀ ਚਟੋਪਾਧਿਆਏ ਚੋਣਾਂ ਲੜਨ ਵਾਲੀਆਂ ਪਹਿਲੀਆਂ ਮਹਿਲਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿੱਚ ਇੰਡੀਅਨ ਨੈਸ਼ਨਲ ਆਰਮੀ ਵਿੱਚ ਮੈਡਮ ਭੀਕਾਜੀ ਕਾਮਾ ਅਤੇ ਕੈਪਟਨ ਲਕਸ਼ਮੀ ਸਹਿਗਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਬਹਾਦਰੀ ਭਰੇ ਬਲੀਦਾਨਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਸਾਡੇ ਰਾਸ਼ਟਰੀ ਅੰਦੋਲਨ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਦੀਆਂ ਉਦਾਹਰਣਾਂ ਦੇਣਾ ਸ਼ੁਰੂ ਕਰਦਾ ਹੈ ਤਾਂ ਇੰਨੇ ਪ੍ਰੇਰਣਾਦਾਇਕ ਨਾਮ ਦਿਮਾਗ ਵਿੱਚ ਆਉਂਦੇ ਹਨ ਕਿ ਉਨ੍ਹਾਂ ਵਿੱਚੋਂ ਕੁਝ ਕੁ ਦਾ ਹੀ ਜ਼ਿਕਰ ਸੰਭਵ ਹੁੰਦਾ ਹੈ।
ਸ਼ੁਰੂਆਤ ਤੋਂ ਹੀ, ਆਪਣੇ ਸਾਰੇ ਬਾਲਗ਼ ਨਾਗਰਿਕਾਂ ਨੂੰ, ਕਿਸੇ ਵੀ ਭੇਦਭਾਵ ਦੀ ਪਰਵਾਹ ਕੀਤੇ ਬਿਨਾ, ਸਰਬਵਿਆਪੀ (ਯੂਨੀਵਰਸਲ) ਫ੍ਰੈਂਚਾਈਜ਼ੀ ਦੀ ਪੇਸ਼ਕਸ਼ ਕਰਨ ਦੀ ਭਾਰਤ ਦੀ ਪ੍ਰਾਪਤੀ ਬਾਰੇ ਬੋਲਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਆਧੁਨਿਕ ਲੋਕਤੰਤਰ, ਸੰਯੁਕਤ ਰਾਜ ਅਮਰੀਕਾ ਵਿੱਚ ਮਹਿਲਾਵਾਂ ਨੂੰ ਵੋਟ ਦੇ ਅਧਿਕਾਰ ਨੂੰ ਜਿੱਤਣ ਲਈ ਆਜ਼ਾਦੀ ਦੇ ਬਾਅਦ ਇੱਕ ਸਦੀ ਤੋਂ ਵੱਧ ਸਮਾਂ ਉਡੀਕ ਕਰਨੀ ਪਈ। ਯੂਨਾਈਟਿਡ ਕਿੰਗਡਮ ਵਿੱਚ ਉਨ੍ਹਾਂ ਦੀਆਂ ਭੈਣਾਂ ਨੇ ਵੀ ਲਗਭਗ ਏਨਾ ਹੀ ਲੰਬਾ ਸਮਾਂ ਇੰਤਜ਼ਾਰ ਕੀਤਾ। ਉਸ ਤੋਂ ਬਾਅਦ ਵੀ ਯੂਰਪ ਦੇ ਕਈ ਆਰਥਿਕ ਤੌਰ 'ਤੇ ਉੱਨਤ ਦੇਸ਼ਾਂ ਨੇ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦੇਣ ਤੋਂ ਗੁਰੇਜ਼ ਕੀਤਾ। ਭਾਰਤ ਵਿੱਚ, ਹਾਲਾਂਕਿ, ਕਦੇ ਵੀ ਅਜਿਹਾ ਸਮਾਂ ਨਹੀਂ ਸੀ ਜਦੋਂ ਮਰਦ ਵੋਟ ਪਾ ਸਕਦੇ ਸਨ ਪਰ ਮਹਿਲਾਵਾਂ ਨਹੀਂ ਪਾ ਸਕਦੀਆਂ ਸਨ। ਇਹ ਦੋ ਚੀਜ਼ਾਂ ਨੂੰ ਦਰਸਾਉਂਦਾ ਹੈ। ਸਰਬ ਪ੍ਰਥਮ, ਸੰਵਿਧਾਨ ਦੇ ਨਿਰਮਾਤਾਵਾਂ ਦਾ ਲੋਕਤੰਤਰ ਅਤੇ ਜਨਤਾ ਦੀ ਸਿਆਣਪ ਵਿੱਚ ਗਹਿਰਾ ਵਿਸ਼ਵਾਸ ਸੀ। ਉਹ ਹਰੇਕ ਨਾਗਰਿਕ ਨੂੰ ਇੱਕ ਨਾਗਰਿਕ ਸਮਝਦੇ ਸਨ, ਨਾ ਕਿ ਇੱਕ ਮਹਿਲਾ ਜਾਂ ਕਿਸੇ ਜਾਤੀ ਜਾਂ ਕਬੀਲੇ ਦੇ ਮੈਂਬਰ ਵਜੋਂ, ਅਤੇ ਇਹ ਮੰਨਦੇ ਸਨ ਕਿ ਸਾਡੀ ਸਾਂਝੀ ਕਿਸਮਤ ਨੂੰ ਘੜਨ ਵਿੱਚ ਉਨ੍ਹਾਂ ਵਿੱਚੋਂ ਹਰੇਕ ਦੀ ਬਰਾਬਰੀ ਹੋਣੀ ਚਾਹੀਦੀ ਹੈ। ਦੂਸਰਾ, ਪੁਰਾਣੇ ਸਮਿਆਂ ਤੋਂ ਇਸ ਧਰਤੀ ਨੇ ਮਹਿਲਾ ਅਤੇ ਮਰਦ ਨੂੰ ਬਰਾਬਰ ਦੇਖਿਆ ਹੈ - ਵਾਸਤਵ ਵਿੱਚ, ਇੱਕ, ਦੂਸਰੇ ਤੋਂ ਬਿਨਾ ਅਧੂਰਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾਵਾਂ ਇੱਕ ਤੋਂ ਬਾਅਦ ਇੱਕ ਡੋਮੇਨ ਵਿੱਚ ਪੁਰਾਣੀਆਂ ਪਿਰਤਾਂ ਨੂੰ ਭੰਗ ਕਰ ਰਹੀਆਂ ਹਨ। ਤਾਜ਼ਾ ਉਦਾਹਰਣ ਹਥਿਆਰਬੰਦ ਬਲਾਂ ਵਿੱਚ ਉਨ੍ਹਾਂ ਦੀ ਵਧੀ ਹੋਈ ਭੂਮਿਕਾ ਹੈ। ਵਿਗਿਆਨ, ਟੈਕਨੋਲੋਜੀ, ਇੰਜਨੀਅਰਿੰਗ, ਗਣਿਤ ਅਤੇ ਪ੍ਰਬੰਧਨ, ਜਿਸਨੂੰ ਸਮੁੱਚੇ ਤੌਰ 'ਤੇ ‘ਸਟੈੱਮ’ ('STEMM') ਵਜੋਂ ਜਾਣਿਆ ਜਾਂਦਾ ਹੈ, ਦੇ ਰਵਾਇਤੀ ਪੁਰਸ਼ ਗੜ੍ਹਾਂ ਵਿੱਚ ਉਨ੍ਹਾਂ ਦੀ ਸੰਖਿਆ ਵਧ ਰਹੀ ਹੈ। ਸੰਕਟ ਦੇ ਉਨ੍ਹਾਂ ਮਹੀਨਿਆਂ ਦੌਰਾਨ ਦੇਸ਼ ਦੀ ਰਾਖੀ ਕਰਨ ਵਾਲੇ ਕੋਰੋਨਾ ਯੋਧਿਆਂ ਵਿੱਚ ਮਰਦਾਂ ਨਾਲੋਂ ਮਹਿਲਾਵਾਂ ਦੀ ਸੰਖਿਆ ਕਿਤੇ ਅਧਿਕ ਰਹੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਸਿਹਤ ਸੰਭਾਲ਼ ਪ੍ਰਸੋਨਲ ਦੀ ਗੱਲ ਆਉਂਦੀ ਹੈ, ਕੇਰਲ ਨੇ ਹਮੇਸ਼ਾ ਹੀ ਆਪਣੇ ਲੁੜੀਂਦੇ ਹਿੱਸੇ ਤੋਂ ਵੱਧ ਯੋਗਦਾਨ ਪਾਇਆ ਹੈ ਅਤੇ ਇਸ ਰਾਜ ਦੀਆਂ ਮਹਿਲਾਵਾਂ ਨੇ ਸੰਕਟ ਦੇ ਇਸ ਸਮੇਂ ਦੌਰਾਨ ਵੱਡੇ ਨਿੱਜੀ ਜੋਖਮ 'ਤੇ ਵੀ ਨਿਰਸਵਾਰਥ ਦੇਖਭਾਲ਼ ਦੀ ਮਿਸਾਲ ਕਾਇਮ ਕੀਤੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾਵਾਂ ਜੋ ਕਿ ਆਬਾਦੀ ਦਾ ਲਗਭਗ ਅੱਧਾ ਹਿੱਸਾ ਹਨ, ਲਈ ਅਜਿਹੀਆਂ ਪ੍ਰਾਪਤੀਆਂ ਕੁਦਰਤੀ ਗੱਲ ਹੋਣਾ ਚਾਹੀਦੀਆਂ ਸਨ। ਬਦਕਿਸਮਤੀ ਨਾਲ, ਅਜਿਹਾ ਨਹੀਂ ਹੋਇਆ ਹੈ। ਸਾਨੂੰ ਇਹ ਮੰਨਣਾ ਪਵੇਗਾ ਕਿ ਉਹ ਗਹਿਰੇ ਸਮਾਜਿਕ ਪੱਖਪਾਤ ਤੋਂ ਪੀੜਤ ਹਨ।
ਵਰਕਫੋਰਸ ਵਿੱਚ ਉਨ੍ਹਾਂ ਦਾ ਅਨੁਪਾਤ ਉਨ੍ਹਾਂ ਦੀ ਸਮਰੱਥਾ ਦੇ ਕਿਤੇ ਵੀ ਨੇੜੇ ਨਹੀਂ ਹੈ। ਇਹ ਦੁਖਦਾਈ ਸਥਿਤੀ, ਬੇਸ਼ੱਕ, ਇੱਕ ਆਲਮੀ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਘੱਟੋ-ਘੱਟ ਇੱਕ ਮਹਿਲਾ ਪ੍ਰਧਾਨ ਮੰਤਰੀ ਰਹੀ ਹੈ, ਅਤੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦੇ ਉੱਘੇ ਪੂਰਵਜਾਂ ਵਿੱਚ ਇੱਕ ਮਹਿਲਾ ਵੀ ਰਹੀ ਹੈ, ਜਦੋਂ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਰਾਜ ਜਾਂ ਸਰਕਾਰ ਦੀ ਪਹਿਲੀ ਮਹਿਲਾ ਮੁਖੀ ਬਣਨੀ ਬਾਕੀ ਹੈ। ਮਾਮਲੇ ਨੂੰ ਗਲੋਬਲ ਸੰਦਰਭ ਵਿੱਚ ਰੱਖਣਾ ਸਾਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਸਾਡੇ ਸਾਹਮਣੇ ਚੁਣੌਤੀ ਮਾਨਸਿਕਤਾ ਨੂੰ ਬਦਲਣ ਦੀ ਹੈ - ਇੱਕ ਅਜਿਹਾ ਕੰਮ ਜੋ ਕਦੇ ਵੀ ਅਸਾਨ ਨਹੀਂ ਹੁੰਦਾ। ਇਹ ਬਹੁਤ ਧੀਰਜ ਅਤੇ ਸਮਾਂ ਲੈਂਦਾ ਹੈ। ਅਸੀਂ ਨਿਸ਼ਚਿਤ ਤੌਰ 'ਤੇ ਇਸ ਤੱਥ ਤੋਂ ਤਸੱਲੀ ਲੈ ਸਕਦੇ ਹਾਂ ਕਿ ਆਜ਼ਾਦੀ ਦੇ ਅੰਦੋਲਨ ਨੇ ਭਾਰਤ ਵਿੱਚ ਲਿੰਗ ਸਮਾਨਤਾ ਲਈ ਇੱਕ ਮਜ਼ਬੂਤ ਨੀਂਹ ਰੱਖੀ, ਕਿ ਅਸੀਂ ਇੱਕ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਅਸੀਂ ਪਹਿਲਾਂ ਹੀ ਬਹੁਤ ਲੰਬੀ ਯਾਤਰਾ ਤੈਅ ਕਰ ਚੁੱਕੇ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਮਾਨਸਿਕਤਾ ਪਹਿਲਾਂ ਹੀ ਬਦਲ ਰਹੀ ਹੈ, ਅਤੇ ਲਿੰਗ ਸੰਵੇਦਨਸ਼ੀਲਤਾ - ਤੀਸਰੇ ਲਿੰਗ ਅਤੇ ਹੋਰ ਲਿੰਗ ਪਹਿਚਾਣਾਂ ਸਮੇਤ - ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਸਰਕਾਰ 'ਬੇਟੀ ਬਚਾਓ, ਬੇਟੀ ਪੜ੍ਹਾਓ' ਜਿਹੀਆਂ ਫੋਕਸਡ ਪਹਿਲਾਂ ਨਾਲ ਇਸ ਰੁਝਾਨ ਨੂੰ ਗਤੀ ਪ੍ਰਦਾਨ ਕਰਨ ਲਈ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਦੌਰਾਨ ਕੇਰਲ ਰਾਜ ਵੀ ਮਹਿਲਾਵਾਂ ਦੀ ਪ੍ਰਗਤੀ ਦੇ ਰਾਹ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਇਕ ਚਮਕਦਾਰ ਉਦਾਹਰਣ ਬਣਿਆ ਰਿਹਾ ਹੈ। ਆਬਾਦੀ ਵਿੱਚ ਉੱਚ ਪੱਧਰੀ ਸੰਵੇਦਨਸ਼ੀਲਤਾ ਲਈ ਧੰਨਵਾਦ, ਰਾਜ ਨੇ ਮਹਿਲਾਵਾਂ ਨੂੰ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਆਪਣੀਆਂ ਸੰਭਾਵਨਾਵਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਨਵੇਂ ਰਾਹ ਤਿਆਰ ਕੀਤੇ ਹਨ। ਇਹ ਉਹ ਧਰਤੀ ਹੈ ਜਿਸ ਨੇ ਭਾਰਤ ਨੂੰ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਜਸਟਿਸ ਐੱਮ ਫਾਤਿਮਾ ਬੀਵੀ ਦਿੱਤੀ ਸੀ। ਇਹ ਬੜੀ ਢੁਕਵੀਂ ਗੱਲ ਹੈ ਕਿ ਕੇਰਲ ਰਾਸ਼ਟਰੀ ਮਹਿਲਾ ਵਿਧਾਇਕਾਂ ਦੀ ਕਾਨਫਰੰਸ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ‘ਪਾਵਰ ਆਵ੍ ਡੈਮੋਕ੍ਰੇਸੀ’ ਤਹਿਤ ਇਹ ਰਾਸ਼ਟਰੀ ਕਾਨਫਰੰਸ ਬਹੁਤ ਸਫ਼ਲ ਹੋਵੇਗੀ। ਉਨ੍ਹਾਂ ਨੇ ਕੇਰਲ ਵਿਧਾਨ ਸਭਾ ਅਤੇ ਇਸ ਦੇ ਸਕੱਤਰੇਤ ਨੂੰ ਇਸ ਕਾਨਫਰੰਸ ਦੇ ਆਯੋਜਨ ਲਈ ਵਧਾਈਆਂ ਦਿੱਤੀਆਂ।
ਰਾਸ਼ਟਰਪਤੀ ਦੇ ਸੰਬੋਧਨ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***********
ਡੀਐੱਸ/ਬੀਐੱਮ
(Release ID: 1828650)
Visitor Counter : 1113