ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖੰਡ ਸੀਜ਼ਨ 2021-22 (ਅਕਤੂਬਰ-ਸਤੰਬਰ) ਦੌਰਾਨ ਦੇਸ਼ ਵਿੱਚ ਖੰਡ ਦੀ ਘਰੇਲੂ ਉਪਲੱਬਧਤਾ ਅਤੇ ਕੀਮਤ ਸਥਿਰਤਾ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ 1 ਜੂਨ, 2022 ਤੋਂ ਖੰਡ ਦੇ ਨਿਰਯਾਤ ਨੂੰ ਨਿਯਮਤ ਕਰਨ ਦਾ ਫੈਸਲਾ ਕੀਤਾ


ਸਰਕਾਰ 100 ਲੱਖ ਮੀਟ੍ਰਿਕ ਟਨ ਤੱਕ ਖੰਡ ਦੇ ਨਿਰਯਾਤ ਦੀ ਇਜਾਜ਼ਤ ਦੇਵੇਗੀ

Posted On: 25 MAY 2022 9:05AM by PIB Chandigarh

ਸਰਕਾਰ ਨੇ ਖੰਡ ਸੀਜ਼ਨ 2021-22 (ਅਕਤੂਬਰ-ਸਤੰਬਰ) ਦੌਰਾਨ ਘਰੇਲੂ ਉਪਲੱਬਧਤਾ ਅਤੇ ਕੀਮਤ ਸਥਿਰਤਾ ਨੂੰ ਬਣਾਈ ਰੱਖਣ ਲਈ 100 ਲੱਖ ਮੀਟਰਕ ਟਨ (LMT) ਤੱਕ ਖੰਡ ਦੇ ਨਿਰਯਾਤ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਡੀਜੀਐੱਫਟੀ ਦੁਆਰਾ ਜਾਰੀ ਹੁਕਮਾਂ ਅਨੁਸਾਰ, 1 ਜੂਨ, 2022 ਤੋਂ 31 ਅਕਤੂਬਰ, 2022 ਤੱਕ, ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਖੰਡ ਦੇ ਨਿਰਯਾਤ ਦੀ ਇਜਾਜ਼ਤ ਸ਼ੂਗਰ ਡਾਇਰੈਕਟੋਰੇਟ, ਖੁਰਾਕ ਵਿਭਾਗ ਅਤੇ ਜਨਤਕ ਵੰਡ ਦੀ ਵਿਸ਼ੇਸ਼ ਇਜਾਜ਼ਤ ਨਾਲ ਦਿੱਤੀ ਜਾਵੇਗੀ। ਇਹ ਫੈਸਲਾ ਖੰਡ ਦੀ ਰਿਕਾਰਡ ਬਰਾਮਦ ਦੇ ਮੱਦੇਨਜ਼ਰ ਲਿਆ ਗਿਆ ਹੈ। ਖੰਡ ਦੇ ਸੀਜ਼ਨ 2017-18, 2018-19 ਅਤੇ 2019-20 ਵਿੱਚ, ਸਿਰਫ ਕ੍ਰਮਵਾਰ 6.2 ਐੱਲਐੱਮਟੀ, 38 ਐੱਲਐੱਮਟੀ ਅਤੇ 59.60 ਐੱਲਐੱਮਟੀ ਖੰਡ ਦਾ ਨਿਰਯਾਤ ਕੀਤਾ ਗਿਆ ਸੀ। ਖੰਡ ਸੀਜ਼ਨ 2020-21 ਵਿੱਚ 60 ਐੱਲਐੱਮਟੀ ਦੇ ਟੀਚੇ ਦੇ ਮੁਕਾਬਲੇ ਲਗਭਗ 70 ਐੱਲਐੱਮਟੀ ਨਿਰਯਾਤ ਕੀਤੀ ਗਈ ਹੈ।

ਮੌਜੂਦਾ ਖੰਡ ਸੀਜ਼ਨ 2021-22 ਵਿੱਚ, ਲਗਭਗ 90 ਐੱਲਐੱਮਟੀ ਦੇ ਨਿਰਯਾਤ ਲਈ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਗਏ ਹਨ, ਲਗਭਗ 82 ਐੱਲਐੱਮਟੀ ਖੰਡ, ਖੰਡ ਮਿੱਲਾਂ ਤੋਂ ਨਿਰਯਾਤ ਲਈ ਭੇਜੀ ਗਈ ਹੈ ਅਤੇ ਲਗਭਗ 78 ਲੱਖ ਮੀਟਰਕ ਟਨ ਨਿਰਯਾਤ ਕੀਤੀ ਗਈ ਹੈ। ਮੌਜੂਦਾ ਖੰਡ ਸੀਜ਼ਨ 2021-22 ਵਿੱਚ ਖੰਡ ਦੀ ਨਿਰਯਾਤ ਇਤਿਹਾਸਕ ਤੌਰ 'ਤੇ ਸਭ ਤੋਂ ਵੱਧ ਹੈ।

ਇਹ ਫੈਸਲਾ ਇਹ ਯਕੀਨੀ ਬਣਾਏਗਾ ਕਿ ਖੰਡ ਸੀਜ਼ਨ (30 ਸਤੰਬਰ 2022) ਦੇ ਅੰਤ ਵਿੱਚ ਖੰਡ ਦਾ ਬੰਦ ਹੋਣ ਵਾਲਾ ਸਟਾਕ 60-65 ਐੱਲਐੱਮਟੀ ਰਹੇ ਜੋ ਕਿ ਘਰੇਲੂ ਵਰਤੋਂ ਲਈ ਲੋੜੀਂਦਾ 2-3 ਮਹੀਨਿਆਂ ਦਾ ਸਟਾਕ (ਉਨ੍ਹਾਂ ਮਹੀਨਿਆਂ ਵਿੱਚ ਮਹੀਨਾਵਾਰ ਲੋੜ ਲਗਭਗ 24 ਐੱਲਐੱਮਟੀ ਹੈ) ਹੈ। ਨਵੇਂ ਸੀਜ਼ਨ ਵਿੱਚ ਪਿੜਾਈ ਕਰਨਾਟਕ ਵਿੱਚ ਅਕਤੂਬਰ ਦੇ ਆਖਰੀ ਹਫ਼ਤੇ ਅਤੇ ਮਹਾਰਾਸ਼ਟਰ ਵਿੱਚ ਅਕਤੂਬਰ ਤੋਂ ਨਵੰਬਰ ਦੇ ਆਖਰੀ ਹਫ਼ਤੇ ਅਤੇ ਉੱਤਰ ਪ੍ਰਦੇਸ਼ ਵਿੱਚ ਨਵੰਬਰ ਵਿੱਚ ਸ਼ੁਰੂ ਹੁੰਦੀ ਹੈ। ਇਸ ਲਈ ਆਮ ਤੌਰ 'ਤੇ ਨਵੰਬਰ ਤੱਕ, ਖੰਡ ਦੀ ਸਪਲਾਈ ਪਿਛਲੇ ਸਾਲ ਦੇ ਸਟਾਕ ਤੋਂ ਹੁੰਦੀ ਹੈ।

ਖੰਡ ਦੇ ਨਿਰਯਾਤ ਵਿੱਚ ਬੇਮਿਸਾਲ ਵਾਧੇ ਅਤੇ ਦੇਸ਼ ਵਿੱਚ ਖੰਡ ਦੇ ਲੋੜੀਂਦੇ ਸਟਾਕ ਨੂੰ ਕਾਇਮ ਰੱਖਣ ਦੇ ਨਾਲ-ਨਾਲ ਖੰਡ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖ ਕੇ ਦੇਸ਼ ਦੇ ਆਮ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਨੇ ਖੰਡ ਦੇ ਨਿਰਯਾਤ ਨੂੰ 01 ਜੂਨ, 2022 ਤੋਂ ਨਿਯਮਤ ਕਰਨ ਦਾ ਫੈਸਲਾ ਕੀਤਾ ਹੈ। ਖੰਡ ਮਿੱਲਾਂ ਅਤੇ ਨਿਰਯਾਤਕਾਂ ਨੂੰ ਖੰਡ ਡਾਇਰੈਕਟੋਰੇਟ, ਖੁਰਾਕ ਅਤੇ ਜਨਤਕ ਵੰਡ ਵਿਭਾਗ ਤੋਂ ਐਕਸਪੋਰਟ ਰੀਲੀਜ਼ ਆਰਡਰ (EROs) ਦੇ ਰੂਪ ਵਿੱਚ ਪ੍ਰਵਾਨਗੀ ਲੈਣ ਦੀ ਲੋੜ ਹੈ।

ਸਰਕਾਰ ਦੇਸ਼ ਭਰ ਵਿੱਚ ਖੰਡ ਉਤਪਾਦਨ, ਖਪਤ, ਨਿਰਯਾਤ ਦੇ ਨਾਲ-ਨਾਲ ਥੋਕ ਅਤੇ ਪ੍ਰਚੂਨ ਬਜ਼ਾਰਾਂ ਵਿੱਚ ਕੀਮਤਾਂ ਦੇ ਰੁਝਾਨਾਂ ਸਮੇਤ ਖੰਡ ਖੇਤਰ ਵਿੱਚ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਭਾਰਤ ਮੌਜੂਦਾ ਸਾਲ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਖੰਡ ਦਾ ਉਤਪਾਦਕ ਅਤੇ ਦੂਜਾ ਸਭ ਤੋਂ ਵੱਡਾ ਨਿਰਯਾਤਕ ਰਿਹਾ ਹੈ। ਭਾਰਤ ਸਰਕਾਰ ਦੇ ਲਗਾਤਾਰ ਯਤਨਾਂ ਦੇ ਨਤੀਜੇ ਵਜੋਂ, ਖੰਡ ਦੇ ਰਿਕਾਰਡ ਉਤਪਾਦਨ ਦੇ ਬਾਵਜੂਦ, ਪਿਛਲੇ ਖੰਡ ਸੀਜ਼ਨ 2020-21 ਦੇ ਗੰਨੇ ਦੇ ਬਕਾਏ ਦਾ 99.5% ਭੁਗਤਾਨ ਕਰ ਦਿੱਤਾ ਗਿਆ ਹੈ ਅਤੇ ਮੌਜੂਦਾ ਖੰਡ ਸੀਜ਼ਨ 2021-22 ਦੇ ਲਗਭਗ 85% ਗੰਨੇ ਦੇ ਬਕਾਏ ਵੀ ਕਿਸਾਨਾਂ ਨੂੰ ਜਾਰੀ ਕਰ ਦਿੱਤੇ ਗਏ ਹਨ। 

ਭਾਰਤ ਸਰਕਾਰ ਘਰੇਲੂ ਬਜ਼ਾਰ ਵਿੱਚ ਖੰਡ ਦੀਆਂ ਕੀਮਤਾਂ ਸਥਿਰ ਰੱਖਣ ਲਈ ਵਚਨਬੱਧ ਹੈ ਅਤੇ ਪਿਛਲੇ 12 ਮਹੀਨਿਆਂ ਵਿੱਚ ਖੰਡ ਦੀਆਂ ਕੀਮਤਾਂ ਕੰਟਰੋਲ ਵਿੱਚ ਹਨ। ਭਾਰਤ ਵਿੱਚ ਖੰਡ ਦੀਆਂ ਥੋਕ ਕੀਮਤਾਂ 3150 – 3500 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਹਨ ਜਦੋਂ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਚੂਨ ਕੀਮਤਾਂ ਵੀ 36-44 ਰੁਪਏ ਦੀ ਰੇਂਜ ਵਿੱਚ ਕੰਟਰੋਲ ਵਿੱਚ ਹਨ।

**********

AM/NS



(Release ID: 1828453) Visitor Counter : 111