ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਜਮੈਕਾ ਸੰਸਦ ਦੇ ਦੋਹਾਂ ਸਦਨਾਂ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕੀਤਾ


ਭਾਰਤ ਆਪਣੇ ਤਕਨੀਕੀ ਕੌਸ਼ਲ, ਗਿਆਨ ਅਤੇ ਮੁਹਾਰਤ ਨੂੰ ਜਮੈਕਾ ਦੇ ਨਾਲ ਸਾਂਝੇ ਕਰਨ ਲਈ ਤਿਆਰ ਹੈ, ਜਿਸ ਨਾਲ ਜਮੈਕਾ ਦੀ ਸਿੱਖਿਆ ਅਤੇ ਕਾਰੋਬਾਰਾਂ ਵਿੱਚ ਬਦਲਾਅ ਆਵੇਗਾ: ਰਾਸ਼ਟਰਪਤੀ ਕੋਵਿੰਦ

Posted On: 18 MAY 2022 10:55AM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕੱਲ੍ਹ (17 ਮਈ, 2022) ਕਿੰਗਸਟਨ ਵਿੱਚ ਜਮੈਕਾ ਦੀ ਸੰਸਦ ਦੇ ਦੋਹਾਂ ਸਦਨਾਂ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕੀਤਾ।

 

ਇਸ ਅਵਸਰ 'ਤੇ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪ੍ਰਤੀਨਿਧ ਹੋਣ ਦੇ ਨਾਤੇ ਜਮੈਕਾ ਦੇ ਜੀਵੰਤ ਲੋਕਤੰਤਰ ਦੇ ਨੇਤਾਵਾਂ ਦੀ ਗਰਿਮਾਮਈ ਉਪਸਥਿਤੀ ਵਿੱਚ ਸਦਨ ਨੂੰ ਸੰਬੋਧਨ ਕਰਨਾ ਉਨ੍ਹਾਂ ਲਈ ਸਨਮਾਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਭਾਰਤੀ ਭਾਈਚਾਰਾ ਅਤੇ ਸੱਭਿਆਚਾਰਕ ਬੰਧਨ ਸਾਡੇ ਦੋਹਾਂ ਦੇਸ਼ਾਂ ਨੂੰ ਇੱਕ ਦੂਸਰੇ ਦੇ ਨੇੜੇ ਲਿਆਉਂਦੇ ਹਨ, ਬਲਕਿ ਲੋਕਤੰਤਰ ਅਤੇ ਮੁਕਤੀ ਵਿੱਚ ਵਿਸ਼ਵਾਸ ਵੀ ਸਾਨੂੰ ਆਪਸ ਵਿੱਚ ਬੰਨ੍ਹਦੇ ਹਨ। ਜਮੈਕਾ ਦੇ ਸੰਵਿਧਾਨ ਦਾ ਮੁੱਖ ਥੰਮ੍ਹ ਇਹ ਹੈ ਕਿ ਸਾਰੇ ਨਾਗਰਿਕ ਬਰਾਬਰ ਹਨ। ਸਾਡੇ ਸੰਸਥਾਪਕ ਪੂਰਵਜਾਂ ਨੇ ਵੀ ਇਸੇ ਵਿਸ਼ਵਾਸ ਨੂੰ ਸਾਂਝਾ ਕੀਤਾ ਅਤੇ ਭਾਰਤ ਦੇ ਹਰੇਕ ਨਾਗਰਿਕ ਲਈ ਵਿਅਕਤੀਗਤ ਸੁਤੰਤਰਤਾ ਦੀ ਕਾਮਨਾ ਕੀਤੀ। ਉਨ੍ਹਾਂ ਨੇ ਆਜ਼ਾਦੀ, ਲੋਕਤੰਤਰ ਅਤੇ ਉਸ ਦੀ ਆਤਮਾ ਦੇ ਰੂਪ ਵਿੱਚ ਸਮਾਨਤਾ ਦੇ ਅਧਾਰ 'ਤੇ ਆਧੁਨਿਕ ਰਾਸ਼ਟਰ ਦੀ ਸਿਰਜਣਾ ਕੀਤੀ। ਅਤੇ, ਅਜਿਹਾ ਕਰਦੇ ਹੋਏ, ਉਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਅਸੀਂ 'ਅਨੇਕਤਾ ਵਿੱਚ ਏਕਤਾ' ਦੇ ਮੂਲਮੰਤਰ ਨੂੰ ਹਮੇਸ਼ਾ ਯਾਦ ਰੱਖੀਏ, ਜੋ ਜਮੈਕਾ ਦੀ ਮੂਲਭਾਵਨਾ 'ਆਊਟ ਆਵ੍ ਮੈਨੀ, ਵੰਨ ਪੀਪੁਲ' ਦੇ ਬਰਾਬਰ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਭਰਪੂਰ ਕੁਦਰਤੀ ਸੰਸਾਧਨਾਂ, ਰਣਨੀਤਕ ਸਥਿਤੀ, ਯੁਵਾ ਆਬਾਦੀ ਅਤੇ ਜੀਵੰਤ ਅਗਵਾਈ ਦੇ ਅਧਾਰ 'ਤੇ ਜਮੈਕਾ ਮਹਾਨ ਆਰਥਿਕ ਸਫ਼ਲਤਾ ਪ੍ਰਾਪਤ ਕਰਨ ਲਈ ਤਿਆਰ ਹੈ। ਕੈਰੀਕੌਮ ਸੈਕਟਰ ਵਿੱਚ ਇਸ ਦੀ ਅਗਵਾਈ, ਇਸ ਦੇ ਅੰਤਰਰਾਸ਼ਟਰੀ ਨਿਯਮ-ਅਧਾਰਿਤ ਆਚਰਣ ਅਤੇ ਵੱਡੀਆਂ ਜਿੰਮੇਦਾਰੀਆਂ ਨਿਭਾਉਣ ਦੀ ਉਤਸੁਕਤਾ ਕਾਰਨ ਦੂਸਰੇ ਦੇਸ਼ ਜਮੈਕਾ ਦੇ ਨਾਲ ਸਾਂਝੇਦਾਰੀ ਕਰਨਾ ਚਾਹੁੰਦੇ ਹਨ। 

 

ਰਾਸ਼ਟਰਪਤੀ ਨੇ ਕਿਹਾ ਕਿ ਕੁਝ ਸਭ ਤੋਂ ਵੱਡੀਆਂ ਆਲਮੀ ਅਰਥਵਿਵਸਥਾਵਾਂ ਦੇ ਗੁਆਂਢ ਵਿੱਚ ਜਮੈਕਾ ਦੀ ਰਣਨੀਤਕ ਸਥਿਤੀ, ਅਤੇ ਅੰਗਰੇਜ਼ੀ ਜਾਣਨ ਵਾਲੇ ਇਸ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਬਲ 'ਤੇ ਜਮੈਕਾ ਲਈ ਇਹ ਸ਼ਾਨਦਾਰ ਅਵਸਰ ਹੈ ਕਿ ਉਹ "ਗਿਆਨ ਦਾ ਰਾਜਮਾਰਗ" ਬਣੇ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਤੋਂ ਲਾਭ ਉਠਾਏ। ਭਾਰਤ ਜਮੈਕਾ ਦੇ ਵਿਜ਼ਨ 2030 ਨੂੰ ਸਾਂਝਾ ਕਰਦਾ ਹੈ, ਜਿਸ ਦੇ ਤਹਿਤ ਜਮੈਕਾ ਨੇ ਆਪਣੇ ਲੋਕਾਂ ਦੇ ਸਸ਼ਕਤੀਕਰਣ ਦਾ ਲਕਸ਼ ਨਿਰਧਾਰਿਤ ਕੀਤਾ ਹੈ, ਜਿੱਥੇ ਇੱਕ ਸੁਰੱਖਿਅਤ, ਏਕੀਕ੍ਰਿਤ ਅਤੇ ਨਿਆਂਪੂਰਨ ਸਮਾਜ ਹੋਵੇਗਾ । ਇਸ ਤਰ੍ਹਾਂ ਇਹ ਇੱਕ ਸਮ੍ਰਿੱਧ ਅਤੇ ਸਥਿਰ ਅਰਥਵਿਵਸਥਾ ਬਣ ਜਾਵੇਗਾ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਜਮੈਕਾ ਦੇ ਨਾਲ ਸਾਂਝੇਦਾਰੀ ਕਰਨ ਅਤੇ ਆਪਣੇ ਤਕਨੀਕੀ ਕੌਸ਼ਲ, ਗਿਆਨ ਅਤੇ ਮੁਹਾਰਤ ਨੂੰ ਸਾਂਝਾ ਕਰਨ ਲਈ ਤਿਆਰ ਹੈ, ਜਿਸ ਨਾਲ ਜਮੈਕਾ ਦੀ ਸਿੱਖਿਆ ਅਤੇ ਕਾਰੋਬਾਰੀ ਦ੍ਰਿਸ਼ ਵਿੱਚ ਬਦਲਾਅ ਆਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਜਮੈਕਾ ਦੇ ਚੋਟੀ ਦੇ ਕਾਰੋਬਾਰਾਂ ਨੇ ਭਾਰਤ ਸਥਿਤ ਟੈਕਨੋਲੋਜੀ ਕੰਪਨੀਆਂ ਨਾਲ ਸੌਫਟਵੇਅਰ ਅਤੇ ਬੈਕਰੂਮ ਤਕਨੀਕੀ ਸਹਾਇਤਾ ਲਈ ਸਾਂਝੇਦਾਰੀ ਕੀਤੀ ਹੈ।ਭਾਰਤ ਅਤੇ ਜਮੈਕਾ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਤਹਿਤ ਕਾਰਬਨ ਨਿਕਾਸੀ ਨੂੰ ਘਟਾਉਣ ਲਈ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਅਤੇ ਖੇਤੀਬਾੜੀ ਸੈਕਟਰ ਵਿੱਚ ਵੀ ਸਾਂਝੇਦਾਰੀ ਦੀਆਂ ਅਪਾਰ ਸੰਭਾਵਨਾਵਾਂ ਹਨ, ਜੋ ਭਾਰਤ ਦੀਆਂ ਪ੍ਰਮੁੱਖ ਤਾਕਤਾਂ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਜਮੈਕਾ ਦੀ ਆਬਾਦੀ ਤੀਹ ਲੱਖ ਤੋਂ ਘੱਟ ਹੈ। ਇੰਨੀ ਘੱਟ ਆਬਾਦੀ ਵਾਲੇ ਦੇਸ਼ ਦਾ ਓਲੰਪਿਕ, ਵਰਲਡ ਚੈਪੀਅਨਸ਼ਿਪਾਂ ਅਤੇ ਹੋਰ ਪ੍ਰਮੁੱਕ ਖੇਡ ਮੁਕਾਬਲਿਆਂ ਵਿੱਚ ਦਬਦਬਾ ਦੇਖ ਕੇ ਹੈਰਾਨੀ ਹੁੰਦੀ ਹੈ। ਭਾਰਤ ਖੇਡ ਅਤੇ ਐਥਲੈਟਿਕਸ ਵਿੱਚ ਜਮੈਕਾ ਤੋਂ ਸਿੱਖਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਗੀਤ ਅਤੇ ਮਨੋਰੰਜਨ ਅਤੇ ਇੱਕ ਦੂਸਰੇ ਦੇ ਨਾਲ ਅਦਾਨ-ਪ੍ਰਦਾਨ ਕਰਨ ਨਾਲ ਦੋਹਾਂ ਦੇਸ਼ਾਂ ਦਾ ਮਨੋਰੰਜਨ ਉਦਯੋਗ ਸਮ੍ਰਿੱਧ ਹੋਵੇਗਾ। ਇਸ ਦੇ ਇਲਾਵਾ ਪ੍ਰਾਹੁਣਚਾਰੀ ਅਤੇ ਟੂਰਿਜ਼ਮ ਦੇ ਖੇਤਰ ਵਿੱਚ ਵੀ ਸਹਿਯੋਗ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਅਸੀਂ ਇੱਕ ਦੂਸਰੇ ਤੋਂ ਸਿੱਖ ਸਕਦੇ ਹਾਂ।

 

ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਸਾਡੇ ਇਕੱਠੇ ਆਉਣ ਨਾਲ ਅਤੇ ਇੱਕ ਦਿਸਰੇ ਦਾ ਸਹਿਯੋਗ ਕਰਨ ਨਾਲ ਦੋਹਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਾਂਝੇ ਆਦਰਸ਼ਾਂ ਨੂੰ ਵਿਵਹਾਰਕ ਸਹਿਯੋਗ ਵਿੱਚ ਬਦਲਣ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਇੱਕ ਹੋਰ ਸਮਤਾਵਾਦੀ ਵਿਸ਼ਵ ਵਿਵਸਥਾ ਕਾਇਮ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ-ਜਮੈਕਾ ਸਾਂਝੇਦਾਰੀ ਨਾਲ ਸਾਡੇ ਲੋਕਾਂ ਦਾ ਭਵਿੱਖ ਤਾਂ ਉੱਜਵਲ ਹੋਵੇਗਾ, ਬਲਕਿ ਇਸ ਦੇ ਜ਼ਰੀਏ ਅਧਿਕ ਏਕੀਕ੍ਰਿਤ, ਮਾਨਵੀ ਭਾਵਨਾ ਨਾਲ ਓਤਪ੍ਰੋਤ, ਸਮ੍ਰਿੱਧ ਵਿਸ਼ਵ ਬਣਾਉਣ ਵਿੱਚ ਵੀ ਮਦਦ ਮਿਲੇਗੀ ।

 

ਕੱਲ੍ਹ ਸ਼ਾਮ (17 ਮਈ, 2022) ਰਾਸ਼ਟਰਪਤੀ ਨੇ ਜਮੈਕਾ ਦੇ ਗਵਰਨਰ ਜਨਰਲ, ਸਰ ਪੈਟ੍ਰਿਕ ਐਲਨ ਦੁਆਰਾ ਆਯੋਜਿਤ ਦਾਅਵਤ ਵਿੱਚ ਸ਼ਿਰਕਤ ਕੀਤੀ। ਦਾਅਵਤ 'ਤੇ ਆਪਣੇ ਬਿਆਨ ਵਿੱਚ, ਰਾਸ਼ਟਰਪਤੀ ਨੇ ਜਮੈਕਾ ਦੀ ਆਪਣੀ ਪਹਿਲੀ ਸਰਕਾਰੀ ਯਾਤਰਾ ਦੌਰਾਨ ਪ੍ਰਾਹੁਣਚਾਰੀ ਲਈ ਸਰ ਪੈਟ੍ਰਿਕ ਐਲਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਭਾਰਤਵਾਸੀਆਂ ਦੇ ਲਈ ਜਮੈਕਾ ਦਾ ਵਿਸ਼ੇਸ਼ ਸਥਾਨ ਹੈ। ਜਾਰਜ ਹੈਡਲੀ, ਮਾਇਕਲ ਹੋਲਡਿੰਗ ਅਤੇ ਕ੍ਰਿਸ ਗੇਲ ਜਿਹੇ ਮਹਾਨ ਕ੍ਰਿਕਟਰਾਂ ਨੂੰ ਭਾਰਤ ਦੀ ਕ੍ਰਿਕਟ ਪ੍ਰੇਮੀ ਪੀੜ੍ਹੀ ਬਹੁਤ ਚਾਹੁੰਦੀ ਹੈ। ਉਸੈਨ ਬੋਲਟ ਦੀ ਮਹਾਨਤਾ ਬਾਰੇ ਤਾਂ ਸਾਰੇ ਭਾਰਤੀ ਖੇਡ ਪ੍ਰੇਮੀ ਜਾਣਦੇ ਹਨ।

 

 

ਰਾਸ਼ਟਰਪਤੀ ਨੇ ਕਿਹਾ ਕਿ ਵਪਾਰ ਅਤੇ ਆਰਥਿਕ ਸਹਿਯੋਗ ਭਾਰਤ-ਜਮੈਕਾ ਮਿੱਤਰਤਾ ਦੇ ਮਹੱਤਵਪੂਰਨ ਥੰਮ੍ਹ ਹਨ। ਉਨ੍ਹਾਂ ਕਿਹਾ ਕਿ ਦੋਹਾਂ ਅਰਥਵਿਵਸਥਾਵਾਂ ਨੂੰ ਇੱਕ ਦੂਸਰੇ ਦਾ ਸਹਿਯੋਗ ਕਰਨਾ ਚਾਹੀਦਾ ਹੈ, ਨਾ ਸਿਰਫ਼ ਵਪਾਰ ਵਿੱਚ ਬਲਕਿ ਡਿਜੀਟਲ ਕ੍ਰਾਂਤੀ ਜ਼ਰੀਏ ਆਪਣੀਆਂ ਅਰਥਵਿਵਸਥਾਵਾਂ ਨੂੰ ਬਦਲਣ ਵਿੱਚ ਵੀ । ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਆਪਣੀਆਂ ਨੌਜਵਾਨ ਪ੍ਰਤਿਭਾਵਾਂ ਨੂੰ ਆਰਟੀਫੀਸ਼ਅਲ ਇੰਟੈਲੀਜੈਂਸ, ਰੋਬੋਟਿਕਸ, ਜਮੈਕੀ ਪਰੰਪਰਾਗਤ ਚਿਕਿਤਸਾ ਅਤੇ ਆਯੁਰਵੇਦ ਜਿਹੇ ਖੇਤਰਾਂ ਅਤੇ ਇੱਕ ਜਲਵਾਯੂ-ਅਨੁਕੂਲ ਵਿਸ਼ਵ ਬਣਾਉਣ ਲਈ ਸਾਂਝੇ ਤੌਰ 'ਤੇ ਕੰਮ ਕਰਨ ਲਈ ਜੋੜਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਊਰਜਾ ਨੂੰ ਇੱਕ ਸਮ੍ਰਿੱਧਸ਼ਾਲੀ, ਪ੍ਰਗਤੀਸ਼ੀਲ ਅਤੇ ਸ਼ਾਂਤੀਪੂਰਨ ਸਮਾਜ ਦੀ ਰਚਨਾ ਵਿੱਚ ਲਗਾਉਣਾ ਚਾਹੀਦਾ ਹੈ।

 

ਅੱਜ (18 ਮਈ, 2022), ਰਾਸ਼ਟਰਪਤੀ ਆਪਣੀ ਯਾਤਰਾ ਦੇ ਦੂਸਰੇ ਪੜਾਅ ਲਈ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੀ ਸਰਕਾਰੀ ਯਾਤਰਾ 'ਤੇ ਰਵਾਨਾ ਹੋ ਜਾਣਗੇ ।

*****

ਡੀਐੱਸ/ਬੀਐੱਮ



(Release ID: 1826673) Visitor Counter : 114