ਰਾਸ਼ਟਰਪਤੀ ਸਕੱਤਰੇਤ

ਦੇਸ਼ ਵਿੱਚ ਦੂਸਰੇ ਸਭ ਤੋਂ ਉੱਚੇ ਸਾਖਰਤਾ ਪੱਧਰ ਦੇ ਨਾਲ, ਮਿਜ਼ੋਰਮ ਸੱਚਮੁੱਚ ਇੱਕ ਆਧੁਨਿਕ ਰਾਜ ਹੈ ਜੋ ਉੱਚ ਪ੍ਰਾਪਤੀਆਂ ਹਾਸਲ ਕਰਨ ਲਈ ਤਿਆਰ ਹੈ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਮਿਜ਼ੋਰਮ ਯੂਨੀਵਰਸਿਟੀ ਦੀ 16ਵੀਂ ਕਨਵੋਕੇਸ਼ਨ ਵਿੱਚ ਸ਼ਿਰਕਤ ਕੀਤੀ

Posted On: 05 MAY 2022 5:29PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ, ਦੇਸ਼ ਵਿੱਚ ਦੂਸਰੇ ਸਭ ਤੋਂ ਉੱਚੇ ਸਾਖਰਤਾ ਪੱਧਰ ਦੇ ਨਾਲ, ਮਿਜ਼ੋਰਮ ਸੱਚਮੁੱਚ ਇੱਕ ਆਧੁਨਿਕ ਰਾਜ ਹੈ ਜੋ ਉੱਚ ਪ੍ਰਾਪਤੀਆਂ ਲਈ ਤਿਆਰ ਹੈ। ਉਹ ਅੱਜ (5 ਮਈ, 2022) ਆਈਜ਼ੌਲ (Aizawl) ਵਿਖੇ ਮਿਜ਼ੋਰਮ ਯੂਨੀਵਰਸਿਟੀ ਦੀ 16ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ।

 

ਰਾਸ਼ਟਰਪਤੀ ਨੇ ਕਿਹਾ ਕਿ ਮਿਜ਼ੋਰਮ ਕੁਦਰਤੀ ਸੰਸਾਧਨਾਂ ਨਾਲ ਭਰਪੂਰ ਹੈ। ਇੱਕ ਖੇਤਰ ਜੋ ਜੈਵ-ਵਿਭਿੰਨਤਾ ਵਿੱਚ ਸਮ੍ਰਿਧ ਹੈ, ਖੋਜ ਅਤੇ ਵਿਕਾਸ ਲਈ ਵਿਸ਼ਾਲ ਮੌਕੇ ਪ੍ਰਦਾਨ ਕਰਦਾ ਹੈ। ਹਾਲਾਂਕਿ, ਵਿਕਾਸ ਅਤੇ ਸਥਿਰਤਾ ਦਰਮਿਆਨ ਸਹੀ ਸੰਤੁਲਨ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਇਸ ਰਾਜ ਦੇ ਨਾਲ-ਨਾਲ ਉੱਤਰ-ਪੂਰਬੀ ਰਾਜਾਂ ਦੇ ਵਾਤਾਵਰਣ ਨੂੰ ਸਾਵਧਾਨੀ ਨਾਲ ਸੰਭਾਲ਼ਣ ਦੀ ਜ਼ਰੂਰਤ ਹੈ। ਸਾਨੂੰ ਅਜਿਹੀਆਂ ਪ੍ਰਥਾਵਾਂ ਅਪਨਾਉਣੀਆਂ ਚਾਹੀਦੀਆਂ ਹਨ ਜੋ ਨਾ ਸਿਰਫ਼ ਸਾਡੇ ਲਈ, ਬਲਕਿ ਪ੍ਰਕਿਰਤੀ ਲਈ ਵੀ ਲਾਭਦਾਇਕ ਹੋਣ। ਉਨ੍ਹਾਂ ਨੀਤੀ ਆਯੋਗ ਦੁਆਰਾ ਕੀਤੇ ਗਏ ਇੱਕ ਅਧਿਐਨ ਅਨੁਸਾਰ ਸਭ ਤੋਂ ਘੱਟ ਪਲਾਸਟਿਕ ਕਚਰਾ ਪੈਦਾ ਕਰਨ ਲਈ ਮਿਜ਼ੋਰਮ, ਸਿੱਕਿਮ ਅਤੇ ਤ੍ਰਿਪੁਰਾ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਵਾਲੀ ਖ਼ਪਤ ਅਤੇ ਉਤਪਾਦਨ ਦੀ ਵਧੀਆ ਮਿਸਾਲ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਵਿਅਸਤ ਟ੍ਰੈਫਿਕ ਦੇ ਬਾਵਜੂਦ, ਆਈਜ਼ੌਲ ਦੇ ਕਰਤੱਵਪੂਰਨ ਲੋਕ ਹੌਰਨ ਵਜਾਉਣ ਤੋਂ ਪਰਹੇਜ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੈਕਟਿਸ ਸ਼ਲਾਘਾਯੋਗ ਹੈ ਅਤੇ ਹੋਰ ਸ਼ਹਿਰਾਂ ਦੇ ਲੋਕਾਂ ਨੂੰ ਵੀ ਇਸ ਨੂੰ ਅਪਣਾਅ ਲੈਣਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਲਕਸ਼ - 4 (ਗੋਲ - 4) 'ਤੇ ਪ੍ਰਗਤੀ ਦੇ ਅਨੁਸਾਰ, ਜੋ ਕਿ ਗੁਣਵੱਤਾ ਸਿੱਖਿਆ ਪ੍ਰਦਾਨ ਕਰਨ ਨਾਲ ਸਬੰਧਿਤ ਹੈ, ਨੀਤੀ ਆਯੋਗ ਦਾ ਐੱਸਡੀਜੀ ਇੰਡੀਆ ਇੰਡੈਕਸ 2020-21 ਦਰਸਾਉਂਦਾ ਹੈ ਕਿ ਮਿਜ਼ੋਰਮ ਨੇ 60 ਦੇ ਸਕੋਰ ਦੇ ਨਾਲ 57 ਦੀ ਰਾਸ਼ਟਰੀ ਔਸਤ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਵਿਸ਼ਲੇਸ਼ਣ ਵਿੱਚ ਇੱਕ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਗੋਲ-4 ਰੈਂਕ ਵਾਲੇ ਆਈਜ਼ੌਲ ਦਾ ਸਕੋਰ ਉੱਤਰ-ਪੂਰਬੀ ਰਾਜਾਂ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਚੋਟੀ ਦਾ ਪ੍ਰਦਰਸ਼ਨ ਕਰਨ ਵਾਲਾ ਹੈ। ਉਨ੍ਹਾਂ ਆਈਜ਼ੌਲ ਦੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਰਾਜ ਦੇ ਬਾਕੀ ਜ਼ਿਲ੍ਹਿਆਂ ਦੇ ਲੋਕਾਂ ਨੂੰ ਆਪਣੇ ਸਮਾਜਿਕ ਸੂਚਕ ਅੰਕ ਵਿੱਚ ਸੁਧਾਰ ਕਰਨ ਅਤੇ ਰਾਸ਼ਟਰੀ ਵਿਕਾਸ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਮਦਦ ਲਈ ਅੱਗੇ ਆਉਣ ਅਤੇ ਉਤਸ਼ਾਹਿਤ ਕਰਨ।

 

ਰਾਸ਼ਟਰਪਤੀ ਨੇ ਕਿਹਾ ਕਿ ਵਿਦਿਅਕ ਅਦਾਰੇ ਭਵਿੱਖ ਦੇ ਇਨਕਿਊਬੇਟਰ ਹਨ। ਉਹ ਨਾ ਸਿਰਫ਼ ਵਿਦਿਆਰਥੀਆਂ ਨੂੰ ਟ੍ਰੇਨਿੰਗ ਅਤੇ ਸਿੱਖਿਆ ਪ੍ਰਦਾਨ ਕਰਦੇ ਹਨ, ਬਲਕਿ ਉਨ੍ਹਾਂ ਨੂੰ ਚੰਗੇ ਨਾਗਰਿਕ ਵੀ ਬਣਾਉਂਦੇ ਹਨ। ਇਹ ਵਿਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ ਅਧਿਆਪਕਾਂ ਦਾ ਨਿਰਲੇਪ ਸਮਰਥਨ ਹੈ ਜੋ ਵਿਦਿਆਰਥੀਆਂ ਦੇ ਜੀਵਨ ਵਿੱਚ ਸਭ ਤੋਂ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਮਿਜ਼ੋਰਮ ਯੂਨੀਵਰਸਿਟੀ ਦੀ ਫੈਕਲਟੀ ਨਾ ਸਿਰਫ਼ ਚੰਗੀ ਯੋਗਤਾ ਪ੍ਰਾਪਤ ਹੈ ਬਲਕਿ ਗੁਣਾਤਮਕ ਖੋਜ ਕਾਰਜਾਂ ਵਿੱਚ ਵੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਚੰਗੇ ਖੋਜੀ ਅਕਸਰ ਬੇਮਿਸਾਲ ਅਧਿਆਪਕ ਵੀ ਹੁੰਦੇ ਹਨ। ਉਨ੍ਹਾਂ ਦੀ ਪ੍ਰਯੋਗਾਤਮਕ ਸਿੱਖਿਆ ਵਿਦਿਆਰਥੀਆਂ ਦੁਆਰਾ ਬਿਹਤਰ ਢੰਗ ਨਾਲ ਗ੍ਰਹਿਣ ਕੀਤੀ ਜਾਂਦੀ ਹੈ।  ਅਜਿਹੀ ਫੈਕਲਟੀ ਖੋਜ ਅਤੇ ਇਨੋਵੇਸ਼ਨ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਮਿਜ਼ੋਰਮ ਯੂਨੀਵਰਸਿਟੀ ਵਿੱਚ ਉੱਦਮਤਾ ਵਿਕਾਸ ਗਤੀਵਿਧੀਆਂ ਅਤੇ "ਟੈਕਨੋਲੋਜੀ ਇਨਕਿਊਬੇਸ਼ਨ ਸੈਂਟਰਾਂ" ਦੀ ਸਥਾਪਨਾ ਜ਼ਰੀਏ ਉਭਰਦੇ ਉੱਦਮੀਆਂ ਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਇਨੋਵੇਸ਼ਨ ਅਤੇ ਰਚਨਾਤਮਕਤਾ ਦੇ ਨਾਲ ਪੋਸ਼ਿਤ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ। ਉਨ੍ਹਾਂ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਇਸ ਨੂੰ ਉੱਦਮ ਵਿੱਚ ਬਦਲਣ ਲਈ ਯੂਨੀਵਰਸਿਟੀ ਦੀਆਂ ਪਹਿਲਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਡੇ ਸਮਾਜ ਅਤੇ ਅਰਥਵਿਵਸਥਾ ਵਿੱਚ ਬਦਲਾਅ ਲਿਆਉਣ ਦੀ ਕੁੰਜੀ ਹੈ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

 

 ***********

 

 ਡੀਐੱਸ/ਏਕੇ



(Release ID: 1823133) Visitor Counter : 112