ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਸੇਵਾ ਦੀ ਭਾਵਨਾ ਨੂੰ ਗ੍ਰਹਿਣ ਕਰਨ ਅਤੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਲਈ ਕੁਝ ਸਮਾਂ ਬਿਤਾਉਣ ਦੀ ਅਪੀਲ ਕੀਤੀ


‘ਸ਼ੇਅਰ ਐਂਡ ਕੇਅਰ’’ ਭਾਰਤੀ ਸੱਭਿਅਤਾ ਦੀਆਂ ਮੁੱਖ ਕਦਰਾਂ ਕੀਮਤਾਂ ਹਨ: ਉਪ-ਰਾਸ਼ਟਰਪਤੀ

ਉਪ-ਰਾਸ਼ਟਰਪਤੀ ਨੇ ਦੇਵੀਰੇਡੀ ਸ਼ਾਰਦਾ ਚੈਰੀਟੇਬਲ ਟਰੱਸਟ ਦਾ ਉਦਘਾਟਨ ਕੀਤਾ

Posted On: 27 APR 2022 12:31PM by PIB Chandigarh

ਉਪ-ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਸੇਵਾ ਦੀ ਭਾਵਨਾ ਨੂੰ ਗ੍ਰਹਿਣ ਕਰਨ ਅਤੇ ਸਮਾਜ ਦੇ ਲੋੜਵੰਦ ਅਤੇ ਪੱਛੜੇ ਵਰਗਾਂ ਦੀ ਮਦਦ ਕਰਨ ਲਈ ਨਿਯਮਿਤ ਤੌਰ ’ਤੇ ਕੁਝ ਸਮਾਂ ਬਿਤਾਉਣ ਦਾ ਸੱਦਾ ਦਿੱਤਾ।

ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਵਿੱਚ ਦੇਵੀਰੇਡੀ ਸ਼ਾਰਦਾ ਚੈਰੀਟੇਬਲ ਟਰੱਸਟ ਦਾ ਉਦਘਾਟਨ ਕਰਦੇ ਹੋਏ, ਸ਼੍ਰੀ ਨਾਇਡੂ ਨੇ ਰੇਖਾਂਕਿਤ ਕੀਤਾ ਕਿ ‘ਸੇਵਾ’ਭਾਰਤੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਇਹ ਦੁਹਰਾਇਆ ਕਿ ਭਾਰਤ ਦੀ ਸੱਭਿਅਤਾ ਦੀਆਂ ਕਦਰਾਂ ਕੀਮਤਾਂ ‘ਸਾਂਝਾ ਕਰਨਾ ਅਤੇ ਦੇਖਭਾਲ ਕਰਨਾ’ਹਨ। ਉਨ੍ਹਾਂ ਨੇ ਕਿਹਾ ਕਿ ਦੂਜਿਆਂ ਦੀ ਮਦਦ ਕਰਨ ਨਾਲ ਬਹੁਤ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਗ਼ਰੀਬਾਂ ਦੀ ਸੇਵਾ ਕਰਨ ਦਾ ਬੀੜਾ ਚੁੱਕਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਸਪਾਂਸਰਡ ਯੋਜਨਾਵਾਂ ਅਤੇ ਪ੍ਰੋਗਰਾਮਾਂ ਦਾ ਲਾਭ ਲੈਣ ਵਿੱਚ ਮਦਦ ਕਰਨੀ ਚਾਹੀਦੀ ਹੈ।

ਸ਼੍ਰੀ ਨਾਇਡੂ ਨੇ ਚੈਰੀਟੇਬਲ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜਵਾਨਾਂ ਅਤੇ ਔਰਤਾਂ ਦੇ ਹੁਨਰ ਦਾ ਵਿਕਾਸ ਕਰਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਵੱਲ ਵੀ ਧਿਆਨ ਦੇਣ। ਉਨ੍ਹਾਂ ਨੇ ਪਰਉਪਕਾਰੀ ਅਤੇ ਵੱਡੀਆਂ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਗ੍ਰਾਮੀਣ ਭਾਰਤ ਵਿੱਚ ਸੇਵਾ-ਮੁਖੀ ਪ੍ਰੋਗਰਾਮਾਂ ਨੂੰ ਇਮਾਨਦਾਰੀ ਨਾਲ ਚਲਾਉਣ ਲਈ ਆਪਣੇ ਪ੍ਰਬੰਧ ਨਾਲ ਸਰੋਤਾਂ ਦੀ ਵਰਤੋਂ ਕਰਨ।

ਸ਼੍ਰੀ ਨਾਇਡੂ ਨੇ ਟਰੱਸਟ ਦੀਆਂ ਸਕੂਲ ਸਹੂਲਤਾਵਾਂ, ਸਿਹਤ ਸੰਭਾਲ ਕੇਂਦਰ ਅਤੇ ਹੁਨਰ ਵਿਕਾਸ ਕੇਂਦਰ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਵੱਖ-ਵੱਖ ਸੇਵਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਟਰੱਸਟ ਦੀ ਸਥਾਪਨਾ ਲਈ ਸ਼੍ਰੀ ਦੇਵੀਰੇਡੀ ਸੁਧਾਕਰ ਰੈੱਡੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਆਂਧਰਾ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਅਤੇ ਸਹਿਕਾਰਤਾ, ਮੰਡੀਕਰਨ, ਫੂਡ ਪ੍ਰੋਸੈੱਸਿੰਗ ਮੰਤਰੀ ਸ਼੍ਰੀ ਕਾਕਾਨੀ ਗੋਵਰਧਨ ਰੈਡੀ, ਰਾਜ ਸਭਾ ਸਾਂਸਦ ਸ਼੍ਰੀ ਵੇਮੀਰੈਡੀ ਪ੍ਰਭਾਕਰ ਰੈਡੀ, ਲੋਕ ਸਭਾ ਸਾਂਸਦ ਸ਼੍ਰੀ ਅਦਲਾ ਪ੍ਰਭਾਕਰ ਰੈਡੀ, ਆਂਧਰਾ ਪ੍ਰਦੇਸ਼ ਦੇ ਵਿਧਾਇਕ ਸ਼੍ਰੀ ਰਾਮੀਰੈਡੀ ਪ੍ਰਤਾਪ ਕੁਮਾਰ ਰੈਡੀ, ਟਰੱਸਟ ਦੇ ਸੰਸਥਾਪਕ ਚੇਅਰਮੈਨ ਸ਼੍ਰੀ ਦੇਵੀਰੇਡੀ ਸੁਧਾਕਰ ਰੈੱਡੀ,ਹੋਰ ਟਰੱਸਟੀ ਅਤੇ ਪਤਵੰਤੇ ਸੱਜਣਾਂ ਨੇ ਵੀ ਸ਼ਮੂਲੀਅਤ ਕੀਤੀ।

*****

ਐੱਮਐੱਸ/ਆਰਕੇ


(Release ID: 1820682) Visitor Counter : 121