ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਮਾਧਵਪੁਰ ਘੇਡ ਮੇਲੇ ਦਾ ਉਦਘਾਟਨ ਕੀਤਾ
प्रविष्टि तिथि:
10 APR 2022 8:26PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (10 ਅਪ੍ਰੈਲ, 2022) ਗੁਜਰਾਤ ਦੇ ਮਾਧਵਪੁਰ ਘੇਡ, ਪੋਰਬੰਦਰ ਵਿਖੇ ਪੰਜ ਦਿਨਾਂ ਤੱਕ ਚਲਣ ਵਾਲੇ ਮਾਧਵਪੁਰ ਘੇਡ ਮੇਲੇ ਦਾ ਉਦਘਾਟਨ ਕੀਤਾ। 2018 ਤੋਂ, ਗੁਜਰਾਤ ਸਰਕਾਰ ਸੱਭਿਆਚਾਰਕ ਮੰਤਰਾਲੇ ਦੇ ਸਹਿਯੋਗ ਨਾਲ ਹਰ ਸਾਲ ਭਗਵਾਨ ਕ੍ਰਿਸ਼ਨ ਅਤੇ ਰੁਕਮਣੀ ਦੇ ਪਵਿੱਤਰ ਮਿਲਾਪ ਨੂੰ ਮਨਾਉਣ ਲਈ ਇਸ ਮੇਲੇ ਦਾ ਆਯੋਜਨ ਕਰ ਰਹੀ ਹੈ।
ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਰਾਮ ਨੌਮੀ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਆਦਰਸ਼ਾਂ 'ਤੇ ਆਧੁਨਿਕ ਭਾਰਤ 'ਚ ਰਾਮ-ਰਾਜ ਦੀ ਸਥਾਪਨਾ ਦੀ ਆਸ ਰੱਖੀ ਸੀ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਦੇ ਜੀਵਨ ਨਾਲ ਜੁੜੇ ਪਿੰਡ ਅਤੇ ਬਾਪੂ ਦੇ ਜਨਮ ਸਥਾਨ ਪੋਰਬੰਦਰ ਦੇ ਨੇੜੇ ਆਯੋਜਿਤ ਮਾਧਵਪੁਰ ਘੇਡ ਮੇਲੇ ਦਾ ਉਦਘਾਟਨ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਅਤੇ ਰੁਕਮਣੀ ਦੇ ਵਿਆਹ ਦੀ ਲੋਕ-ਕਥਾ ਦਰਸਾਉਂਦੀ ਹੈ ਕਿ ਭਾਰਤ ਦੀ ਸੱਭਿਆਚਾਰਕ ਏਕਤਾ ਕਿੰਨੀ ਪ੍ਰਾਚੀਨ ਹੈ ਅਤੇ ਸਾਡੀ ਸਮਾਜਿਕ ਸਦਭਾਵਨਾ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਸਨ। ਅੱਜ ਦੇ ਉੱਤਰ ਪ੍ਰਦੇਸ਼ ਵਿੱਚ ਜਨਮੇ ਸ਼੍ਰੀ ਕ੍ਰਿਸ਼ਨ ਨੇ ਗੁਜਰਾਤ ਨੂੰ ਆਪਣਾ ਕਾਰਜ ਸਥਾਨ ਬਣਾਇਆ ਅਤੇ ਸਾਡੇ ਦੇਸ਼ ਦੇ ਅੱਜ ਦੇ ਉੱਤਰ-ਪੂਰਬੀ ਖੇਤਰ ਦੀ ਇੱਕ ਰਾਜਕੁਮਾਰੀ ਰੁਕਮਣੀ ਨਾਲ ਵਿਆਹ ਕੀਤਾ। ਲੋਕ ਮਾਨਤਾ ਅਨੁਸਾਰ ਮਾਧਵਪੁਰ ਘੇਡ ਪਿੰਡ ਦੀ ਜ਼ਮੀਨ ਉਨ੍ਹਾਂ ਦੇ ਮਿਲਾਪ ਦੀ ਗਵਾਹ ਰਹੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮੇਲਿਆਂ, ਤਿਉਹਾਰਾਂ ਅਤੇ ਤੀਰਥ ਸਥਾਨਾਂ ਨੇ ਸਾਡੇ ਵਿਸ਼ਾਲ ਦੇਸ਼ ਨੂੰ ਪੁਰਾਤਨ ਸਮੇਂ ਤੋਂ ਹੀ ਸਮਾਜਿਕ ਅਤੇ ਸੱਭਿਆਚਾਰਕ ਏਕਤਾ ਦੇ ਧਾਗੇ ਵਿੱਚ ਬੰਨ੍ਹ ਕੇ ਰੱਖਿਆ ਹੈ। ਮਾਧਵਪੁਰ ਮੇਲਾ ਗੁਜਰਾਤ ਨੂੰ ਉੱਤਰ-ਪੂਰਬੀ ਖੇਤਰ ਨਾਲ ਇੱਕ ਅਟੁੱਟ ਬੰਧਨ ਵਿੱਚ ਬੰਨ੍ਹਦਾ ਹੈ। ਅਜਿਹੇ ਸਮਾਗਮਾਂ ਰਾਹੀਂ ਲੋਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਾਡੇ ਵਿਰਸੇ, ਸੱਭਿਆਚਾਰ, ਕਲਾ, ਦਸਤਕਾਰੀ ਅਤੇ ਰਵਾਇਤੀ ਪਕਵਾਨਾਂ ਬਾਰੇ ਗਿਆਨ ਹਾਸਲ ਕਰਨ ਦਾ ਮੌਕਾ ਮਿਲਦਾ ਹੈ। ਇਹ ਸਮਾਗਮ ਟੂਰਿਜ਼ਮ ਨੂੰ ਵੀ ਉਤਸ਼ਾਹਿਤ ਕਰਦੇ ਹਨ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ ਵੀ ਇਸ ਸਾਲ ਵੱਡੇ ਪੱਧਰ 'ਤੇ ਮੇਲੇ ਦੇ ਆਯੋਜਨ ਨਾਲ ਜੁੜਿਆ ਹੋਇਆ ਹੈ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਇੱਕੋ ਦਿਨ ਕਈ ਸੱਭਿਆਚਾਰਕ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮੇਲਾ ਸਾਡੀ ਸੱਭਿਆਚਾਰਕ ਪਰੰਪਰਾ ਵਿੱਚ ਇੱਕ ਵਿਸ਼ੇਸ਼ ਪਹਿਚਾਣ ਬਣਾਈ ਰੱਖੇਗਾ।
ਰਾਸ਼ਟਰਪਤੀ ਨੂੰ ਇਹ ਜਾਣ ਖੁਸ਼ੀ ਹੋਈ ਕਿ ਗੁਜਰਾਤ ਦੇ ਉੱਦਮੀ ਲੋਕ ਵਿਕਾਸ ਦੇ ਰਾਹ 'ਤੇ ਚਲਦੇ ਹੋਏ ਪਰੰਪਰਾ ਅਤੇ ਆਧੁਨਿਕਤਾ ਵਿਚਕਾਰ ਸੰਤੁਲਨ ਬਣਾਈ ਰੱਖਦੇ ਹਨ। ਉਨ੍ਹਾਂ ਨੇ ਨੋਟ ਕੀਤਾ ਕਿ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਵੱਖ-ਵੱਖ ਰਾਜਾਂ ਦੀ ਕਾਰਗੁਜ਼ਾਰੀ ਦਾ ਮੁੱਲਾਂਕਣ ਕਰਨ ਲਈ ਸਾਲ 2020-21 ਲਈ ਨੀਤੀ ਆਯੋਗ ਦੀ ਰਿਪੋਰਟ ਦੇ ਅਨੁਸਾਰ, ਗੁਜਰਾਤ ਹਰ ਉਮਰ ਵਰਗ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਦੀ ਪਹੁੰਚ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਦੇਸ਼ ਵਿੱਚ ਪਹਿਲੇ ਸਥਾਨ 'ਤੇ ਹੈ। ਨਾਲ ਹੀ, ਉਦਯੋਗ, ਨਵੀਨਤਾ ਅਤੇ ਬੁਨਿਆਦੀ ਢਾਂਚੇ ਦੇ ਸੰਮਲਿਤ ਵਿਕਾਸ ਦੇ ਮਾਪਦੰਡਾਂ 'ਤੇ, ਗੁਜਰਾਤ ਦੀ ਕਾਰਗੁਜ਼ਾਰੀ ਸਾਰੇ ਰਾਜਾਂ ਵਿੱਚੋਂ ਸਭ ਤੋਂ ਵਧੀਆ ਰਹੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮਾਧਵਪੁਰ ਘੇਡ ਦਾ ਮੇਲਾ ਅਤੇ ਨਾਲ ਹੀ ਗੁਜਰਾਤ ਦੇ ਕਈ ਮੰਦਰਾਂ ਅਤੇ ਉੱਤਰ-ਪੂਰਬੀ ਭਾਰਤ ਵਿੱਚ ਕਈ ਥਾਵਾਂ 'ਤੇ ਇਸ ਮੌਕੇ ਆਯੋਜਿਤ ਕੀਤੇ ਜਾਣ ਵਾਲੇ ਵੱਖ-ਵੱਖ ਸਮਾਗਮ ਭਾਰਤ ਦੀ ਸੱਭਿਆਚਾਰਕ, ਅਧਿਆਤਮਕ ਅਤੇ ਸਮਾਜਿਕ ਏਕਤਾ ਦਾ ਜਸ਼ਨ ਹਨ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਸਮੁੱਚੇ ਦੇਸ਼ ਦੇ ਲੋਕਾਂ ਨੂੰ ਭਾਵਨਾਤਮਕ ਪੱਧਰ 'ਤੇ ਜੋੜਨ ਦਾ ਇਹ ਤਿਉਹਾਰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਨਾਲ-ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੂਲ ਰੂਪ ਵਿੱਚ ਰਾਸ਼ਟਰੀ ਸਵੈਮਾਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾ ਰਿਹਾ ਹੈ। ਮਾਧਵਪੁਰ ਘੇਡ ਮੇਲੇ ਨਾਲ ਜੁੜੇ ਸਾਰੇ ਤਿਉਹਾਰ ਭਾਰਤ ਦੀ ਏਕਤਾ ਅਤੇ ਵਿਭਿੰਨਤਾ ਨੂੰ ਵੀ ਰੇਖਾਂਕਿਤ ਕਰਦੇ ਹਨ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
*********
ਡੀਐੱਸ/ਏਕੇ
(रिलीज़ आईडी: 1815504)
आगंतुक पटल : 259