ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਯੂਕ੍ਰੇਨ ਵਿੱਚ ਫਸੇ ਹਰੇਕ ਭਾਰਤੀ ਨੂੰ ਸੁਰੱਖਿਅਤ ਢੰਗ ਨਾਲ ਘਰ ਵਾਪਸ ਲਿਆਂਦਾ ਜਾਵੇਗਾ


ਉਪ ਰਾਸ਼ਟਰਪਤੀ ਨੇ ਕਿਹਾ ਭਾਰਤ ਰਾਸ਼ਟਰੀ ਹਿਤਾਂ ਦੀ ਰੱਖਿਆ ਲਈ ਕੈਲੀਬ੍ਰੇਟਿਡ ਪਹੁੰਚ ਅਪਣਾਅ ਰਿਹਾ ਹੈ

'ਭਾਰਤ ਨੇ ਹਮੇਸ਼ਾ ਸਭ ਦੇਸ਼ਾਂ ਨਾਲ ਅਮਨਪੂਰਨ ਸਹਿ-ਹੋਂਦ ਵਿੱਚ ਵਿਸ਼ਵਾਸ ਰੱਖਿਆ ਹੈ'

ਉਪ ਰਾਸ਼ਟਰਪਤੀ ਨੇ ਭਾਰਤੀ ਲੋਕਤੰਤਰ ਵਿਰੁੱਧ ਗ਼ਲਤ ਸੂਚਨਾ ਮੁਹਿੰਮਾਂ ਦੀ ਨਿੰਦਾ ਕੀਤੀ

ਬ੍ਰਿਟਿਸ਼ ਸ਼ਾਸਨ ਨੇ ਨਾ ਸਿਰਫ਼ ਸਾਡੀ ਦੌਲਤ ਲੁੱਟੀ, ਬਲਕਿ ਸਾਡੇ ਸਵੈ-ਮਾਣ ਨੂੰ ਵੀ ਠੇਸ ਪਹੁੰਚਾਈ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਇਤਿਹਾਸਿਕ ਰਚਨਾਵਾਂ ਦਾ ਭਾਰਤੀ ਭਾਸ਼ਾਵਾਂ ਵਿੱਚ ਹੋਰ ਜ਼ਿਆਦਾ ਅਨੁਵਾਦ ਕਰਨ ਦਾ ਸੱਦਾ ਦਿੱਤਾ

ਉਨ੍ਹਾਂ ਵਿਲ ਡੁਰੈਂਟ ਦੀ 'ਏ ਕੇਸ ਫੌਰ ਇੰਡੀਆ' ਦੀ ਅਨੁਵਾਦਿਤ ਰਚਨਾ - 'ਭਾਰਤ ਦੇਸਾ ਪਕਸ਼ਣਾ' ਪੁਸਤਕ ਰਿਲੀਜ਼ ਕੀਤੀ

Posted On: 02 MAR 2022 3:53PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਯੂਕ੍ਰੇਨ ਵਿੱਚ ਫਸੇ ਹਰੇਕ ਭਾਰਤੀ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਜਾਵੇਗਾ ਅਤੇ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਅੱਜ ਵਿਜੈਵਾੜਾ ਵਿੱਚ ਵਿਲ ਡੁਰੈਂਟ ਦੁਆਰਾ ਰਚਿਤ ਦ ਕੇਸ ਫੌਰ ਇੰਡੀਆਦੇ ਤੇਲੁਗੂ ਅਨੁਵਾਦ ਭਾਰਤ ਦੇਸਾ ਪਕਸ਼ਣਾਦੇ ਇੱਕ ਪੁਸਤਕ ਰਿਲੀਜ਼ ਸਮਾਰੋਹ ਵਿੱਚ ਬੋਲਦਿਆਂ, ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਵਿਦੇਸ਼ ਮੰਤਰੀ, ਸ਼੍ਰੀ ਐੱਸ ਜੈਸ਼ੰਕਰ ਨੇ ਉਨ੍ਹਾਂ ਨੂੰ ਜੰਗੀ ਖੇਤਰ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂ ਕਰਵਾਇਆ ਹੈ।

ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦੇਸ਼ ਦੇ ਰਾਸ਼ਟਰੀ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤਰਰਾਸ਼ਟਰੀ ਘਟਨਾਕ੍ਰਮ 'ਤੇ ਇੱਕ ਕੈਲੀਬ੍ਰੇਟਿਡ ਪਹੁੰਚ ਅਪਣਾਅ ਰਿਹਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਇੱਕ ਆਵਾਜ਼ ਵਿੱਚ ਬੋਲਣ ਅਤੇ ਅਜਿਹੀ ਕੋਈ ਵੀ ਆਵਾਜ਼ ਨਾ ਉਠਾਉਣ ਜੋ ਭਾਰਤ ਲਈ ਨੁਕਸਾਨਦੇਹ ਹੋਵੇ।

ਉਪ ਰਾਸ਼ਟਰਪਤੀ ਨੇ ਭਾਰਤੀ ਲੋਕਤੰਤਰ ਦੇ ਖ਼ਿਲਾਫ਼ ਅੰਤਰਰਾਸ਼ਟਰੀ ਮੀਡੀਆ ਦੇ ਹਿੱਸਿਆਂ ਦੁਆਰਾ ਦੁਸ਼-ਪ੍ਰਚਾਰ ਅਤੇ ਗ਼ਲਤ ਜਾਣਕਾਰੀ ਦੇਣ ਦੀ ਮੁਹਿੰਮ ਦੀ ਨਿੰਦਾ ਕੀਤੀ ਕਿਉਂਕਿ ਕੁਝ ਸ਼ਕਤੀਆਂ ਭਾਰਤ ਦੀ ਪ੍ਰਗਤੀ ਅਤੇ ਇੱਕ ਸ਼ਕਤੀਸ਼ਾਲੀ ਰਾਸ਼ਟਰ ਵਜੋਂ ਉੱਭਰਨ ਨੂੰ ਹਜ਼ਮ ਕਰਨ ਵਿੱਚ ਅਸਮਰੱਥ ਹਨ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਹਮੇਸ਼ਾ ਦੂਸਰੇ ਦੇਸ਼ਾਂ ਨਾਲ ਅਮਨਪੂਰਨ ਸਹਿ-ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਯਾਦ ਕੀਤਾ ਕਿ ਭਾਰਤ ਕਿਸੇ ਸਮੇਂ ਵਿਸ਼ਵ ਗੁਰੂ ਵਜੋਂ ਜਾਣਿਆ ਜਾਂਦਾ ਸੀ ਅਤੇ ਸੱਭਿਆਚਾਰਕ ਅਤੇ ਆਰਥਿਕ ਤੌਰ 'ਤੇ ਸ਼ਕਤੀਸ਼ਾਲੀ ਸੀ। ਉਨ੍ਹਾਂ ਕਿਹਾ ਕਿ ਭਾਰਤ ਦੂਸਰਿਆਂ ਦੀ ਮਦਦ ਕਰਨ ਲਈ ਮਜ਼ਬੂਤ, ਸਥਿਰ ਅਤੇ ਸਮ੍ਰਿੱਧ ਬਣਨਾ ਚਾਹੁੰਦਾ ਹੈ।

ਉਪ ਰਾਸ਼ਟਰਪਤੀ ਨੇ ਕੁਝ ਤਾਕਤਾਂ ਦੁਆਰਾ ਜਾਤ, ਨਸਲ, ਖੇਤਰ ਅਤੇ ਧਰਮ ਦੇ ਨਾਮ 'ਤੇ ਦੇਸ਼ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਦੀ ਵੀ ਆਲੋਚਨਾ ਕੀਤੀ।

ਬ੍ਰਿਟਿਸ਼ ਸ਼ਾਸਨ ਬਾਰੇ ਬੋਲਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ 'ਅੰਗਰੇਜ਼ਾਂ ਨੇ ਨਾ ਸਿਰਫ਼ ਸਾਡੀ ਦੌਲਤ ਲੁੱਟੀ, ਬਲਕਿ ਉਨ੍ਹਾਂ ਨੇ ਸਾਡੇ ਸਵੈ-ਮਾਣ ਨੂੰ ਵੀ ਠੇਸ ਪਹੁੰਚਾਈ। ਇੱਕ ਅਜਿਹੀ ਸਿੱਖਿਆ ਪ੍ਰਣਾਲੀ ਦੀ ਸ਼ੁਰੂਆਤ ਕਰਕੇ ਜੋ ਨੁਕਸਦਾਰ ਅਤੇ ਬੇਦਖਲੀ ਵਾਲੀ (exclusionary) ਸੀ, ਉਨ੍ਹਾਂ ਨੇ ਕਦੇ ਵੀ ਭਾਰਤ ਦੀਆਂ ਪ੍ਰਾਪਤੀਆਂ ਦੀ ਮਹਾਨਤਾ ਨੂੰ ਉਜਾਗਰ ਨਹੀਂ ਕੀਤਾ। ਉਨ੍ਹਾਂ ਨੇ ਸਾਡੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ।

ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਲੋਕਾਂ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਕਿਵੇਂ ਬਸਤੀਵਾਦੀ ਸ਼ਾਸਨ ਨੇ ਭਾਰਤੀ ਸਮਾਜ ਵਿੱਚ ਵੰਡੀਆਂ ਲਿਆਂਦੀਆਂ, ਸਥਾਨਕ ਉਦਯੋਗਾਂ ਨੂੰ ਤਬਾਹ ਕੀਤਾ ਅਤੇ ਭਾਰਤ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ।

ਬ੍ਰਿਟਿਸ਼ ਸ਼ਾਸਨ ਦਾ ਅਧਿਐਨ ਕਰਨ ਲਈ ਵਿਲ ਡੁਰੈਂਟ ਦੀ ਕਿਤਾਬ ਨੂੰ ਇੱਕ ਉਪਯੋਗੀ ਸੰਸਾਧਨ ਵਜੋਂ ਦਰਸਾਉਂਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਉੱਘੇ ਅਮਰੀਕੀ ਇਤਿਹਾਸਕਾਰ ਨੇ 'ਇੰਗਲੈਂਡ ਦੁਆਰਾ ਭਾਰਤ ਦਾ ਡੇਢ ਸੌ ਸਾਲ ਤੱਕ ਜਾਣਬੁੱਝ ਕੇ ਖੂਨ ਵਹਾਇਆ' ਦਰਸਾ ਕੇ ਅਤੇ ਇਸ ਨੂੰ 'ਸਾਰੇ ਇਤਿਹਾਸ ਦਾ ਸਭ ਤੋਂ ਵੱਡਾ ਅਪਰਾਧ' ਦੱਸਦਿਆਂ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਅਸਲ ਰੂਪ ਨੂੰ ਉਜਾਗਰ ਕੀਤਾ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਕਿਵੇਂ ਡੁਰੈਂਟ ਦੇ ਕੰਮ ਨੇ ਭਾਰਤ ਦੀ ਪ੍ਰਾਚੀਨ ਸਭਿਅਤਾ ਅਤੇ ਦੁਨੀਆ ਦੀਆਂ ਭਾਸ਼ਾਵਾਂ, ਸੱਭਿਆਚਾਰ ਅਤੇ ਗਣਿਤ ਵਿੱਚ ਇਸ ਦੇ ਯੋਗਦਾਨ ਨੂੰ ਮਾਨਤਾ ਦਿੱਤੀ।

ਅਨੁਵਾਦਕ ਸੁਸ਼੍ਰੀ ਨਡੇਲਾ ਅਨੁਰਾਧਾ ਅਤੇ ਪ੍ਰਕਾਸ਼ਕ ਸ਼੍ਰੀ ਅਸ਼ੋਕ ਦੀ ਉਨ੍ਹਾਂ ਦੇ ਪ੍ਰਯਤਨਾਂ ਲਈ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਭਾਰਤੀ ਭਾਸ਼ਾਵਾਂ ਵਿੱਚ ਇਤਿਹਾਸਿਕ ਰਚਨਾਵਾਂ ਦੇ ਹੋਰ ਅਨੁਵਾਦਾਂ ਨੂੰ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਬਾਅਦ ਵਿੱਚ, ਸ਼੍ਰੀ ਨਾਇਡੂ ਨੇ ਇੱਕ ਸੀਡੀ ਰਿਲੀਜ਼ ਕੀਤੀ ਜਿਸ ਵਿੱਚ ਪ੍ਰਸਿੱਧ "ਜਗਨਨਾਥ ਅਸ਼ਟਕਮ" (Jagannathashtakam) ਜਾਂ ਭਗਵਾਨ ਜਗਨਨਾਥ ਅਤੇ ਜਗਨਨਾਥ ਦਰਸ਼ਨ 'ਤੇ ਇੱਕ ਔਕਟੇਵ (octave) ਸ਼ਾਮਲ ਹੈ। 'ਜਗਨਨਾਥ ਸੰਸਕ੍ਰਿਤੀ' ਸਾਡੇ ਦੇਸ਼ ਦੇ ਸਾਰੇ ਸੱਭਿਆਚਾਰਕ ਰੁਝਾਨਾਂ ਅਤੇ ਧਾਰਮਿਕ ਵਿਚਾਰਧਾਰਾਵਾਂ ਦਾ ਸੰਸਲੇਸ਼ਣ ਹੈ, ਇਸ ਗੱਲ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਜਗਨਨਾਥ ਸੱਭਿਆਚਾਰ ਜਾਤ, ਨਸਲ ਜਾਂ ਧਰਮ ਦੇ ਅਧਾਰ 'ਤੇ ਸ਼ਰਧਾਲੂਆਂ ਨੂੰ ਵੱਖਰਾ ਨਹੀਂ ਕਰਦਾ ਹੈ ਅਤੇ ਇਹੀ ਦੁਨੀਆ ਭਰ ਵਿੱਚ ਇਸ ਦੀ ਪ੍ਰਸਿੱਧੀ ਦਾ ਕਾਰਨ ਹੈ। ਸ਼੍ਰੀ ਨਾਇਡੂ ਨੇ ਕਿਹਾ, 'ਮੌਜੂਦਾ ਸਥਿਤੀ ਵਿੱਚ ਜਦੋਂ ਦੁਨੀਆ ਭਰ ਵਿੱਚ ਪਦਾਰਥਵਾਦ ਅਤੇ ਸਮਾਜਿਕ ਤਣਾਅ ਵਧ ਰਿਹਾ ਹੈ, ਅਧਿਆਤਮਿਕਤਾ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਸੀਡੀ ਬਣਾਉਣ ਲਈ ਇੱਕ ਅਧਿਆਤਮਿਕ ਸੰਸਥਾ ਡਿਵਾਇਨ ਕੈਪਸੂਲ ਦੇ ਚੇਅਰਮੈਨ ਸ਼੍ਰੀ ਪ੍ਰਸੇਨਜੀਤ ਹਰੀਚੰਦਨ, ਗਾਇਕ ਸ਼੍ਰੀ ਸੁਰੇਸ਼ ਵਾਡੇਕਰ ਅਤੇ ਸੰਗੀਤ ਡਾਇਰੈਕਟਰ ਸ਼੍ਰੀ ਜਗਿਆਣ ਦਾਸ਼ ਦੀ ਉਨ੍ਹਾਂ ਦੇ ਪ੍ਰਯਤਨਾਂ ਲਈ ਸ਼ਲਾਘਾ ਕੀਤੀ।

ਪੁਸਤਕ ਰਿਲੀਜ਼ ਸਮਾਗਮ ਦੌਰਾਨ ਸ਼੍ਰੀ ਮੰਡਲੀ ਬੁੱਧ ਪ੍ਰਸਾਦ, ਆਂਧਰ ਪ੍ਰਦੇਸ਼ ਦੇ ਸਾਬਕਾ ਡਿਪਟੀ ਸਪੀਕਰ, ਡਾ. ਚਦਲਵਾਡਾ ਨਾਗੇਸ਼ਵਰ ਰਾਓ, ਪ੍ਰਧਾਨ, ਸਿਧਾਰਥ ਅਕੈਡਮੀ, ਸ਼੍ਰੀ ਚੁੱਕਾਪੱਲੀ ਪ੍ਰਸਾਦ, ਸਕੱਤਰ, ਸਵਰਣ ਭਾਰਤ ਟ੍ਰੱਸਟ, ਸ਼੍ਰੀ ਡੀ ਅਸ਼ੋਕ ਕੁਮਾਰ, ਅਲਕਨੰਦਾ ਪ੍ਰਚੁਰਾਨਾਲੂ ਅਤੇ ਹੋਰ ਪਤਵੰਤੇ ਹਾਜ਼ਰ ਸਨ।

***********

ਐੱਮਐੱਸ/ਆਰਕੇ


(Release ID: 1802460) ਵਿਜ਼ੀਟਰ ਕਾਊਂਟਰ : 212