ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਸੁਰੱਖਿਅਤ ਪੀਣ ਵਾਲੇ ਪਾਣੀ ਅਤੇ ਸਵੱਛਤਾ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ



ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਕੋਵਿਡ ਮਹਾਮਾਰੀ ਤੋਂ ਬਾਅਦ ਵੀ ਵਾਰ-ਵਾਰ ਹੱਥ ਧੋਣ ਦਾ ਅਭਿਆਸ ਜਾਰੀ ਰੱਖਣ ਲਈ ਕਿਹਾ



ਸੁਰੱਖਿਅਤ ਪਾਣੀ, ਸੈਨੀਟੇਸ਼ਨ ਅਤੇ ਸਵੱਛਤਾ ਅਭਿਆਸ ਆਂਗਣਵਾੜੀਆਂ ਅਤੇ ਪ੍ਰਾਇਮਰੀ ਸਕੂਲਾਂ ਤੋਂ ਸ਼ੁਰੂ ਹੋਣੇ ਚਾਹੀਦੇ ਹਨ - ਉਪ ਰਾਸ਼ਟਰਪਤੀ



ਗ੍ਰਾਮੀਣ ਜਲ ਸਪਲਾਈ ਦਾ ਕੰਮ ਗ੍ਰਾਮ ਪੰਚਾਇਤਾਂ ਦਾ ਹੈ; ਪ੍ਰਭਾਵਸ਼ਾਲੀ ਸੇਵਾ ਦੇਣ ਲਈ ਉਨ੍ਹਾਂ ਨੂੰ ਸੰਸਥਾਗਤ ਤੌਰ ’ਤੇ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ - ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਨੈਸ਼ਨਲ ਵਾਸ਼ (WASH) ਕਨਕਲੇਵ - 2022 ਦਾ ਉਦਘਾਟਨ ਕੀਤਾ

Posted On: 23 FEB 2022 5:07PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਬਿਮਾਰੀਆਂ ਨੂੰ ਰੋਕਣ ਅਤੇ ਲੋਕਾਂ ਦੀ ਸਮੁੱਚੀ ਭਲਾਈ ਲਈ ਯੋਗਦਾਨ ਪਾਉਣ ਲਈ ਸੁਰੱਖਿਅਤ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਜਿਹੀਆਂ ਬੁਨਿਆਦੀ ਸੁਵਿਧਾਵਾਂ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਸੁਚੇਤ ਕੀਤਾ ਕਿ ਕੋਵਿਡ ਮਹਾਮਾਰੀ ਦੇ ਘਟਣ ਨਾਲ, ਲੋਕਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਅਤੇ ਵਾਰ-ਵਾਰ ਹੱਥ ਧੋਣ ਦਾ ਅਭਿਆਸ ਜਾਰੀ ਰੱਖਣਾ ਚਾਹੀਦਾ ਹੈ।

ਅੱਜ ਰਾਜ ਭਵਨ, ਚੇਨਈ ਤੋਂ ਉਦਘਾਟਨ ਕਰਨ ਤੋਂ ਬਾਅਦ ਨੈਸ਼ਨਲ ਵਾਸ਼ ਕਨਕਲੇਵ-2022 ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਬੱਚਿਆਂ ਨੂੰ ਸਰੀਰਕ ਅਤੇ ਭਾਵਨਾਤਮਕ ਤੌਰ ’ਤੇ ਸਿਹਤਮੰਦ ਵਾਤਾਵਰਣ ਵਿੱਚ ਵੱਡਾ ਹੋਣਾ ਚਾਹੀਦਾ ਹੈ। ਇਸ ਦੇ ਲਈ, ਉਹ ਚਾਹੁੰਦੇ ਹਨ ਕਿ ਸੁਰੱਖਿਅਤ ਪਾਣੀ, ਸੈਨੀਟੇਸ਼ਨ ਅਤੇ ਸਵੱਛਤਾ ਅਭਿਆਸ ਵਰਗੇ ਰੋਕਥਾਮ ਵਾਲੇ ਸਿਹਤ ਸੰਭਾਲ਼ ਉਪਾਅ ਆਂਗਣਵਾੜੀਆਂ ਅਤੇ ਪ੍ਰਾਇਮਰੀ ਸਕੂਲਾਂ ਤੋਂ ਸ਼ੁਰੂ ਹੋਣੇ ਚਾਹੀਦੇ ਹਨ।

ਜਲ ਸ਼ਕਤੀ ਮੰਤਰਾਲੇ, ਪੰਚਾਇਤੀ ਰਾਜ ਮੰਤਰਾਲੇ, ਯੂਨੀਸੈਫ ਅਤੇ ਹੋਰਾਂ ਦੇ ਸਹਿਯੋਗ ਨਾਲ ਨੈਸ਼ਨਲ ਇੰਸਟੀਟਿਊਟ ਆਵ੍ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ (ਐੱਨਆਈਆਰਡੀਪੀਆਰ), ਹੈਦਰਾਬਾਦ ਦੁਆਰਾ ਪਾਣੀ, ਸਵੱਛਤਾ ਅਤੇ ਸਫਾਈ (ਵਾਸ਼) ’ਤੇ ਤਿੰਨ ਦਿਨਾਂ ਦਾ ਵਰਚੁਅਲ ਕਨਕਲੇਵ ਆਯੋਜਿਤ ਕੀਤਾ ਜਾ ਰਿਹਾ ਹੈ। ਕਨਕਲੇਵ ‘ਪੰਚਾਇਤਾਂ ਵਿੱਚ ਪਾਣੀ, ਸੈਨੀਟੇਸ਼ਨ ਅਤੇ ਸਵੱਛਤਾ ਨੂੰ ਅੱਗੇ ਵਧਾਉਣ’ ਵੱਲ ਕੇਂਦ੍ਰਿਤ ਰਿਹਾ ਹੈ।

ਇਹ ਦੇਖਦੇ ਹੋਏ ਕਿ ਗ੍ਰਾਮ ਪੰਚਾਇਤਾਂ ਨੂੰ ‘ਵਾਸ਼’ ਦੇ ਏਜੰਡੇ ਨੂੰ ਅੱਗੇ ਲਿਜਾਣਾ ਮਹੱਤਵਪੂਰਨ ਹੈ ਕਿਉਂਕਿ ਉਹ ਗ੍ਰਾਮੀਣ ਜਲ ਸਪਲਾਈ ਲਈ ਜ਼ਿੰਮੇਵਾਰ ਹਨ, ਸ਼੍ਰੀ ਨਾਇਡੂ ਨੇ ਆਖਰੀ ਮੀਲ ਤੱਕ ਪ੍ਰਭਾਵਸ਼ਾਲੀ ਸੇਵਾ ਪ੍ਰਦਾਨ ਕਰਨ ਲਈ ਪੰਚਾਇਤਾਂ ਦੀ ਸੰਸਥਾਗਤ ਮਜ਼ਬੂਤੀ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ, “ਇਹ ਸ਼ਾਸਨ ਦਾ ਇੱਕ ਮੁੱਖ ਪਹਿਲੂ ਹੈ ਜਿਸ ’ਤੇ ਮੈਂ ਹਮੇਸ਼ਾ ਜ਼ੋਰ ਦਿੰਦਾ ਹਾਂ - ਹਰ ਖੇਤਰ ਵਿੱਚ ਸੇਵਾਵਾਂ ਦੀ ਕੁਸ਼ਲ ਆਖਰੀ ਮੀਲ ਡਿਲਿਵਰੀ – ਇਹ ਸਰਬਪੱਖੀ ਵਿਕਾਸ ਦੀ ਫਾਸਟ-ਟ੍ਰੈਕਿੰਗ ਦੀ ਕੁੰਜੀ ਹੈ।”

ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਇੱਕ ਰਾਸ਼ਟਰ ਦੇ ਰੂਪ ਵਿੱਚ, ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਹਰ ਘਰ ਨੂੰ ਸਾਰੀਆਂ ਬੁਨਿਆਦੀ ਸੁਵਿਧਾਵਾਂ ਮਿਲਣ – ਇਨ੍ਹਾਂ ਵਿੱਚੋਂ ਸਭ ਤੋਂ ਜ਼ਰੂਰੀ ਵਾਸ਼ ਨਾਲ ਸਬੰਧਿਤ ਹਨ। ਇਹ ਮੰਨਦੇ ਹੋਏ ਕਿ ਹਰੇਕ ਗ੍ਰਾਮੀਣ ਘਰ ਨੂੰ ਪੀਣ ਵਾਲਾ ਸੁਰੱਖਿਅਤ ਪਾਣੀ ਅਤੇ ਸੈਨੀਟੇਸ਼ਨ ਪ੍ਰਦਾਨ ਕਰਨਾ ਇੱਕ ਵੱਡਾ ਕਾਰਜ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ “ਇਹ ਤਾਂ ਹੀ ਸਾਕਾਰ ਕੀਤਾ ਜਾ ਸਕਦਾ ਹੈ ਜੇਕਰ ਸਾਰੇ ਹਿੱਤਧਾਰਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਇਕੱਲੇ ਫੋਕਸ ਅਤੇ ਦ੍ਰਿੜ੍ਹਤਾ ਨਾਲ ਹੱਥ ਮਿਲਾਵੇ।”

ਦੇਸ਼ ਭਰ ਵਿੱਚ ਗ੍ਰਾਮੀਣ ਜਲ ਸਪਲਾਈ ਨੈੱਟਵਰਕ ਦਾ ਵਿਸਤਾਰ ਹੋਣ ਦੇ ਨਾਲ, ਸ਼੍ਰੀ ਨਾਇਡੂ ਨੇ ਜ਼ਿਕਰ ਕੀਤਾ, ਇੱਕ ਸਕਾਰਾਤਮਕ ਨਜ਼ਰੀਆ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ, “ਇੱਥੇ ਪਲੰਬਰ, ਇਲੈਕਟ੍ਰੀਸ਼ੀਅਨ, ਪਾਣੀ ਦੀ ਕਲੋਰੀਨੇਸ਼ਨ ਵਿੱਚ ਸਿਖਲਾਈ ਪ੍ਰਾਪਤ ਲੋਕਾਂ ਦੀ ਬਹੁਤ ਜ਼ਿਆਦਾ ਮੰਗ ਹੋਵੇਗੀ।” ਅਤੇ ਉਨ੍ਹਾਂ ਨੇ ਸਕੈਂਡੇਨੇਵੀਅਨ ਦੇਸ਼ਾਂ ਤੋਂ ਸਿੱਖਣ ਲਈ ਕਿਹਾ, ਜਿੱਥੇ ਸਥਾਨਕ ਸਰਕਾਰਾਂ ਕਿਸੇ ਵੀ ਟੁੱਟ-ਭੱਜ ਅਤੇ ਰੱਖ-ਰਖਾਅ ਦੇ ਕੰਮ ਨੂੰ ਪੂਰਾ ਕਰਨ ਵਾਲੀ ਹੁਨਰਮੰਦ ਮਨੁੱਖੀ ਸ਼ਕਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਹੱਬ-ਐਂਡ-ਸਪੋਕਸ ਮਾਡਲਾਂ ਦੀ ਪਾਲਣਾ ਕਰਦੀਆਂ ਹਨ।

ਸਾਡੇ ਦੇਸ਼ ਵਿੱਚ ਸਰਵੋਤਮ ਮਹੱਤਵ ਵਾਲੇ ਵਿਸ਼ੇ ਨੂੰ ਉਜਾਗਰ ਕਰਨ ਲਈ ਕਨਕਲੇਵ ਉੱਤੇ ਖੁਸ਼ੀ ਜ਼ਾਹਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਦੇਖਿਆ ਕਿ ਕਈ ਭਾਰਤੀ ਭਾਸ਼ਾਵਾਂ ਵਿੱਚ ਪਾਣੀ ਸ਼ਬਦ ਨੂੰ ‘ਜੀਵਨ’ ਮੰਨਦੇ ਹਨ, ਜਿਸ ਦਾ ਅਰਥ ਹੈ ਜ਼ਿੰਦਗੀ। ‘ਜਲ ਹੀ ਜੀਵਨ ਹੈ’ ਦੇ ਵਾਰ-ਵਾਰ ਦੁਹਰਾਉਣ ਵਾਲੇ ਵਾਕ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ, “ਸਾਡੇ ਪੂਰਵਜਾਂ ਨੇ ਸਦੀਆਂ ਪਹਿਲਾਂ ਇਸ ਕਥਨ ਦੇ ਅਸਲ ਸੱਚ ਨੂੰ ਸਮਝ ਲਿਆ ਸੀ - ਇਸ ਲਈ ਅਸੀਂ ਹਜ਼ਾਰਾਂ ਸਾਲਾਂ ਤੋਂ, ਇਸ ਵਿਸ਼ਾਲ ਦੇਸ਼ ਦੀ ਲੰਬਾਈ ਅਤੇ ਚੌੜਾਈ ਵਿੱਚ ਜੀਵਨ ਦੇਣ ਵਾਲੀਆਂ ਨਦੀਆਂ ਦੀ ਪੂਜਾ ਕੀਤੀ ਹੈ।”

ਹਰੇਕ ਗ੍ਰਾਮੀਣ ਪਰਿਵਾਰ ਲਈ ਪੀਣ ਵਾਲੇ ਸਾਫ਼ ਪਾਣੀ ਦੀ ਲੋੜੀਂਦੀ ਮਾਤਰਾ ਨੂੰ ਬੁਨਿਆਦੀ ਜ਼ਰੂਰਤ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਇਸ ਸਬੰਧ ਵਿੱਚ ਕਾਫ਼ੀ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਵਾਸ਼ ਦੀਆਂ ਸੁਵਿਧਾਵਾਂ ਨਾਲ ਸਬੰਧਿਤ ਸਾਰੇ ਪਹਿਲੂਆਂ ’ਤੇ ਹੋਰ ਤੇਜ਼ੀ ਨਾਲ ਟ੍ਰੈਕਿੰਗ ਕਰਨ ਅਤੇ ਵਧੇਰੇ ਧਿਆਨ ਦੇਣ ਦਾ ਸੱਦਾ ਦਿੱਤਾ। ਸਰਕਾਰ ਅਤੇ ਵਾਸ਼ ਮੁਹਿੰਮ ਵਿੱਚ ਸ਼ਾਮਲ ਗ਼ੈਰ-ਸਰਕਾਰੀ ਸੰਗਠਨਾਂ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਕਿਹਾ, “ਇਸ ਖੇਤਰ ਵਿੱਚ ਅਸੀਂ ਜੋ ਪ੍ਰੋਗਰੈਸ ਕਰਦੇ ਹਾਂ, ਉਸ ਦਾ ਵਿਕਾਸ ਦੇ ਹੋਰ ਬਹੁਤ ਸਾਰੇ ਸੂਚਕਾਂ ’ਤੇ ਪ੍ਰਭਾਵ ਪੈਂਦਾ ਹੈ।”

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਅਧਿਐਨ ਦਾ ਹਵਾਲਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਬਹੁਤ ਸਾਰੇ ਪਿੰਡਾਂ ਵਿੱਚ ਮਾੜੀ ਸਫਾਈ ਪ੍ਰਣਾਲੀਆਂ ਕਾਰਨ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੇ ਦੂਸ਼ਿਤ ਹੋਣ ਦੀ ਸਮੱਸਿਆ ਵੱਲ ਧਿਆਨ ਖਿੱਚਿਆ ਅਤੇ ਜ਼ਿੰਮੇਵਾਰ ਰਵੱਈਆ ਅਪਣਾ ਕੇ ਰਹਿੰਦ-ਖੂੰਹਦ ਦੇ ਅੰਨ੍ਹੇਵਾਹ ਨਿਪਟਾਰੇ ਦੀ ਆਦਤ ਨੂੰ ਰੋਕਣ ਲਈ ਕਿਹਾ। ਇਸ ਅਹਿਮ ਵਿਸ਼ੇ ’ਤੇ ਜਨ-ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ, ਉਹ ਚਾਹੁੰਦੇ ਸਨ ਕਿ ਇਸ ਨੂੰ ਜਨ ਅੰਦੋਲਨ ਅਰਥਾਤ ਲੋਕ ਅੰਦੋਲਨ ਬਣਾਇਆ ਜਾਵੇ।

ਉਦਘਾਟਨੀ ਸਮਾਰੋਹ ਦੌਰਾਨ, ਉਪ ਰਾਸ਼ਟਰਪਤੀ ਨੇ ਇੱਕ ਕਨਕਲੇਵ ਕਿਤਾਬਚਾ ਵੀ ਜਾਰੀ ਕੀਤਾ। ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਐੱਨਆਈਆਰਡੀਪੀਆਰ ਦੇ ਡਾਇਰੈਕਟਰ ਜਨਰਲ ਡਾ. ਜੀ. ਨਰੇਂਦਰ ਕੁਮਾਰ, ਯੂਨੀਸੈਫ ਇੰਡੀਆ ਦੀ ਦੇਸ਼ ਪ੍ਰਤੀਨਿਧੀ ਸ਼੍ਰੀਮਤੀ ਗਿਲੀਅਨ ਮੇਲਸੌਪ, ਐੱਨਆਈਆਰਡੀਪੀਆਰ ਦੇ ਮੁਖੀ - ਸੀਆਰਆਈ ਡਾ. ਆਰ. ਰਮੇਸ਼ ਅਤੇ ਹੋਰਾਂ ਨੇ ਵਰਚੁਅਲ ਸਮਾਗਮ ਵਿੱਚ ਸ਼ਿਰਕਤ ਕੀਤੀ।

ਭਾਸ਼ਣ ਦਾ ਮੂਲ-ਪਾਠ ਦੇਖਣ ਦੇ ਲਈ ਇੱਥੇ ਕਲਿੱਕ ਕਰੋ  

 

*****

ਐੱਮਐੱਸ/ ਆਰਕੇ/ ਐੱਨਐੱਸ/ ਡੀਪੀ



(Release ID: 1800662) Visitor Counter : 134