ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਹਰ ਭਾਰਤੀ ਨੂੰ ਭਾਰਤ ਦੇ ਇਤਿਹਾਸ ਦਾ ਇੱਕ ਹਿੱਸਾ ਦੇਖਣ ਲਈ ਨੈਸ਼ਨਲ ਵਾਰ ਮੈਮੋਰੀਅਲ ਜਾਣਾ ਚਾਹੀਦਾ ਹੈ: ਅੰਸ਼ੂ ਮਲਿਕ
Posted On:
24 JAN 2022 1:33PM by PIB Chandigarh
ਪਹਿਲਵਾਨ ਅੰਸ਼ੂ ਮਲਿਕ, ਜਿਸ ਨੇ ਹਾਲ ਹੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਆਪਣਾ ਨਾਮ ਦਰਜ ਕੀਤਾ ਹੈ, ਨੇ ਨਵੀਂ ਦਿੱਲੀ ਵਿਖੇ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕੀਤਾ।
20-ਸਾਲਾ ਭਾਰਤੀ ਪਹਿਲਵਾਨ ਨੇ ਰਾਸ਼ਟਰੀ ਸਮਾਰਕ ਦੇ ਆਲੇ-ਦੁਆਲੇ ਸੈਰ ਕੀਤੀ, ਜੋ ਕਿ ਇੱਕ ਗੋਲਾਕਾਰ ਰੂਪ ਵਿੱਚ ਡਿਜ਼ਾਇਨ ਕੀਤਾ ਗਿਆ ਹੈ, ਜਿਸ ਵਿੱਚ ਰੈਂਪ ਇੱਕ ਵੱਡੇ ਅਖਾੜਾ ਵਰਗੀ ਗੋਲਾਕਾਰ ਸਪੇਸ ਵਿੱਚ ਹੇਠਾਂ ਵੱਲ ਜਾਂਦਾ ਹੈ, ਜਿਸ ਦੇ ਕੇਂਦਰ ਵਿੱਚ ਇੱਕ ਓਬਲੀਸਕ ਖੜ੍ਹਾ ਹੈ। ਇਸ ਦੇ ਅਧਾਰ 'ਤੇ ਆਜ਼ਾਦ ਭਾਰਤ ਦੇ ਹਥਿਆਰਬੰਦ ਸੰਘਰਸ਼ਾਂ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਰੇ ਸੈਨਿਕਾਂ ਦੀ ਯਾਦ ਵਿਚ 'ਅਮਰ ਚੱਕਰ' ਦੀ ਸਦੀਵੀ ਜੋਤ ਜਗ ਰਹੀ ਹੈ।
ਅੰਸ਼ੂ ਨੇ ਕਿਹਾ “ਮਹਾਨ ਰਾਸ਼ਟਰੀ ਮਹੱਤਵ ਦੇ ਇਸ ਸਮਾਰਕ ਦਾ ਦੌਰਾ ਕਰਦਿਆਂ, ਮੈਂ ਮਹਿਸੂਸ ਕਰਦੀ ਹਾਂ ਕਿ ਇਸ ਵਿੱਚ ਸਾਡੇ ਦੇਸ਼ ਦੇ ਗੌਰਵਮਈ ਯੁੱਧ ਇਤਿਹਾਸ ਬਾਰੇ ਦੱਸਣ ਲਈ ਬਹੁਤ ਜ਼ਿਆਦਾ ਗਿਆਨ ਹੈ। ਤਿਆਗ ਚੱਕਰ ਦੀਆਂ ਇੱਟਾਂ ਵਿੱਚ ਉੱਕਰੇ ਲਗਭਗ 26,500 ਸ਼ਹੀਦ ਸੈਨਿਕਾਂ ਦੇ ਨਾਵਾਂ ਨੂੰ ਦੇਖ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਹਰੇਕ ਸਿਪਾਹੀ ਦੇਸ਼ ਦੀ ਰੱਖਿਆਤਮਕ ਕੰਧ ਵਿੱਚ ਇੱਕ ਹੋਰ ਮਜ਼ਬੂਤ ਇੱਟ ਵਾਂਗ ਹੈ।”
ਉਸਨੇ ਅੱਗੇ ਕਿਹਾ “ਅਮਰ ਚੱਕਰ ਵਿੱਚ ਸਦੀਵੀ ਲਾਟ ਵਾਂਗ, ਇਨ੍ਹਾਂ ਸਾਰੇ ਸ਼ਹੀਦਾਂ ਦੇ ਨਾਲ-ਨਾਲ ਉਨ੍ਹਾਂ ਦੀ ਬਹਾਦਰੀ ਦੀ ਦਾਸਤਾਨ ਹਰ ਭਾਰਤੀ ਦੇ ਦਿਲ ਵਿੱਚ ਹਮੇਸ਼ਾ ਅਮਰ ਰਹੇਗੀ।”
ਇਸ ਦੌਰਾਨ ਅੰਸ਼ੂ ਨੇ ਡੋਗਰਾ ਰੈਜੀਮੈਂਟ ਦੇ ਕੈਪਟਨ ਪਵਨ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ, ਜੋ ਹਰਿਆਣਾ ਦੇ ਉਸਦੇ ਆਪਣੇ ਜੱਦੀ ਸ਼ਹਿਰ ਜੀਂਦ ਤੋਂ ਹੀ ਸਨ। "ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕਰਨਾ ਬਹੁਤ ਵਧੀਆ ਅਨੁਭਵ ਸੀ। ਮੈਂ ਹਰ ਭਾਰਤੀ ਨੂੰ ਇਸ ਮੈਮੋਰੀਅਲ ਦਾ ਦੌਰਾ ਕਰਨ ਅਤੇ ਭਾਰਤ ਦੇ ਇਤਿਹਾਸ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਵੇਖਣ ਦੀ ਤਾਕੀਦ ਕਰਦੀ ਹਾਂ।"
ਫੌਜ ਦੇ ਇਕ ਅਧਿਕਾਰੀ ਨੇ ਕਿਹਾ, ਜਿਸ ਨੇ ਯਾਦਗਾਰ ਦੇ ਸਾਰੇ ਹਿੱਸਿਆਂ ਨੂੰ ਸਮਝਣ ਵਿੱਚ ਅਥਲੀਟ ਦਾ ਮਾਰਗਦਰਸ਼ਨ ਕੀਤਾ, “ਜਦੋਂ ਕੋਈ ਵੀ ਆਮ ਨਾਗਰਿਕ ਜਾਂ ਕੋਈ ਹੋਰ ਜਨਤਕ ਹਸਤੀ ਦੇਸ਼ ਦੇ ਜੰਗੀ ਇਤਿਹਾਸ ਨੂੰ ਜਾਣਨ ਅਤੇ ਉਥੇ ਜਾਣ ਵਿੱਚ ਦਿਲਚਸਪੀ ਦਿਖਾਉਂਦੀ ਹੈ, ਤਾਂ ਅਸੀਂ ਇੱਕ ਸਿਪਾਹੀ ਦੇ ਰੂਪ ਵਿੱਚ ਹਥਿਆਰਬੰਦ ਬਲਾਂ ਨਾਲ ਸਬੰਧਤ ਹੋਣ ‘ਤੇ ਬਹੁਤ ਉਤਸ਼ਾਹਿਤ ਅਤੇ ਮਾਣ ਮਹਿਸੂਸ ਕਰਦੇ ਹਾਂ।”
***********
ਐੱਨਬੀ/ਓਏ
(Release ID: 1792192)
ਵਿਜ਼ੀਟਰ ਕਾਊਂਟਰ : 168