ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav g20-india-2023

ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਦੀ ਇੱਕ ਬਿਹਤਰ ਤੇ ਖ਼ੁਸ਼ਹਾਲ ਨਵ–ਭਾਰਤ ਦੀ ਉਸਾਰੀ ’ਚ ਪ੍ਰਮੁੱਖ ਭੂਮਿਕਾ ਹੈਨਹਿਰੂ ਯੁਵਾ ਕੇਂਦਰ ਸੰਗਠਨ ਓਡੀਸ਼ਾ ਦੇ ਸਹਿਯੋਗ ਨਾਲ ਪੀਆਈਬੀ ਤੇ ਆਰਓਬੀ ਭੁਬਨੇਸ਼ਵਰ ਵੱਲੋਂ ‘ਸਵਾਮੀ ਵਿਵੇਕਾਨੰਦ: ਨਵ–ਭਾਰਤ ਲਈ ਮਾਰਗ–ਦਰਸ਼ਕ ਭਾਵਨਾ’ ਬਾਰੇ ਵੈਬੀਨਾਰ

Posted On: 11 JAN 2022 5:16PM by PIB Chandigarh

ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਦੀ ਇੱਕ ਬਿਹਤਰ ਤੇ ਖ਼ੁਸ਼ਹਾਲ ਨਵ–ਭਾਰਤ ਦੀ ਉਸਾਰੀ ’ਚ ਪ੍ਰਮੁੱਖ ਭੂਮਿਕਾ ਹੈ, ਇਹ ਵਿਚਾਰ ‘ਰਾਸ਼ਟਰੀ ਯੁਵਾ ਦਿਵਸ–2022’ ਦੀ ਪੂਰਵ–ਸੰਧਿਆ ਮੌਕੇ ‘ਨਹਿਰੂ ਯੁਵਾ ਕੇਂਦਰ ਸੰਗਠਨ’ (NYKS) ਓਡੀਸ਼ਾ ਖੇਤਰ ਦੇ ਸਹਿਯੋਗ ਨਾਲ ‘ਪੱਤਰ ਸੂਚਨਾ ਦਫ਼ਤਰ’ (ਪੀਆਈਬੀ – PIB) ਅਤੇ ‘ਰੀਜਨਲ ਆਊਟਰੀਚ ਬਿਊਰੋ’ (ਆਰਓਬੀ – ROB) ਭੁਬਨੇਸ਼ਵਰ ਵੱਲੋਂ ਆਯੋਜਿਤ ‘ਸਵਾਮੀ ਵਿਵੇਕਾਨੰਦ: ਨਵ–ਭਾਰਤ ਲਈ ਮਾਰਗ–ਦਰਸ਼ਕ ਭਾਵਨਾ’ ਵਿਸ਼ੇ ਉੱਤੇ ਵੈਬੀਨਾਰ ਦੌਰਾਨ ਮਾਹਿਰਾਂ ਨੇ ਪ੍ਰਗਟਾਏ।

Image

ਇਸ ਵੈਬੀਨਾਰ ’ਚ ਭਾਗ ਲੈਂਦਿਆਂ ਆਰਓਬੀ ਭੁਬਨੇਸ਼ਵਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਸ਼੍ਰੀ ਅਖਿਲ ਕੁਮਾਰ ਮਿਸ਼ਰਾ ਨੇ ਸਵਾਮੀ ਵਿਵੇਕਾਨੰਦ ਦੀਆਂ ਇਨ੍ਹਾਂ ਤਿੰਨ ਮਹੱਤਵਪੂਰਣ ਸਿੱਖਿਆਵਾਂ ’ਤੇ ਚਾਨਣਾ ਪਾਇਆ, ਜਿਨ੍ਹਾਂ ’ਚ ਉਨ੍ਹਾਂ ਕਿਹਾ ਸੀ ਕਿ – ਆਪਣੇ–ਆਪ ’ਤੇ ਭਰੋਸਾ ਰੱਖੋ; ਮਨ ਦੀ ਨਹੀਂ ਦਿਲ ਦੀ ਸੁਣੋ; ਅਤੇ ਨਾ ਕਿਸੇ ਚੀਜ਼ ਦੀ ਭਾਲ਼ ਕਰੋ ਤੇ ਨਾ ਹੀ ਕਿਸੇ ਕੰਮ ਤੋਂ ਟਾਲ਼ਾ ਵੱਟੋ, ਸਗੋਂ ਜੋ ਕੁਝ ਵੀ ਮਿਲਦਾ ਹੈ ਉਸ ਨੂੰ ਪ੍ਰਵਾਨ ਕਰੋ।

ਉੱਘੇ ਲੇਖਕ ਅਤੇ ਅਧਿਆਤਮਿਕ ਚਿੰਤਕ, ਸ਼੍ਰੀ ਬਿਸ਼ਨੂੰ ਪ੍ਰਸਾਦ ਨੰਦਾ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਵਾਮੀ ਜੀ ਨੇ ਭਾਰਤ ਤੇ ਪੱਛਮੀ ਸੰਸਾਰ ਦੇ ਹੋਰ ਦੇਸ਼ਾਂ ਵਿਚਕਾਰ ਇੱਕ ਪੁਲ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ,“ਸਵਾਮੀ ਜੀ ਸਨਾਤਨ ਧਰਮ ਦਾ ਸੰਦੇਸ਼ ਦੁਨੀਆ ਤੱਕ ਲੈ ਕੇ ਗਏ ਅਤੇ ਹਮੇਸ਼ਾ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਖੜ੍ਹੇ ਰਹੇ। ਸ਼੍ਰੀ ਨੰਦਾ ਨੇ ਕਿਹਾ ਕਿ ਸਵਾਮੀ ਜੀ ਨੇ ਵਿਸ਼ਵ ਭਰ ਵਿੱਚ ਸਰਬ ਸਾਂਝੀਵਾਲਤਾ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।

ਬਜ਼ੁਰਗ ਪੱਤਰਕਾਰ, ਸ਼੍ਰੀ ਗੁਰੂ ਕਲਿਆਣ ਮਹਾਪਾਤਰਾ ਨੇ ਦੱਸਿਆ ਕਿ ਕਿਵੇਂ ਸਵਾਮੀ ਜੀ ਦੇ ਤਰੀਕੇ ਅਤੇ ਨੀਤੀਆਂ ਖੁਸ਼ਹਾਲ ਨਵ–ਭਾਰਤ ਭਾਵ ‘ਨਿਊ ਇੰਡੀਆ’ ਬਣਾਉਣ ਵਿੱਚ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਕਿਹਾ,“ਸਵਾਮੀ ਜੀ ਦੀਆਂ ਸਿੱਖਿਆਵਾਂ ਸਦੀਆਂ ਤੋਂ ਪ੍ਰਸੰਗਿਕ ਹਨ। ਇਹ ਉਦੋਂ ਵੀ ਢੁਕਵੀਂਆਂ ਸਨ; ਇਹ ਹੁਣ ਵੀ ਢੁਕਵੀਂਆਂ ਹਨ। ਜੇ ਅਸੀਂ ਸਵਾਮੀ ਜੀ ਦੇ ਤਰੀਕਿਆਂ ਤੇ ਨੀਤੀਆਂ 'ਤੇ ਚੱਲਦੇ ਹਾਂ, ਤਾਂ ਅਸੀਂ ਇੱਕ ਨਵੇਂ ਭਾਰਤ ਦਾ ਨਿਰਮਾਣ ਕਰ ਸਕਾਂਗੇ।” 

ਸ਼੍ਰੀ ਮਹਾਪਾਤਰਾ ਨੇ ਨੌਜਵਾਨਾਂ ਦੇ ਵਿਕਾਸ 'ਤੇ ਕੇਂਦ੍ਰਿਤ ਨੀਤੀਆਂ ਲਿਆਉਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਸ਼੍ਰੀ ਮਹਾਪਾਤਰਾ ਨੇ ਜ਼ੋਰ ਦਿੰਦਿਆਂ ਕਿਹਾ,“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੌਜਵਾਨਾਂ ਲਈ ਨਵੇਂ ਪ੍ਰੋਗਰਾਮ ਅਤੇ ਯੋਜਨਾਵਾਂ ਲੈ ਕੇ ਆ ਰਹੀ ਹੈ, ਜੋ ਰਾਸ਼ਟਰ ਦਾ ਭਵਿੱਖ ਹਨ। ਸਰਕਾਰ ਸਵਾਮੀ ਵਿਵੇਕਾਨੰਦ ਦੇ ਸਿਧਾਂਤਾਂ ਦੀ ਸਹੀ ਪਾਲਣਾ ਕਰ ਰਹੀ ਹੈ।”

ਇਸ ਵੈਬੀਨਾਰ ਵਿੱਚ ਰਾਜ ’ਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਸਾਰੀਆਂ ਮੀਡੀਆ ਯੂਨਿਟਾਂ ਦੇ ਅਧਿਕਾਰੀਆਂ ਦੇ ਨਾਲ-ਨਾਲ ਵੱਖ-ਵੱਖ ਜ਼ਿਲ੍ਹਿਆਂ ਤੋਂ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਅਧਿਕਾਰੀਆਂ ਅਤੇ ਨੌਜਵਾਨ ਮੈਂਬਰਾਂ ਨੇ ਭਾਗ ਲਿਆ।

 ******

ਐੱਸਐੱਮ/ਐੱਸਐੱਸਪੀ

 (Release ID: 1789276) Visitor Counter : 140


Read this release in: English , Urdu , Hindi , Odia , Tamil