ਜਲ ਸ਼ਕਤੀ ਮੰਤਰਾਲਾ
ਜਲ ਜੀਵਨ ਮਿਸ਼ਨ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਉੱਤਰਾਖੰਡ ਨੂੰ 360.95 ਕਰੋੜ ਰੁਪਏ ਦੀ ਕੇਂਦਰੀ ਗ੍ਰਾਂਟ ਜਾਰੀ ਕੀਤੀ ਗਈ
ਇਸ ਸਾਲ ਹੁਣ ਤੱਕ ਰਾਜ ਵਿੱਚ ਗ੍ਰਾਮੀਣ ਘਰਾਂ ਨੂੰ ਨਲ ਜ਼ਰੀਏ ਜਲ ਸਪਲਾਈ ਪ੍ਰਦਾਨ ਕਰਨ ਲਈ 722 ਕਰੋੜ ਰੁਪਏ ਜਾਰੀ ਕੀਤੇ ਗਏ ਹਨ
ਉੱਤਰਾਖੰਡ ਦੀ ਦਸੰਬਰ, 2022 ਤੱਕ ‘ਹਰ ਘਰ ਜਲ’ ਰਾਜ ਬਣਨ ਦੀ ਯੋਜਨਾ ਹੈ
Posted On:
28 DEC 2021 2:16PM by PIB Chandigarh
ਉੱਤਰਾਖੰਡ ਰਾਜ ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਅਵਿਭਾਜਿਤ ਫੋਕਸ ਦੇ ਨਾਲ, ਭਾਰਤ ਸਰਕਾਰ ਨੇ ਰਾਜ ਨੂੰ 360.95 ਕਰੋੜ ਰੁਪਏ ਦੀ ਦੂਸਰੀ ਕਿਸ਼ਤ ਜਾਰੀ ਕੀਤੀ ਹੈ। ਸਾਲ 2020-21 ਵਿੱਚ ਹੁਣ ਤੱਕ ਰਾਜ ਨੂੰ ਦੋ ਕਿਸ਼ਤਾਂ ਵਿੱਚ 721.90 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਲ ਜੀਵਨ ਮਿਸ਼ਨ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ, ਉੱਤਰਾਖੰਡ ਨੂੰ 2021-22 ਵਿੱਚ 1,443.80 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜੋ ਕਿ 2020-21 ਦੌਰਾਨ ਕੀਤੀ ਗਈ ਐਲੋਕੇਸ਼ਨ ਤੋਂ ਚਾਰ ਗੁਣਾ ਹੈ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਦੇਸ਼ ਭਰ ਦੇ ਹਰੇਕ ਗ੍ਰਾਮੀਣ ਘਰ ਵਿੱਚ ਟੂਟੀ ਦੇ ਪਾਣੀ ਦੀ ਸਪਲਾਈ ਦੀ ਵਿਵਸਥਾ ਕੀਤੇ ਜਾਣ ਦੇ ਕੰਮ ਨੂੰ ਪ੍ਰਮੁੱਖ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ, ਜਿਸ ਲਈ ਅਗਸਤ 2019 ਤੋਂ, ਰਾਜਾਂ ਨਾਲ ਸਾਂਝੇਦਾਰੀ ਵਿੱਚ ਜਲ ਜੀਵਨ ਮਿਸ਼ਨ ਲਾਗੂ ਕੀਤਾ ਜਾ ਰਿਹਾ ਹੈ।
ਉੱਤਰਾਖੰਡ ਦੀ ਦਸੰਬਰ, 2022 ਤੱਕ 'ਹਰ ਘਰ ਜਲ' ਰਾਜ ਬਣਨ ਦੀ ਯੋਜਨਾ ਹੈ। ਭਾਰਤ ਸਰਕਾਰ 'ਹਰ ਘਰ ਜਲ' ਦੇ ਰਾਸ਼ਟਰੀ ਲਕਸ਼ ਤੋਂ ਦੋ ਵਰ੍ਹੇ ਪਹਿਲਾਂ ਹੀ, ਸਾਲ 2022 ਦੇ ਅੰਤ ਤੱਕ ਉੱਤਰਾਖੰਡ ਦੇ ਹਰੇਕ ਗ੍ਰਾਮੀਣ ਘਰ ਵਿੱਚ ਟੂਟੀ ਦੇ ਸਵੱਛ ਜਲ ਦੀ ਸਪਲਾਈ ਦਾ ਪ੍ਰਬੰਧ ਕਰਨ ਲਈ ਰਾਜ ਨੂੰ ਪੂਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਵੱਡੀਆਂ ਬਹੁ-ਪਿੰਡ (multi-village) ਪੇਯਜਲ ਸਪਲਾਈ ਸਕੀਮਾਂ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਂਦੇ ਹੋਏ, ਪਿਛਲੇ ਦੋ ਮਹੀਨਿਆਂ ਵਿੱਚ ਉੱਤਰਾਖੰਡ ਦੇ 11 ਜ਼ਿਲ੍ਹਿਆਂ ਵਿੱਚ ਫੈਲੇ 846 ਪਿੰਡਾਂ ਵਿੱਚ 58.5 ਹਜ਼ਾਰ ਘਰਾਂ ਲਈ 714 ਕਰੋੜ ਰੁਪਏ ਦੀਆਂ ਸਕੀਮਾਂ ਨੂੰ ਰਾਜ ਪੱਧਰੀ ਯੋਜਨਾ ਪ੍ਰਵਾਨਗੀ ਕਮੇਟੀ (ਐੱਸਐੱਲਐੱਸਐੱਸਐੱਸਸੀ - SLSSSC) ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਨਾਲ 3 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚੇਗਾ। ਇਸ ਨਾਲ ਮਹਿਲਾਵਾਂ ਅਤੇ ਬੱਚਿਆਂ ਨੂੰ ਦਰਪੇਸ਼ ਕਠਿਨਾਈਆਂ ਨੂੰ ਕਾਫੀ ਹੱਦ ਤੱਕ ਘਟਾਇਆ ਜਾਵੇਗਾ ਜੋ ਦੂਰ-ਦੁਰਾਡੇ ਦੇ ਜਲ ਸਰੋਤਾਂ ਤੋਂ ਪਾਣੀ ਲਿਆਉਣ ਲਈ ਹਰ ਰੋਜ਼ ਕਈ ਘੰਟੇ ਬਿਤਾਉਂਦੇ ਹਨ।
15 ਅਗਸਤ 2019 ਨੂੰ, ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਦੇ ਸਮੇਂ, ਸਿਰਫ਼ 1.30 ਲੱਖ (8.58%) ਗ੍ਰਾਮੀਣ ਘਰਾਂ ਵਿੱਚ ਟੂਟੀ ਜ਼ਰੀਏ ਜਲ ਸਪਲਾਈ ਉਪਲਭਧ ਸੀ। 28 ਮਹੀਨਿਆਂ ਵਿੱਚ, ਕੋਵਿਡ-19 ਮਹਾਮਾਰੀ ਅਤੇ ਲੌਕਡਾਊਨ ਵਿਘਨ ਦੇ ਬਾਵਜੂਦ, ਰਾਜ ਨੇ 6.22 ਲੱਖ (41.02%) ਪਰਿਵਾਰਾਂ ਨੂੰ ਟੂਟੀ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕੀਤੇ ਹਨ। ਇਸ ਤਰ੍ਹਾਂ, ਅੱਜ ਤੱਕ, ਰਾਜ ਦੇ 15.18 ਲੱਖ ਗ੍ਰਾਮੀਣ ਪਰਿਵਾਰਾਂ ਵਿੱਚੋਂ, 7.53 ਲੱਖ (49.60%) ਆਪਣੇ ਘਰਾਂ ਵਿੱਚ ਟੂਟੀ ਜ਼ਰੀਏ ਜਲ ਸਪਲਾਈ ਪ੍ਰਾਪਤ ਕਰ ਰਹੇ ਹਨ। ਇਸ ਕਠਿਨ ਇਲਾਕੇ ਵਿੱਚ ਬਹੁਤ ਸਾਰੇ ਖੇਤਰਾਂ ਵਿੱਚ ਮਾੜੇ ਮੌਸਮ ਅਤੇ ਆਵਾਜਾਈ ਦੀਆਂ ਚੁਣੌਤੀਆਂ ਦੇ ਬਾਵਜੂਦ, ਪਿੰਡਾਂ ਵਿੱਚ ਟੂਟੀ ਦੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰਨ ਲਈ ਜਲ ਸਪਲਾਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚਲ ਰਿਹਾ ਹੈ। 2021-22 ਵਿੱਚ, ਰਾਜ ਨੇ 2.64 ਲੱਖ ਪਰਿਵਾਰਾਂ ਨੂੰ ਟੂਟੀ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕਰਨ ਦੀ ਯੋਜਨਾ ਬਣਾਈ ਹੈ, ਹੁਣ ਤੱਕ 2,438 ਪਿੰਡਾਂ ਅਤੇ 620 ਬਲਾਕਾਂ ਵਿੱਚ ਹਰ ਗ੍ਰਾਮੀਣ ਪਰਿਵਾਰ ਨੂੰ ਟੂਟੀ ਦੇ ਪਾਣੀ ਦੀ ਸਪਲਾਈ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਜਲ ਜੀਵਨ ਮਿਸ਼ਨ ਨੂੰ 'ਬਾਟਮ-ਅੱਪ' ਪਹੁੰਚ ਅਪਣਾਉਂਦੇ ਹੋਏ ਵਿਕੇਂਦਰੀਕ੍ਰਿਤ ਢੰਗ ਨਾਲ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਸਥਾਨਕ ਗ੍ਰਾਮੀਣ ਭਾਈਚਾਰਾ ਪਲੈਨਿੰਗ ਤੋਂ ਲਾਗੂਕਰਨ ਅਤੇ ਮੈਨੇਜਮੈਂਟ ਤੋਂ ਲੈ ਕੇ ਸੰਚਾਲਨ ਅਤੇ ਰੱਖ-ਰਖਾਅ ਤੱਕ ਮੁੱਖ ਭੂਮਿਕਾ ਨਿਭਾਉਂਦਾ ਹੈ। ਇਸਦੇ ਲਈ, ਰਾਜ ਦੁਆਰਾ ਕਮਿਊਨਿਟੀ ਨਾਲ ਜੁੜਨ ਅਤੇ ਗ੍ਰਾਮ ਜਲ ਅਤੇ ਸੈਨੀਟੇਸ਼ਨ ਕਮੇਟੀ/ਜਲ ਸਮਿਤੀ (PaniSamiti) ਨੂੰ ਮਜ਼ਬੂਤ ਕਰਨ ਵਰਗੀਆਂ ਭਾਈਚਾਰਕ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਅੱਜ ਤੱਕ, ਉੱਤਰਾਖੰਡ ਦੁਆਰਾ 14,376 ਪਿੰਡਾਂ ਵਿੱਚ ‘ਪਾਣੀ ਸਮਿਤੀ’ ਦਾ ਗਠਨ ਕੀਤਾ ਗਿਆ ਹੈ ਅਤੇ 14,524 ਪਿੰਡਾਂ ਲਈ ਵਿਲੇਜ ਐਕਸ਼ਨ ਪਲਾਨ ਤਿਆਰ ਕੀਤੇ ਗਏ ਹਨ। ਇਹ ਪ੍ਰੋਗਰਾਮ ਮਹਿਲਾਵਾਂ ਦੁਆਰਾ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ, ਕਿਉਂਕਿ ਉਹ ਕਿਸੇ ਵੀ ਘਰ ਵਿੱਚ ਪ੍ਰਥਮ ਜਲ ਪ੍ਰਬੰਧਕ ਹਨ। ਮਿਸ਼ਨ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨ, ਸੁਰੱਖਿਅਤ ਜਲ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਸਮਾਜ ਨਾਲ ਜੁੜਨ ਅਤੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਪੰਚਾਇਤੀ ਰਾਜ ਸੰਸਥਾਵਾਂ ਦਾ ਸਮਰਥਨ ਕਰਨ ਲਈ ਵਿਭਾਗ ਦੁਆਰਾ 171 ਲਾਗੂਕਰਨ ਸਹਾਇਤਾ ਏਜੰਸੀਆਂ (ਆਈਐੱਸਏਸ) ਨੂੰ ਸ਼ਾਮਲ ਕੀਤਾ ਗਿਆ ਹੈ। ਰਾਜ ਵਿੱਚ 39,202 ਮਹਿਲਾਵਾਂ ਨੂੰ ਫੀਲਡ ਟੈਸਟ ਕਿੱਟਾਂ (ਐੱਫਟੀਕੇ’ਸ) ਦੀ ਵਰਤੋਂ ਕਰਕੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਟ੍ਰੇਨਿੰਗ ਦਿੱਤੀ ਗਈ ਹੈ। ਰਾਜ ਵਿੱਚ 27 ਜਲ ਗੁਣਵੱਤਾ ਜਾਂਚ ਲੈਬਾਰਟਰੀਆਂ ਆਮ ਲੋਕਾਂ ਲਈ ਖੋਲ੍ਹੀਆਂ ਗਈਆਂ ਹਨ ਤਾਂ ਜੋ ਲੋਕ ਮਾਮੂਲੀ ਕੀਮਤ 'ਤੇ ਜਦੋਂ ਚਾਹੁਣ ਆਪਣੇ ਪਾਣੀ ਦੇ ਸੈਂਪਲਾਂ ਦੀ ਜਾਂਚ ਕਰਵਾ ਸਕਣ।
ਦੇਸ਼ ਵਿੱਚ ਸਕੂਲਾਂ, ਆਸ਼ਰਮਸ਼ਾਲਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਟੂਟੀ ਦਾ ਸੁਰੱਖਿਅਤ ਜਲ ਯਕੀਨੀ ਬਣਾਉਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 100 ਦਿਨਾਂ ਦੀ ਮੁਹਿੰਮ ਦੀ ਘੋਸ਼ਣਾ ਕੀਤੀ ਸੀ, ਜਿਸਦੀ ਸ਼ੁਰੂਆਤ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੁਆਰਾ 2 ਅਕਤੂਬਰ 2020 ਨੂੰ ਕੀਤੀ ਗਈ ਸੀ। ਲਰਨਿੰਗ ਸੈਂਟਰਾਂ ਵਿੱਚ ਦਿੱਤੇ ਜਾ ਰਹੇ ਪਾਣੀ ਦੀ ਵਰਤੋਂ ਬੱਚਿਆਂ ਅਤੇ ਅਧਿਆਪਕਾਂ ਦੁਆਰਾ ਪੀਣ, ਮਿਡ-ਡੇ-ਮੀਲ ਪਕਾਉਣ, ਹੱਥ ਧੋਣ ਅਤੇ ਪਖਾਨੇ ਲਈ ਕੀਤੀ ਜਾਂਦੀ ਹੈ। ਉੱਤਰਾਖੰਡ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ ਉਨ੍ਹਾਂ ਦੇ ਅਹਾਤੇ ਵਿੱਚ ਟੂਟੀ ਵਾਲੇ ਜਲ ਦੀ ਸਪਲਾਈ ਮੁਹੱਈਆ ਕੀਤੀ ਗਈ ਹੈ।
2019 ਵਿੱਚ ਮਿਸ਼ਨ ਦੀ ਸ਼ੁਰੂਆਤ ਵਿੱਚ, ਦੇਸ਼ ਵਿੱਚ ਕੁੱਲ 19.20 ਕਰੋੜ ਗ੍ਰਾਮੀਣ ਪਰਿਵਾਰਾਂ ਵਿੱਚੋਂ, ਸਿਰਫ਼ 3.23 ਕਰੋੜ (17%) ਪਾਸ ਟੂਟੀ ਦੇ ਪਾਣੀ ਦੀ ਸਪਲਾਈ ਉਪਲਭਧ ਸੀ। ਕੋਵਿਡ-19 ਮਹਾਮਾਰੀ ਅਤੇ ਇਸ ਦੇ ਬਾਅਦ ਲੌਕਡਾਊਨ ਕਾਰਨ ਦਰਪੇਸ਼ ਚੁਣੌਤੀਆਂ ਦੇ ਬਾਵਜੂਦ, ਮਿਸ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 5.47 ਕਰੋੜ (28.47%) ਪਰਿਵਾਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਦਿੱਤੀ ਗਈ ਹੈ। ਵਰਤਮਾਨ ਵਿੱਚ, 8.70 ਕਰੋੜ (45.32%) ਗ੍ਰਾਮੀਣ ਪਰਿਵਾਰ ਟੂਟੀਆਂ ਜ਼ਰੀਏ ਪੇਯਜਲ ਪ੍ਰਾਪਤ ਕਰ ਰਹੇ ਹਨ। ਗੋਆ, ਤੇਲੰਗਾਨਾ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਦਾਦਰ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਵ, ਪੁਡੂਚੇਰੀ ਅਤੇ ਹਰਿਆਣਾ 'ਹਰ ਘਰ ਜਲ' ਰਾਜ/ਯੂਟੀ ਬਣ ਗਏ ਹਨ, ਭਾਵ 100% ਗ੍ਰਾਮੀਣ ਪਰਿਵਾਰਾਂ ਦੇ ਘਰਾਂ ਵਿੱਚ ਟੂਟੀ ਜ਼ਰੀਏ ਜਲ ਸਪਲਾਈ ਉਪਲਭਧ ਹੈ। ਪ੍ਰਧਾਨ ਮੰਤਰੀ ਦੇ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ' ਦੇ ਸਿਧਾਂਤ 'ਤੇ ਚਲਦੇ ਹੋਏ, ਮਿਸ਼ਨ ਦਾ ਆਦਰਸ਼ ਹੈ ਕਿ 'ਕੋਈ ਵੀ ਪਿੱਛੇ ਨਹੀਂ ਬਚਿਆ ਹੈ' ਅਤੇ ਹਰ ਗ੍ਰਾਮੀਣ ਘਰ ਨੂੰ ਟੂਟੀ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕੀਤੇ ਜਾਂਦੇ ਹਨ। ਵਰਤਮਾਨ ਵਿੱਚ, 83 ਜ਼ਿਲ੍ਹਿਆਂ ਅਤੇ 1.29 ਲੱਖ ਤੋਂ ਵੱਧ ਪਿੰਡਾਂ ਵਿੱਚ ਹਰ ਘਰ ਟੂਟੀ ਵਾਲੇ ਜਲ ਦੀ ਸਪਲਾਈ ਪ੍ਰਾਪਤ ਕਰ ਰਿਹਾ ਹੈ।
***********
ਬੀਵਾਈ/ਏਐੱਸ
(Release ID: 1785916)
Visitor Counter : 201