ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਕਾਰੋਬਾਰੀਆਂ ਅਤੇ ਉਦਯੋਗ ਦੇ ਲੀਡਰਾਂ ਨੂੰ ਕਿਹਾ - "ਆਪਣੇ ਪ੍ਰੋਫੈਸ਼ਨਲ ਕਰਤੱਵਾਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਰਾਬਰ ਮਹੱਤਵ ਦਿਓ"
ਉਪ ਰਾਸ਼ਟਰਪਤੀ ਨੇ ਕੰਮ ਅਤੇ ਜੀਵਨ ਦੇ ਸੰਤੁਲਨ ਨੂੰ ਉਤਸ਼ਾਹਿਤ ਕਰਦੀਆਂ ਮਾਨਵ ਸੰਸਾਧਨ (ਐੱਚਆਰ) ਨੀਤੀਆਂ ਬਣਾਉਣ ਦਾ ਸੱਦਾ ਦਿੱਤਾ; 'ਮਾਨਸਿਕ ਸਿਹਤ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਸਰੀਰਕ ਸਿਹਤ'
ਉਪ ਰਾਸ਼ਟਰਪਤੀ ਨੇ ਨੌਜਵਾਨ ਉੱਦਮੀਆਂ ਨੂੰ ਖੇਡਾਂ ਅਤੇ ਬਾਹਰੀ ਗਤੀਵਿਧੀਆਂ ਲਈ ਕੁਝ ਸਮਾਂ ਕੱਢਣ ਦੀ ਤਾਕੀਦ ਕੀਤੀ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਭਾਰਤ ਦੀ ਪੁਰਾਤਨ ਸੰਯੁਕਤ ਪਰਿਵਾਰ ਪ੍ਰਣਾਲੀ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਚਾਰਿਤ ਕਰਨ ਦੀ ਸਲਾਹ ਦਿੱਤੀ
ਉਪ ਰਾਸ਼ਟਰਪਤੀ ਨੇ 'ਡਾ. ਵੀ ਐੱਲ ਦੱਤ: ਗਲਿੰਪਸੇਸ ਆਵ੍ ਏ ਪਾਇਨੀਅਰਜ਼ ਲਾਈਫ਼ ਜਰਨੀ' ਪੁਸਤਕ ਰਿਲੀਜ਼ ਕੀਤੀ
Posted On:
27 DEC 2021 2:39PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕੰਮ-ਜੀਵਨ ਵਿੱਚ ਸੰਤੁਲਨ ਬਣਾਏ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਿਸੇ ਦੇ ਕਾਰੋਬਾਰੀ ਕਰਤੱਵਾਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਰਾਬਰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ।
ਅੱਜ ਚੇਨਈ ਵਿੱਚ, ਸੁਸ਼੍ਰੀ ਵੀ ਐੱਲ ਇੰਦਰਾ ਦੱਤ ਦੁਆਰਾ ਲਿਖਿਤ ਪੁਸਤਕ ‘ਡਾ. ਵੀ ਐੱਲ ਦੱਤ: ਗਲਿੰਪਸੇਜ਼ ਆਵ੍ ਏ ਪਾਇਨੀਅਰਜ਼ ਲਾਈਫ਼ ਜਰਨੀ’ ਰਿਲੀਜ਼ ਕਰਨ ਉਪਰੰਤ, ਸਭਾ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਸਾਰੇ ਕਾਰੋਬਾਰੀ ਲੀਡਰਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੀਆਂ ਮਾਨਵ ਸੰਸਾਧਨ (ਐੱਚਆਰ) ਨੀਤੀਆਂ ਨੂੰ ਇਸ ਤਰੀਕੇ ਨਾਲ ਤਿਆਰ ਕਰਨ ਕਿ ਉਨ੍ਹਾਂ ਦੇ ਕਰਮਚਾਰੀ ਅਸਾਨੀ ਨਾਲ ਆਪਣੇ ਕੰਮ-ਜੀਵਨ ਸੰਤੁਲਨ ਦਾ ਪ੍ਰਬੰਧਨ ਕਰਨ ਦੇ ਸਮਰੱਥ ਹੋਣ। ਉਨ੍ਹਾਂ ਅੱਗੇ ਕਿਹਾ "ਇਸ ਨਾਲ ਨਾ ਸਿਰਫ਼ ਕਰਮਚਾਰੀਆਂ ਦਾ ਪ੍ਰਦਰਸ਼ਨ ਬਿਹਤਰ ਹੋਵੇਗਾ ਬਲਕਿ ਸਾਡੇ ਸਮਾਜ ਵਿੱਚ ਵਧ ਰਹੇ ਮਾਨਸਿਕ ਸਿਹਤ ਮੁੱਦਿਆਂ ਨੂੰ ਹੱਲ ਕਰਨ ਵਿੱਚ ਵੀ ਮਦਦ ਮਿਲੇਗੀ।”
ਸ਼੍ਰੀ ਨਾਇਡੂ ਨੇ ਕਿਹਾ ਕਿ 'ਅਜਿਹੇ ਸਮੇਂ ਵਿੱਚ ਜਦੋਂ ਲੋਕ ਵਧ ਰਹੇ ਤਣਾਅ ਦਾ ਸਾਹਮਣਾ ਕਰ ਰਹੇ ਹਨ, ਸਰੀਰਕ ਸਿਹਤ ਦੇ ਨਾਲ ਮਾਨਸਿਕ ਸਿਹਤ ਪ੍ਰਮੁੱਖਤਾ ਪ੍ਰਾਪਤ ਕਰਦੀ ਹੈ'। ਉਨ੍ਹਾਂ ਲੋਕਾਂ ਨੂੰ ਪ੍ਰਕਿਰਤੀ ਦੀ ਗੋਦ ਵਿੱਚ ਕੁਝ ਸਮਾਂ ਬਿਤਾਉਣ ਅਤੇ ਆਪਣੇ ਆਪ ਨੂੰ ਤਣਾਅ ਤੋਂ ਮੁਕਤ ਕਰਨ ਦੇ ਤਰੀਕੇ ਵਜੋਂ ਬਾਹਰੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਲੋੜ 'ਤੇ ਜ਼ੋਰ ਦਿੱਤਾ।
ਮਰਹੂਮ ਉਦਯੋਗਪਤੀ, ਸ਼੍ਰੀ ਵੀ ਐੱਲ ਦੱਤ ਦੁਆਰਾ ਆਪਣੇ ਪਰਿਵਾਰਕ ਜੀਵਨ ਅਤੇ ਕਾਰੋਬਾਰੀ ਜਗਤ ਦਰਮਿਆਨ ਪੂਰੀ ਤਰ੍ਹਾਂ ਸੰਤੁਲਨ ਬਣਾਈ ਰੱਖਣ ਲਈ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਸਾਰੇ ਕਾਰੋਬਾਰੀਆਂ ਅਤੇ ਉੱਦਮੀਆਂ ਲਈ ਇੱਕ ਸਬਕ ਹੋਣਾ ਚਾਹੀਦਾ ਹੈ।
ਸ਼੍ਰੀ ਦੱਤ ਨੂੰ ਲੋਕਾਂ ਦਾ ਮਿੱਤਰ ਵਿਅਕਤੀ ਦੱਸਦੇ ਹੋਏ, ਜੋ ਲੋਕਾਂ ਦੇ ਨਾਲ ਰਹਿਣ ਦਾ ਆਨੰਦ ਮਾਣਦੇ ਸਨ ਅਤੇ ਉਨ੍ਹਾਂ ਨੂੰ ਮਹੱਤਵ ਦਿੰਦੇ ਸਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੇ ਵੱਡੇ ਮੁਕਾਬਲੇ ਵਾਲੇ ਕਾਰੋਬਾਰੀ ਮਾਹੌਲ ਵਿੱਚ ਇਹ ਗੁਣ ਪੂਰੀ ਤਰ੍ਹਾਂ ਗਾਇਬ ਹੈ। ਉਨ੍ਹਾਂ ਅੱਗੇ ਕਿਹਾ "ਸ਼੍ਰੀ ਦੱਤ ਲਈ, ਉਨ੍ਹਾਂ ਦੇ ਕਰਮਚਾਰੀ ਹਮੇਸ਼ਾ ਪਹਿਲੇ ਆਉਂਦੇ ਸਨ ਅਤੇ ਉਹ ਉਨ੍ਹਾਂ ਦੀ ਗਹਿਨ ਦੇਖਭਾਲ ਕਰਦੇ ਸਨ।"
ਪੁਸਤਕ ਵਿੱਚ ਆਪਣੇ ਪਿਆਰੇ ਪਤੀ ਦੀਆਂ ਯਾਦਾਂ ਅਤੇ ਤਜ਼ਰਬਿਆਂ ਨੂੰ ਸਾਂਝਾ ਕਰਨ ਲਈ ਸੁਸ਼੍ਰੀ ਵੀ ਐੱਲ ਇੰਦਰਾ ਦੱਤ ਦੀ ਤਾਰੀਫ਼ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਪੁਸਤਕ ਇੱਕ ਉੱਘੇ ਕਾਰੋਬਾਰੀ ਦੇ ਮਾਨਵੀ ਪੱਖ ਨੂੰ ਸਾਹਮਣੇ ਲਿਆਉਂਦੀ ਹੈ, ਅਤੇ ਪਾਠਕ ਉਨ੍ਹਾਂ ਦੇ ਵਰਤਾਰੇ ਨੂੰ ਇੱਕ ਪਰਿਵਾਰਕ ਵਿਅਕਤੀ, ਇੱਕ ਪਤੀ, ਪਿਤਾ ਅਤੇ ਦੋਸਤ ਵਜੋਂ ਜਾਣਦਾ ਹੈ।
ਪੁਸਤਕ ਵਿੱਚ ਜ਼ਿਕਰ ਕੀਤੇ ਕਈ ਕਿੱਸਿਆਂ ਦਾ ਹਵਾਲਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਨੋਟ ਕੀਤਾ ਕਿ ਇੱਕ ਉੱਚੀ ਉਡਾਣ ਵਾਲੇ ਕਾਰਪੋਰੇਟ ਲੀਡਰ ਦਾ ਜੀਵਨ ਬਤੀਤ ਕਰਨ ਦੇ ਬਾਵਜੂਦ, ਸ਼੍ਰੀ ਦੱਤ ਨੇ ਬਜ਼ੁਰਗਾਂ ਦੇ ਸਤਿਕਾਰ, ਨਿਮਰਤਾ, ਸੇਵਾ ਅਤੇ ਹਮਦਰਦੀ ਦੇ ਗੁਣਾਂ ਨੂੰ ਕਦੇ ਨਹੀਂ ਭੁੱਲਿਆ। ਇਨ੍ਹਾਂ ਨੂੰ ਸਾਡੀ ਸੰਸਕ੍ਰਿਤੀ ਦੀਆਂ ਕਦਰਾਂ-ਕੀਮਤਾਂ ਦਾ ਧੁਰਾ ਦੱਸਦਿਆਂ ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਸ਼੍ਰੀ ਦੱਤ ਜਿਹੀਆਂ ਸ਼ਖ਼ਸੀਅਤਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਪੁਸਤਕ ਵਿੱਚ ਸੁਸ਼੍ਰੀ ਇੰਦਰਾ ਦੱਤ ਦੀ ਟਿਪਣੀ ਦਾ ਸਮੱਰਥਨ ਕੀਤਾ ਕਿ "ਸੰਯੁਕਤ ਪਰਿਵਾਰ ਪ੍ਰਣਾਲੀ ਦੇ ਪਤਨ ਨੇ ਆਪਸੀ ਦੇਖਭਾਲ ਅਤੇ ਚਿੰਤਾਵਾਂ, ਸਮਾਯੋਜਨ ਦੀ ਭਾਵਨਾ ਅਤੇ ਸਮੂਹਿਕ ਨੈਤਿਕਤਾ ਨੂੰ ਕਮਜ਼ੋਰ ਕਰ ਦਿੱਤਾ ਹੈ।" ਇਹ ਨੋਟ ਕਰਦੇ ਹੋਏ ਕਿ ਭਾਰਤੀ ਸੰਯੁਕਤ ਪਰਿਵਾਰ ਪ੍ਰਣਾਲੀ ਦੀਆਂ ਮੂਲ ਕਦਰਾਂ-ਕੀਮਤਾਂ ਲਈ ਦੁਨੀਆ ਭਰ ਵਿੱਚ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ, ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਭਲੇ ਲਈ ਇਸ ਸਦੀਆਂ ਪੁਰਾਣੀ ਪਰੰਪਰਾ ਨੂੰ ਸੁਰੱਖਿਅਤ ਰੱਖਣ ਅਤੇ ਇਸ ਦਾ ਪ੍ਰਚਾਰ ਕਰਨ।
ਸ਼੍ਰੀ ਵੀ ਐੱਲ ਦੱਤ ਦੇ ਨਾਲ ਆਪਣੀ ਨਜ਼ਦੀਕੀ ਦੋਸਤੀ ਨੂੰ ਯਾਦ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਖੇਡਾਂ ਉਨ੍ਹਾਂ ਬਹੁਤ ਸਾਰੇ ਵਿਸ਼ਿਆਂ ਵਿੱਚੋਂ ਇੱਕ ਸਨ ਜੋ ਉਨ੍ਹਾਂ ਨੂੰ ਆਪਸ ਵਿੱਚ ਜੋੜਦੇ ਸਨ। ਖੇਡਾਂ ਪ੍ਰਤੀ ਸ਼੍ਰੀ ਦੱਤ ਦੇ ਉਤਸ਼ਾਹ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਸੀ ਕਿ ਨੌਜਵਾਨ ਉੱਦਮੀ ਸ਼੍ਰੀ ਦੱਤ ਤੋਂ ਪ੍ਰੇਰਣਾ ਲੈਣ ਅਤੇ ਖੇਡਾਂ ਅਤੇ ਬਾਹਰੀ ਗਤੀਵਿਧੀਆਂ ਲਈ ਹਮੇਸ਼ਾ ਕੁਝ ਸਮਾਂ ਕੱਢਣ।
ਉਨ੍ਹਾਂ ਕਿਹਾ ਕਿ ਸ਼੍ਰੀ ਦੱਤ ਇੱਕ ਸਨਮਾਨਿਤ ਉਦਯੋਗਪਤੀ, ਪਰਉਪਕਾਰੀ ਅਤੇ ਉੱਤਮ ਦਰਜੇ ਦੇ ਦੂਰਦਰਸ਼ੀ ਸਨ, ਜਿਨ੍ਹਾਂ ਨੇ ਨੌਜਵਾਨ ਉੱਦਮੀਆਂ ਦੀ ਪੂਰੀ ਪੀੜ੍ਹੀ ਨੂੰ ਪ੍ਰੇਰਿਤ ਕੀਤਾ।
ਉਨ੍ਹਾਂ ਅੱਗੇ ਕਿਹਾ, ਫਿੱਕੀ ਦੇ ਮੁਖੀ ਹੋਣ ਦੇ ਨਾਤੇ, ਸ਼੍ਰੀ ਦੱਤ ਨੇ 1991-92 ਦੇ ਮਹੱਤਵਪੂਰਨ ਵਰ੍ਹਿਆਂ ਦੌਰਾਨ ਸਰਕਾਰ ਅਤੇ ਉਦਯੋਗ ਦਰਮਿਆਨ ਪਾੜੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਹ ਦੇਖਦਿਆਂ ਕਿ "ਬਿਨਾਂ ਕਿਸੇ ਉਮੀਦ ਦੇ ਬਿਨਾਂ ਸ਼ਰਤ ਦੇਣਾ" ਸ਼੍ਰੀ ਦੱਤ ਦੇ ਸਭ ਤੋਂ ਉੱਤਮ ਗੁਣਾਂ ਵਿੱਚੋਂ ਇੱਕ ਸੀ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਵਿਭਿੰਨ ਚੈਰੀਟੇਬਲ ਸੰਸਥਾਵਾਂ ਦੁਆਰਾ ਸਮਾਜ ਦੀ ਸੇਵਾ ਕੀਤੀ ਅਤੇ ਕਾਲਜਾਂ, ਕੌਸ਼ਲ ਵਿਕਾਸ ਕੇਂਦਰਾਂ ਅਤੇ ਸਿਹਤ ਸੁਵਿਧਾਵਾਂ ਦੇ ਨਿਰਮਾਣ ਲਈ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ।
ਇਸ ਮੌਕੇ ਉਪ ਰਾਸ਼ਟਰਪਤੀ ਨੇ ਸੁਸ਼੍ਰੀ ਵੀ ਐੱਲ ਇੰਦਰਾ ਦੱਤ ਨੂੰ ਇੱਕ ਦਿਲਚਸਪ ਪੁਸਤਕ ਪ੍ਰਸਤੁਤ ਕਰਨ ਲਈ ਵਧਾਈਆਂ ਦਿਤੀਆਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸੁੰਦਰ ਰੂਪ ਵਿੱਚ ਟ੍ਰਾਂਸਕ੍ਰਿਪਟ ਕਰਨ ਲਈ ਸ਼੍ਰੀ ਯੂ ਅਤਰੇਯਾ ਸਰਮਾ ਅਤੇ ਸੁਸ਼੍ਰੀ ਅੰਬਿਕਾ ਅਨੰਤ ਦੀ ਪ੍ਰਸ਼ੰਸਾ ਕੀਤੀ।
ਇਸ ਸਮਾਗਮ ਵਿੱਚ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀ, ਤਮਿਲ ਨਾਡੂ ਦੇ ਵਾਤਾਵਰਣ, ਜਲਵਾਯੂ ਅਤੇ ਯੁਵਕ ਭਲਾਈ ਅਤੇ ਖੇਡ ਵਿਕਾਸ ਮੰਤਰੀ, ਸ਼੍ਰੀ ਸਿਵਾ ਵੀ ਮਯਾਨਾਥਨ, ਕੇਸੀਪੀ ਲਿਮਟਿਡ ਦੀ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ, ਡਾ. ਵੀ ਐੱਲ ਇੰਦਰਾ ਦੱਤ, ਜੁਆਇੰਟ ਮੈਨੇਜਿੰਗ ਡਾਇਰੈਕਟਰ, ਸੁਸ਼੍ਰੀ ਵੀ ਕਵਿਤਾ ਦੱਤ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।
**********
ਐੱਮਐੱਸ/ਆਰਕੇ
(Release ID: 1785630)
Visitor Counter : 187