ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਅਰਬਿੰਦੋ ਦੀ 150ਵੀਂ ਜਯੰਤੀ 'ਤੇ ਆਯੋਜਿਤ ਕੀਤੇ ਜਾਣ ਵਾਲੇ ਯਾਦਗਾਰੀ ਸਮਾਗਮ ਲਈ ਗਠਿਤ ਉੱਚ ਪੱਧਰੀ ਕਮੇਟੀ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਉਤਸਵ ਦੇ ਹਿੱਸੇ ਦੇ ਰੂਪ ਵਿੱਚ ਸ਼੍ਰੀ ਅਰਬਿੰਦੋ ਦੇ 'ਕ੍ਰਾਂਤੀ' ਅਤੇ 'ਵਿਕਾਸ' ਦੇ ਫਲਸਫੇ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਨੌਜਵਾਨਾਂ ਨੂੰ ਨਰ ਤੋਂ ਨਾਰਾਇਣ ਦੇ ਫਲਸਫੇ ਵਿੱਚ ਸ਼ਾਮਲ ਮਹਾਨਤਾ ਦੇ ਸੰਕਲਪ ਪ੍ਰਤੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਦੁਨੀਆ ਦੇ ਅਧਿਆਤਮਿਕ ਗੁਰੂ ਵਜੋਂ ਭਾਰਤ ਦੀ ਦੁਨੀਆ ਭਰ ਦੇ ਦੇਸ਼ਾਂ ਵਿੱਚ ਅਧਿਆਤਮਕ ਯੋਗਦਾਨ ਦੇਣ ਦੀ ਜਿੰਮੇਵਾਰੀ ਹੈ: ਪ੍ਰਧਾਨ ਮੰਤਰੀ
Posted On:
24 DEC 2021 6:01PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸਦਾ ਗਠਨ ਸ਼੍ਰੀ ਅਰਬਿੰਦੋ ਦੀ 150ਵੀਂ ਜਯੰਤੀ ਮਨਾਉਣ ਲਈ ਕੀਤਾ ਗਿਆ ਹੈ। ਐੱਚਐੱਲਸੀ ਦੀ ਨੋਟੀਫਿਕੇਸ਼ਨ 20 ਦਸੰਬਰ, 2021 ਨੂੰ ਜਾਰੀ ਕੀਤੀ ਗਈ ਸੀ। ਕਮੇਟੀ ਵਿੱਚ ਵੱਖ-ਵੱਖ ਖੇਤਰਾਂ ਦੇ 53 ਮੈਂਬਰ ਸ਼ਾਮਲ ਹਨ।
ਸੱਭਿਆਚਾਰਕ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ ਯਾਦਗਾਰੀ ਸਮਾਰੋਹ ਲਈ ਕਾਰਜ ਯੋਜਨਾ ਬਾਰੇ ਪੇਸ਼ਕਾਰੀ ਦਿੱਤੀ ਅਤੇ ਸ਼੍ਰੀ ਅਰਬਿੰਦੋ ਦੀ 150ਵੀਂ ਵਰ੍ਹੇਗੰਢ ਨੂੰ ਸਹੀ ਢੰਗ ਨਾਲ ਮਨਾਉਣ ਲਈ ਸਨਮਾਨਤ ਮੈਂਬਰਾਂ ਤੋਂ ਸਲਾਹ ਲਈ।
ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਸ਼੍ਰੀ ਅਰਬਿੰਦੋ ਦੇ ਯਾਦਗਾਰੀ ਉਤਸਵ 'ਤੇ ਉਨ੍ਹਾਂ ਦੇ ਕੀਮਤੀ ਵਿਚਾਰਾਂ ਅਤੇ ਸੁਝਾਵਾਂ ਲਈ ਸਨਮਾਨਤ ਮੈਂਬਰਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਅਰਬਿੰਦੋ ਦੇ 'ਕ੍ਰਾਂਤੀ' ਅਤੇ 'ਵਿਕਾਸ' ਦੇ ਦਰਸ਼ਨ ਦੇ ਦੋ ਪਹਿਲੂ ਵਿਸ਼ੇਸ਼ ਮਹੱਤਵ ਰੱਖਦੇ ਹਨ ਅਤੇ ਸਮ੍ਰਿਤੀ ਉਤਸਵ ਦੇ ਹਿੱਸੇ ਵਜੋਂ ਇਨ੍ਹਾਂ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸ਼੍ਰੀ ਅਰਬਿੰਦੋ ਵੱਲੋਂ ਮਹਾਮਾਨਵ ਬਣਨ ਲਈ ਨਰ ਤੋਂ ਨਰਾਇਣ ਦੇ ਫਲਸਫ਼ੇ ਵਿੱਚ ਦਰਸਾਏ ਮਹਾਨਤਾ ਦੇ ਸੰਕਲਪ ਅਨੁਸਾਰ ਪ੍ਰੇਰਿਤ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੇ ਅਧਿਆਤਮਕ ਨੇਤਾ ਦੇ ਤੌਰ 'ਤੇ ਭਾਰਤ ਦੀ ਜ਼ਿੰਮੇਵਾਰੀ ਹੈ ਕਿ ਉਹ ਦੁਨੀਆ ਭਰ ਦੇ ਦੇਸ਼ਾਂ ਨੂੰ ਅਧਿਆਤਮਕ ਯੋਗਦਾਨ ਦੇਵੇ। ਉਨ੍ਹਾਂ ਸੁਝਾਅ ਦਿੱਤਾ ਕਿ ਸ਼੍ਰੀ ਅਰਬਿੰਦੋ ਦੇ ਜੀਵਨ ਅਤੇ ਦਰਸ਼ਨ ਦੇ ਵੱਖ-ਵੱਖ ਪਹਿਲੂਆਂ 'ਤੇ ਲੇਖ ਲਿਖਣ ਲਈ ਦੇਸ਼ ਭਰ ਦੀਆਂ 150 ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਮੌਕੇ 'ਤੇ 150 ਲੇਖ ਪ੍ਰਕਾਸ਼ਿਤ ਕੀਤੇ ਜਾਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ 'ਤੇ ਪੁਦੂਚੇਰੀ ਤੋਂ ਸ਼੍ਰੀ ਅਰਬਿੰਦੋ ਦੇ ਯਾਦਗਾਰੀ ਸਮਾਰੋਹਾਂ ਦੀ ਸ਼ੁਰੂਆਤ ਕਰਨ ਦਾ ਪ੍ਰਸਤਾਵ ਰੱਖਿਆ। ਇਹ ਨੌਜਵਾਨਾਂ ਨੂੰ ਪੁਦੂਚੇਰੀ ਜਾਣ ਅਤੇ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਨ ਲਈ ਉਤਸ਼ਾਹਿਤ ਕਰੇਗਾ, ਜਿੱਥੇ ਸ਼੍ਰੀ ਅਰਬਿੰਦੋ ਨੇ 1910 ਤੋਂ 1950 ਤੱਕ ਆਪਣਾ ਜੀਵਨ ਬਤੀਤ ਕੀਤਾ ਸੀ। ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸ਼੍ਰੀ ਅਰਬਿੰਦੋ ਜੀ ਦੇ ਚੇਲੇ ਸ਼੍ਰੀ ਕਿਰੀਟ ਜੋਸ਼ੀ ਨਾਲ ਆਪਣੀ ਗੱਲਬਾਤ ਅਤੇ ਚਰਚਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚਾਰ-ਵਟਾਂਦਰਿਆਂ ਨੇ ਉਨ੍ਹਾਂ ਨੂੰ ਸ਼੍ਰੀ ਅਰਬਿੰਦੋ ਦੇ ਵਿਚਾਰਾਂ ਨਾਲ ਭਰਪੂਰ ਕੀਤਾ, ਜੋ ਰਾਸ਼ਟਰੀ ਸਿੱਖਿਆ ਨੀਤੀ ਦੇ ਨਿਰਮਾਣ 'ਤੇ ਕੰਮ ਕਰਦੇ ਸਮੇਂ ਡੂੰਘਾਈ ਨਾਲ ਝਲਕਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਅਰਬਿੰਦੋ ਬਾਰੇ ਸ਼੍ਰੀ ਕਿਰੀਟ ਜੋਸ਼ੀ ਦੇ ਸਾਹਿਤ ਨੂੰ ਵਿਸ਼ਵ ਭਰ ਵਿੱਚ ਵਿਆਪਕ ਰੂਪ ਵਿੱਚ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ।
ਮੀਟਿੰਗ ਦੀ ਸਮਾਪਤੀ ਤੋਂ ਪਹਿਲਾਂ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਗੀਦਾਰਾਂ ਦੇ ਕੀਮਤੀ ਸੁਝਾਵਾਂ ਅਤੇ ਸਮੇਂ ਲਈ ਧੰਨਵਾਦ ਕੀਤਾ।
ਐੱਚਐੱਲਸੀ ਦੀ ਅੱਜ ਦੀ ਮੀਟਿੰਗ ਹਾਈਬ੍ਰਿਡ ਮਾਧਿਅਮ ਰਾਹੀਂ ਕਰਵਾਈ ਗਈ। ਮੀਟਿੰਗ ਵਿੱਚ 16 ਉੱਘੇ ਮੈਂਬਰ ਸਰੀਰਕ ਤੌਰ 'ਤੇ ਮੌਜੂਦ ਸਨ ਅਤੇ 22 ਮੈਂਬਰਾਂ ਨੇ ਵੀਡੀਓ ਕਾਨਫਰੰਸ (ਵੀਸੀ) ਰਾਹੀਂ ਭਾਗ ਲਿਆ। ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਿਸ਼ੇਸ਼ ਭਾਗੀਦਾਰਾਂ ਦਾ ਸਵਾਗਤ ਕੀਤਾ। ਮੀਟਿੰਗ ਵਿੱਚ ਮੈਂਬਰਾਂ ਨੇ ਆਪਣੇ ਸੁਝਾਅ ਦਿੱਤੇ। ਸਾਰੇ ਮੈਂਬਰਾਂ ਨੇ ਵਿਚਾਰ ਪ੍ਰਗਟ ਕੀਤੇ ਕਿ ਸ਼੍ਰੀ ਅਰਬਿੰਦੋ ਦੇ ਸੰਪੂਰਨ ਸਿੱਖਿਆ ਦੇ ਸੰਕਲਪ ਨੂੰ ਨਵੀਂ ਸਿੱਖਿਆ ਨੀਤੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਕਾਲਜ ਅਤੇ ਯੂਨੀਵਰਸਿਟੀ ਪੱਧਰ 'ਤੇ ਪਾਠਕ੍ਰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
**********
(Release ID: 1785123)
Visitor Counter : 201