ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਕਾਸ਼ਨ ਵਿਭਾਗ ਨੇ 40ਵੇਂ ਸ਼ਾਰਜਾਹ ਅੰਤਰਰਾਸ਼ਟਰੀ ਪੁਸਤਕ ਮੇਲੇ ਵਿੱਚ ਹਿੱਸਾ ਲਿਆ
Posted On:
03 NOV 2021 5:00PM by PIB Chandigarh
ਭਾਰਤ ਸਰਕਾਰ ਦੇ ਪ੍ਰਮੁੱਖ ਪ੍ਰਕਾਸ਼ਨ ਗ੍ਰਹਿ ਪ੍ਰਕਾਸ਼ਨ ਵਿਭਾਗ ਨੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਸਥਿਤ ਐਕਸਪੋ ਸੈਂਟਰ ਵਿੱਚ 3 ਤੋਂ 13 ਨਵੰਬਰ, 2021 ਦੌਰਾਨ ਆਯੋਜਿਤ ਹੋਣ ਵਾਲੇ ਮੈਗਾ ਬੁੱਕ ਫੇਅਰ ਵਿੱਚ ਆਪਣੇ ਪ੍ਰਕਾਸ਼ਨ ਪ੍ਰਦਰਸ਼ਿਤ ਕੀਤੇ ਹਨ।
ਦੁਬਈ ਵਿੱਚ ਭਾਰਤ ਦੇ ਕੌਂਸਲ ਜਨਰਲ, ਡਾ. ਅਮਨ ਪੁਰੀ ਐੱਸਆਈਬੀਐੱਫ 2021 ਵਿੱਚ ਡੀਪੀਡੀ ਸਟਾਲ ਦੇ ਉਦਘਾਟਨ ਮੌਕੇ ਪ੍ਰਕਾਸ਼ਨ ਵਿਭਾਗ (ਡੀਪੀਡੀ) ਲਈ ਪ੍ਰਸ਼ੰਸਾ ਸ਼ਬਦ ਲਿਖਦੇ ਹੋਏ।
ਦੁਬਈ ਵਿੱਚ ਭਾਰਤ ਦੇ ਕੌਂਸਲ ਜਨਰਲ ਡਾ. ਅਮਨ ਪੁਰੀ ਨੇ ਕੌਂਸਲ (ਪ੍ਰੈੱਸ, ਸੂਚਨਾ, ਸੱਭਿਆਚਾਰ ਅਤੇ ਕਿਰਤ) ਸ਼੍ਰੀਮਤੀ ਤਾੜੂ ਮਾਮੂ ਨਾਲ ਅੱਜ 40ਵੇਂ ਸ਼ਾਰਜਾਹ ਅੰਤਰਰਾਸ਼ਟਰੀ ਪੁਸਤਕ ਮੇਲੇ (ਐੱਸਆਈਬੀਐੱਫ 2021) ਵਿੱਚ ਪ੍ਰਕਾਸ਼ਨ ਵਿਭਾਗ ਦੇ ਸਟਾਲ ਦਾ ਉਦਘਾਟਨ ਕੀਤਾ। ਡਾ. ਪੁਰੀ ਨੇ ਪ੍ਰਕਾਸ਼ਨ ਦੇ ਖੇਤਰ ਵਿੱਚ ਪ੍ਰਕਾਸ਼ਨ ਵਿਭਾਗ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ, "ਪਬਲੀਕੇਸ਼ਨ ਡਿਵੀਜ਼ਨ ਵੱਖ-ਵੱਖ ਵਿਸ਼ਿਆਂ 'ਤੇ ਉੱਚ ਗੁਣਵੱਤਾ ਵਾਲੀਆਂ ਪੁਸਤਕਾਂ ਪ੍ਰਕਾਸ਼ਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ," ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਭਾਰਤ ਮੇਲੇ ਵਿੱਚ ਆਪਣੀਆਂ ਕਿਤਾਬਾਂ ਪ੍ਰਦਰਸ਼ਿਤ ਕਰਨ ਵਾਲੇ 1566 ਪ੍ਰਕਾਸ਼ਕਾਂ ਵਿੱਚੋਂ ਐੱਸਆਈਬੀਐੱਫ-2021 ਵਿੱਚ 87 ਪ੍ਰਕਾਸ਼ਕਾਂ ਦੇ ਨਾਲ ਅੰਤਰਰਾਸ਼ਟਰੀ ਭਾਗੀਦਾਰੀ ਵਿੱਚ ਮੋਹਰੀ ਹੈ, ਜਿਸ ਵਿੱਚ ਪਬਲੀਕੇਸ਼ਨ ਡਿਵੀਜ਼ਨ ਵੀ ਸ਼ਾਮਲ ਹੈ। ਬੇਹੱਦ ਉਤਸੁਕਤਾ ਵਾਲਾ ਅੰਤਰਰਾਸ਼ਟਰੀ ਪੁਸਤਕ ਮੇਲਾ ਪ੍ਰਸਿੱਧ ਅਤੇ ਦਿੱਗਜ ਲੇਖਕਾਂ ਜਿਵੇਂ ਕਿ ਅਮਿਤਾਵ ਘੋਸ਼, ਚੇਤਨ ਭਗਤ ਅਤੇ ਅਮਰੀਕਾ ਤੋਂ ਉੱਘੇ ਬਾਲ ਲੇਖਕ ਗੀਤਾਂਜਲੀ ਰਾਓ, ਇੱਕ ਖੋਜੀ, ਵਿਗਿਆਨੀ, ਸਟੈੱਮ ਪ੍ਰਮੋਟਰ, ਅਤੇ 2020 ਵਿੱਚ ਟਾਈਮ ਮੈਗਜ਼ੀਨ ਦੁਆਰਾ 'ਕਿਡ ਆਫ਼ ਦਾ ਈਯਰ' ਵਜੋਂ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਪਹਿਲੇ ਬੱਚੇ ਨੂੰ ਇੱਕ ਛੱਤ ਹੇਠ ਲਿਆਉਂਦਾ ਹੈ।
'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਜਸ਼ਨਾਂ ਨੂੰ ਜਾਰੀ ਰੱਖਦੇ ਹੋਏ ਪ੍ਰਕਾਸ਼ਨ ਵਿਭਾਗ ਭਾਰਤੀ ਸੁਤੰਤਰਤਾ ਸੰਗਰਾਮ ਅਤੇ ਆਜ਼ਾਦੀ ਘੁਲਾਟੀਆਂ ਦੇ ਇਤਿਹਾਸ ਬਾਰੇ 150 ਤੋਂ ਵੱਧ ਪੁਸਤਕਾਂ ਪਾਠਕਾਂ ਅਤੇ ਪੁਸਤਕ ਪ੍ਰੇਮੀਆਂ ਨੂੰ ਭੇਟ ਕਰੇਗਾ। ਪਾਠਕਾਂ ਨੂੰ ਰਾਸ਼ਟਰਪਤੀ ਭਵਨ ਅਤੇ ਪ੍ਰਧਾਨ ਮੰਤਰੀ ਦੇ ਭਾਸ਼ਣ 'ਤੇ ਮਹੱਤਵਪੂਰਨ ਕਿਤਾਬਾਂ ਦੇ ਨਾਲ ਕਲਾ ਅਤੇ ਸੱਭਿਆਚਾਰ, ਭਾਰਤ ਦਾ ਇਤਿਹਾਸ, ਉੱਘੀਆਂ ਸ਼ਖਸੀਅਤਾਂ, ਭਾਸ਼ਾ ਅਤੇ ਸਾਹਿਤ, ਗਾਂਧੀਵਾਦੀ ਸਾਹਿਤ, ਧਰਮ ਅਤੇ ਦਰਸ਼ਨ ਅਤੇ ਬਾਲ ਸਾਹਿਤ ਜਿਹੇ ਵਿਸ਼ਿਆਂ 'ਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਕਿਤਾਬਾਂ ਅਤੇ ਮੈਗਜ਼ੀਨਾਂ ਦੀ ਪੜਚੋਲ ਕਰਨ ਲਈ ਵੀ ਮਿਲੇਗਾ।
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦਾ ਪ੍ਰਕਾਸ਼ਨ ਵਿਭਾਗ 40ਵੇਂ ਸ਼ਾਰਜਾਹ ਅੰਤਰਰਾਸ਼ਟਰੀ ਪੁਸਤਕ ਮੇਲੇ (ਐੱਸਆਈਬੀਐੱਫ-2021) ਵਿੱਚ ਹਿੱਸਾ ਲੈ ਰਿਹਾ ਹੈ, ਜੋ ਕਿ ਵਿਸ਼ਵ ਦੇ ਸਭ ਤੋਂ ਪ੍ਰਸਿੱਧ ਪੁਸਤਕ ਮੇਲਿਆਂ ਵਿੱਚੋਂ ਇੱਕ ਹੈ। ਸ਼ਾਰਜਾਹ ਬੁੱਕ ਅਥਾਰਿਟੀ (ਐੱਸਬੀਏ) ਦੁਆਰਾ ਆਯੋਜਿਤ 11-ਦਿਨਾ ਅੰਤਰਰਾਸ਼ਟਰੀ ਪੁਸਤਕ ਮੇਲਾ, 3-13 ਨਵੰਬਰ, 2021 ਤੱਕ ਐਕਸਪੋ ਸੈਂਟਰ ਸ਼ਾਰਜਾਹ, ਯੂਏਈ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਸਾਹਿਤ ਲਈ 2021 ਨੋਬਲ ਪੁਰਸਕਾਰ ਜੇਤੂਆਂ, ਤਨਜ਼ਾਨੀਆ ਦੇ ਨਾਵਲਕਾਰ ਅਬਦੁਲਰਜ਼ਾਕ ਗੁਰਨਾਹ ਅਤੇ ਨੈੱਟਫਲਿਕਸ ਬਲਾਕਬਸਟਰ ਲੜੀ 'ਮਨੀ ਹੀਸਟ' ਦੇ ਪਟਕਥਾ ਲੇਖਕ ਸਮੇਤ ਦੁਨੀਆ ਭਰ ਦੇ ਸਾਹਿਤਕ ਪ੍ਰਕਾਸ਼ਕਾਂ ਦੀ ਇੱਕ ਸ਼ਾਨਦਾਰ ਲਾਈਨਅੱਪ ਦੀ ਮੇਜ਼ਬਾਨੀ ਕਰੇਗਾ। ਇਸ ਸਾਲ ਦਾ ਥੀਮ ਹੈ ‘ਹਮੇਸ਼ਾ ਸਹੀ ਕਿਤਾਬ ਹੁੰਦੀ ਹੈ’।
ਸਿਤਾਰਿਆਂ ਨਾਲ ਭਰੇ ਇਸ ਸਮਾਗਮ ਵਿੱਚ 85 ਲੇਖਕਾਂ ਅਤੇ ਬੁੱਧੀਜੀਵੀਆਂ ਦੀ ਸ਼ਮੂਲੀਅਤ ਹੋਵੇਗੀ, ਜੋ ਮੇਲੇ ਦੇ 970 ਸਮਾਗਮਾਂ ਅਤੇ ਗਤੀਵਿਧੀਆਂ ਦੀ ਅਗਵਾਈ ਕਰਨਗੇ, ਜਿਸ ਵਿੱਚ ਸਾਹਿਤਕ ਚਰਚਾਵਾਂ, ਵਰਕਸ਼ਾਪਾਂ, ਕਾਨਫਰੰਸਾਂ, ਸੈਮੀਨਾਰ, ਸੱਭਿਆਚਾਰਕ ਸ਼ੋਅ, ਸੰਗੀਤ ਸਮਾਰੋਹ, ਥੀਏਟਰ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਭੋਜਨ ਪ੍ਰੇਮੀਆਂ ਨੂੰ ਐੱਸਆਈਬੀਐੱਫ ਕੁੱਕਰੀ ਕਾਰਨਰ 'ਤੇ ਸ਼ੈੱਫ ਕੁਨਾਲ ਕਪੂਰ ਨੂੰ ਮਿਲਣ ਦਾ ਮੌਕਾ ਵੀ ਮਿਲੇਗਾ।
ਪ੍ਰਕਾਸ਼ਨ ਵਿਭਾਗ ਐਕਸਪੋ ਸੈਂਟਰ ਸ਼ਾਰਜਾਹ, ਯੂਏਈ ਵਿਖੇ ਹਾਲ ਨੰਬਰ 7 ਦੇ ਸਟਾਲ ਨੰਬਰ ਜ਼ੇੱਡਏ5 'ਤੇ ਆਪਣੇ ਪ੍ਰਕਾਸ਼ਨਾਂ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ।
ਪ੍ਰਕਾਸ਼ਨ ਵਿਭਾਗ ਦਾ ਡਾਇਰੈਕਟੋਰੇਟ ਕਿਤਾਬਾਂ ਅਤੇ ਰਸਾਲਿਆਂ ਦਾ ਭੰਡਾਰ ਹੈ, ਜੋ ਰਾਸ਼ਟਰੀ ਮਹੱਤਵ ਅਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਵਿਸ਼ਿਆਂ ਨੂੰ ਦਰਸਾਉਂਦਾ ਹੈ। 1941 ਵਿੱਚ ਸਥਾਪਿਤ, ਪ੍ਰਕਾਸ਼ਨ ਵਿਭਾਗ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਪ੍ਰਕਾਸ਼ਨ ਅਦਾਰਾ ਹੈ, ਜੋ ਵੱਖ-ਵੱਖ ਭਾਸ਼ਾਵਾਂ ਵਿੱਚ ਵਿਕਾਸ, ਭਾਰਤੀ ਇਤਿਹਾਸ, ਸੱਭਿਆਚਾਰ, ਸਾਹਿਤ, ਜੀਵਨੀਆਂ, ਵਿਗਿਆਨ, ਟੈਕਨਾਲੋਜੀ, ਵਾਤਾਵਰਣ ਅਤੇ ਰੋਜ਼ਗਾਰ ਜਿਹੇ ਵਿਭਿੰਨ ਵਿਸ਼ਿਆਂ ਵਿੱਚ ਕਿਤਾਬਾਂ ਅਤੇ ਰਸਾਲੇ ਪੇਸ਼ ਕਰਦਾ ਹੈ। ਡਿਵੀਜ਼ਨ ਪਾਠਕਾਂ ਅਤੇ ਪ੍ਰਕਾਸ਼ਕਾਂ ਦਰਮਿਆਨ ਭਰੋਸੇਯੋਗਤਾ ਬਣਾਉਂਦੀ ਹੈ ਅਤੇ ਸਮੱਗਰੀ ਦੀ ਪ੍ਰਮਾਣਿਕਤਾ ਦੇ ਨਾਲ-ਨਾਲ ਇਸ ਦੇ ਪ੍ਰਕਾਸ਼ਨਾਂ ਦੀ ਵਾਜਬ ਕੀਮਤ ਲਈ ਪ੍ਰਸਿੱਧ ਹੈ।
ਡਿਵੀਜ਼ਨ ਦੇ ਪ੍ਰਮੁੱਖ ਪ੍ਰਕਾਸ਼ਨਾਂ ਵਿੱਚ ਪ੍ਰਸਿੱਧ ਮਾਸਿਕ ਰਸਾਲੇ ਜਿਵੇਂ ਕਿ ਯੋਜਨਾ, ਕੁਰੂਕਸ਼ੇਤਰ ਅਤੇ ਅੱਜ-ਕੱਲ੍ਹ ਦੇ ਨਾਲ-ਨਾਲ ਹਫ਼ਤਾਵਾਰੀ ਰੋਜ਼ਗਾਰ ਸਮਾਚਾਰ ਪੱਤਰ 'ਐਮਪਲੋਇਮੈਂਟ ਨਿਊਜ਼' ਅਤੇ 'ਰੋਜ਼ਗਾਰ ਸਮਾਚਾਰ' ਸ਼ਾਮਲ ਹਨ। ਇਸ ਤੋਂ ਇਲਾਵਾ, ਪ੍ਰਕਾਸ਼ਨ ਵਿਭਾਗ ਸਰਕਾਰ ਦੀ ਵੱਕਾਰੀ ਸੰਦਰਭ ਸਾਲਾਨਾ 'ਇੰਡੀਆ ਈਅਰ ਬੁੱਕ' ਵੀ ਪ੍ਰਕਾਸ਼ਿਤ ਕਰਦਾ ਹੈ।
****
ਐੱਸਐੱਸ
(Release ID: 1769365)
Visitor Counter : 207