ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਆਲਮੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਲੀਹ 'ਤੇ ਲਿਆਉਣ ਲਈ ਸਵੱਛ, ਕਿਫ਼ਾਇਤੀ, ਭਰੋਸੇਯੋਗ ਅਤੇ ਟਿਕਾਊ ਊਰਜਾ ਦੀ ਲੋੜ ਹੈ;


ਜੇ ਕੀਮਤਾਂ ਨੂੰ ਕਾਬੂ ਵਿੱਚ ਨਾ ਲਿਆਂਦਾ ਗਿਆ, ਤਾਂ ਆਲਮੀ ਆਰਥਿਕ ਰਿਕਵਰੀ ਕਮਜ਼ੋਰ ਪੈ ਸਕਦੀ ਹੈ: ਸ਼੍ਰੀ ਪੁਰੀ;

ਓਪੇਕ+ ਨੂੰ ਦੂਸਰੇ ਦੇਸ਼ਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ

Posted On: 20 OCT 2021 5:17PM by PIB Chandigarh

 ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਊਰਜਾ ਤੱਕ ਪਹੁੰਚ ਸਸਤੀ ਅਤੇ ਭਰੋਸੇਯੋਗ ਹੋਣੀ ਚਾਹੀਦੀ ਹੈ। ਨਵੀਂ ਦਿੱਲੀ ਵਿੱਚ ਸੀਈਆਰਏਵੀਕ (CERAWeek) ਦੁਆਰਾ ਪੰਜਵੇਂ ਇੰਡੀਆ ਊਰਜਾ ਫੋਰਮ ਵਿੱਚ ਆਪਣੇ ਸਵਾਗਤੀ ਭਾਸ਼ਣ ਵਿੱਚ, ਉਨ੍ਹਾਂ ਕਿਹਾ ਕਿ ਮਹਾਮਾਰੀ ਤੋਂ ਬਾਅਦ ਦੀ ਆਲਮੀ ਅਰਥਵਿਵਸਥਾ ਦੀ ਰਿਕਵਰੀ ਵਿੱਚ ਤੇਜ਼ੀ ਲਿਆਉਣ ਲਈ ਸਵੱਛ, ਕਿਫ਼ਾਇਤੀ, ਭਰੋਸੇਯੋਗ, ਟਿਕਾਊ ਊਰਜਾ ਦੀ ਲੋੜ ਹੈ। ਸਾਨੂੰ ਇਹ ਸਵੀਕਾਰ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਤੱਕ ਅਸੀਂ ਨਵੇਂ ਊਰਜਾ ਬੁਨਿਆਦੀ ਢਾਂਚੇ ਦਾ ਨਿਰਮਾਣ ਨਹੀਂ ਕਰ ਲੈਂਦੇ, ਦੁਨੀਆਂ ਨੂੰ ਤੇਲ ਅਤੇ ਗੈਸ ਦੀ ਭਰੋਸੇਯੋਗ ਸਪਲਾਈ ਦੀ ਜ਼ਰੂਰਤ ਹੈ।

 

 ਮੰਤਰੀ ਨੇ ਕਿਹਾ ਕਿ ਇਹ ਕਹਿਣਾ ਕਿ ਦੁਨੀਆ ਨੂੰ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਘੱਟ ਬਿਆਨੀ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਊਰਜਾ ਪਰਿਵਰਤਨ ਦੇ ਯੁੱਗ ਵਿੱਚ, ਊਰਜਾ ਬਜ਼ਾਰਾਂ ਵਿੱਚ ਵੱਡੇ ਅਸੰਤੁਲਨ ਦੇਖੇ ਜਾਂਦੇ ਹਨ।

 

 ਸ਼੍ਰੀ ਪੁਰੀ ਨੇ ਕਿਹਾ ਕਿ ਤੇਲ ਅਤੇ ਗੈਸ ਦੀਆਂ ਕੀਮਤਾਂ ਦਾ ਮੌਜੂਦਾ ਪੱਧਰ ਬਹੁਤ ਉੱਚਾ ਹੈ। ਭਾਰਤ ਆਯਾਤ ਕੀਤੇ ਤੇਲ 'ਤੇ 85% ਨਿਰਭਰ ਹੈ ਜਦੋਂ ਕਿ ਗੈਸ ਲਈ ਆਯਾਤ ਨਿਰਭਰਤਾ ਤਕਰੀਬਨ 55% ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਯਾਤ ਬਿੱਲ ਦਾ 20% ਇਨ੍ਹਾਂ ਵਸਤੂਆਂ ਤੋਂ ਹੈ। ਇਨ੍ਹਾਂ ਵਸਤੂਆਂ ਦਾ ਆਯਾਤ ਬਿੱਲ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ ਪਿਛਲੀ ਤਿਮਾਹੀ ਵਿੱਚ ਤਕਰੀਬਨ ਤਿੰਨ ਗੁਣਾ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਅਤੇ ਉੱਚੀਆਂ ਕੀਮਤਾਂ ਕਾਰਨ ਹਾਈਡ੍ਰੋਕਾਰਬਨ ਈਂਧਣਾਂ ਦੀਆਂ ਘਰੇਲੂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਤੇਲ ਦੀਆਂ ਉੱਚੀਆਂ ਕੀਮਤਾਂ ਦਾ ਅਰਥਵਿਵਸਥਾ 'ਤੇ ਅਸਰ ਪੈਂਦਾ ਹੈ, ਜਿਸ ਨਾਲ ਮਹਿੰਗਾਈ ਵਧਦੀ ਹੈ ਅਤੇ ਮਾਲ ਅਸਬਾਬ ਦੀ ਲਾਗਤ ਪ੍ਰਭਾਵਿਤ ਹੁੰਦੀ ਹੈ। ਸਥਿਤੀ ਨੂੰ ਵੇਕਅਪ ਕਾਲ ਵਜੋਂ ਦੱਸਦੇ ਹੋਏ, ਸ਼੍ਰੀ ਪੁਰੀ ਨੇ ਕਿਹਾ ਕਿ ਜੇ ਕੀਮਤਾਂ ਨੂੰ ਕਾਬੂ ਵਿੱਚ ਨਾ ਲਿਆਂਦਾ ਗਿਆ, ਤਾਂ ਆਲਮੀ ਆਰਥਿਕ ਰਿਕਵਰੀ ਕਮਜ਼ੋਰ ਪੈ ਸਕਦੀ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਕੀਮਤਾਂ ਅਨੁਮਾਨਯੋਗ, ਭਰੋਸੇਯੋਗ ਅਤੇ ਸਥਿਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲੰਬੇ ਸਮੇਂ ਵਿੱਚ ਉਤਪਾਦਕਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਸ਼੍ਰੀ ਪੁਰੀ ਨੇ ਕਿਹਾ ਕਿ ਓਪੇਕ+ ਦੇਸ਼ਾਂ ਨੂੰ ਖਪਤ ਕਰਨ ਵਾਲੇ ਦੇਸ਼ਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

 ਸ਼੍ਰੀ ਪੁਰੀ ਨੇ ਕਿਹਾ ਕਿ ਭਾਰਤ ਗੈਸ ਅਧਾਰਿਤ ਅਰਥਵਿਵਸਥਾ ਬਣਨ ਦੇ ਆਪਣੇ ਪ੍ਰਯਤਨਾਂ ਨੂੰ ਤੇਜ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਾਈਪਲਾਈਨ, ਟਰਮੀਨਲ, ਰੀਗੈਸੀਫੀਕੇਸ਼ਨ ਸੁਵਿਧਾਵਾਂ ਆਦਿ ਵਰਗੇ ਬੁਨਿਆਦੀ ਢਾਂਚੇ ਦੀ ਸਥਾਪਨਾ ਲਈ ਤਕਰੀਬਨ 60 ਬਿਲੀਅਨ ਡਾਲਰ (ਅਰਬ ਡਾਲਰ) ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਦੇਸ਼ "ਵਨ ਨੇਸ਼ਨ-ਵਨ ਗਰਿੱਡ" ਦੀ ਰਾਹ 'ਤੇ ਹੈ, ਜਿਸ ਵਿੱਚ ਪਾਈਪਲਾਈਨ ਦੀ ਲੰਬਾਈ 19,000 ਕਿਲੋਮੀਟਰ ਤੋਂ ਵਧ ਕੇ 35,000 ਕਿਲੋਮੀਟਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਖੋਜ ਅਧੀਨ ਖੇਤਰ ਵੀ ਵਧ ਰਿਹਾ ਹੈ, ਅਤੇ ਦੇਸ਼ ਨੇ ਬਹੁਤ ਸਾਰੇ ਸੁਧਾਰ ਕੀਤੇ ਹਨ, ਤਾਂ ਜੋ ਈਐਂਡਪੀ ਖੇਤਰ ਵਿੱਚ ਵਧੇਰੇ ਨਿਵੇਸ਼ ਹੋਵੇ। ਬਾਇਓ-ਈਂਧਨ ਦੇ ਸੰਬੰਧ ਵਿੱਚ, ਮੰਤਰੀ ਨੇ ਕਿਹਾ ਕਿ ਈਥੇਨੌਲ-ਮਿਸ਼ਰਣ ਪਹਿਲਾਂ ਹੀ 10% ਤੱਕ ਪਹੁੰਚ ਗਿਆ ਹੈ, ਅਤੇ ਅਸੀਂ ਇਸਨੂੰ ਜਲਦੀ ਹੀ 20% ਤੱਕ ਲੈ ਜਾਣ ਲਈ ਦ੍ਰਿੜਸੰਕਲਪ ਹਾਂ। ਸੈਟੈਟ (SATAT) ਸਕੀਮ ਦੇ ਤਹਿਤ, 20 ਬਿਲੀਅਨ ਡਾਲਰ ਦੇ ਨਿਵੇਸ਼ ਨਾਲ 5000 ਸੀਬੀਜੀ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ। ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ, ਹਜ਼ਾਰਾਂ ਚਾਰਜਿੰਗ ਸਟੇਸ਼ਨ ਲਗਾਏ ਜਾ ਰਹੇ ਹਨ। ਮੰਤਰੀ ਨੇ ਕਿਹਾ ਕਿ ਗ੍ਰੀਨ ਊਰਜਾ ਵਿੱਚ ਤਬਦੀਲੀ ਲਈ, ਹਾਈਡ੍ਰੋਜਨ ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। 

 

 ਭਾਰਤ ਨੂੰ ਇੱਕ ਵਿਲੱਖਣ (ਸੂਈ ਜੈਨਰਿਸ) ਕੇਸ ਦੱਸਦੇ ਹੋਏ, ਸ਼੍ਰੀ ਪੁਰੀ ਨੇ ਕਿਹਾ ਕਿ ਵਿਸ਼ਵ ਦੀ ਤਕਰੀਬਨ 16% ਆਬਾਦੀ ਦੇ ਨਾਲ, ਭਾਰਤ ਵਿੱਚ ਪ੍ਰਤੀ ਵਿਅਕਤੀ ਊਰਜਾ ਦੀ ਖਪਤ ਵਿਸ਼ਵ ਦਾ ਸਿਰਫ ਇੱਕ ਤਿਹਾਈ ਹਿੱਸਾ ਹੈ। ਸਾਡੀ ਊਰਜਾ ਦੀ ਖਪਤ ਵਧਣ ਲਈ ਤਿਆਰ ਹੈ, ਕਿਉਂਕਿ ਅਸੀਂ 2025 ਤੱਕ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਵੱਲ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਲਈ ਊਰਜਾ ਨਿਆਂ ਸਾਡੀ ਸਰਕਾਰ ਲਈ ਮੁੱਖ ਉਦੇਸ਼ ਅਤੇ ਪ੍ਰਾਥਮਿਕਤਾ ਹੈ।

 

 ਸ਼੍ਰੀ ਪੁਰੀ ਨੇ ਕਿਹਾ ਕਿ ਭਾਰਤ ਵਿਸ਼ਵ ਭਾਈਚਾਰੇ ਦਾ ਛੇਵਾਂ ਹਿੱਸਾ ਹੈ ਅਤੇ ਸਵੱਛ ਊਰਜਾ, ਸ਼ਹਿਰੀ ਵਿਕਾਸ ਅਤੇ ਸਿਹਤ ਨਾਲ ਜੁੜੇ ਸਥਾਈ ਵਿਕਾਸ ਟੀਚਿਆਂ (ਐੱਸਡੀਜੀਜ਼) ਪ੍ਰਤੀ ਸਾਡੀ ਪ੍ਰਤੀਬੱਧਤਾ ਉਨ੍ਹਾਂ ਦੀ ਸਫ਼ਲਤਾ ਨੂੰ ਯਕੀਨੀ ਬਣਾਏਗੀ। ਆਮ ਤੌਰ 'ਤੇ, ਐੱਸਡੀਜੀਜ਼ (SDGs) ਦੇ ਸਫ਼ਲ ਹੋਣ ਲਈ, ਭਾਰਤ ਨੂੰ ਸਫ਼ਲ ਹੋਣਾ ਚਾਹੀਦਾ ਹੈ। ਕੇਵਲ ਤਦ ਹੀ ਸਮਾਜਿਕ-ਆਰਥਿਕ ਤਬਦੀਲੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਊਰਜਾ ਖੇਤਰ ਨੂੰ ਇੱਕ ਅਜਿਹੇ ਖੇਤਰ ਦੇ ਰੂਪ ਵਿੱਚ ਦੇਖਦੇ ਹਾਂ ਜੋ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ "ਈਜ਼ ਆਵ੍ ਲਿਵਿੰਗ" ਨੂੰ ਅੱਗੇ ਵਧਾਉਂਦਾ ਹੈ।

 

 ਮੰਤਰੀ ਨੇ ਕਿਹਾ ਕਿ ਅੱਗੇ ਵਧਣ ਲਈ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਸਾਲ ਭਾਰਤ ਦੀ ਊਰਜਾ ਰਣਨੀਤੀ ਦੇ ਸੱਤ ਮੁੱਖ ਥੰਮਾਂ ਦੀ ਕਲਪਨਾ ਕੀਤੀ ਸੀ। ਸਮੂਹਿਕ ਰੂਪ ਵਿੱਚ, ਇਹ ਭਾਰਤ ਨੂੰ ਸਵੱਛ ਊਰਜਾ ਵੱਲ ਵਧਣ ਵਿੱਚ ਸਹਾਇਤਾ ਕਰਨਗੇ। ਭਾਰਤ ਏਕੀਕ੍ਰਿਤ ਢੰਗ ਨਾਲ ਗੈਸ ਅਧਾਰਿਤ ਅਰਥਵਿਵਸਥਾ ਦੇ ਵਿਕਾਸ, ਜੀਵਾਸ਼ਮ ਈਂਧਣਾਂ ਦੀ ਸਵੱਛ ਵਰਤੋਂ, 2030 ਤੱਕ 450 ਗੀਗਾਵਾਟ ਦੇ ਅਖੁੱਟ ਊਰਜਾ ਟੀਚੇ ਨੂੰ ਪ੍ਰਾਪਤ ਕਰਨ, ਜੈਵ-ਈਂਧਣਾਂ (ਬਾਇਓਫਿਊਲਜ਼) ਨੂੰ ਚਲਾਉਣ ਲਈ ਘਰੇਲੂ ਈਂਧਣਾਂ 'ਤੇ ਵਧੇਰੇ ਨਿਰਭਰਤਾ, ਬਿਜਲੀ ਦੇ ਯੋਗਦਾਨ ਨੂੰ ਵਧਾਉਣ, ਹਾਈਡ੍ਰੋਜਨ ਵਰਗੇ ਉਭਰਦੇ ਹੋਏ ਈਂਧਣਾਂ ਵੱਲ ਵਧਣ, ਅਤੇ ਸਾਰੀਆਂ ਊਰਜਾ ਪ੍ਰਣਾਲੀਆਂ ਵਿੱਚ ਡਿਜੀਟਲ ਨਵੀਨਤਾ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਕੇਂਦਰਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵੱਡੇ ਪੱਧਰ 'ਤੇ ਸਵੱਛ ਅਤੇ ਗ੍ਰੀਨ ਊਰਜਾ ਪਰਿਵਰਤਨ ਵੱਲ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਜਲਵਾਯੂ ਕਾਰਵਾਈ ਪ੍ਰਤੀ ਆਪਣੀ ਵਚਨਬੱਧਤਾ ਪ੍ਰਤੀ ਅਟੱਲ ਹੈ। 

 

ਅੰਤਰਰਾਸ਼ਟਰੀ ਊਰਜਾ ਸਰਵੋਤਮ ਪ੍ਰਥਾਵਾਂ ਬਾਰੇ, ਸ਼੍ਰੀ ਪੁਰੀ ਨੇ ਕਿਹਾ ਕਿ ਸਮੇਂ ਦੇ ਨਾਲ ਨਾਲ ਨਵੇਂ ਭਾਰਤ ਦੇ ਨਿਰਮਾਣ ਵਿੱਚ ਉੱਤਮ ਵਿਚਾਰਾਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਇਕਰਾਰਨਾਮੇ ਵਧੀਆ ਅੰਤਰਰਾਸ਼ਟਰੀ ਪੈਟਰੋਲੀਅਮ ਉਦਯੋਗ ਪ੍ਰਥਾਵਾਂ ਨਾਲ ਜੁੜੇ ਹੋਏ ਹਨ, ਹਾਲਾਂਕਿ ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਕਾਫ਼ੀ ਹਨ ਜਾਂ ਉਨ੍ਹਾਂ ਵਿੱਚ ਕੋਈ ਅੰਤਰ ਹਨ ਜਿਨ੍ਹਾਂ ਨੂੰ ਨਵੀਨਤਾਕਾਰੀ ਸੋਚ ਅਤੇ ਲਾਗੂਕਰਨ ਦੇ ਨਾਲ ਹੱਲ ਕਰਨ ਦੀ ਜ਼ਰੂਰਤ ਹੈ।

 

 ਸ਼੍ਰੀ ਪੁਰੀ ਨੇ ਕਿਹਾ ਕਿ ਇਸ ਸਾਲ ਦੇ ਫੋਰਮ ਦਾ ਵਿਸ਼ਾ 'ਭਾਰਤ ਦੇ ਨਵੇਂ ਊਰਜਾ ਭਵਿੱਖ ਦਾ ਨਿਰਮਾਣ: ਸਵੱਛ, ਕਿਫਾਇਤੀ, ਭਰੋਸੇਯੋਗ, ਟਿਕਾਊ' ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਭਾਰਤ ਦੀ ਊਰਜਾ ਤਬਦੀਲੀ ਦੇ ਕਈ ਆਯਾਮ ਹਨ, ਅਤੇ ਨਤੀਜਿਆਂ 'ਤੇ ਨਿਰੰਤਰ ਧਿਆਨ ਕੇਂਦਰਿਤ ਕਰਦੇ ਹੋਏ ਇਸਦਾ ਊਰਜਾ ਖੇਤਰ ਪਰਿਵਰਤਨਾਂ ਵਿੱਚੋਂ ਲੰਘ ਰਿਹਾ ਹੈ।

 

*****

 

 ਵਾਈਬੀ



(Release ID: 1765491) Visitor Counter : 158


Read this release in: English , Urdu , Hindi , Tamil