ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਵਾਤਾਵਰਣ ਦੀ ਸੁਰੱਖਿਆ ਲਈ ਜਨ ਅੰਦੋਲਨ ਦਾ ਸੱਦਾ ਦਿੱਤਾ
ਵਾਤਾਵਰਣਕ ਲਹਿਰਾਂ ਦੇ ਮੋਹਰੀ ਨੌਜਵਾਨ ਹੋਣੇ ਚਾਹੀਦੇ ਹਨ: ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਉੱਘੇ ਵਾਤਾਵਰਣ–ਪ੍ਰੇਮੀ ਸਵਰਗੀ ਸ਼੍ਰੀ ਪੱਲਾ ਵੈਂਕੰਨਾ ਬਾਰੇ ਪੁਸਤਕ ਰਿਲੀਜ਼ ਕੀਤੀ
Posted On:
17 OCT 2021 5:42PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਵਾਤਾਵਰਣ ਦੀ ਸੁਰੱਖਿਆ ਲਈ ਜਨ ਅੰਦੋਲਨ ਦਾ ਸੱਦਾ ਦਿੱਤਾ ਅਤੇ ਵਾਤਾਵਰਣ ਦੀ ਸੰਭਾਲ਼ ਨਾਲ ਸਬੰਧਿਤ ਵਿਭਿੰਨ ਗਤੀਵਿਧੀਆਂ ’ਚ ਜਨਤਾ ਨੂੰ ਸਵੈ–ਇੱਛਾ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।
ਸ਼੍ਰੀ ਨਾਇਡੂ ਨੇ ਖ਼ਾਸ ਕਰਕੇ ਨੌਜਵਾਨਾਂ ਨੂੰ ਮੋਹਰੀ ਹੋ ਕੇ ਵਾਤਾਵਰਣਕ ਲਹਿਰਾਂ ਦੀ ਸਰਗਰਮੀ ਨਾਲ ਅਗਵਾਈ ਕਰਨ ਅਤੇ ਹੋਰਨਾਂ ਨੂੰ ਟਿਕਾਊ ਅਭਿਆਸ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ’ਚ ਇਸ ਨੁਕਤੇ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਕਿ ‘ਜੇ ਅਸੀਂ ਕੁਦਰਤ ਦੀ ਦੇਖਭਾਲ ਕਰਾਂਗੇ, ਤਾਂ ਬਦਲੇ ’ਚ ਕੁਦਰਤ ਵੀ ਮਨੁੱਖਤਾ ਦੀ ਦੇਖਭਾਲ ਕਰੇਗੀ।’
ਸ਼੍ਰੀ ਨਾਇਡੂ ਨੇ ਸਵਰਗੀ ਸ਼੍ਰੀ ਪੱਲਾ ਵੈਂਕੰਨਾ, ਜਿਨ੍ਹਾਂ ਸਿਰ ਆਂਧਰ ਪ੍ਰਦੇਸ਼ ਦੇ ਪਿੰਡ ਕਦਿਯਾਮ ਦੀ ਪੌਦਿਆਂ ਦੀ ਨਰਸਰੀ ਵਜੋਂ ਕਾਇਆਕਲਪ ਕਰਨ ਦਾ ਸਿਹਰਾ ਬੱਝਦਾ ਹੈ, ਦੀ ਜੀਵਨ–ਕਹਾਣੀ ਬਾਰੇ ਇੱਕ ਪੁਸਤਕ ‘ਨਰਸਰੀ ਰਾਜਯਨਿਕੀ ਰਾਰਾਜੂ’ ਰਿਲੀਜ਼ ਕਰਨ ਸਮੇਂ ਸੰਬੋਧਨ ਕਰ ਰਹੇ ਸਨ।
ਉਪ ਰਾਸ਼ਟਰਪਤੀ ਨੇ ‘ਗ੍ਰੀਨ ਭਾਰਤ’ ਲਈ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਵਾਸਤੇ ਸ਼੍ਰੀ ਵੈਂਕੰਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀ ਵੈਂਕੰਨਾ ਨੇ ਦੇਸ਼ ਭਰ ਤੋਂ ਪੌਦਿਆਂ ਦੀਆਂ 3,000 ਕਿਸਮਾਂ ਇਕੱਠੀਆਂ ਕੀਤੀਆਂ ਸਨ ਤੇ ਉਨ੍ਹਾ ਦਾ ਮੰਨਣਾ ਸੀ ਕਿ ‘ਜੇ ਹਰੇਕ ਘਰ ਹਰਾ–ਭਰਾ ਹੋ ਜਾਵੇ, ਤਾਂ ਨਤੀਜੇ ਵਜੋਂ ਦੇਸ਼ ਆਪੇ ਹੀ ਹਰਿਆਲੀ ਨਾਲ ਭਰਪੂਰ ਹੋ ਜਾਵੇਗਾ।’ ਸ਼੍ਰੀ ਨਾਇਡੂ ਨੇ ਕਿਹਾ ਕਿ ਸ਼੍ਰੀ ਪੱਲਾ ਵੈਂਕਣਾ ਦੀ ਜੀਵਨ–ਕਹਾਣੀ ਭਵਿੱਖ ਦੀਆਂ ਪੀੜ੍ਹੀਆ ਲਈ ਇੱਕ ਪ੍ਰੇਰਣਾ ਸਰੋਤ ਰਹੀ ਹੈ।
ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਣ ਤੇ ਜੰਗਲ਼ਾਂ ਦੀ ਕਟਾਈ ਦੇ ਪ੍ਰਭਾਵਾਂ ਨੂੰ ਨੋਟ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਪਿਛਲੇ ਕੁਝ ਸਮਿਆਂ ਦੌਰਾਨ ਮੌਸਮ ਨੇ ਲਗਾਤਾਰ ਤਬਾਹੀ ਮਚਾ ਕੇ ਰੱਖੀ ਹੈ, ਵਿਸ਼ਵ ਦੇ ਵੱਖੋ–ਵੱਖਰੇ ਭਾਗਾਂ ’ਚ ਹੜ੍ਹ ਆ ਗਏ ਤੇ ਢਿੱਗਾਂ ਡਿੱਗੀਆਂ। ਉਨ੍ਹਾਂ ਕਿਹਾ,‘ਇਹ ਸਪਸ਼ਟ ਸੰਕੇਤ ਹਨ ਕਿ ਵਾਤਾਵਰਣ ਵਿੱਚ ਸੱਚਮੁਚ ਤਬਦੀਲੀ ਆ ਰਹੀ ਹੈ ਤੇ ਇਹ ਪਹਿਲਾਂ ਵਰਗਾ ਨਹੀਂ ਰਹਿ ਸਕਦਾ।’
ਸ਼੍ਰੀ ਨਾਇਡੂ ਨੇ ਕਿਹਾ ਕਿ ਅਜਿਹੀਆਂ ਮੌਸਮੀ ਘਟਨਾਵਾਂ ਘਟਾਉਣ ਲਈ ਅੱਗੇ ਵਧਦਿਆਂ ਇਹ ਜ਼ਰੂਰੀ ਹੈ ਕਿ ਅਸੀਂ ਕੁਦਰਤ ਨਾਲ ਇੱਕਮਿੱਕ ਹੋ ਕੇ ਸਹਿ–ਹੋਂਦ ਬਣਾ ਕੇ ਚੱਲੀਏ। ਸਾਨੂੰ ਆਪਣੀਆ ਵਿਕਾਸਾਤਮਕ ਜ਼ਰੂਰਤਾਂ ਦਾ ਸੰਤੁਲਨ ਵਾਤਾਵਰਣਕ ਸੁਰੱਖਿਆ ਨਾਲ ਜ਼ਰੂਰ ਬਣਾ ਕੇ ਰੱਖਣਾ ਹੋਵੇਗਾ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਹਰ ਕੋਈ ਚਿਰਸਥਾਈ ਰਹਿਣੀ–ਬਹਿਣੀ ਦੇ ਮਹੱਤਵ ਨੂੰ ਸਮਝੇ। ਸ਼੍ਰੀ ਨਾਇਡੂ ਨੇ ਇਹ ਵੀ ਕਿਹਾ,‘ਅਰਥਪੂਰਨ ਵਿਕਾਸ ਕੇਵਲ ਤਦ ਹੀ ਸੰਭਵ ਹੈ, ਜਦੋਂ ਇਹ ਵਾਤਾਵਰਣ ਉੱਤੇ ਪੈਣ ਵਾਲੇ ਅਸਰ ਨੂੰ ਪਹਿਲਾਂ ਪਰਖੇ।’
ਇਸ ਮੌਕੇ, ਉਨ੍ਹਾਂ ‘ਹਰਿਤਾ ਹਰਮ’ ਅਧੀਨ ਇੱਕ ਲਹਿਰ ਵਜੋਂ ਰੁੱਖ ਲਾਉਣ ਲਈ ਤੇਲੰਗਾਨਾ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਸਾਰੇ ਰਾਜਾਂ ਦੀਆਂ ਸਰਕਾਰਾਂ ਨੂੰ ਬੱਚਿਆਂ ਵਿੱਚ ਸਕੂਲ ਪੱਧਰ ਉੱਤੇ ਹੀ ਵਾਤਾਵਰਣਕ ਸੁਰੱਖਿਆ ਅਤੇ ਰੁੱਖ ਲਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ।
ਇਸ ਮੌਕੇ ਤੇਲੰਗਾਨਾ ਦੇ ਗ੍ਰਹਿ ਮੰਤਰੀ ਸ਼੍ਰੀ ਮੁਹੰਮਦ ਮਹਿਮੂਦ ਅਲੀ, ਸਾਬਕਾ ਸੰਸਦ ਮੈਂਬਰ ਸ਼੍ਰੀ ਊਂਡਾਵੱਲੀ ਅਰੁਣ ਕੁਮਾਰ, ਉੱਘੇ ਮਨੋਵਿਗਿਆਨੀ, ਡਾ. ਬੀ.ਵੀ. ਪੱਟਾਭੀਰਾਮ, ਏਮੈਸਕੋ ਬੁੱਕਸ ਦੇ ਸੀਈਓ ਸ਼੍ਰੀ ਵਿਜੇ ਕੁਮਾਰ, ਪੱਤਰਕਾਰ ਸ਼੍ਰੀ ਕੇ. ਰਾਮਚੰਦਰਮੂਰਤੀ, ਰੈਥੂ ਨੇਸਤਮ ਦੇ ਬਾਨੀ, ਸ਼੍ਰੀ ਯਦਲਪੱਲੀ ਵੈਂਕਟੇਸ਼ਵਰ ਰਾਓ, ਕਿਤਾਬ ਦੇ ਲੇਖਕ ਸ਼੍ਰੀ ਵੱਲੀਸ਼ਵਰ, ਸਵਰਗੀ ਸ਼੍ਰੀ ਪੱਲਾ ਵੈਂਕੰਨਾ ਦੇ ਪਰਿਵਾਰਕ ਮੈਂਬਰ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।
***************
ਐੱਮਐੱਸ/ਆਰਕੇ
(Release ID: 1764607)
Visitor Counter : 167