ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਭਾਰਤੀ ਹੈਂਡੀਕ੍ਰਾਫਟ ਅਤੇ ਹੈਂਡਲੂਮ ਨੂੰ ਉਤਸ਼ਾਹਿਤ ਕਰਨ ਅਤੇ ਖਰੀਦਣ ਦੀ ਤਾਕੀਦ ਕੀਤੀ
ਉਪ ਰਾਸ਼ਟਰਪਤੀ ਨੇ 'ਵੋਕਲ ਫਾਰ ਲੋਕਲ' 'ਤੇ ਜ਼ੋਰ ਦਿੱਤਾ
ਉਪ ਰਾਸ਼ਟਰਪਤੀ ਨੇ ਕਾਰੀਗਰਾਂ ਨੂੰ ਸਮੇਂ ਸਿਰ ਅਤੇ ਕਿਫਾਇਤੀ ਕ੍ਰੈਡਿਟ ਪ੍ਰਦਾਨ ਕਰਨ ਅਤੇ ਮਾਰਕੀਟਿੰਗ ਦੇ ਰਸਤੇ ਬਣਾਉਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਅਗਰਤਲਾ ਵਿਖੇ ਹੈਂਡਲੂਮ ਅਤੇ ਹੈਂਡੀਕ੍ਰਾਫਟ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
Posted On:
06 OCT 2021 6:56PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਵਿਦੇਸ਼ੀ ਵਸਤੂਆਂ ਦੀ ਬਜਾਏ ਕਾਰੀਗਰਾਂ ਦੁਆਰਾ ਬਣਾਏ ਗਏ ਭਾਰਤੀ ਹੈਂਡੀਕ੍ਰਾਫਟ, ਹੈਂਡਲੂਮ, ਖਾਦੀ ਅਤੇ ਹੋਰ ਉਤਪਾਦਾਂ ਨੂੰ ਖਰੀਦਣ ਅਤੇ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।
ਉਪ ਰਾਸ਼ਟਰਪਤੀ ਜੋ ਉੱਤਰ-ਪੂਰਬੀ ਰਾਜਾਂ ਦੇ ਦੌਰੇ 'ਤੇ ਹਨ, ਨੇ ਹੈਂਡਲੂਮ ਅਤੇ ਹੈਂਡੀਕ੍ਰਾਫਟ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਸਟਾਲਾਂ ’ਤੇ ਗਏ ਅਤੇ ਤ੍ਰਿਪੁਰਾ ਦੇ ਅਗਰਤਲਾ ਵਿਖੇ ਕਾਰੀਗਰਾਂ, ਬੁਣਕਰਾਂ ਅਤੇ ਹੋਰਾਂ ਨਾਲ ਗੱਲਬਾਤ ਕੀਤੀ।
ਲੋਕਾਂ ਨੂੰ 'ਵੋਕਲ ਫਾਰ ਲੋਕਲ' ਬਣਨ ਦੀ ਅਪੀਲ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਹ ਵੱਖ-ਵੱਖ ਉਤਪਾਦਾਂ ਜਿਵੇਂ ਕਿ ਬਾਂਸ ਦੀਆਂ ਬੋਤਲਾਂ, ਬਾਂਸ ਦੇ ਹੈਂਡਬੈਗ, ਨਕਲੀ ਫੁੱਲ, ਅਗਰਬਤੀ, ਰਿਸ਼ਾ (ਰਵਾਇਤੀ ਸਟੋਲ), ਮਲਬਰੀ ਸਿਲਕ ਦੇ ਉਤਪਾਦਾਂ ਅਤੇ ਅਗਰ ਦੇ ਰੁੱਖ ਦੇ ਅਤਰ-ਤੇਲ ਤੋਂ ਬਹੁਤ ਪ੍ਰਭਾਵਿਤ ਹੋਏ ਜੋ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਸਨ।
ਕਾਰੀਗਰਾਂ, ਬੁਣਕਰਾਂ ਅਤੇ ਹੋਰ ਰਵਾਇਤੀ ਉਤਪਾਦਾਂ ਦੇ ਨਿਰਮਾਤਾਵਾਂ ਦੀ ਪ੍ਰਤਿਭਾ ਅਤੇ ਸ਼ਿਲਪਕਾਰੀ ਦੀ ਪ੍ਰਸ਼ੰਸਾ ਕਰਦਿਆਂ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀਆਂ ਵਿੱਚ ਅਥਾਹ ਪ੍ਰਤਿਭਾ ਅਤੇ ਗਿਆਨ ਹੈ। 35 ਸਾਲ ਤੋਂ ਘੱਟ ਉਮਰ ਦੀ ਲਗਭਗ 65 % ਆਬਾਦੀ ਅਤੇ 25 ਸਾਲ ਤੋਂ ਘੱਟ 50 % ਦੇ ਨਾਲ ਭਾਰਤ ਨੂੰ ਇੱਕ ਜਨਸੰਖਿਆਤਮਕ ਲਾਭਅੰਸ਼ ਨਾਲ ਵਿਲੱਖਣ ਰੂਪ ਵਿੱਚ ਬਖਸ਼ਿਸ਼ ਪ੍ਰਾਪਤ ਹੈ।
ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਉਹ ਪ੍ਰਤਿਭਾ ਦੀ ਪਹਿਚਾਣ ਕਰਨ ਅਤੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਉਨ੍ਹਾਂ ਦੇ ਹੁਨਰ ਨੂੰ ਅਪਗ੍ਰੇਡ ਕਰਨ ਲਈ ਸਿਖਲਾਈ ਦੇਣ।
ਉਨ੍ਹਾਂ ਨੇ ਕੇਂਦਰ ਅਤੇ ਵੱਖ -ਵੱਖ ਰਾਜ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਾਰੀਗਰਾਂ ਅਤੇ ਬੁਣਕਰਾਂ ਨੂੰ ਸਮੇਂ ਸਿਰ ਅਤੇ ਕਿਫਾਇਤੀ ਕ੍ਰੈਡਿਟ ਪ੍ਰਦਾਨ ਕਰਨ ਅਤੇ ਮਾਰਕੀਟਿੰਗ ਦੇ ਢੰਗਾਂ ਨੂੰ ਵਧੇਰੇ ਮਹੱਤਵ ਦੇਣ ਤਾਂ ਜੋ ਉਹ ਆਮਦਨ ਕਮਾ ਸਕਣ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ।
ਸ਼੍ਰੀ ਨਾਇਡੂ ਨੇ ਪ੍ਰਦਰਸ਼ਨੀ ਦੇ ਆਯੋਜਨ ਲਈ ਆਯੋਜਕਾਂ, ਰਾਜ ਸਰਕਾਰ ਅਤੇ ਉੱਤਰ ਪੂਰਬੀ ਪਰਿਸ਼ਦ ਦੀ ਸ਼ਲਾਘਾ ਕੀਤੀ।
ਤ੍ਰਿਪੁਰਾ ਦੇ ਮੁੱਖ ਮੰਤਰੀ ਸ਼੍ਰੀ ਬਿਪਲਬ ਕੁਮਾਰ ਦੇਬ, ਉਦਯੋਗ ਅਤੇ ਵਣਜ (ਐੱਚਐੱਚਐੱਸ) ਅਤੇ ਕਬਾਇਲੀ ਭਲਾਈ ਮੰਤਰੀ ਸ਼੍ਰੀ ਮੇਵਰ ਕੁਮਾਰ ਜਮਾਤੀਆ, ਉੱਤਰੀ ਪੂਰਬੀ ਪਰਿਸ਼ਦ ਦੇ ਸਕੱਤਰ ਸ਼੍ਰੀ ਕੇ. ਮੂਸਾ ਚਲਾਈ ਅਤੇ ਹੋਰ ਪਤਵੰਤੇ ਹਾਜ਼ਰ ਸਨ।
**********
ਐੱਮਐੱਸ/ਆਰਕੇ
(Release ID: 1761602)
Visitor Counter : 136