ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਨਵੀਂ ਦਿੱਲੀ ਵਿੱਚ ਦੇਸ਼ ਭਰ ਦੇ ਈਸਾਈ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਨਾਲ ਗੱਲਬਾਤ ਕੀਤੀ
ਉਸ ਦੇਸ਼ ਵਿੱਚ ਜਬਰੀ ਧਰਮ ਪਰਿਵਰਤਨ ਕਿਸੇ ਵੀ ਧਰਮ ਦੇ ਵਿਸਥਾਰ ਅਤੇ ਆਸਥਾ ਦਾ ਪ੍ਰਮਾਣ ਨਹੀਂ ਹੋ ਸਕਦਾ, ਜਿੱਥੇ ਆਸਤਿਕ ਅਤੇ ਨਾਸਤਿਕ ਦੋਵੇਂ ਇਕੱਠੇ ਰਹਿੰਦੇ ਹਨ: ਨਕਵੀ
ਇਹ ਸਾਡੀ ਸਮੂਹਿਕ ਰਾਸ਼ਟਰੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਸੁਨਿਸ਼ਚਿਤ ਕਰੀਏ ਕਿ ਸਹਿਣਸ਼ੀਲਤਾ ਅਤੇ ਸਹਿ-ਹੋਂਦ ਦੀ ਵਚਨਬੱਧਤਾ ਦੇ ਸੱਭਿਆਚਾਰ ਨੂੰ ਕਮਜ਼ੋਰ ਨਾ ਹੋਣ ਦਿੱਤਾ ਜਾਵੇ: ਨਕਵੀ
Posted On:
28 SEP 2021 4:42PM by PIB Chandigarh
ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਉਸ ਦੇਸ਼ ਵਿੱਚ ਜਬਰੀ ਧਰਮ ਪਰਿਵਰਤਨ ਕਿਸੇ ਵੀ ਧਰਮ ਦੇ ਵਿਸਥਾਰ ਅਤੇ ਆਸਥਾ ਦਾ ਪ੍ਰਮਾਣ ਨਹੀਂ ਹੋ ਸਕਦਾ, ਜਿੱਥੇ ਆਸਤਕ ਅਤੇ ਨਾਸਤਕ ਦੋਵੇਂ ਇਕੱਠੇ ਰਹਿੰਦੇ ਹਨ।
ਅੱਜ ਦੇਸ਼ ਭਰ ਦੇ ਈਸਾਈ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਨਾਲ ਗੱਲਬਾਤ ਕਰਦਿਆਂ, ਸ਼੍ਰੀ ਨਕਵੀ ਨੇ ਕਿਹਾ ਕਿ ਆਸਤਿਕ ਅਤੇ ਨਾਸਤਿਕ ਦੋਵਾਂ ਦੇ ਭਾਰਤ ਵਿੱਚ ਬਰਾਬਰ ਸੰਵਿਧਾਨਕ ਅਤੇ ਸਮਾਜਿਕ ਅਧਿਕਾਰ ਅਤੇ ਸੁਰੱਖਿਆ ਹੈ।
ਸ਼੍ਰੀ ਨਕਵੀ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨ, ਬੋਧੀ, ਪਾਰਸੀ, ਯਹੂਦੀ, ਬਹਾਈ ਅਤੇ ਦੁਨੀਆ ਦੇ ਲਗਭਗ ਸਾਰੇ ਹੋਰ ਧਰਮਾਂ ਦੇ ਆਸਤਿਕ ਭਾਰਤ ਵਿੱਚ ਰਹਿੰਦੇ ਹਨ, ਦੂਜੇ ਪਾਸੇ ਕਰੋੜਾਂ ਨਾਸਤਿਕ ਵੀ ਦੇਸ਼ ਵਿੱਚ ਬਰਾਬਰ ਸੰਵਿਧਾਨਕ ਅਤੇ ਸਮਾਜਿਕ ਅਧਿਕਾਰਾਂ ਨਾਲ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ, ਜਿੱਥੇ ਸਾਰੇ ਧਰਮਾਂ ਦੇ ਤਿਉਹਾਰ ਅਤੇ ਹੋਰ ਖੁਸ਼ੀ ਦੇ ਮੌਕੇ ਇਕੱਠੇ ਮਨਾਏ ਜਾਂਦੇ ਹਨ। ਸਾਨੂੰ ਇਸ ਸਾਂਝੀ ਸੱਭਿਆਚਾਰਕ ਵਿਰਾਸਤ ਅਤੇ ਸਹਿ-ਹੋਂਦ ਦੀ ਵਿਰਾਸਤ ਨੂੰ ਮਜ਼ਬੂਤ ਰੱਖਣ ਦੀ ਜਰੂਰਤ ਹੈ। ਏਕਤਾ ਅਤੇ ਸਦਭਾਵਨਾ ਦੇ ਇਸ ਤਾਣੇ -ਬਾਣੇ ਨੂੰ ਭੰਗ ਕਰਨ ਦੀ ਕੋਈ ਵੀ ਕੋਸ਼ਿਸ਼ ਭਾਰਤ ਦੀ ਆਤਮਾ ਨੂੰ ਠੇਸ ਪਹੁੰਚਾਏਗੀ।
ਮੰਤਰੀ ਨੇ ਕਿਹਾ ਕਿ ਦੁਨੀਆ ਦੇ ਲਗਭਗ ਸਾਰੇ ਧਰਮਾਂ ਦੇ ਪੈਰੋਕਾਰ ਭਾਰਤ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਧਾਰਮਿਕ, ਸਮਾਜਿਕ, ਆਰਥਿਕ, ਵਿਦਿਅਕ ਅਧਿਕਾਰਾਂ ਦੀ ਸੰਵਿਧਾਨਕ ਅਤੇ ਸਮਾਜਿਕ ਗਰੰਟੀ ਅਤੇ ਸੁਰੱਖਿਆ ਸਾਡੀ "ਅਨੇਕਤਾ ਵਿੱਚ ਏਕਤਾ" ਦੀ ਤਾਕਤ ਦੀ ਸੁੰਦਰਤਾ ਹੈ।
ਸ਼੍ਰੀ ਨਕਵੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਡੀ ਸਮੂਹਿਕ ਰਾਸ਼ਟਰੀ ਜ਼ਿੰਮੇਵਾਰੀ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਭਾਰਤ ਦੀ ਸਹਿਣਸ਼ੀਲਤਾ ਅਤੇ ਸਹਿ-ਹੋਂਦ ਦੀ ਵਚਨਬੱਧਤਾ ਦੇ ਸੱਭਿਆਚਾਰ ਨੂੰ ਕਿਸੇ ਵੀ ਹਾਲਤ ਵਿੱਚ ਕਮਜ਼ੋਰ ਨਾ ਹੋਣ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਧਾਰਮਿਕ ਕੱਟੜਤਾ ਅਤੇ ਅਸਹਿਣਸ਼ੀਲਤਾ ਭਾਰਤ ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾ ਸਕਦੀ, ਕਿਉਂਕਿ ਸਾਡਾ ਦੇਸ਼ ਵਿਸ਼ਵ ਦਾ ਅਧਿਆਤਮਕ-ਧਾਰਮਿਕ ਗਿਆਨ ਦਾ ਸਭ ਤੋਂ ਵੱਡਾ ਕੇਂਦਰ ਹੈ, ਅਤੇ "ਸਰਬ ਧਰਮ ਸੰਭਵ" ਅਤੇ "ਵਸੁਧੈਵ ਕੁਟੁੰਬਕਮ" ਲਈ ਪ੍ਰੇਰਨਾ ਦਾ ਸਰੋਤ ਵੀ ਹੈ।
ਘੱਟ ਗਿਣਤੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਜੌਹਨ ਬਰਾਲਾ; ਚੇਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ ਸਰਦਾਰ ਇਕਬਾਲ ਸਿੰਘ ਲਾਲਪੁਰਾ; ਸਕੱਤਰ, ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਸ਼੍ਰੀਮਤੀ ਰੇਣੁਕਾ ਕੁਮਾਰ; ਆਰਚ ਬਿਸ਼ਪ ਅਨਿਲ ਜੋਸੇਫ, ਬਿਸ਼ਪ ਸੁਬੋਧ ਸੀ ਮੰਡਲ ਅਤੇ ਧਾਰਮਿਕ, ਸਮਾਜਿਕ ਖੇਤਰ, ਦੇਸ਼ ਭਰ ਦੇ ਵਿੱਦਿਅਕ, ਸਿਹਤ ਅਤੇ ਕਲਾ ਅਤੇ ਸੱਭਿਆਚਾਰ ਖੇਤਰ ਦੇ ਹੋਰ ਪ੍ਰਮੁੱਖ ਲੋਕ ਇਸ ਮੌਕੇ ਮੌਜੂਦ ਸਨ।
*****
ਐੱਨ.ਏਓ/(ਮੋਮਾ ਰੀਲੀਜ਼)
(Release ID: 1759120)
Visitor Counter : 220