ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸੀਐੱਸਆਈਆਰ ਨੂੰ ਭਵਿੱਖਵਾਦੀ ਬਣਨ ਅਤੇ ਉੱਚਤਮ ਕ੍ਰਮ ਦੇ ਵਿਗਿਆਨ ਨੂੰ ਹੁਲਾਰਾ ਦੇਣ ਲਈ ਕਿਹਾ
ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਜਲਵਾਯੂ ਪਰਿਵਰਤਨ ਜਿਹੀਆਂ ਚੁਣੌਤੀਆਂ 'ਤੇ ਧਿਆਨ ਕੇਂਦਰਤ ਕਰਨ ਲਈ ਕਿਹਾ
ਉਪ ਰਾਸ਼ਟਰਪਤੀ ਨੇ ਹਰੇਕ ਸੀਐੱਸਆਈਆਰ ਪ੍ਰਯੋਗਸ਼ਾਲਾ ਨੂੰ ਨਵੇਂ ਖੋਜ ਪ੍ਰੋਜੈਕਟਾਂ ਲਈ ਰੋਡਮੈਪ ਤਿਆਰ ਕਰਨ ਦੀ ਤਾਕੀਦ ਕੀਤੀ
ਉਪ ਰਾਸ਼ਟਰਪਤੀ ਨੇ ਕੰਪਨੀਆਂ ਅਤੇ ਉਦਯੋਗਾਂ ਨੂੰ ਖੋਜ ਤੇ ਵਿਕਾਸ (ਆਰਐਂਡਡੀ) ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਦੀ ਤਾਕੀਦ ਕੀਤੀ
ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਦੀ ਅਗਵਾਈ ਕਰਨ ਲਈ ਵਿਗਿਆਨੀਆਂ, ਡਾਕਟਰਾਂ ਅਤੇ ਟੀਕਾ ਨਿਰਮਾਤਾਵਾਂ ਦੀ ਪ੍ਰਸ਼ੰਸਾ ਕੀਤੀ
ਉਪ ਰਾਸ਼ਟਰਪਤੀ ਨੇ ਸੀਐੱਸਆਈਆਰ ਦੇ 80ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ
Posted On:
26 SEP 2021 12:51PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਨੂੰ, ਆਪਣੇ ਆਪ ਨੂੰ ਇੱਕ ਨਵੇਂ ਅੰਦਾਜ਼ ਵਿੱਚ ਉਭਾਰਨ ਅਤੇ ਉੱਚਤਮ ਕ੍ਰਮ ਦੇ ਵਿਗਿਆਨ ਨੂੰ ਅੱਗੇ ਵਧਾਉਂਦੇ ਹੋਏ ਭਵਿੱਖਵਾਦੀ ਬਣਨ ਦੀ ਸਲਾਹ ਦਿੱਤੀ।
ਐਤਵਾਰ ਨੂੰ ਇੱਥੇ ਸੀਐੱਸਆਈਆਰ ਦੇ 80ਵੇਂ ਸਥਾਪਨਾ ਦਿਵਸ ਸਮਾਗਮਾਂ ਵਿੱਚ ਹਿੱਸਾ ਲੈਂਦੇ ਹੋਏ, ਉਨ੍ਹਾਂ ਕਿਹਾ ਕਿ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਅਤੇ ਸੰਸਥਾਵਾਂ ਉਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਜਿਨ੍ਹਾਂ ਲਈ ਲੰਬੇ ਸਮੇਂ ਦੇ ਵਿਗਿਆਨਕ ਅਤੇ ਤਕਨੀਕੀ ਸਮਾਧਾਨਾਂ ਦੀ ਜ਼ਰੂਰਤ ਹੋਵੇ। ਖਾਸ ਤੌਰ 'ਤੇ, ਸ਼੍ਰੀ ਨਾਇਡੂ ਨੇ ਕਿਹਾ ਕਿ ਸੀਐੱਸਆਈਆਰ ਖੇਤੀ ਖੋਜ ‘ਤੇ ਵਧੇਰੇ ਧਿਆਨ ਦੇਵੇ ਅਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਨਵੀਆਂ ਕਾਢਾਂ, ਤਕਨੀਕਾਂ ਅਤੇ ਸਮਾਧਾਨਾਂ ਦੇ ਨਾਲ ਅੱਗੇ ਆਵੇ। ਉਨ੍ਹਾਂ ਜਲਵਾਯੂ ਪਰਿਵਰਤਨ, ਦਵਾਈ-ਪ੍ਰਤੀਰੋਧ, ਪ੍ਰਦੂਸ਼ਣ, ਮਹਾਮਾਰੀ ਅਤੇ ਮਹਾਮਾਰੀ ਦੇ ਪ੍ਰਕੋਪ ਦਾ ਹਵਾਲਾ ਦਿੱਤਾ, ਜਿਨ੍ਹਾਂ ਚੁਣੌਤੀਆਂ ਬਾਰੇ ਵਿਗਿਆਨਕ ਭਾਈਚਾਰੇ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।
ਇਹ ਦੇਖਦਿਆਂ ਕਿ ਕੋਵਿਡ-19 ਮਹਾਮਾਰੀ ਸਿਰਫ਼ ਇੱਕ ਅਚਾਨਕ ਆਇਆ ਸੰਕਟ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹਨ, ਉਨ੍ਹਾਂ ਕਿਹਾ ਕਿ ਸੀਐੱਸਆਈਆਰ ਜਿਹੀਆਂ ਸੰਸਥਾਵਾਂ ਨੂੰ ਕਿਸੇ ਵੀ ਅਚਾਨਕ ਅਤੇ ਅਣਕਿਆਸੀ ਸਮੱਸਿਆ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ। ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ, “ਸੀਐੱਸਆਈਆਰ ਦੀ ਹਰੇਕ ਪ੍ਰਯੋਗਸ਼ਾਲਾ ਨੂੰ ਨਵੇਂ ਖੋਜ ਪ੍ਰੋਜੈਕਟਾਂ ਬਾਰੇ ਸਪਸ਼ਟ ਰੂਪਰੇਖਾ ਤਿਆਰ ਕਰਨੀ ਚਾਹੀਦੀ ਹੈ ਜੋ ਵਿਭਿੰਨ ਚੁਣੌਤੀਆਂ ਨਾਲ ਨਜਿੱਠਣ ਅਤੇ ਮਾਨਵਤਾ ਦੇ ਭਲੇ ਵਿੱਚ ਯੋਗਦਾਨ ਪਾਉਣ ਦਾ ਪ੍ਰਯਤਨ ਕਰਦੇ ਹਨ।”
ਇਹ ਦੱਸਦੇ ਹੋਏ ਕਿ ਭਾਰਤ ਨੇ ਪੁਲਾੜ, ਪਰਮਾਣੂ ਊਰਜਾ, ਮਹਾਸਾਗਰ ਵਿਗਿਆਨ ਜਾਂ ਰੱਖਿਆ ਖੋਜ ਵਿੱਚ ਵਿਗਿਆਨ ਦੀ ਦੁਨੀਆ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਉਨ੍ਹਾਂ ਕਿਹਾ ਕਿ ਜਿਵੇਂ ਕਿ ਦੇਸ਼ ਆਜ਼ਾਦੀ ਦਾ 75ਵਾਂ ਵਰ੍ਹਾ ਮਨਾ ਰਿਹਾ ਹੈ, ਇਹ ਦੇਖਣ ਦਾ ਢੁਕਵਾਂ ਸਮਾਂ ਹੈ ਕਿ ਅਸੀਂ ਚੱਲ ਰਹੇ ਵਿਕਾਸ ਕਾਰਜਾਂ ਨੂੰ ਕਿਵੇਂ ਗਤੀ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵਿਗਿਆਨ ਦਾ ਅੰਤਮ ਉਦੇਸ਼ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਅਤੇ ਉਨ੍ਹਾਂ ਦੇ ਜੀਵਨ ਨੂੰ ਅਰਾਮਦਾਇਕ ਬਣਾਉਣਾ ਹੋਣਾ ਚਾਹੀਦਾ ਹੈ।
ਇਹ ਦੇਖਦੇ ਹੋਏ ਕਿ ਕੁਝ ਮਾਪਦੰਡਾਂ ਅਤੇ ਸਰੋਤਾਂ ਦੇ ਅਧਾਰ ‘ਤੇ, ਖੋਜ ਪ੍ਰਕਾਸ਼ਨ ਦੇ ਮਾਮਲੇ ਵਿੱਚ ਭਾਰਤ ਨੂੰ ਦੁਨੀਆ ਵਿੱਚ ਤੀਸਰਾ ਸਥਾਨ ਮਿਲਿਆ ਸੀ, ਉਪ ਰਾਸ਼ਟਰਪਤੀ ਨੇ ਗਲੋਬਲ ਵਿਗਿਆਨਕ ਖੋਜ ਵਿੱਚ ਭਾਰਤ ਦੀ ਸਥਿਤੀ ਨੂੰ ਲਗਾਤਾਰ ਅੱਗੇ ਵਧਾਉਣ ਲਈ ਵਿਗਿਆਨੀਆਂ ਅਤੇ ਖੋਜਾਰਥੀਆਂ ਦੀ ਸ਼ਲਾਘਾ ਕੀਤੀ।
ਇਹ ਦੇਖਦੇ ਹੋਏ ਕਿ ਭਾਰਤ ਵਿੱਚ ਆਰਐਂਡਡੀ ਵਿੱਚ ਉਦਯੋਗਾਂ ਦੁਆਰਾ ਕੀਤਾ ਜਾ ਰਿਹਾ ਨਿਵੇਸ਼ ਬਹੁਤ ਨਿਗੂਣਾ ਹੈ, ਸ਼੍ਰੀ ਨਾਇਡੂ ਨੇ ਕਾਰਪੋਰੇਟਾਂ ਅਤੇ ਉਦਯੋਗਾਂ ਨੂੰ ਪ੍ਰਮੁੱਖ ਵਿਗਿਆਨਕ ਸੰਸਥਾਵਾਂ ਨਾਲ ਨੇੜਲੇ ਸਬੰਧ ਬਣਾਉਣ, ਮਹੱਤਵਪੂਰਣ ਖੋਜ ਤੇ ਵਿਕਾਸ (ਆਰਐਂਡਡੀ) ਪ੍ਰੋਜੈਕਟਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਵਿੱਚ ਨਿਵੇਸ਼ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ, “ਇਸ ਨਾਲ ਨਾ ਸਿਰਫ਼ ਫੰਡਾਂ ਨੂੰ ਹੁਲਾਰਾ ਮਿਲੇਗਾ ਬਲਕਿ ਗੁਣਵੱਤਾ ਅਤੇ ਇਨੋਵੇਸ਼ਨ ਦੋਵਾਂ ਵਿੱਚ ਵੀ ਸੁਧਾਰ ਹੋਵੇਗਾ।”
ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਵਿਗਿਆਨਕ ਅਤੇ ਤਕਨੀਕੀ ਤਰੱਕੀ ਦੇ ਬਾਵਜੂਦ ਕੋਵਿਡ-19 ਵਿਸ਼ਵ ‘ਤੇ ਭਾਰੂ ਹੋ ਗਿਆ ਹੈ, ਉਨ੍ਹਾਂ ਕਿਹਾ ਕਿ “ਵਾਇਰਸ ਨੇ ਦੁਨੀਆ ਨੂੰ ਭਿਆਨਕ ਵਿਸ਼ਾਣੂੰ ਨਾਲ ਲਪੇਟੇ ਵਿੱਚ ਲੈ ਲਿਆ ਹੈ, ਲੱਖਾਂ ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਅਤੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ।”
ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਧੀਰਜ ਅਤੇ ਦ੍ਰਿੜ੍ਹ ਇਰਾਦੇ ਨਾਲ ਰਾਸ਼ਟਰ ਦੀ ਲੜਾਈ ਦੀ ਅਗਵਾਈ ਕਰਨ ਲਈ ਵਿਗਿਆਨਕ ਅਤੇ ਮੈਡੀਕਲ ਭਾਈਚਾਰੇ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਕਿਹਾ ਕਿ ਸੀਐੱਸਆਈਆਰ ਦੇ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਸਮਾਧਾਨ ਵਿਕਸਿਤ ਕਰਨ ਲਈ ਅਣਥੱਕ ਮਿਹਨਤ ਕੀਤੀ - ਚਾਹੇ ਉਹ ਨਿਦਾਨ, ਟੀਕੇ, ਦਵਾਈਆਂ, ਅਸਥਾਈ ਹਸਪਤਾਲ ਅਤੇ ਮੈਡੀਕਲ ਸਹਾਇਕ ਉਪਕਰਣ ਹੋਣ।
ਇਹ ਦੱਸਦੇ ਹੋਏ ਕਿ ਭਾਰਤ ਵਿਸ਼ਵ ਵਿੱਚ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਚਲਾ ਰਿਹਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ “ਇਹ ਤੱਥ ਕਿ ਅਸੀਂ ਟੀਕੇ ਦੀਆਂ 85 ਕਰੋੜ ਖੁਰਾਕਾਂ ਦਿੱਤੀਆਂ ਹਨ, ਇੱਕ ਸ਼ਾਨਦਾਰ ਪ੍ਰਾਪਤੀ ਹੈ।” ਉਨ੍ਹਾਂ ਕਿਹਾ ਕਿ ਵੱਡੀ ਪੱਧਰ 'ਤੇ ਇਹ ਭਾਰਤ ਦੇ ਸਵਦੇਸ਼ੀ ਟੀਕੇ, ਕੋਵੈਕਸਿਨ ਅਤੇ ਭਾਰਤ ਵਿੱਚ ਨਿਰਮਿਤ ਕੋਵਿਸ਼ੀਲਡ ਜਿਹੇ ਹੋਰ ਟੀਕਿਆਂ ਦੀ ਸੁਵਿਧਾ ਨਾਲ ਸੰਭਵ ਹੋਇਆ। ਉਨ੍ਹਾਂ ਕਿਹਾ, “ਮੈਨੂੰ ਟੀਕਾ ਨਿਰਮਾਤਾਵਾਂ ਦੀ ਇਸ ਮੌਕੇ ਅੱਗੇ ਆਉਣ ਅਤੇ ਦੇਸ਼ ਵਿੱਚ ਟੀਕਿਆਂ ਦੀ ਵੱਡੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਧਾਉਣ ਲਈ ਸ਼ਲਾਘਾ ਕਰਨੀ ਚਾਹੀਦੀ ਹੈ।”
ਉਪ ਰਾਸ਼ਟਰਪਤੀ, ਜਿਨ੍ਹਾਂ ਨੇ ਯੰਗ ਸਾਇੰਟਿਸਟ ਅਵਾਰਡ ਪ੍ਰਦਾਨ ਕੀਤੇ, ਨੇ ਸਕੂਲੀ ਬੱਚਿਆਂ ਲਈ ਸੀਐੱਸਆਈਆਰ ਇਨੋਵੇਸ਼ਨ ਅਵਾਰਡ ਸਮੇਤ ਵਿਭਿੰਨ ਪੁਰਸਕਾਰਾਂ ਦੇ ਜੇਤੂਆਂ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਬੋਲਦਿਆਂ, ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੀਐੱਸਆਈਆਰ ਅਤੇ ਸਾਰੇ ਸਾਇੰਸ ਵਿਭਾਗਾਂ ਵਿੱਚ ਵਿਚਾਰ ਵਟਾਂਦਰਾ ਹੋਵੇ ਅਤੇ ਅਗਲੇ ਦਸ ਸਾਲਾਂ ਵਿੱਚ ਐੱਸਐਂਡਟੀ ਇਨੋਵੇਸ਼ਨਾਂ ਦਾ ਬਲਿਊ ਪ੍ਰਿੰਟ ਲਿਆਂਦਾ ਜਾਵੇ, ਜੇਕਰ ਸਾਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਹੋਣਾ ਹੈ। ਮੰਤਰੀ ਨੇ ਕਿਹਾ, "ਸਾਨੂੰ ਆਪਣੀ ਇੱਛਾ ਨੂੰ ਭਾਰਤ ਵਿੱਚ ਸਰਬੋਤਮ ਬਣਨ ਤੱਕ ਹੀ ਸੀਮਿਤ ਨਹੀਂ ਕਰਨਾ ਚਾਹੀਦਾ ਬਲਕਿ ਵਿਸ਼ਵ ਵਿੱਚ ਸਰਬੋਤਮ ਹੋਣਾ ਚਾਹੀਦਾ ਹੈ।” ਡਾਕਟਰ ਜਿਤੇਂਦਰ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਉਪਰ ਨੌਜਵਾਨਾਂ ਦੀ ਜਨਸੰਖਿਆ ਦੇ ਲਾਭਾਂ ਦੀ ਬਖਸ਼ਿਸ਼ ਹੈ ਅਤੇ ਉਹ ਸਹੀ ਟ੍ਰੇਨਿੰਗ ਅਤੇ ਪ੍ਰੇਰਣਾ ਨਾਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਕੂਲੀ ਬੱਚਿਆਂ ਲਈ ਸੀਐੱਸਆਈਆਰ ਇਨੋਵੇਸ਼ਨ ਅਵਾਰਡ ਦੇ ਜੇਤੂਆਂ ਵਿੱਚ ਇਨੋਵੇਸ਼ਨ ਦੀ ਸ਼ਕਤੀ ਨੂੰ ਦੇਖ ਕੇ ਸੱਚਮੁੱਚ ਬਹੁਤ ਖੁਸ਼ੀ ਹੋ ਰਹੀ ਹੈ, ਅਤੇ ਉਨ੍ਹਾਂ ਕਿਹਾ ਕਿ ਉਹ ਭਵਿੱਖ ਦੇ ਉੱਦਮੀ, ਉਦਯੋਗ ਦੇ ਲੀਡਰ, ਵਿਗਿਆਨੀ ਅਤੇ ਪ੍ਰੋਫੈਸਰ ਹੋਣਗੇ।
ਇਸ ਮੌਕੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਸ਼੍ਰੀ ਵਿਜੈ ਰਾਘਵਨ, ਡਾਇਰੈਕਟਰ-ਜਨਰਲ ਸੀਐੱਸਆਈਆਰ, ਸ਼ੇਖਰ ਸੀ ਮੰਡੇ ਅਤੇ ਸ਼੍ਰੀ ਅੰਜਨ ਰੇਅ, ਮੁਖੀ, ਸੀਐੱਸਆਈਆਰ-ਐੱਚਆਰਡੀਜੀ, ਸੀਨੀਅਰ ਵਿਗਿਆਨੀ, ਖੋਜਕਰਤਾ ਅਤੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਹਾਜ਼ਰ ਸਨ।
*********
ਐੱਮਐੱਸ/ਆਰਕੇ
(Release ID: 1758446)
Visitor Counter : 203