ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਤਿਉਹਾਰਾਂ ਦੌਰਾਨ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਦੀ ਮਹੱਤਤਾ ਬਾਰੇ ਸੁਨੇਹਿਆਂ ਨੂੰ ਵਧਾਉਣ ਦੀ ਲੋੜ 'ਤੇ ਸਮੁੱਚੇ ਦੇਸ਼ ਦੇ ਰੇਡੀਓ ਸਟੇਸ਼ਨਾਂ ਦੇ ਨਾਲ ਇੱਕ ਗੱਲਬਾਤ ਵਰਕਸ਼ਾਪ ਕਰਵਾਈ
ਤਿਉਹਾਰਾਂ ਦੇ ਸੀਜ਼ਨ ਦੌਰਾਨ ਕੋਵਿਡ ਸਬੰਧੀ ਪ੍ਰੋਟੋਕਾਲਾਂ ਦੇ ਨਾਲ ਵਿਆਪਕ ਟੀਕਾਕਰਣ ਦੀ ਸ਼ਲਾਘਾ ਕਰਨੀ ਚਾਹੀਦੀ ਹੈ: ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਲਵ ਅਗਰਵਾਲ
Posted On:
24 SEP 2021 7:37PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਯੂਨੀਸੈਫ ਦੀ ਭਾਈਵਾਲੀ ਨਾਲ ਆਲ ਇੰਡੀਆ ਰੇਡੀਓ, ਪ੍ਰਾਈਵੇਟ ਐੱਫਐੱਮਜ਼ ਅਤੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਨੁਮਾਇੰਦਿਆਂ ਲਈ ਆਗਾਮੀ ਤਿਉਹਾਰ ਦੇ ਸੀਜ਼ਨ ਦੌਰਾਨ ਕੋਵਿਡ ਦੇ ਢੁਕਵੇਂ ਵਿਵਹਾਰ (ਸੀਏਬੀ) ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਬਾਰੇ ਇੱਕ ਗੱਲਬਾਤ ਸੈਸ਼ਨ ਦੀ ਮੇਜ਼ਬਾਨੀ ਕੀਤੀ। ਇਸ ਸੈਸ਼ਨ ਵਿੱਚ ਭਾਰਤ ਭਰ ਦੇ ਰੇਡੀਓ ਪ੍ਰੋਗਰਾਮਾਂ ਦੇ ਪ੍ਰੋਗਰਾਮਿੰਗ ਅਤੇ ਪੇਸ਼ਕਾਰੀ ਵਿੱਚ ਸ਼ਾਮਲ ਲਗਭਗ 150 ਰੇਡੀਓ ਪ੍ਰਤੀਨਿਧੀ ਸ਼ਾਮਲ ਹੋਏ। ਇਨ੍ਹਾਂ ਰੇਡੀਓ ਸਟੇਸ਼ਨਾਂ ਦੀ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਲੈ ਕੇ ਦੇਸ਼ ਦੇ ਪੇਂਡੂ ਜਾਂ ਦੂਰ ਦੁਰਾਡੇ ਖੇਤਰਾਂ ਵਿੱਚ ਵੱਡੀ ਪਹੁੰਚ ਅਤੇ ਦਰਸ਼ਕਾਂ ਦੀ ਵਿਸ਼ਾਲ ਸ਼੍ਰੇਣੀ ਹੈ।
ਸੈਸ਼ਨ ਨੂੰ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਲਵ ਅਗਰਵਾਲ ਨੇ ਸੰਬੋਧਨ ਕੀਤਾ। ਆਪਣੇ ਮੁੱਖ ਭਾਸ਼ਣ ਵਿੱਚ, ਸ਼੍ਰੀ ਅਗਰਵਾਲ ਨੇ ਲੋਕ ਹਿੱਤ ਸੁਨੇਹੇ ਦੇਣ ਵਿੱਚ ਮਾਧਿਅਮ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਆਪਣੀ ਟੈਸਟ-ਟਰੈਕ-ਟ੍ਰੀਟ ਅਤੇ ਟੀਕਾਕਰਣ ਦੀ ਰਣਨੀਤੀ ਨੂੰ ਅੱਗੇ ਵਧਾਉਂਦੇ ਹੋਏ ਰਿਕਾਰਡ ਸਮੇਂ ਵਿੱਚ ਕੋਵਿਡ -19 ਦੇ ਮਾਮਲਿਆਂ ਨੂੰ ਸਫਲਤਾਪੂਰਵਕ ਕੰਟਰੋਲ ਕੀਤਾ ਹੈ। ਉਨ੍ਹਾਂ ਨੇ ਵਿਸ਼ਵ ਦੇ ਸਭ ਤੋਂ ਵੱਡੇ ਟੀਕਾਕਰਣ ਪ੍ਰੋਗਰਾਮ ਵਿੱਚ ਲੋਕਾਂ ਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ।
ਹਾਲਾਂਕਿ, ਉਨ੍ਹਾਂ ਚੇਤਾਵਨੀ ਦਿੱਤੀ ਕਿ ਕੋਵਿਡ -19 ਦੇ ਮਾਮਲੇ ਪੂਰੇ ਭਾਰਤ ਵਿੱਚ ਘੱਟ ਰਹੇ ਹਨ, ਪਰ ਵਾਇਰਸ ਅਜੇ ਵੀ ਆਲੇ ਦੁਆਲੇ ਹੈ ਅਤੇ ਇਸ ਪੜਾਅ 'ਤੇ ਕੋਈ ਵੀ ਲਾਪਰਵਾਹੀ ਇੱਕ ਹੋਰ ਉਛਾਲ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ, “ਦੇਸ਼ ਜਲਦੀ ਹੀ 100 ਕਰੋੜ ਟੀਕਾਕਰਣ ਦੇ ਇਤਿਹਾਸਕ ਮੁਕਾਮ 'ਤੇ ਪਹੁੰਚ ਜਾਵੇਗਾ। ਜਦੋਂ ਕਿ ਵਾਇਰਸ 'ਤੇ ਜਿੱਤ ਨਜ਼ਰ ਆ ਰਹੀ ਹੈ, ਅਸੀਂ ਕੋਵਿਡ ਨਾਲ ਥਕਾਵਟ ਦੇ ਕਾਰਨ ਇਸ ਮਿਹਨਤ ਨਾਲ ਪ੍ਰਾਪਤ ਕੀਤੀ ਜਿੱਤ ਨੂੰ ਸਾਡੇ ਹੱਥਾਂ ਤੋਂ ਖਿਸਕਣ ਨਹੀਂ ਦੇ ਸਕਦੇ। ਇਸ ਲਈ, ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਦੌਰਾਨ ਆਪਣੀ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਨਾ ਕਰਨ।” ਉਨ੍ਹਾਂ ਅੱਗੇ ਕਿਹਾ ਕਿ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਬਾਰੇ ਹੁੰਦੇ ਹਨ। ਸਾਨੂੰ ਕੋਵਿਡ ਅਨੁਕੂਲ ਵਿਵਹਾਰ ਨੂੰ ਕਾਇਮ ਰੱਖਦਿਆਂ ਕੋਵਿਡ ਮਹਾਮਾਰੀ ਦੀ ਬੁਰਾਈ ਨਾਲ ਲੜਨ ਦੀ ਲੋੜ ਹੈ।
ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਜਨਤਕ ਹਿੱਤਾਂ ਦੇ ਸੁਨੇਹਿਆਂ ਜਿਵੇਂ ਕਿ ਟੀਕਿਆਂ ਦੀਆਂ ਦੋਵਾਂ ਖੁਰਾਕਾਂ ਦੀ ਮਹੱਤਤਾ, ਅਤੇ ਵਾਇਰਸ ਵਿਰੁੱਧ ਦੇਸ਼ ਦੀ ਸਮੂਹਿਕ ਲੜਾਈ ਵਿੱਚ ਤਿਉਹਾਰਾਂ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਲੋੜ ਆਦਿ ਨੂੰ ਵਧਾਉਣ ਲਈ ਕਿਹਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਭਾਗੀਦਾਰਾਂ ਨੂੰ ਮਾਹਰਾਂ ਦੇ ਨਾਲ ਨਾਲ ਭਾਈਚਾਰੇ ਨੂੰ ਸ਼ਾਮਲ ਕਰਕੇ ਨਵੀਨਤਾਕਾਰੀ ਪ੍ਰੋਗਰਾਮ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਯੂਨੀਸੈਫ਼ ਦੇ ਸੀਨੀਅਰ ਅਧਿਕਾਰੀ ਵੀ ਇਸ ਸੈਸ਼ਨ ਵਿੱਚ ਸ਼ਾਮਲ ਹੋਏ।
****
ਐੱਮਵੀ/ਏਐੱਲ/ਜੀਐੱਸ
ਐੱਚਐੱਫਡਬਲਿਊ / ਰੇਡੀਓ ਸਟੇਸ਼ਨਾਂ ਦੇ ਨਾਲ ਵਰਕਸ਼ਾਪ / 24 ਸਤੰਬਰ 2021
(Release ID: 1757900)
Visitor Counter : 217