ਰਾਸ਼ਟਰਪਤੀ ਸਕੱਤਰੇਤ
ਵਿਦਿਆਰਥੀ ਦੀਆਂ ਪੁਸ਼ਤੈਨੀ ਪ੍ਰਤਿਭਾਵਾਂ ਦਾ ਸੁਮੇਲ ਕਰਨਾ ਅਧਿਆਪਕਾਂ ਦੀ ਮੁੱਖ ਜ਼ਿੰਮੇਵਾਰੀ; ਇੱਕ ਚੰਗਾ ਅਧਿਆਪਕ ਸ਼ਖ਼ਸੀਅਤ–ਨਿਰਮਾਤਾ, ਸਮਾਜ–ਨਿਰਮਾਤਾ ਤੇ ਰਾਸ਼ਟਰ–ਨਿਰਮਾਤਾ ਹੁੰਦਾ ਹੈ: ਰਾਸ਼ਟਰਪਤੀ ਕੋਵਿੰਦ
ਰਾਸ਼ਟਰਪਤੀ ਕੋਵਿੰਦ ਨੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਦਿੱਤੇ
Posted On:
05 SEP 2021 12:02PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀ ਅੰਦਰਲੀ ਪ੍ਰਤਿਭਾ ਦੇ ਸੰਯੋਜਨ ਦੀ ਮੁਢਲੀ ਜ਼ਿੰਮੇਵਾਰੀ ਅਧਿਆਪਕਾਂ ਦੀ ਹੁੰਦੀ ਹੈ; ਇੱਕ ਵਧੀਆ ਅਧਿਆਪਕ, ਸ਼ਖ਼ਸੀਅਤ–ਨਿਰਮਾਤਾ, ਸਮਾਜ–ਨਿਰਮਾਤਾ ਤੇ ਰਾਸ਼ਟਰ–ਨਿਰਮਾਤਾ ਹੁੰਦਾ ਹੈ। ਉਹ ਅਧਿਆਪਕ ਦਿਵਸ ਮੌਕੇ ਅੱਜ (5 ਸਤੰਬਰ, 2021) ਵਰਚੁਅਲ ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸਮਾਰੋਹ ’ਚ ਦੇਸ਼ ਭਰ ਦੇ 44 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਰਾਸ਼ਟਰਪਤੀ ਨੇ ਪੁਰਸਕਾਰ ਹਾਸਲ ਕਰਨ ਵਾਲੇ ਸਾਰੇ ਅਧਿਆਪਕਾਂ ਨੂੰ ਉਨ੍ਹਾਂ ਦੇ ਖ਼ਾਸ ਯੋਗਦਾਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਅਧਿਆਪਕ, ਉਨ੍ਹਾਂ ਦੇ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ ਕਿ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸਾਡੇ ਯੋਗ ਅਧਿਆਪਕਾਂ ਦੇ ਹੱਥਾਂ ’ਚ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੇ ਜੀਵਨ ਵਿੱਚ ਅਧਿਆਪਕਾਂ ਦਾ ਅਹਿਮ ਸਥਾਨ ਹੁੰਦਾ ਹੈ। ਲੋਕ ਆਪਣੈ ਅਧਿਆਪਕਾਂ ਨੂੰ ਜੀਵਨ ਭਰ ਚੇਤੇ ਕਰਦੇ ਹਨ। ਜੋ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਪਿਆਰ ਤੇ ਸਮਰਪਣ ਨਾਲ ਮਾਰਗ–ਦਰਸ਼ਨ ਕਰਦੇ ਹਨ, ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਤੋਂ ਸਦਾ ਸਨਮਾਨ ਮਿਲਦਾ ਹੈ।
ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਲਪਨਾ ਕਰਨ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਹੁਨਰ ਹਾਸਲ ਕਰਨ ਹਿਤ ਪ੍ਰੇਰਿਤ ਕਰਨ ਅਤੇ ਸਮਰੱਥ ਬਣਾਉਣ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਵਿੱਚ ਪੜ੍ਹਾਈ ਵਿੱਚ ਦਿਲਚਸਪੀ ਪੈਦਾ ਕਰਨ। ਸੰਵੇਦਨਸ਼ੀਲ ਅਧਿਆਪਕ ਆਪਣੇ ਵਿਵਹਾਰ, ਆਚਰਣ ਅਤੇ ਅਧਿਆਪਨ ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਇੱਕ ਨਵੀਂ ਅਤੇ ਬਿਹਤਰ ਸ਼ਕਲ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਹਰੇਕ ਵਿਦਿਆਰਥੀ ਦੀਆਂ ਵੱਖੋ–ਵੱਖਰੀਆਂ ਯੋਗਤਾਵਾਂ, ਪ੍ਰਤਿਭਾਵਾਂ, ਮਨੋਵਿਗਿਆਨ ਅਤੇ ਸਮਾਜਿਕ ਪਿਛੋਕੜ ਹੁੰਦੇ ਹਨ। ਸਰਬਪੱਖੀ ਵਿਕਾਸ ਲਈ ਹਰੇਕ ਬੱਚੇ ਦੀਆਂ ਵਿਸ਼ੇਸ਼ ਜ਼ਰੂਰਤਾਂ, ਰੁਚੀਆਂ ਅਤੇ ਯੋਗਤਾਵਾਂ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਡੇਢ ਸਾਲਾਂ ਤੋਂ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਸੰਕਟ ਵਿੱਚੋਂ ਲੰਘ ਰਿਹਾ ਹੈ। ਸਾਰੇ ਸਕੂਲ ਅਤੇ ਕਾਲਜ ਬੰਦ ਹੋਣ ਤੋਂ ਬਾਅਦ ਵੀ ਅਧਿਆਪਕਾਂ ਨੇ ਬੱਚਿਆਂ ਦੀ ਪੜ੍ਹਾਈ ਬੰਦ ਨਹੀਂ ਹੋਣ ਦਿੱਤੀ। ਅਧਿਆਪਕਾਂ ਨੇ ਬਹੁਤ ਘੱਟ ਸਮੇਂ ਵਿੱਚ ਡਿਜੀਟਲ ਪਲੈਟਫਾਰਮ ਦੀ ਵਰਤੋਂ ਕਰਨੀ ਸਿੱਖੀ ਅਤੇ ਅਧਿਆਪਨ ਪ੍ਰਕਿਰਿਆ ਨੂੰ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਕੁਝ ਅਧਿਆਪਕਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਕੂਲਾਂ ਵਿੱਚ ਸ਼ਾਨਦਾਰ ਬੁਨਿਆਦੀ ਢਾਂਚਾ ਵਿਕਸਤ ਕੀਤਾ ਹੈ। ਉਨ੍ਹਾਂ ਨੇ ਅਜਿਹੇ ਸਮਰਪਿਤ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਸਮੁੱਚਾ ਅਧਿਆਪਕ ਭਾਈਚਾਰਾ ਬਦਲਦੇ ਹਾਲਾਤ ਅਨੁਸਾਰ ਆਪਣੀ ਅਧਿਆਪਨ ਵਿਧੀ ਨੂੰ ਬਦਲਦਾ ਰਹੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਬਾਰੇ ਰਾਸ਼ਟਰੀ ਨੀਤੀ, ਜੋ ਪਿਛਲੇ ਸਾਲ ਲਾਗੂ ਕੀਤੀ ਗਈ ਸੀ, ਨੇ ਭਾਰਤ ਨੂੰ ਇੱਕ ਵਿਸ਼ਵਵਿਆਪੀ ਗਿਆਨ ਮਹਾ–ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਦਾ ਉਦੇਸ਼ਮੁਖੀ ਟੀਚਾ ਰੱਖਿਆ ਹੈ। ਸਾਨੂੰ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦੇਣੀ ਪਵੇਗੀ, ਜੋ ਗਿਆਨ ਦੇ ਅਧਾਰ ’ਤੇ ਇੱਕ ਨਿਆਂਪੂਰਨ ਸਮਾਜ ਦੀ ਉਸਾਰੀ ਵਿੱਚ ਸਹਾਇਕ ਹੋਵੇ। ਸਾਡੀ ਸਿੱਖਿਆ ਪ੍ਰਣਾਲੀ ਅਜਿਹੀ ਹੋਣੀ ਚਾਹੀਦੀ ਹੈ ਕਿ ਵਿਦਿਆਰਥੀ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਬੁਨਿਆਦੀ ਫਰਜ਼ਾਂ ਪ੍ਰਤੀ ਵਚਨਬੱਧਤਾ ਵਿਕਸਿਤ ਕਰਨ, ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਅਤੇ ਬਦਲਦੇ ਆਲਮੀ ਦ੍ਰਿਸ਼ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕ ਕਰਨ।
ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰਾਲੇ ਨੇ ਅਧਿਆਪਕਾਂ ਨੂੰ ਸਮਰੱਥ ਬਣਾਉਣ ਲਈ ਕੁਝ ਮਹੱਤਵਪੂਰਨ ਕਦਮ ਚੁੱਕੇ ਹਨ। ਮੰਤਰਾਲੇ ਨੇ 'ਨਿਸ਼ਠਾ' ਨਾਮ ਦਾ ਏਕੀਕ੍ਰਿਤ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਅਧੀਨ ਅਧਿਆਪਕਾਂ ਲਈ 'ਔਨਲਾਈਨ ਸਮਰੱਥਾ ਨਿਰਮਾਣ' ਲਈ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, 'ਪ੍ਰਗਤੀ' (ਭਾਵ ਪਿਛਲੇ ਸਾਲ ਜਾਰੀ ਕੀਤੀ ਗਈ ਡਿਜੀਟਲ ਸਿੱਖਿਆ ਬਾਰੇ ਦਿਸ਼ਾ ਨਿਰਦੇਸ਼) ਕੋਵਿਡ ਮਹਾਮਾਰੀ ਦੇ ਸੰਕਟ ਦੇ ਦੌਰਾਨ ਵੀ ਸਿੱਖਿਆ ਦੀ ਗਤੀ ਨੂੰ ਜਾਰੀ ਰੱਖਣ ਲਈ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਮੁਸ਼ਕਲ ਹਾਲਾਤ ਵਿੱਚ ਵੀ ਨਵੇਂ ਰਾਹ ਲੱਭਣ ਲਈ ਕੇਂਦਰੀ ਸਿੱਖਿਆ ਮੰਤਰਾਲੇ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ।
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸੁਆਗਤੀ ਭਾਸ਼ਣ ਦਿੱਤਾ, ਜਦੋਂ ਕਿ ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਨੇ ਧੰਨਵਾਦ ਦਾ ਮਤਾ ਰੱਖਿਆ।
ਅੱਜ ਸਵੇਰੇ ਰਾਸ਼ਟਰਪਤੀ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਅਰਪਿਤ ਕੀਤੀ। ਰਾਸ਼ਟਰਪਤੀ ਅਤੇ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਨੇ ਰਾਸ਼ਟਰਪਤੀ ਭਵਨ ਵਿਖੇ ਡਾ: ਰਾਧਾਕ੍ਰਿਸ਼ਨਨ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ’ਚ ਦੇਖਣ ਲਈ ਇੱਥੇ ਕਲਿੱਕ ਕਰੋ
***********
ਡੀਐੱਸ/ਬੀਐੱਮ
(Release ID: 1752336)
Visitor Counter : 327