ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਭਾਰਤੀ ਭਾਸ਼ਾਵਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੇ ਇਨੋਵੇਟਿਵ ਤਰੀਕੇ ਅਪਣਾਉਣ ਦਾ ਸੱਦਾ ਦਿੱਤਾ
ਲੋਕਾਂ ਨੂੰ ਆਪਣੀ ਮਾਂ ਬੋਲੀ ਬੋਲਣ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਬੱਚਿਆਂ ਵਿੱਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰੋ; ਖੇਡਾਂ ਅਤੇ ਗਤੀਵਿਧੀਆਂ ਦੁਆਰਾ ਭਾਸ਼ਾ ਦੀ ਸੂਖਮਤਾ ਸਿਖਾਓ: ਉਪ ਰਾਸ਼ਟਰਪਤੀ
‘ਭਾਸ਼ਾ ਸੰਚਾਰ ਦੇ ਇੱਕ ਮਾਧਿਅਮ ਤੋਂ ਕਿਤੇ ਵੱਧ ਹੈ; ਇਹ ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਦਰਮਿਆਨ ਅਦਿੱਖ ਸੂਤਰ ਹੈ'
ਕਾਰਪੋਰੇਟ ਸੈਕਟਰ ਨੂੰ ਭਾਰਤ ਨੂੰ ਇੱਕ ਪ੍ਰਮੁੱਖ ਖੇਡ ਸ਼ਕਤੀ ਬਣਾਉਣ ਦੇ ਸਰਕਾਰੀ ਪ੍ਰਯਤਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ: ਸ਼੍ਰੀ ਨਾਇਡੂ
ਉਪ ਰਾਸ਼ਟਰਪਤੀ ਨੇ ਤੇਲੁਗੂ ਭਾਸ਼ਾ ਦਿਵਸ ਦੇ ਸਮਾਰੋਹ ਨੂੰ ਵਰਚੁਅਲੀ ਸੰਬੋਧਨ ਕੀਤਾ
Posted On:
29 AUG 2021 2:32PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਬਦਲਦੇ ਸਮੇਂ ਦੇ ਅਨੁਕੂਲ ਬਣਾਉਣ ਦੇ ਇਨੋਵੇਟਿਵ ਤਰੀਕੇ ਸੁਝਾਉਣ ਦਾ ਸੱਦਾ ਦਿੱਤਾ। ਇਹ ਦੇਖਦੇ ਹੋਏ ਕਿ ਭਾਸ਼ਾ ਇੱਕ ਸਥਿਰ ਧਾਰਣਾ ਨਹੀਂ ਹੈ, ਉਨ੍ਹਾਂ ਨੇ ਭਾਸ਼ਾਵਾਂ ਨੂੰ ਸਮ੍ਰਿੱਧ ਬਣਾਉਣ ਲਈ ਇੱਕ ਗਤੀਸ਼ੀਲ ਅਤੇ ਕਿਰਿਆਸ਼ੀਲ ਪਹੁੰਚ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਭਾਸ਼ਾ ਦੇ ‘ਜੀਵਤ ਸੱਭਿਆਚਾਰ’ ਨੂੰ ਸੰਭਾਲਣ ਲਈ ਲੋਕ ਲਹਿਰ ਦੀ ਲੋੜ ਹੈ। ਉਨ੍ਹਾਂ ਇਸ ਗੱਲ 'ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਸੱਭਿਆਚਾਰਕ ਅਤੇ ਭਾਸ਼ਾਈ ਪੁਨਰਜਾਗਰਣ ਨੂੰ ਲੋਕਾਂ ਦਾ ਵੱਧ ਤੋਂ ਵੱਧ ਸਮਰਥਨ ਮਿਲ ਰਿਹਾ ਹੈ।
ਲੋਕਾਂ ਨੂੰ ਆਪਣੀ ਮਾਂ ਬੋਲੀ ਬੋਲਣ 'ਤੇ ਮਾਣ ਕਰਨ ਦੀ ਤਾਕੀਦ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਭਾਰਤੀ ਭਾਸ਼ਾਵਾਂ ਦੀ ਵਰਤੋਂ ਵਿੱਚ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ।
ਅੱਜ ਵੀਧੀ ਅਰੁਗੂ (VeedhiArugu) ਅਤੇ ਦੱਖਣੀ ਅਫਰੀਕੀ ਤੇਲੁਗੂ ਕਮਿਊਨਿਟੀ (ਐੱਸਏਟੀਸੀ) ਦੁਆਰਾ ਆਯੋਜਿਤ 'ਤੇਲੁਗੂ ਭਾਸ਼ਾ ਦਿਵਸ' ਦੇ ਮੌਕੇ 'ਤੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਤੇਲੁਗੂ ਸੈਂਕੜੇ ਵਰ੍ਹਿਆਂ ਦੇ ਸਮ੍ਰਿੱਧ ਸਾਹਿਤਕ ਇਤਿਹਾਸ ਵਾਲੀ ਇੱਕ ਪ੍ਰਾਚੀਨ ਭਾਸ਼ਾ ਹੈ ਅਤੇ ਇਸਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਸਿਰਿਓਂ ਪ੍ਰਯਤਨ ਕਰਨ ਦੀ ਲੋੜ ਹੈ।
ਇਸ ਮੌਕੇ 'ਤੇ, ਸ਼੍ਰੀ ਨਾਇਡੂ ਨੇ ਤੇਲੁਗੂ ਲੇਖਕ ਅਤੇ ਭਾਸ਼ਾ ਵਿਗਿਆਨੀ, ਸ਼੍ਰੀ ਗਿਡੁਗੂ ਵੈਂਕਟ ਰਾਮਾਮੂਰਤੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦਾ ਜਨਮਦਿਨ ਹਰ ਵਰ੍ਹੇ ‘ਤੇਲੁਗੂ ਭਾਸ਼ਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਤੇਲੁਗੂ ਸਾਹਿਤ ਨੂੰ ਆਮ ਲੋਕਾਂ ਲਈ ਸਮਝਣਯੋਗ ਬਣਾਉਣ ਲਈ ਇੱਕ ਭਾਸ਼ਾ ਅੰਦੋਲਨ ਦੀ ਅਗਵਾਈ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਸਾਹਿਤਕ ਪ੍ਰਤੀਕ ਦੀ ਸ਼ਲਾਘਾ ਕੀਤੀ।
ਉਪ ਰਾਸ਼ਟਰਪਤੀ ਨੇ ਭਾਰਤੀ ਭਾਸ਼ਾਵਾਂ ਦੀ ਵਰਤੋਂ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਕੁਝ ਉਪਾਵਾਂ ਨੂੰ ਸੂਚੀਬੱਧ ਕਰਦੇ ਹੋਏ, ਪ੍ਰਸ਼ਾਸਨ ਵਿੱਚ ਸਥਾਨਕ ਭਾਸ਼ਾਵਾਂ ਦੀ ਵਰਤੋਂ, ਬੱਚਿਆਂ ਵਿੱਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਅਤੇ ਕਸਬਿਆਂ ਅਤੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਸਾਹਿਤਕ ਰਚਨਾਵਾਂ ਦਾ ਅਨੁਵਾਦ ਕਰਨ ਲਈ ਹੋਰ ਪਹਿਲਾਂ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਖੇਡਾਂ ਅਤੇ ਗਤੀਵਿਧੀਆਂ ਜ਼ਰੀਏ ਬੱਚਿਆਂ ਨੂੰ ਸਰਲ ਤਰੀਕੇ ਨਾਲ ਭਾਸ਼ਾ ਦੀ ਸੂਖਮਤਾ ਸਿਖਾਉਣ ਦੀ ਲੋੜ ਜਤਾਈ।
ਇਹ ਦੇਖਦੇ ਹੋਏ ਕਿ ਭਾਸ਼ਾ ਅਤੇ ਸੱਭਿਆਚਾਰ ਦਾ ਆਪਸ ਵਿੱਚ ਗਹਿਰਾ ਜੁੜਾਵ ਹੈ, ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਭਾਸ਼ਾ ਨੂੰ ਸਾਡੀਆਂ ਜੜ੍ਹਾਂ ਨਾਲ ਜੋੜਨ ਦੇ ਸਾਧਨ ਵਜੋਂ ਵਰਤਣ। ਉਨ੍ਹਾਂ ਕਿਹਾ, “ਭਾਸ਼ਾ ਸੰਚਾਰ ਦੇ ਇੱਕ ਮਾਧਿਅਮ ਤੋਂ ਕਿਤੇ ਜ਼ਿਆਦਾ ਹੈ, ਇਹ ਅਦਿੱਖ ਸੂਤਰ ਹੈ ਜੋ ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਜੋੜਦਾ ਹੈ।”
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਸ਼ਾ ਸਿਰਫ ਸਾਡੀ ਪਹਿਚਾਣ ਦਾ ਇੱਕ ਚਿੰਨ੍ਹ ਹੀ ਨਹੀਂ ਹੈ, ਸਗੋਂ ਇਹ ਸਾਡੇ ਆਤਮਵਿਸ਼ਵਾਸ ਨੂੰ ਵੀ ਵਧਾਉਂਦੀ ਹੈ। ਇਸ ਦੇ ਲਈ, ਉਪ ਰਾਸ਼ਟਰਪਤੀ ਨੇ ਰਾਸ਼ਟਰੀ ਵਿੱਦਿਅਕ ਨੀਤੀ, 2020 ਦੇ ਅਨੁਸਾਰ ਪ੍ਰਾਇਮਰੀ ਸਿੱਖਿਆ ਨੂੰ ਆਪਣੀ ਮਾਤ ਭਾਸ਼ਾ ਵਿੱਚ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਖੀਰ ਵਿੱਚ ਇਸ ਨੂੰ ਉੱਚ ਅਤੇ ਤਕਨੀਕੀ ਸਿੱਖਿਆ ਤੱਕ ਲਾਗੂ ਕੀਤਾ ਜਾਵੇ। ਸ਼੍ਰੀ ਨਾਇਡੂ ਨੇ ਵਿਆਪਕ ਪਹੁੰਚ ਦੀ ਸੁਵਿਧਾ ਲਈ ਭਾਰਤੀ ਭਾਸ਼ਾਵਾਂ ਵਿੱਚ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਵਿੱਚ ਸੁਧਾਰ ਕਰਨ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਕਿਹਾ “ਇਹ ਆਤਮ-ਵਿਸ਼ਵਾਸ ਆਤਮਨਿਰਭਰਤਾ ਵੱਲ ਲੈ ਜਾਵੇਗਾ ਅਤੇ ਹੌਲ਼ੀ-ਹੌਲ਼ੀ ਆਤਮਨਿਰਭਰ ਭਾਰਤ ਦਾ ਰਾਹ ਪੱਧਰਾ ਕਰੇਗਾ।”
ਅੰਤ ਵਿੱਚ, ਸ਼੍ਰੀ ਨਾਇਡੂ ਨੇ ਕਿਹਾ ਕਿ ਮਾਂ ਬੋਲੀ ਨੂੰ ਮਹੱਤਵ ਦੇਣ ਦਾ ਮਤਲਬ ਦੂਸਰੀਆਂ ਭਾਸ਼ਾਵਾਂ ਦੀ ਅਣਦੇਖੀ ਨਹੀਂ ਹੈ। ਇਸ ਧਾਰਨਾ ਨੂੰ ਰੱਦ ਕਰਦਿਆਂ ਕਿ ਕੋਈ ਵਿਅਕਤੀ ਜੀਵਨ ਵਿੱਚ ਸਫਲਤਾ ਤਾਂ ਹੀ ਪ੍ਰਾਪਤ ਕਰ ਸਕਦਾ ਹੈ ਜੇਕਰ ਉਹ ਅੰਗਰੇਜ਼ੀ ਵਿੱਚ ਪੜ੍ਹਾਈ ਕਰੇ, ਉਨ੍ਹਾਂ ਆਪਣੀ ਅਤੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਦੇ ਚੀਫ ਜਸਟਿਸ, ਸ਼੍ਰੀ ਐੱਨ ਵੀ ਰਮਨਾ ਦੀ ਉਦਾਹਰਣ ਦਿੱਤੀ ਕਿ ਚਾਰਾਂ ਨੇ ਆਪਣੀ-ਆਪਣੀ ਮਾਂ-ਬੋਲੀ ਵਿੱਚ ਸਕੂਲ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਫਿਰ ਵੀ ਬਹੁਤ ਉੱਚ ਸੰਵਿਧਾਨਕ ਅਹੁਦਿਆਂ 'ਤੇ ਬਿਰਾਜਮਾਨ ਹੋਏ।
ਉਨ੍ਹਾਂ ਸੁਝਾਅ ਦਿੱਤਾ ਕਿ ਬੱਚਿਆਂ ਨੂੰ ਆਪਣੀ ਮਾਂ ਬੋਲੀ ਵਿੱਚ ਮਜ਼ਬੂਤ ਨੀਂਹ ਦੇ ਨਾਲ ਨਾਲ, ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਲਈ ਉਤਸ਼ਾਹਿਤ ਕੀਤਾ ਜਾਵੇ।
ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਾਰਪੋਰੇਟ ਸੈਕਟਰ ਸਮੇਤ ਸਾਰੇ ਹਿਤਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਿੰਨ ਪੱਧਰਾਂ 'ਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਭਾਰਤ ਨੂੰ ਇੱਕ ਵੱਡੀ ਖੇਡ ਸ਼ਕਤੀ ਬਣਾਉਣ ਲਈ ਸਹੀ ਵਾਤਾਵਰਣ ਪ੍ਰਣਾਲੀ ਬਣਾਉਣ ਵਿੱਚ ਸਰਕਾਰ ਦੇ ਪ੍ਰਯਤਨਾਂ ਦਾ ਸਮਰਥਨ ਕਰਨ।
ਉਨ੍ਹਾਂ ਨੇ ਭਾਵਿਨਾ ਪਟੇਲ ਨੂੰ ਟੋਕੀਓ ਪੈਰਾਲੰਪਿਕ 2020 ਵਿੱਚ ਟੇਬਲ ਟੈਨਿਸ ਮਹਿਲਾ ਸਿੰਗਲਸ ਕਲਾਸ 4 ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ਲਈ ਵਧਾਈ ਵੀ ਦਿੱਤੀ।
ਸ਼੍ਰੀ ਜੀ ਸਤੀਸ਼ ਰੈੱਡੀ, ਚੇਅਰਮੈਨ, ਡੀਆਰਡੀਓ, ਸ਼੍ਰੀ ਵਾਈ ਵੀ ਸੁਬਾ ਰੈੱਡੀ, ਚੇਅਰਮੈਨ, ਤਿਰੂਮਲਾ ਤਿਰੂਪਤੀ ਦੇਵਾਸਥਾਨਮ, ਸ਼੍ਰੀ ਵਿਕਰਮ ਪੇਟਲੁਰੀ, ਸੰਸਥਾਪਕ ਪ੍ਰਧਾਨ, ਦੱਖਣੀ ਅਫ਼ਰੀਕੀ ਤੇਲੁਗੂ ਕਮਿਊਨਿਟੀ (ਐੱਸਏਟੀਸੀ), ਸ਼੍ਰੀ ਵੈਂਕਟ ਥਰੀਗੋਪੁਲਾ, ਸੰਸਥਾਪਕ ਪ੍ਰਧਾਨ, ਵੀਧੀ ਅਰੂਗੂ, ਦੁਨੀਆ ਭਰ ਦੇ ਭਾਸ਼ਾ ਵਿਗਿਆਨੀਆਂ, ਕਵੀਆਂ ਅਤੇ ਕਲਾਕਾਰਾਂ ਅਤੇ ਹੋਰਨਾਂ ਨੇ ਇਸ ਔਨਲਾਈਨ ਈਵੈਂਟ ਵਿੱਚ ਵਰਚੁਅਲੀ ਹਿੱਸਾ ਲਿਆ।
**********
ਐੱਮਐੱਸ/ਆਰਕੇ/ਡੀਪੀ
(Release ID: 1750285)
Visitor Counter : 224