ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸੁਝਾਇਆ ਕਿ ਚੁਣੇ ਪ੍ਰਤੀਨਿਧੀਆਂ ਨੂੰ ਆਪਣਾ ਰਿਪੋਰਟ ਕਾਰਡ ਹਰ ਸਾਲ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਉਪ ਰਾਸ਼ਟਰਪਤੀ ਨੂੰ ‘ਰੀਫ਼ਲੈਕਟਿੰਗ, ਰੀਕਲੈਕਟਿੰਗ, ਰੀਕਨੈਕਟਿੰਗ’ ਨਾਮ ਦੀ ਪੁਸਤਕ ਭੇਟ ਕੀਤੀ
ਇਸ ਪੁਸਤਕ ’ਚ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਦੇ ਚੌਥੇ ਸਾਲ ਦੀਆਂ ਸਰਕਾਰੀ ਗਤੀਵਿਧੀਆਂ ਦੇ ਵੇਰਵੇ
Posted On:
27 AUG 2021 5:55PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ, ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਉਪ–ਰਾਸ਼ਟਰਪਤੀ ਨਿਵਾਸ ’ਚ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੂੰ ‘ਰੀਫ਼ਲੈਕਟਿੰਗ, ਰੀਕਲੈਕਟਿੰਗ, ਰੀਕਨੈਕਟਿੰਗ’ ਨਾਮ ਦੀ ਪੁਸਤਕ ਦੀ ਪਹਿਲੀ ਕਾਪੀ ਭੇਟ ਕੀਤੀ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਪਬਲੀਕੇਸ਼ਨਸ ਡਿਵੀਜ਼ਨ ਦੁਆਰਾ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਉਪ ਰਾਸ਼ਟਰਪਤੀ ਦੇ ਚੌਥੇ ਸਾਲ ਦੀਆਂ ਸਰਕਾਰੀ ਗਤੀਵਿਧੀਆਂ ਦੇ ਵੇਰਵੇ ਦਰਜ ਹਨ।
ਇਹ ਪੁਸਤਕ ਪ੍ਰਾਪਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਹਿਹ ਪੁਸਤਕ ਲੋਕਾਂ ਲਈ ਇੱਕ ਰਿਪੋਰਟ ਕਾਰਡ ਵਾਂਗ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਹੁਦਿਆਂ ’ਤੇ ਡਿਊਟੀਆਂ ਦੇ ਰਹੇ ਅਧਿਕਾਰੀਆਂ ਤੇ ਚੁਣੇ ਗਏ ਨੁਮਾਇੰਦਿਆਂ ਨੂੰ ਹਰ ਸਾਲ ਆਪਣੇ ਦੁਆਰਾ ਨਿਭਾਈਆਂ ਜ਼ਿੰਮੇਵਾਰੀਆਂ ਤੇ ਹੋਰ ਡਿਊਟੀਆਂ ਦਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ, ‘ਇਹਾ ਸਾਡਾ ਫ਼ਰਜ਼ ਹੇ ਕਿ ਅਸੀਂ ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਹਾਂ, ਉਨ੍ਹਾਂ ਨੂੰ ਦੱਸੀਏ ਕਿ ਤੁਸੀਂ ਕੀ ਕੁਝ ਕੀਤਾ ਹੈ।’
ਸ਼੍ਰੀ ਨਾਇਡੂ ਨੇ ਕੋਰੋਨਾ ਮਹਾਮਾਰੀ ਦੇ ਬਾਵਜੂਦ ਬਹੁਤ ਘੱਟ ਸਮੇਂ ਵਿੱਚ ਕਿਤਾਬ ਪ੍ਰਕਾਸ਼ਿਤ ਕਰਨ ਲਈ ਪ੍ਰਕਾਸ਼ਨ ਵਿਭਾਗ ਦੀ ਸ਼ਲਾਘਾ ਕੀਤੀ।
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਕਿਤਾਬ ਉਪ ਰਾਸ਼ਟਰਪਤੀ ਦੇ ਦ੍ਰਿਸ਼ਟੀਕੋਣ ਅਤੇ ਵਿਚਾਰਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਨਿਊ ਮੀਡੀਆ ਇੱਕ ਮਹੱਤਵਪੂਰਨ ਮੰਚ ਬਣ ਗਿਆ ਹੈ ਅਤੇ ਉਪ ਰਾਸ਼ਟਰਪਤੀ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਲੋਕਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰ ਰਹੇ ਹਨ।
183 ਪੰਨਿਆਂ ਦੀ ਇਸ ਪੁਸਤਕ ਵਿੱਚ, ਚੌਥੇ ਸਾਲ ਦੌਰਾਨ ਉਪ ਰਾਸ਼ਟਰਪਤੀ ਦੀਆਂ ਗਤੀਵਿਧੀਆਂ ਦੇ ਮੁੱਖ ਪੱਖਾਂ ਨੂੰ ਤਸਵੀਰਾਂ ਅਤੇ ਸ਼ਬਦਾਂ ਵਿੱਚ ਪੰਜ ਅਧਿਆਵਾਂ ਰਾਹੀਂ ਦਰਸਾਇਆ ਗਿਆ ਹੈ। ਚਾਰ ਸਾਲਾਂ ਦੌਰਾਨ, ਉਪ ਰਾਸ਼ਟਰਪਤੀ ਨੇ 10 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 133 ਸਮਾਗਮਾਂ ’ਚ ਹਿੱਸਾ ਲਿਆ। ਉਨ੍ਹਾਂ 53 ਭਾਸ਼ਣ ਦਿੱਤੇ, 23 ਕਿਤਾਬਾਂ ਜਾਰੀ ਕੀਤੀਆਂ ਅਤੇ 22 ਸਮਾਗਮਾਂ ਦਾ ਉਦਘਾਟਨ ਅਤੇ ਪ੍ਰਧਾਨਗੀ ਕੀਤੀ।
ਪਹਿਲਾ ਅਧਿਆਇ ਕੋਵਿਡ-19 ਕਾਰਨ ਪੈਦਾ ਹੋਏ ਅਣਕਿਆਸੇ ਸਿਹਤ ਸੰਕਟ ਬਾਰੇ ਉਪ ਰਾਸ਼ਟਰਪਤੀ ਦੇ ਵਿਚਾਰਾਂ ‘ਤੇ ਅਧਾਰਿਤ ਹੈ। ਇਹ ਹਿੱਸਾ ਦੱਸਦਾ ਹੈ ਕਿ ਉਪ ਰਾਸ਼ਟਰਪਤੀ ਨੇ ਪਿਛਲੇ ਸਾਲਾਂ ਦੌਰਾਨ ਅਖ਼ਬਾਰਾਂ ਵਿੱਚ ਆਪਣੇ ਲੇਖਾਂ, ਛੋਟੇ ਲੇਖਾਂ ਅਤੇ ਫੇਸਬੁੱਕ ‘ਤੇ ਸੰਖੇਪ ਟਿੱਪਣੀਆਂ ਦੇ ਨਾਲ–ਨਾਲ ਵੱਖ–ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਬੰਧਿਤ ਸੰਦੇਸ਼ਾਂ ਰਾਹੀਂ ਦੇਸ਼ ਦੇ ਲੋਕਾਂ ਨਾਲ ਗੱਲਬਾਤ ਜਾਰੀ ਰੱਖੀ ਹੈ, ਜੋ ਕਿ ਉਨ੍ਹਾਂ ਦੀ ਮਹਾਮਾਰੀ ਅਤੇ ਦੇਸ਼ ਦੀ ਵਿਸ਼ਾਲ ਆਬਾਦੀ ਦੀ ਭਲਾਈ ਲਈ ਉਨ੍ਹਾਂ ਦੀ ਚਿੰਤਾ ਨੂੰ ਦਰਸਾਉਂਦੀ ਹੈ।
ਦੂਜਾ ਅਧਿਆਇ ਪਿਛਲੇ 100 ਸਾਲਾਂ ਦੀਆਂ ਸਭ ਤੋਂ ਮੁਸ਼ਕਿਲ ਸਿਹਤ ਚੁਣੌਤੀਆਂ ਵਿੱਚੋਂ ਇੱਕ ਦੇ ਮੱਦੇਨਜ਼ਰ ਰਾਸ਼ਟਰ ਵਿੱਚ ਉਸ ਭਾਵਨਾ ਨੂੰ ਮੁੜ ਸੁਰਜੀਤ ਕਰਨ ਦੀਆਂ ਯਾਦਾਂ ‘ਤੇ ਕੇਂਦ੍ਰਿਤ ਹੈ, ਜੋ ਪਿਛਲੀਆਂ ਚੁਣੌਤੀਆਂ ਸਮੇਂ ਅਪਣਾਈਆਂ ਗਈਆਂ। ਉਨ੍ਹਾਂ ਨੇ ਚੁਣੌਤੀਪੂਰਨ ਸਮੇਂ ਦੌਰਾਨ ਭਾਰਤ ਦੇ ਉੱਘੇ ਨੇਤਾਵਾਂ ਅਤੇ ਉਨ੍ਹਾਂ ਦੀ ਅਗਵਾਈ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ।
ਇਹ ਕਿਤਾਬ ਸਾਡੀ ਸੱਭਿਆਚਾਰਕ ਵਿਰਾਸਤ ਅਤੇ ਅਮੀਰ ਭਾਸ਼ਾਈ ਵਿਭਿੰਨਤਾ ਪ੍ਰਤੀ ਉਪ ਰਾਸ਼ਟਰਪਤੀ ਦੇ ਪਿਆਰ ਨੂੰ ਵੀ ਦਰਸਾਉਂਦੀ ਹੈ। ਉਸ ਲਈ, ਭਾਰਤੀ ਭਾਸ਼ਾਵਾਂ “ਸੰਚਾਰ ਦੇ ਸਾਧਨਾਂ ਨਾਲੋਂ ਬਹੁਤ ਜ਼ਿਆਦਾ ਹਨ” ਅਤੇ ਉਨ੍ਹਾਂ ਨੇ ਜੋਸ਼ ਨਾਲ ਵਕਾਲਤ ਕੀਤੀ ਕਿ “ਸਾਨੂੰ ਆਪਣੀਆਂ ਭਾਸ਼ਾਵਾਂ ਵਿੱਚ ਆਪਣੇ ਵਿਚਾਰਾਂ ਅਤੇ ਵਿਚਾਰਾਂ ਦੇ ਰਚਨਾਤਮਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।“ ਉਪ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ’ਤੇ 24 ਸਥਾਨਕ ਅਖ਼ਬਾਰਾਂ ਵਿੱਚ ਲੇਖ ਲਿਖੇ ਅਤੇ ਫਿਰ ਅਗਸਤ 2021 ਵਿੱਚ, ਉਨ੍ਹਾਂ ਨੇ 25 ਭਾਰਤੀ ਭਾਸ਼ਾਵਾਂ ਵਿੱਚ 38 ਸਥਾਨਕ ਅਖ਼ਬਾਰਾਂ ਵਿੱਚ ਮਾਤ–ਭਾਸ਼ਾ ਵਿੱਚ ਕਿੱਤਾਮੁਖੀ ਕੋਰਸਾਂ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ ਲੇਖ ਲਿਖੇ।
ਉਪ ਰਾਸ਼ਟਰਪਤੀ ਦੇਸ਼ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨ ਅਤੇ ਹਰੇਕ ਸੰਘਰਸ਼ ਤੋਂ ਬਾਅਦ ਮਜ਼ਬੂਤ ਹੋਣ ਦੀ ਸਮਰੱਥਾ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਦੇ ਹਨ। ਜਿਵੇਂ ਕਿ ਦੇਸ਼ ਗੰਭੀਰ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਉਨ੍ਹਾਂ ਨੇ ਸਾਡੀਆਂ ਬੁਨਿਆਦੀ ਸ਼ਕਤੀਆਂ ਖੇਤੀਬਾੜੀ, ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ ਨੂੰ ਇੱਕ ਉੱਜਲ ਕੱਲ੍ਹ ਲਈ ਦੁਬਾਰਾ ਜੋੜਨ ਦੀ ਮੰਗ ਕੀਤੀ। ਕਿਤਾਬ ਦਾ ਤੀਜਾ ਅਧਿਆਇ ਇਸ ਵਿਸ਼ੇ ਨਾਲ ਸਬੰਧਿਤ ਹੈ। ਕਿਤਾਬ ਵਿੱਚ ਦੇਸ਼ ਭਰ ਦੀਆਂ ਕਈ ਵਿੱਦਿਅਕ ਅਤੇ ਵਿਗਿਆਨਕ ਸੰਸਥਾਵਾਂ ਵਿੱਚ ਉਨ੍ਹਾਂ ਦੇ ਦੌਰਿਆਂ ਅਤੇ ਅਧਿਆਪਕਾਂ ਅਤੇ ਵਿਗਿਆਨੀਆਂ ਨਾਲ ਉਨ੍ਹਾਂ ਦੀ ਗੱਲਬਾਤ ਦਾ ਵੀ ਜ਼ਿਕਰ ਹੈ।
‘ਸੰਸਦੀ ਲੋਕਤੰਤਰ ਨੂੰ ਮਜ਼ਬੂਤ ਕਰਨਾ’ ਸਿਰਲੇਖ ਵਾਲਾ ਅਧਿਆਇ ਮਹਾਮਾਰੀ ਦੌਰਾਨ ਸੰਸਦ ਦੇ ਸੁਚਾਰੂ ਕੰਮਕਾਜ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ‘ਤੇ ਚਾਨਣਾ ਪਾਉਂਦਾ ਹੈ। ਇਹ ਮਨੁੱਖੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੰਸਦੀ ਲੋਕਤੰਤਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਵਿੱਚ ਮੁਸ਼ਕਿਲ ਸੰਤੁਲਨ ਲੱਭਣ ਲਈ ਅਪਣਾਏ ਗਏ ਨਵੀਨ ਕਿਸਮ ਦੇ ਤਰੀਕਿਆਂ ਦੀ ਸੂਚੀ ਵੀ ਬਣਾਉਂਦਾ ਹੈ। ਕਿਤਾਬ ਵਿੱਚ ਦੱਸਿਆ ਗਿਆ ਹੈ ਕਿ 2020-21 ਦੌਰਾਨ 44 ਬਿੱਲ ਪਾਸ ਕੀਤੇ ਗਏ, ਜੋ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਵੱਧ ਹਨ।
ਆਖਰੀ ਅਧਿਆਇ ਕੋਵਿਡ-19 ਮਹਾਮਾਰੀ ਦੇ ਪਰਛਾਵੇਂ ਵਿੱਚ ਰਾਸ਼ਟਰ ਦੀ ਨਿਰੰਤਰ ਪ੍ਰਗਤੀ ਦੀ ਝਲਕ ਦਿੰਦਾ ਹੈ। ਇਹ ਇਸ ਬਾਰੇ ਗੱਲ ਕਰਦਾ ਹੈ ਕਿ ਕਿਵੇਂ ਸੰਸਥਾਵਾਂ ਨੇ ਆਪਣੇ-ਆਪ ਨੂੰ ਨਵੀਂ ਆਮ ਸਥਿਤੀ ਲਈ ਬਦਲਿਆ ਹੈ।
ਉਪ-ਰਾਸ਼ਟਰਪਤੀ ਦੇ ਸਕੱਤਰ ਡਾ. ਆਈ.ਵੀ. ਸੁਬਾ ਰਾਓ, ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਅਪੂਰਵ ਚੰਦਰਾ, ਵਧੀਕ ਸਕੱਤਰ ਅਤੇ ਸੀਵੀਓ, ਸੁਸ਼੍ਰੀ ਨੀਰਜਾ ਸ਼ੇਖਰ, ਸੰਯੁਕਤ ਸਕੱਤਰ (ਪੀ ਐਂਡ ਏ) ਸ਼੍ਰੀ ਵਿਕਰਮ ਸਹਾਏ, ਡੀਜੀ, ਪ੍ਰਕਾਸ਼ਨ ਵਿਭਾਗ, ਸ਼੍ਰੀਮਤੀ ਮੋਨੀਦੀਪਾ ਮੁਖਰਜੀ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
*****
ਡੀਐੱਸ/ਐੱਮਐੱਸ
(Release ID: 1749771)
Visitor Counter : 154