ਉਪ ਰਾਸ਼ਟਰਪਤੀ ਸਕੱਤਰੇਤ
ਲੋਕਧਾਰਾ ਦੀਆਂ ਰਵਾਇਤਾਂ ਮੁੜ–ਸੁਰਜੀਤ ਕਰੋ, ਉਨ੍ਹਾਂ ਦਾ ਉਪਯੋਗ ਸਮਾਜਿਕ ਤਬਦੀਲੀ ਦੇ ਹਥਿਆਰਾਂ ਵਜੋਂ ਕਰੋ: ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ
ਉਪ ਰਾਸ਼ਟਰਪਤੀ ਵੱਲੋਂ ਭਾਰਤੀ ਲੋਕਧਾਰਾ ਦਾ ਵਿਆਪਕ ਦਸਤਾਵੇਜ਼ੀਕਰਣ ਤੇ ਡਾਟਾਬੇਸ ਤਿਆਰ ਕਰਨ ਦਾ ਸੱਦਾ
‘ਲੋਕਧਾਰਾ ਲੋਕਾਂ ਦਾ ਸਾਹਿਤ ਹੁੰਦਾ ਹੈ ਤੇ ਉਸ ਨੂੰ ਗ੍ਰਾਮੀਣ ਭਾਰਤ ਤੋਂ ਵੱਖ ਨਹੀਂ ਕੀਤਾ ਜਾ ਸਕਦਾ’
ਸਕੂਲਾਂ ਤੇ ਕਾਲਜਾਂ ਦੇ ਸਲਾਨਾ ਸਮਾਰੋਹਾਂ ’ਚ ਸਥਾਨਕ ਤੇ ਲੋਕ ਕਲਾ ਦੀਆਂ ਕਿਸਮਾਂ ’ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ: ਸ਼੍ਰੀ ਨਾਇਡੂ
ਸ਼੍ਰੀ ਨਾਇਡੂ ਨੇ ਭਾਰਤੀ ਲੋਕਧਾਰਾ ਦੀਆਂ ਰਵਾਇਤਾਂ ਦਾ ਜਸ਼ਨ ਮਨਾਉਂਦੇ ਸਮਾਰੋਹ ਨੂੰ ਕੀਤਾ ਸੰਬੋਧਨ
प्रविष्टि तिथि:
23 AUG 2021 3:17PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਭਾਰਤੀ ਲੋਕਧਾਰਾ ਦੀਆਂ ਰਵਾਇਤਾਂ ਨੂੰ ਮੁੜ–ਸੁਰਜੀਤ ਕਰਨ ਅਤੇ ਉਨ੍ਹਾਂ ਦੀ ਵਰਤੋਂ ਲਿੰਗਕ ਵਿਤਕਰੇ ਦੀ ਰੋਕਥਾਮ ਤੇ ਬੱਚੀਆਂ ਦੀ ਸੁਰੱਖਿਆ ਜਿਹੇ ਸਮਾਜਿਕ ਕਾਰਜਾਂ ਲਈ ਕਰਨ ਦਾ ਸੱਦਾ ਦਿੱਤਾ।
ਲੋਕ–ਰੀਤਾਂ ਦੀਆਂ ਵਿਭਿੰਨ ਰਵਾਇਤੀ ਕਿਸਮਾਂ ਦੀ ਮਕਬੂਲੀਅਤ ਵਿੱਚ ਹੌਲ਼ੀ–ਹੌਲ਼ੀ ਆਉਂਦੀ ਜਾ ਰਹੀ ਕਮੀ ਉੱਤੇ ਆਪਣੀ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਭਾਈਚਾਰਿਆਂ ਵੱਲੋਂ ਕਿਸੇ ਵੇਲੇ ਲੋਕ ਕਲਾਵਾਂ ਦੀਆਂ ਜਿਹੜੀਆ ਕਿਸਮਾਂ ਦੀ ਵਰਤੋਂ ਕੀਤੀ ਜਾਂਦੀ ਸੀ, ਉਹ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਮੁੜ–ਸੁਰਜੀਤ ਕਰਨ ਲਈ ਇਨ੍ਹਾਂ ਪਰਿਵਾਰਾਂ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਨੌਜਵਾਨਾਂ ਤੋਂ ਚਾਹਿਆ ਕਿ ਉਹ ਆਪਣੀ ਗੱਲ ਨੂੰ ਪੁਖ਼ਤਗੀ ਬਖ਼ਸ਼ਣ ਤੇ ਸਮਾਜਿਕ ਤਬਦੀਲੀ ਲਈ ਲੋਕ–ਰੀਤਾਂ ਦੇ ਮੀਡੀਆ ਨੂੰ ਟੂਲਜ਼ ਵਜੋਂ ਵਰਤਣ।
ਸ਼੍ਰੀ ਨਾਇਡੂ ਨੇ ਸਾਡੇ ਦੇਸ਼ ਦੀ ਲੋਕਧਾਰਾ ਦੀਆਂ ਰਵਾਇਤਾਂ ਦਾ ਇੱਕ ਅਮੀਰ ਡਾਟਾਬੇਸ ਵਿਕਸਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ, ‘ਆਡੀਓ–ਵਿਜ਼ੁਅਲ ਮੀਡੀਆ ਦੀ ਵਰਤੋਂ ਕਰਦਿਆ ਵਿਆਪਕ ਦਸਤਾਵੇਜ਼ੀਕਰਣ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਗੱਲ ਦਾ ਖ਼ਿਆਲ ਰੱਖਿਆ ਜਾਵੇ ਕਿ ਆਧੁਨਿਕ ਰੂਪ ਵਿੱਚ ਅਨੁਵਾਦ ਦੀ ਪ੍ਰਕਿਰਿਆ ਦੌਰਾਨ ਉਨ੍ਹਾਂ ਦਾ ਤੱਤ–ਸਾਰ ਨਾ ਗਆਚੇ।’
ਭਾਰਤੀ ਲੋਕਧਾਰਾ ਦੀਆਂ ਰਵਾਇਤਾਂ ਦੇ ਜਸ਼ਨ ਮਨਾਉਣ ਵਾਲੇ ਇੱਕ ਸਮਾਰੋਹ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਭਾਰਤ ਦੀ ਲੋਕ ਕਲਾ ਤੇ ਮੌਖਿਕ ਰਵਾਇਤਾਂ ਦੇ ਮਹਾਨ ਇਤਿਹਾਸ ਤੇ ਅਮੀਰ ਵਿਵਿਧਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੂੰ ਮਕਬੂਲ ਬਣਾਉਣ ਦਾ ਸੱਦਾ ਦਿੱਤਾ। ਸ਼੍ਰੀ ਨਾਇਡੂ ਨੇ ਕਿਹਾ,‘ਸਾਡੀ ਭਾਸ਼ਾ ਦੇ ਬਰੀਕ ਅੰਤਰ, ਸਾਡੇ ਰਵਾਇਤੀ ਅਭਿਆਸਾਂ ਦੀ ਸਮੁੱਚਤਾ ਅਤੇ ਸਾਡੇ ਪੁਰਖਿਆਂ ਦੀ ਸਮੂਹਕ ਸੂਝਬੂਝ ਲੋਕਧਾਰਾ ਵਿੱਚ ਜੈਵਿਕ ਤੌਰ ’ਤੇ ਪ੍ਰਵਾਹਿਤ ਹੁੰਦੇ ਹਨ। ਲੋਕਧਾਰਾ ਦੀਆਂ ਰਵਾਇਤਾਂ ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ਸਾਡੀ ਜਨਤਾ ਵਿੱਚ ਸਿਆਸੀ ਤੇ ਸਮਾਜਿਕ ਜਾਗਰੂਕਤਾ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਲੋਕਧਾਰਾ ਸੱਚੇ ਅਰਥਾਂ ਵਿੱਚ ਲੋਕਾਂ ਦਾ ਸਾਹਿਤ ਹੈ।’
ਗ੍ਰਾਮੀਣ ਖੇਤਰਾਂ ਵਿੱਚ ਮਿਲੀ ਸਰਪ੍ਰਸਤੀ ਕਾਰਨ ਭਾਰਤ ਵਿੱਚ ਲੋਕਧਾਰਾ ਕਿਸ ਤਰ੍ਹਾਂ ਇਤਿਹਾਸ ਵਿੱਚ ਪ੍ਰਫੁੱਲਤ ਹੋਈ ਹੈ, ਇਸ ਬਾਰੇ ਉਪ ਰਾਸ਼ਟਰਪਤੀ ਨੇ ਕਿਹਾ ਕਿ 'ਗ੍ਰਾਮੀਣ ਭਾਰਤ ਅਤੇ ਲੋਕਧਾਰਾ ਨੂੰ ਵੱਖ ਨਹੀਂ ਕੀਤਾ ਜਾ ਸਕਦਾ'। ਉਨ੍ਹਾਂ ਕਿਹਾ ਕਿ ਸਾਡੀਆਂ ਸਭਿਅਕ ਕਦਰਾਂ–ਕੀਮਤਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਸਾਡੇ ਗ੍ਰਾਮੀਣ ਜੀਵਨ ਵਿੱਚ ਰਚੀਆਂ–ਮਿਚੀਆਂ ਹਨ।
ਲੋਕਧਾਰਾ ਨੂੰ ਸਾਡੇ ਸਭਿਆਚਾਰ ਦਾ ਸਭ ਤੋਂ ਮਹੱਤਵਪੂਰਨ ਵਾਹਕ ਦੱਸਦਿਆਂ ਸ਼੍ਰੀ ਨਾਇਡੂ ਨੇ ਮੌਖਿਕ ਪਰੰਪਰਾਵਾਂ ਦੇ ਪਤਨ 'ਤੇ ਚਿੰਤਾ ਪ੍ਰਗਟ ਕੀਤੀ, ਜਿਨ੍ਹਾਂ ਨੂੰ ਸਰਪ੍ਰਸਤੀ ਦੀ ਘਾਟ ਕਾਰਨ ਵਾਜਬ ਰਹਿਣਾ ਵੀ ਮੁਸ਼ਕਲ ਹੋ ਰਿਹਾ ਹੈ।
ਉਨ੍ਹਾਂ ਵਿਆਪਕ ਸੰਸਾਰੀਕਰਣ ਅਤੇ ਇੱਕ ਵਪਾਰਕ ਜਨ–ਸੰਚਾਰ ਦਾ ਹਵਾਲਾ ਦਿੱਤਾ, ਜੋ ਮੁੱਖ ਧਾਰਾ ਦੇ ਕਲਾ ਰੂਪਾਂ ਨੂੰ ਉਨ੍ਹਾਂ ਦੇ ਨਿਘਾਰ ਦੇ ਸੰਭਾਵੀ ਕਾਰਨਾਂ ਵਜੋਂ ਪੂਰਾ ਕਰਦਾ ਹੈ। ਉਨ੍ਹਾਂ ਨੇ ਇਨ੍ਹਾਂ ਪਰੰਪਰਾਵਾਂ ਦੀ ਸੁਰੱਖਿਆ ਦੀ ਅਪੀਲ ਕੀਤੀ ਕਿਉਂਕਿ ਇਹ 'ਸੱਭਿਆਚਾਰਕ ਜੜ੍ਹਾਂ, ਜੋ ਇੱਕ ਵਾਰ ਪੱਕੇ ਤੌਰ 'ਤੇ ਖਤਮ ਹੋ ਗਈਆਂ, ਮੁੜ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ।' ਉਨ੍ਹਾਂ ਇਹ ਤੱਥ ਚੇਤੇ ਕਰਵਾਇਆ।
ਲੋਕਧਾਰਾ ਨੂੰ ਮੁੜ ਸੁਰਜੀਤ ਕਰਨ ਅਤੇ ਨੌਜਵਾਨ ਪੀੜ੍ਹੀਆਂ ਨੂੰ ਜਾਗਰੂਕ ਕਰਨ ਲਈ, ਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਸਲਾਨਾ ਸਮਾਗਮਾਂ, ਖਾਸ ਕਰਕੇ ਸਕੂਲਾਂ ਅਤੇ ਕਾਲਜਾਂ ਵਿੱਚ ਸਥਾਨਕ ਅਤੇ ਲੋਕ ਕਲਾ ਦੇ ਰੂਪਾਂ 'ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਮੀਡੀਆ, ਜਿਵੇਂ ਕਿ ਸਿਨੇਮਾ, ਟੀਵੀ ਅਤੇ ਰੇਡੀਓ ਵੀ ਸਾਡੇ ਲੋਕਧਾਰਾ ਦੇ ਪੱਖਾਂ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਢੁਕਵੇਂ ਤਰੀਕੇ ਸ਼ਾਮਲ ਕਰ ਸਕਦੇ ਹਨ ਅਤੇ ਆਪਣੇ ਦਰਸ਼ਕਾਂ ਤੱਕ ਪਹੁੰਚ ਬਣਾ ਸਕਦੇ ਹਨ।
ਸ਼੍ਰੀ ਨਾਇਡੂ ਨੇ ਔਨਲਾਈਨ ਅਤੇ ਡਿਜੀਟਲ ਪਲੈਟਫਾਰਮਾਂ ਦੇ ਨਾਲ–ਨਾਲ ਸਾਡੇ ਲੋਕ ਕਲਾ ਰੂਪਾਂ ਨੂੰ ਮੁੜ ਸੁਰਜੀਤ ਕਰਨ ਅਤੇ ਪ੍ਰਸਾਰਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਜਿਹੇ ਜਨਤਕ ਪ੍ਰਸਾਰਕਾਂ ਨੂੰ ਵੀ ਆਪਣੇ ਪ੍ਰੋਗਰਾਮਾਂ ਵਿੱਚ ਲੋਕ ਕਲਾਵਾਂ ਨੂੰ ਮਹੱਤਵ ਦੇਣ ਦਾ ਸੱਦਾ ਦਿੱਤਾ।
ਇਸ ਮੌਕੇ, ਉਪ ਰਾਸ਼ਟਰਪਤੀ ਨੇ ਕਰਨਾਟਕ ਸਰਕਾਰ ਦੀ ਸ਼ਲਾਘਾ ਕੀਤੀ ਜਿਸ ਨੇ ਕਰਨਾਟਕ ਫੋਕਲੋਰ ਯੂਨੀਵਰਸਿਟੀ, ਜਿਸ ਨੂੰ ਕਰਨਾਟਕ ਜਨਪਦ ਵਿਸ਼ਵਵਿਦਿਆਲਿਆ ਵੀ ਕਿਹਾ ਜਾਂਦਾ ਹੈ, ਦੀ ਸਥਾਪਨਾ ਕੀਤੀ, ਜੋ ਲੋਕਧਾਰਾ ਦੇ ਅਧਿਐਨ ਅਤੇ ਖੋਜ ਲਈ ਵਿਸ਼ੇਸ਼ ਤੌਰ ਤੇ ਸਮਰਪਿਤ ਹੈ। ਉਨ੍ਹਾਂ ਕਿਹਾ, “ਇਹ ਸਾਡੇ ਲੋਕ ਰੂਪਾਂ ਪ੍ਰਤੀ ਬਹੁਤ ਜ਼ਿਆਦਾ ਲੋੜੀਂਦੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰੀ ਲੋੜ ਨੂੰ ਪੂਰਾ ਕਰਦੀ ਹੈ।”
ਉਪ ਰਾਸ਼ਟਰਪਤੀ ਨੇ ਉਨ੍ਹਾਂ ਕਲਾਕਾਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਹਾਲ ਹੀ ਵਿੱਚ ਰਾਜ ਸੱਭਿਆਚਾਰਕ ਵਿਭਾਗ ਅਤੇ ਬੱਲਾਰੀ ਦੇ ਜ਼ਿਲ੍ਹਾ ਕਲੈਕਟਰ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਪ੍ਰਦਰਸ਼ਨ ਕੀਤਾ। ਖਾਸ ਕਰਕੇ, ਉਨ੍ਹਾਂ ਹੋਸਪੇਟ ਦੀ 15 ਸਾਲਾ ਮੀਰਾ ਵੱਲੋਂ ਪੇਸ਼ ਕੀਤੇ ਗਏ ਲੋਕ ਗੀਤਾਂ ਅਤੇ ਸ਼੍ਰੀ ਸੱਤਿਆਨਾਰਾਇਣ ਅਤੇ ਉਨ੍ਹਾਂ ਦੇ ਸਮੂਹ ਦੁਆਰਾ ਪੇਸ਼ ਕੀਤੇ ਕਰਨਾਟਕ ਦੇ ਲੋਕ ਨਾਚ ਦੀ ਸ਼ਲਾਘਾ ਕੀਤੀ।
ਪ੍ਰਸਿੱਧ ਲੋਕ ਗਾਇਕ ਸ਼੍ਰੀ ਦਾਮੋਦਰਮ ਗਣਪਤੀ ਰਾਓ, ਲੋਕਧਾਰਾ ਦੇ ਖੋਜਕਾਰ ਡਾ. ਸਾਗਿਲੀ ਸੁਧਾਰਾਣੀ, ਲੋਕ ਗਾਇਕ ਡਾ. ਲਿੰਗਾ ਸ਼੍ਰੀਨਿਵਾਸ ਤੇ ਹੋਰ ਲੋਕ ਕਲਾਕਾਰਾਂ ਤੇ ਉਤਸ਼ਾਹੀਆਂ ਨੇ ਇਸ ਸਮਾਰੋਹ ਵਿੱਚ ਵਰਚੁਅਲੀ ਭਾਗ ਲਿਆ।
*****
ਐੱਮਐੱਸ/ਆਰਕੇ/ਡੀਪੀ
(रिलीज़ आईडी: 1748360)
आगंतुक पटल : 297