ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨੀਆਂ ਵੱਲੋਂ ਰਾਸ਼ਟਰੀ ਕਾਨਫ਼ਰੰਸ ’ਚ ਕੁਅੰਟਮ ਉਪਕਰਣਾਂ, ਕੁਅੰਟਮ ਸਮੱਗਰੀਆਂ ਊਰਜਾ ਸੰਭਾਲ ਤੇ ਭੰਡਾਰਣ ’ਚ ਨੈਨੋ–ਟੈਕਨੋਲੋਜੀ ਦੀ ਵਰਤੋਂ ਬਾਰੇ ਵਿਚਾਰ–ਚਰਚਾ
Posted On:
21 AUG 2021 5:20PM by PIB Chandigarh
ਨੈਨੋ–ਸਮੱਗਰੀਆਂ ’ਤੇ ਕੰਮ ਕਰ ਰਹੇ ਵਿਗਿਆਨੀਆਂ ਤੇ ਦੇਸ਼ ਭਰ ਦੇ ਵਿਦਿਆਰਥੀਆਂ ਨੇ ਦੋ–ਦਿਨਾ ਰਾਸ਼ਟਰੀ ਕਾਨਫ਼ਰੰਸ ’ਚ ਨੈਨੋ–ਸਮੱਗਰੀਆਂ ਦੇ ਭੌਤਿਕ ਵਿਗਿਆਨ ਵਿੱਚ ਰੁਝਾਨਾਂ ਤੇ ਪ੍ਰਗਤੀਆਂ ਬਾਰੇ ਵਿਚਾਰ–ਚਰਚਾ ਦੌਰਾਨ ਕੁਅੰਟਮ ਉਪਕਰਣਾਂ, ਕੁਅੰਟਮ ਸਮੱਗਰੀਆਂ, ਊਰਜਾ ਸੰਭਾਲ ਤੇ ਭੰਡਾਰਣ ਵਿੱਚ ਨੈਨੋ–ਟੈਕਨੋਲੋਜੀ ਦੀ ਵਰਤੋਂ ਉੱਤੇ ਜ਼ੋਰ ਦਿੱਤਾ।
‘ਫ਼ਿਜ਼ਿਕਸ ਆੱਵ੍ ਨੈਨੋ ਮਟੀਰੀਅਲਜ਼ (PNM2021)’ ਬਾਰੇ ਇਸ ਕਾਨਫ਼ਰੰਸ ਮੌਕੇ ਬੋਲਦਿਆਂ ਬੰਗਲੌਰ ਸਥਿਤ ਇੰਡੀਅਨ ਇੰਸਟੀਚਿਊਟ ਆੱਵ੍ ਸਾਇੰਸ ਦੇ ਵਿਗਿਆਨੀ ਅਤੇ ਵਿਸ਼ਵ–ਪ੍ਰਸਿੱਧ ਮਾਹਿਰ ਪ੍ਰੋਫ਼ੈਸਰ ਡੀ.ਡੀ. ਸ਼ਰਮਾ ਨੇ ਕਿਹਾ,‘ਨੈਨੋ–ਸਮੱਗਰੀਆਂ ਦਾ ਇਲੈਕਟ੍ਰੌਨਿਕ ਢਾਂਚਾ ਬੇਹੱਦ ਅਹਿਮ ਖੇਤਰ ਹੈ, ਜਿੱਥੇ ਕੁਅੰਟਮ ਉਪਕਰਣਾਂ, ਕੁਅੰਟਮ ਸਮੱਗਰੀਆਂ, ਊਰਜਾ ਸੰਭਾਲ ਤੇ ਭੰਡਾਰਣ ਵਿੱਚ ਅਨੇਕ ਐਪਲੀਕੇਸ਼ਨਜ਼ ਹਨ ਅਤੇ ਗਤੀਸ਼ੀਲ ਵਿਚਾਰਾਂ ਵਾਲੇ ਬਹੁਤ ਸਾਰੇ ਨੌਜਵਾਨ ਇਸ ਵਿੱਚ ਡੂੰਘੀ ਦਿਲਚਸਪੀ ਲੈ ਰਹੇ ਹਨ।’
ਇਸ ਕਾਨਫ਼ਰੰਸ ਦਾ ਆਯੋਜਨ ਮੋਹਾਲੀ ਸਥਿਤ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੇ ‘ਇੰਸਟੀਚਿਊਟ ਆੱਵ੍ ਨੈਨੋ ਸਾਇੰਸ ਐਂਡ ਟੈਕਨੋਲੋਜੀ’ (INST) ਵੱਲੋਂ 20 ਅਤੇ 21 ਅਗਸਤ, 2021 ਨੂੰ ਚੰਡੀਗੜ੍ਹ ’ਚ ਹਾਈਬ੍ਰਿੱਡ ਮੋਡ ਰਾਹੀਂ ਕੀਤਾ ਗਿਆ ਸੀ, ਜਿਸ ਵਿੱਚ ਸਮੁੱਚੇ ਭਾਰਤ ਦੇ ਵਿਭਿੰਨ ਅਕਾਦਮਿਕ ਤੇ ਵਿਗਿਆਨਕ ਸੰਸਥਾਨਾਂ ਦੇ 20 ਮਾਹਿਰ ਬੁਲਾਰਿਆਂ ਸਮੇਤ 100 ਭਾਗੀਦਾਰਾਂ ਨੇ ਸ਼ਿਰਕਤ ਕੀਤੀ। ਇੱਥੇ ਨੈਨੋ–ਸਾਇੰਸ ਅਤੇ ਨੈਨੋ–ਟੈਕਨੋਲੋਜੀ ਨਾਲ ਸਬੰਧਤ ਫ਼ਿਜ਼ਿਕਸ ਦੇ ਵਿਭਿੰਨ ਖੇਤਰ ਕਵਰ ਕੀਤੇ ਗਏ ਸਨ।
ਆਈਐੱਨਐੱਸਟੀ (INST) ਦੇ ਡਾਇਰੈਕਟਰ ਪ੍ਰੋ. ਅਮਿਤਾਵ ਪਾਤਰਾ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੱਤਾ ਕਿ ਇਹ ਕਾਨਫ਼ਰੰਸ ਉੱਘੇ ਵਿਗਿਆਨੀਆਂ, ਅਕਾਦਮੀਸ਼ੀਅਨਾਂ ਦੇ ਨਾਲ–ਨਾਲ ਵਿਦਿਆਰਥੀਆਂ ਤੇ ਯੁਵਾ ਖੋਜਕਾਰਾਂ ਲਈ ਇੱਕ ਸ਼ਾਨਦਾਰ ਮੰਚ ਬਣੀ ਅਤੇ ਇੱਥੇ ਮਟੀਰੀਅਲਜ਼ ਫ਼ਿਜ਼ਿਕਸ ਨਾਲ ਸਬੰਧਤ ਖੋਜ ਬਾਰੇ ਵਿਚਾਰਾਂ ਦਾ ਆਦਾਨ–ਪ੍ਰਦਾਨ ਕੀਤਾ ਗਿਆ ਅਤੇ ਇਹ ਨੌਜਵਾਨਾਂ ਖੋਜਕਾਰਾਂ ਲਈ ਤਾਲਮੇਲ ਨਾਲ ਕੰਮ ਕਰਨ ਵਾਸਤੇ ਇੱਕ ਮੰਚ ਵੀ ਮੁਹੱਈਆ ਕਰਵਾ ਸਕਦੀ ਹੈ।
INST ਦੇ ਕੁਅੰਟਮ ਮਟੀਰੀਅਲਜ਼ ਐਂਡ ਡਿਵਾਈਸ ਯੂਨਿਟ ਦੇ ਵਿਭਾਗ–ਮੁਖੀ ਅਤੇ ਕਾਨਫ਼ਰੰਸ ਦੇ ਸੰਯੁਕਤ ਕਨਵੀਨਰ ਡਾ. ਸੁਵਾਨਕਰ ਚੱਕਰਵਰਤੀ ਨੇ ਕਿਹਾ ਕਿ ਇਹ ਕਾਨਫ਼ਰੰਸ ਵਿਭਿੰਨ ਸੰਸਥਾਨਾਂ ਵਿਚਾਲੇ ਤਾਲਮੇਲ ਕਾਇਮ ਕਰ ਕੇ ਖੋਜਕਾਰਾਂ ਨੂੰ ਨਵੇਂ ਵਿਗਿਆਨਕ ਉੱਦਮ ਕਰਨ ਦਾ ਇੱਕ ਮੌਕਾ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਨੂੰ QmaD ਯੂਨਿਟ ਜਿਹੀਆਂ ਨਵ–ਸਥਾਪਤ ਸੁਵਿਧਾਵਾਂ ਦਾ ਲਾਭ ਲੈਣ ਵਿੱਚ ਵੀ ਮਦਦ ਕਰੇਗੀ, ਜੋ ਦੇਸ਼ ਵਿੱਚ ਕੁਅੰਟਮ ਮਟੀਰੀਅਲਜ਼ ਦੀ ਜ਼ਰੂਰਤ ਦੀ ਪੂਰਤੀ ਕਰਨਗੇ।
PMN ਕਾਨਫ਼ਰੰਸ ਦੇ ਕਨਵੀਨਰ ਅਹਿਸਾਨ ਅਲੀ ਨੇ ਕਿਹਾ,‘ਇਹ ਵਿਭਿੰਨ ਪ੍ਰਮੁੱਖ ਸੰਸਥਾਨਾਂ ’ਚ ਕੰਮ ਕਰਦੇ ਵਿਗਿਆਨੀਆਂ ਵਿਚਾਲੇ ਪੁਲ ਦਾ ਕੰਮ ਕਰੇਗੀ।’
‘ਇੰਡੀਅਨ ਇੰਸਟੀਚਿਊਟ ਆੱਵ੍ ਸਾਇੰਸ ’ ਦੇ ਪ੍ਰੋ. ਅਰਿੰਦਮ ਘੋਸ਼, ਰੋਪੜ ਦੇ ‘ਇੰਡੀਅਨ ਇੰਸਟੀਚਿਊਟ ਆੱਵ੍ ਟੈਕਨੋਲੋਜੀ’ ਦੇ ਪ੍ਰੋ. ਰਾਜੇਸ਼ ਵੀ. ਨਾਇਰ, ਐੱਸ.ਐੱਨ. ਬੋਸ ਨੈਸ਼ਨਲ ਸੈਂਟਰ ਫ਼ਾਰ ਬੇਸਿਕ ਸਾਇੰਸਜ਼ ਦੇ ਪ੍ਰੋ. ਤਨੂਸ਼੍ਰੀ ਸਾਹਾ ਦਾਸਗੁਪਤਾ ਨੇ ਕੁਅੰਟਮ ਤੇ ਨੈਨੋ–ਸਮੱਗਰੀਆਂ ਦੇ ਵਿਭਿੰਨ ਵਿਸ਼ਿਆਂ ਬਾਰੇ ਆਪਣਾ ਮਾਹਿਰਾਨਾ ਗਿਆਨ ਸਾਂਝਾ ਕੀਤਾ। INST ਦੀ ਕੈਮੀਕਲ ਬਾਇਓਲੌਜੀ ਯੂਨਿਟ ਦੇ ਵਿਭਾਗ–ਮੁਖੀ ਡਾ. ਸ਼ਰਮਿਸ਼ਠਾ ਸਿਨਹਾ ਅਤੇ ਊਰਜਾ ਤੇ ਵਾਤਾਵਰਣ ਵਿਭਾਗ ਦੇ ਮੁਖੀ ਡਾ. ਕਮਲਾਕਾਨਨ ਨੇ ਵੀ ਇਸ ਕਾਨਫ਼ਰੰਸ ਵਿੱਚ ਭਾਗ ਲਿਆ। ਨੌਜਵਾਨ ਵਿਦਿਆਰਥੀਆਂ ਨੇ ਇਸ ਕਾਨਫ਼ਰੰਸ ਦੌਰਾਨ ਇੱਕ ਵਿਸਤ੍ਰਿਤ ਪੋਸਟਰ ਸੈਸ਼ਨ ਵਿੱਚ ਭਾਗ ਲਿਆ।
*****
ਐੱਸਐੱਨਸੀ/ਟੀਐੱਮ/ਆਰਆਰ
(Release ID: 1748130)
Visitor Counter : 225