ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਪ੍ਰਤੀ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ
ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸ੍ਰੀ ਕ੍ਰਿਸ਼ਨਦੇਵਰਾਏ ਜਿਹੇ ਮਹਾਨ ਰਾਜਿਆਂ ਦੀਆਂ ਕਹਾਣੀਆਂ ਜ਼ਰੂਰ ਇਤਿਹਾਸ ਦੀਆਂ ਪੁਸਤਕਾਂ ’ਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ – ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਯੂਨੈਸਕੋ ਵਿਰਾਸਤੀ ਸਥਾਨ ਹੰਪੀ ਦਾ ਦੌਰਾ ਕੀਤਾ
ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਤੇ ਸੁਰੱਖਿਅਤ ਰੱਖਣ ਦਾ ਸੱਦਾ
प्रविष्टि तिथि:
21 AUG 2021 5:05PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਸਾਡੇ ਸ਼ਾਨਦਾਰ ਅਤੀਤ ਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਪ੍ਰਤੀ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਕ੍ਰਿਸ਼ਨਦੇਵਰਾਏ ਜਿਹੇ ਮਹਾਨ ਰਾਜਿਆਂ ਦੀਆਂ ਕਹਾਣੀਆਂ ਸਾਡੀਆਂ ਇਤਿਹਾਸ ਦੀਆਂ ਪੁਸਤਕਾਂ ’ਚ ਪ੍ਰਮੁੱਖਤਾ ਨਾਲ ਸ਼ਾਮਲ ਕਰਨੀਆਂ ਚਾਹੀਦੀਆਂ ਹਨ।
ਕਰਨਾਟਕ ਦੇ ਬੱਲਾਰੀ ਜ਼ਿਲ੍ਹੇ ’ਚ ਸਾਬਕਾ ਵਿਜੈਨਗਰ ਸਾਮਰਾਜ ਦੇ ਪ੍ਰਸਿੱਧ ਸਥਾਨ ਹੰਪੀ ਦਾ ਦੌਰਾ ਕਰਨ ਤੋਂ ਬਾਅਦ ਉਪ ਰਾਸ਼ਟਰਪਤੀ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਕਿਹਾ ਕਿ ਇਹ ਇਤਿਹਾਸਿਕ ਸਥਾਨ ਸਾਨੂੰ ਸਾਡੇ ਸਮ੍ਰਿੱਧ ਤੇ ਜੀਵੰਤ ਅਤੀਤ ਨੂੰ ਯਾਦ ਕਰਵਾਉਂਦੀ ਹੈ। ਉਨ੍ਹਾਂ ਇਹ ਵੀ ਕਿਹਾ,‘ਮੈਂ ਸਾਰੇ ਵਿੱਦਿਅਕ ਅਦਾਰਿਆਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਉਹ ਵਿਦਿਆਰਥੀਆਂ ਨੂੰ ਇਤਿਹਾਸਿਕ ਮਹੱਤਵ ਵਾਲੇ ਸਥਾਨਾਂ ਦੇ ਦੌਰੇ ਕਰਵਾਉਣ, ਤਾਂ ਜੋ ਉਹ ਸਾਡੀ ਸਮ੍ਰਿੱਧ ਤੇ ਸ਼ਾਨਦਾਰ ਵਿਰਾਸਤ ਤੋਂ ਜਾਣੂ ਹੋ ਸਕਣ।’
ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੀ ਮਹਾਨਤਾ ਅਤੇ ਮਹਿਮਾ ਦੀ ਸ਼ਲਾਘਾ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਇਤਿਹਾਸਿਕ ਤੀਰਥ ਯਾਤਰਾ ਨੇ ਉਨ੍ਹਾਂ ਨੂੰ ਸਾਡੇ ਪੁਰਖਿਆਂ ਦੀ ਦਿਖ ਅਤੇ ਹੁਨਰ ਬਾਰੇ ਮਾਣ ਦੀ ਭਾਵਨਾ ਨਾਲ ਭਰ ਦਿੱਤਾ ਹੈ।
ਦੋ ਭਰਾਵਾਂ ਹਰੀਹਰ ਰਾਏ-1 ਅਤੇ ਬੁੱਕਾ ਰਾਏ-1 ਦੁਆਰਾ 1336 ਵਿੱਚ ਕ੍ਰਿਸ਼ਨਾ ਅਤੇ ਤੁੰਗਭੱਦਰ ਦਰਿਆਵਾਂ ਦੀਆਂ ਵਾਦੀਆਂ ’ਚ ਸਥਾਪਤ ਕੀਤਾ ਗਿਆ ਵਿਜੈਨਗਰ ਸਾਮਰਾਜ ਸ਼ਕਤੀਸ਼ਾਲੀ ਰਾਜਾ ਸ਼੍ਰੀ ਕ੍ਰਿਸ਼ਨਦੇਵਰਾਏ ਦੇ ਸ਼ਾਸਨਕਾਲ ਦੌਰਾਨ ਆਪਣੇ ਸੁਨਹਿਰੀ ਯੁਗ ਵਿੱਚ ਪਹੁੰਚ ਗਿਆ ਸੀ। ਇਸ ਕਾਲ ਦੌਰਾਨ, ਦੁਨੀਆ ਭਰ ਵਿੱਚ ਵਪਾਰ ਦਾ ਵਿਸਤਾਰ ਹੋਇਆ ਅਤੇ ਸੰਗੀਤ, ਨ੍ਰਿਤ, ਸਾਹਿਤ, ਚਿੱਤਰਕਾਰੀ, ਮੂਰਤੀ ਕਲਾਵਾਂ ਅਤੇ ਵਾਸਤੂ–ਕਲਾ ਜਿਹੇ ਖੇਤਰਾਂ ਨੇ ਇੱਕ ਨਵਾਂ ਸਿਖ਼ਰ ਦੇਖਿਆ ਅਤੇ ਸਮੇਂ ਦੀ ਰੇਤ ਉੱਤੇ ਇੱਕ ਅਮਿੱਟ ਛਾਪ ਛੱਡੀ। ਉਪ ਰਾਸ਼ਟਰਪਤੀ ਨੇ ਲਿਖਿਆ, "ਇਸ ਸਮੇਂ ਦੌਰਾਨ ਤੇਲੁਗੂ ਸਾਹਿਤ ਸ਼ਾਨਦਾਰ ਬੁਲੰਦੀਆਂ 'ਤੇ ਪਹੁੰਚਿਆ ਅਤੇ ਵਿਜੈਨਗਰ ਮੱਧਕਾਲੀਨ ਭਾਰਤ ਦਾ ਸਭ ਤੋਂ ਮਸ਼ਹੂਰ ਮਹਾਨਗਰ ਬਣ ਗਿਆ।"
ਮਹਾਨ ਕ੍ਰਿਸ਼ਨਾਦੇਵਰਾਏ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਇੱਕ ਮਹਾਨ ਸਾਹਿਤਕਾਰ-ਰਾਜਾ ਸਨ, ਜਿਨ੍ਹਾਂ ਨੇ ਤੇਲੁਗੂ ਦੀ ਮਹਾਨ ਕਵਿਤਾ ‘ਅਮੁਕਤ ਮਲਯਦਾ’ ਦੀ ਰਚਨਾ ਕੀਤੀ ਸੀ, ਜੋ ਦੇਵੀ ਲਕਸ਼ਮੀ ਦੇ ਅਵਤਾਰ ਅੰਦਲ ਦੁਆਰਾ ਅਨੁਭਵ ਕੀਤੀ ਗਈ ਵਿਛੋੜੇ ਦੀ ਪੀੜ ਨੂੰ ਬਿਆਨ ਕਰਦੀ ਹੈ। ਸਮਰਾਟ ਦੇ ਦਰਬਾਰ ਵਿੱਚ ਅੱਠ ਮਸ਼ਹੂਰ ਵਿਦਵਾਨਾਂ ਅਤੇ ਕਵੀਆਂ ਦੇ ਨਾਂ ਸੂਚੀਬੱਧ ਕਰਦੇ ਹੋਏ, ਕ੍ਰਿਸ਼ਨਾਦੇਵਰਾਏ ਨੂੰ ਸਮੂਹਿਕ ਤੌਰ ਤੇ 'ਅਸ਼ਟਾਦਿੱਗਜ' ਜਾਂ ਅੱਠ ਸਾਹਿਤਕ ਸ਼ਖ਼ਸੀਅਤਾਂ ਵਜੋਂ ਜਾਣਿਆ ਜਾਂਦਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਮਹਾਨ ਸਾਹਿਤਕ ਹਸਤੀਆਂ ਅੱਲਸਾਨੀ ਪੇਦੰਨ, ਨੰਦੀ ਥਿੰਮੰਨਾ, ਮੱਦਯਗਾਰੀ ਮੱਲੰਨਾ, ਧੁਰਜਤੀ, ਅਯਾਲਯਰਾਜੂ ਰਾਮਭਦਰੁਧੀ, ਪਿੰਗਲ ਸੁਰੰਨਾ, ਰਾਮਰਾਜਾਭੂਸ਼ਣਡੂ ਅਤੇ ਤੇਨਾਲੀ ਰਾਮਕ੍ਰਿਸ਼ਨ, ਇਕੱਠੇ ਤੇਲੁਗੂ ਸਾਹਿਤ ਅਤੇ ਕਵਿਤਾ ਨੂੰ ਸੁਧਾਈ ਅਤੇ ਉੱਤਮਤਾ ਦੇ ਅਸਾਧਾਰਣ ਸਿਖ਼ਰਾਂ ’ਤੇ ਲੈ ਗਏ।
ਸ਼੍ਰੀ ਨਾਇਡੂ ਨੇ ਅੱਗੇ ਲਿਖਿਆ ਕਿ ਕਿਲੇ, ਮਹਿਲ, ਮੰਦਿਰ ਅਤੇ ਬਜ਼ਾਰ ਸਥਾਨਾਂ ਦੇ ਅਵਸ਼ੇਸ਼ ਵਿਜੈਨਗਰ ਸਾਮਰਾਜ ਦੀ ਸ਼ਾਨ ਦੀ ਗਵਾਹੀ ਭਰਦੇ ਹਨ। ਉਨ੍ਹਾਂ ਕਿਹਾ ਕਿ ਹੰਪੀ ਦੇ ਹਰੇਕ ਸਮਾਰਕ ਦੀ ਇੱਕ ਵਿਸ਼ੇਸ਼ ਵਿਲੱਖਣਤਾ ਹੈ ਜੋ ਕਿ ਇੱਕ ਮਨਮੋਹਕ ਛਾਪ ਛੱਡਦੀ ਹੈ ਅਤੇ ਇਸ ਦੀ ਸ਼ਾਨਦਾਰ ਸੱਭਿਆਚਾਰਕ ਮਹਾਨਤਾ ਨੂੰ ਦਰਸਾਉਂਦੀ ਹੈ।
ਉਪ ਰਾਸ਼ਟਰਪਤੀ, ਜੋ ਕੱਲ੍ਹ ਇੱਥੇ ਪਹੁੰਚੇ ਸਨ, ਨੇ ਅੱਜ ਹੰਪੀ ਵਿਖੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਵਿਰੂਪਾਕਸ਼ ਮੰਦਿਰ, ਗਰੁੜ ਮੰਦਿਰ (ਪੱਥਰ ਦੇ ਰੱਥ) ਗਣੇਸ਼ ਦੀਆਂ ਮੂਰਤੀ, ਲਕਸ਼ਮੀਨਰਸਿਮਹਾ, ਬਡਵਿਲਿੰਗ, ਵਿਜਯਾ ਵਿੱਠਲ ਮੰਦਿਰ, ਪੁਸ਼ਕਰਣੀ, ਕਮਲ ਮਹਿਲ ਅਤੇ ਹਜਾਰ ਰਾਮ ਮੰਦਿਰ ਸ਼ਾਮਲ ਹਨ। ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀਰੂਪਕਸ਼ ਮੰਦਿਰ ਵਿੱਚ ਪ੍ਰਾਰਥਨਾ ਕੀਤੀ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਦੇ ਅਧਿਕਾਰੀਆਂ ਦੁਆਰਾ ਹੰਪੀ ਵਰਲਡ ਹੈਰੀਟੇਜ ਸਾਈਟ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਏਐੱਸਆਈ ਦੁਆਰਾ ਸਾਈਟ 'ਤੇ ਕੀਤੇ ਜਾ ਰਹੇ ਚੰਗੇ ਕੰਮ ਦੀ ਸ਼ਲਾਘਾ ਕੀਤੀ ਅਤੇ ਅੱਗੇ ਕਿਹਾ ਕਿ ਸਥਾਨਕ ਵਸਨੀਕਾਂ ਸਮੇਤ ਹਰ ਕਿਸੇ ਨੂੰ ਸਾਡੀ ਸਮ੍ਰਿੱਧ ਵਿਰਾਸਤ ਨੂੰ ਸੰਭਾਲਣ ਵਿੱਚ ਸਹਾਇਤਾ ਕਰਨ ਦੀ ਲੋੜ ਹੈ।
ਬਾਅਦ ਵਿੱਚ ਸ਼ਾਮ ਨੂੰ, ਉਪ ਰਾਸ਼ਟਰਪਤੀ ਕਰਨਾਟਕ ਰਾਜ ਟੂਰਿਜ਼ਮ ਵਿਕਾਸ ਨਿਗਮ ਦੁਆਰਾ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਦੇਖਣਗੇ। ਇਸ ਤੋਂ ਬਾਅਦ, ਉਹ ਵਰਲਡ ਹੈਰੀਟੇਜ ਸਾਈਟ 'ਤੇ ਹੰਪੀ ਦੇ ਇਤਿਹਾਸ ਦਾ ਵਰਣਨ ਕਰਨ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਵੀ ਦੇਖਣਗੇ।
*****
ਐੱਮਐੱਸ/ਆਰਕੇ/ਡੀਪੀ
(रिलीज़ आईडी: 1747945)
आगंतुक पटल : 233